ਸਿੱਖ ਗੁਰੂ ਸਾਹਿਬਾਨ ਦੀ ਮਹੱਤਵਪੂਰਨ ਦੇਣ ਦੇ ਸੰਦਰਭ ਵਿਚ ਖ਼ਾਲਸੇ ਦੀ ਸਾਜਨਾ ਇਕ ਇਨਕਲਾਬੀ ਕਦਮ ਸੀ, ਜਿਸ ਨੇ ਉਸ ਸਮੇਂ ਦੇ ਰਾਜਸੀ ਜੀਵਨ ਵਿਚ ਜੁਗ ਪਲਟਾਊ ਤਬਦੀਲੀ ਲਿਆਂਦੀ। ਲੋਕਾਂ ਦੀ ਮਾਨਸਿਕਤਾ ਕ੍ਰਾਂਤੀਕਾਰੀ ਉੱਸਲਵੱਟੇ ਲੈਣ ਲੱਗੀ ਅਤੇ ਜ਼ੁਲਮ ਜਬਰ ਦੇ ਖਿਲਾਫ ਇਕ ਅਜਿਹੀ ਸ਼ਕਤੀ ਹੋਂਦ ਵਿਚ ਆਈ, ਜਿਸ ਨੇ ਲੋਕਾਈ ਵਿਚ, ਅਨਿਆਂ ਦੇ ਖਿਲਾਫ ਉੱਠ ਖੜੋਣ ਦੀ ਪ੍ਰਚੰਡ ਚੇਤਨਾ ਜਗਾ ਦਿੱਤੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਸੰਬੰਧੀ ਇਨ੍ਹਾਂ ਦੋ ਪੰਕਤੀਆਂ ਦੀ ਇਤਿਹਾਸਕ ਮਹੱਤਤਾ ਦੇ ਸੰਦਰਭ ਵਿਚ ਇਸ ਲੇਖ ਨੂੰ ਅੱਗੇ ਤੋਰਦੇ ਹਾਂ....।
ਖ਼ਾਲਸਾ ਅਕਾਲ ਪੁਰਖੁ ਕੀ ਫ਼ੌਜ॥
ਪ੍ਰਗਟਯੋ ਖ਼ਾਲਸਾ ਪ੍ਰਮਾਤਮ ਕੀ ਮੌਜ॥
ਪ੍ਰਥਮੇ, ਖ਼ਾਲਸਾ, ਆਪਣੇ ਵਜੂਦ, ਸਰੂਪ, ਉਦੇਸ਼ਾਂ ਅਤੇ ਕਾਰਜਾਂ ਪ੍ਰਤੀ ਸਿੱਧੇ ਤੌਰ 'ਤੇ ਅਕਾਲ ਪੁਰਖ ਨੂੰ ਜਵਾਬਦੇਹ ਹੈ ਕਿਉਂਕਿ ਇਸ ਦੀ ਸਿਰਜਣਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਇਲਾਹੀ ਹੁਕਮ ਅੰਦਰ ਕੀਤੀ ਹੈ। ਗੁਰੂ ਸਾਹਿਬ ਨੇ ਅਕਾਲ ਪੁਰਖ ਤੋਂ ਇਹ ਅਸੀਸ ਮੰਗੀ:-
ਨਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥
ਫਿਰ ਗੁਰੂ ਸਾਹਿਬ ਇਉਂ ਫਰਮਾਨ ਕਰਦੇ ਹਨ....।
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ ॥
ਇਸ ਤਰ੍ਹਾਂ ਇਲਾਹੀ ਹੁਕਮ ਮੁਤਾਬਿਕ, ਦਸਮ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ, 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਖ਼ਾਲਸੇ ਦੀ ਸਾਜਨਾ ਕੀਤੀ। ਅਸਲ ਵਿਚ ਖ਼ਾਲਸੇ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੇ ਗਏ ਨਿਰਮਲ ਪੰਥ ਦੀ ਪ੍ਰਕਿਰਿਆ ਦਾ ਹੀ ਸਿਖਰ ਅਤੇ ਸੰਪੂਰਨਤਾ ਸੀ। ਭਾਈ ਗੁਰਦਾਸ ਜੀ ਲਿਖਦੇ ਹਨ ......।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਗੁਰਬਾਣੀ ਮੁਤਾਬਿਕ 9 ਜਾਮਿਆਂ ਵਿਚ ਇਸ ਨਿਰਮਲ ਪੰਥ ਦਾ ਪਸਾਰ, ਵਿਸਥਾਰ ਅਤੇ ਪ੍ਰਫੁੱਲਤਾ ਹੋਈ। ਜਦਕਿ 10ਵੇਂ ਜਾਮੇ ਵਿਚ ਕਲਗੀਧਰ ਪਿਤਾ ਨੇ ਇਸੇ ਨਿਰਮਲ ਪੰਥ ਨੂੰ ਨਵਾਂ ਸਰੂਪ, ਨਵੀਂ ਪਛਾਣ ਅਤੇ ਨਵੇਂ ਮਕਸਦ ਦੇ ਕੇ ਇਸ ਨੂੰ ਖ਼ਾਲਸਾ ਪੰਥ ਦੇ ਰੂਪ ਵਿਚ ਸੰਪੂਰਨਤਾ 'ਤੇ ਪਹੁੰਚਾਇਆ। ਸੋਈ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਿਰਜਣਾ, ਭਗਤੀ ਤੋਂ ਸ਼ਕਤੀ ਤੱਕ ਦੇ ਸਫਰ ਦੀ ਸੰਪੂਰਨਤਾ ਹੀ ਹੈ। ਗੁਰੂ ਸਾਹਿਬ ਦੇ ਆਦੇਸ਼ ਮੁਤਾਬਿਕ 1699 ਦੇ ਵਿਸਾਖੀ ਵਾਲੇ ਦਿਨ ਹਜ਼ਾਰਾਂ ਸੰਗਤਾਂ ਪੂਰੇ ਭਾਰਤ ਵਿਚੋਂ ਅਨੰਦਪੁਰ ਸਾਹਿਬ ਪੁੱਜੀਆਂ। ਕੀਰਤਨ ਉਪਰੰਤ ਅਜੀਬ ਕੌਤਕ ਵਰਤਿਆ। ਗੁਰੂ ਸਾਹਿਬ ਹੱਥ ਵਿਚ ਕਿਰਪਾਨ ਲੈ ਕੇ ਪੂਰੇ ਜਾਹੋ ਜਲਾਲ ਨਾਲ ਸਟੇਜ 'ਤੇ ਆਏ। ਸਾਰੇ ਪਾਸੇ ਸੰਨਾਟਾ ਛਾ ਗਿਆ। ਆਪ ਜੀ ਨੇ ਗਰਜਵੀਂ ਆਵਾਜ਼ ਵਿਚ ਇਕ ਇਕ ਕਰਕੇ 5 ਸਿਰਾਂ ਦੀ ਮੰਗ ਕੀਤੀ। ਕਮਜ਼ੋਰ ਤਬੀਅਤ ਲੋਕ ਡਰ ਕੇ ਦੀਵਾਨ ਵਿਚੋਂ ਖਿਸਕ ਗਏ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਅਤੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਸੀਸ ਭੇਟ ਕੀਤੇ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਹੋਣ ਦਾ ਵਰ ਬਖਸ਼ਿਆ। ਇਨ੍ਹਾਂ ਦੇ ਨਾਵਾਂ ਪਿੱਛੇ ਸਿੰਘ ਸ਼ਬਦ ਜੋੜਿਆ ਅਤੇ ਗਦਗਦ ਹੁੰਦਿਆਂ ਫਰਮਾਇਆ ......।
ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹੌ ਕਰੌ ਨਿਵਾਸ॥
ਫਿਰ ਗੁਰੂ ਸਾਹਿਬ ਨੇ ਆਪ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਉਨ੍ਹਾਂ ਦਾ ਨਾਂਅ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋਇਆ। ਗੁਰੂ ਸਾਹਿਬ ਨੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਬਹੁਤ ਵੱਡੀ ਲੋਕਤੰਤਰੀ ਸ਼ਕਤੀ ਦਿੰਦਿਆਂ ਆਖਿਆ ਕਿ ਉਹ ਕਿਸੇ ਵੀ ਸਮੇਂ, ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਹਾਲਾਤ ਵਿਚ ਉਨ੍ਹਾਂ ਨੂੰ ਹੁਕਮ ਕਰ ਸਕਣਗੇ ਅਤੇ ਉਹ ਉਸ ਹੁਕਮ ਮੰਨਣ ਦੇ ਪਾਬੰਦ ਹੋਣਗੇ। ਗੁਰੂ ਜੀ ਨੇ ਇਹ ਵਾਅਦਾ ਪੰਜ ਪਿਆਰਿਆਂ ਦੇ ਕਹਿਣ 'ਤੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਮੰਨ ਕੇ ਨਿਭਾਇਆ। ਅਸਲ ਵਿਚ ਦੁਨੀਆ ਅੰਦਰ ਲੋਕਤੰਤਰੀ ਕਦਰਾਂ ਕੀਮਤਾਂ ਦੀ ਨੀਂਹ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਰੱਖੀ ਸੀ।
ਖ਼ਾਲਸੇ ਦੀ ਸਿਰਜਣਾ ਸਮੇਂ ਦੀ ਮੁੱਖ ਲੋੜ ਸੀ। ਇਸ ਦੀ ਸਿਰਜਣਾ ਰਾਹੀਂ ਆਪ ਨੇ ਦੱਬੇ ਕੁਚਲੇ, ਨਿਮਾਣੇ, ਨਿਆਸਰੇ ਅਤੇ ਮਜ਼ਲੂਮ ਲੋਕਾਂ ਅੰਦਰ ਸਵੈਮਾਣ, ਜੁਅੱਰਤ, ਆਤਮਿਕ ਬਲ ਅਤੇ ਅਣਖ ਦੀ ਉਹ ਪ੍ਰਚੰਡ ਜਵਾਲਾ ਜਗ੍ਹਾ ਦਿੱਤੀ, ਜਿਸ ਨੇ ਭਾਰਤ ਦੀ ਤਕਦੀਰ ਹੀ ਬਦਲ ਕੇ ਰੱਖ ਦਿੱਤੀ।
ਦੂਜਾ ਵੱਡਾ ਨੁਕਤਾ ਇਹ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ, ਵੱਖ-ਵੱਖ ਜਾਤੀਆਂ ਦੇ ਇਨ੍ਹਾਂ ਸਿੱਖਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਜਾਤ ਪਾਤ ਦੀ ਸਮਾਜਿਕ ਬੁਰਾਈ ਉੱਤੇ ਤਕੜਾ ਪ੍ਰਹਾਰ ਕੀਤਾ। ਖ਼ਾਲਸੇ ਨੂੰ ਪੰਜ ਕਕਾਰਾਂ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰਨ ਅਤੇ ਗਊ ਗ਼ਰੀਬ ਦੀ ਰੱਖਿਆ ਦਾ ਹੁਕਮ ਦੇ ਕੇ ਅਨੇਕਾਂ ਵਰ ਬਖਸ਼ਿਸ਼ ਕੀਤੇ ਤੇ ਨਾਲ ਹੀ ਬਜਰ ਕੁਰਹਿਤਾਂ ਵਿਰੁੱਧ ਸਾਵਧਾਨ ਕੀਤਾ। ਉੱਥੇ ਮੌਜੂਦ ਸਰਕਾਰੀ ਜਾਸੂਸਾਂ ਅਤੇ ਇਤਿਹਾਸਕਾਰਾਂ ਦੀਆਂ ਲਿਖਤਾਂ ਅਨੁਸਾਰ ਉਸ ਦਿਨ ਤਕਰੀਬਨ 25 ਹਜ਼ਾਰ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ। ਬੀਬੀਆਂ ਨੂੰ ਵੀ ਅੰਮ੍ਰਿਤ ਦੀ ਦਾਤ ਬਰਾਬਰੀ ਦੇ ਆਧਾਰ 'ਤੇ ਬਖਸ਼ੀ ਗਈ ਅਤੇ ਨਾਂਅ ਨਾਲ ਕੌਰ ਦਾ ਲਕਬ ਬਖਸ਼ਿਆ ਗਿਆ।
ਕਾਬਲੇ ਗੌਰ ਗੱਲ ਇਹ ਹੈ, ਕਿਉਂਕਿ ਖ਼ਾਲਸਾ ਅਕਾਲ ਪੁਰਖ ਦੇ ਇਲਾਹੀ ਹੁਕਮ ਅਨੁਸਾਰ ਹੋਂਦ ਵਿਚ ਆਇਆ, ਇਹ ਅਕਾਲ ਪੁਰਖ ਦੀ ਫ਼ੌਜ ਹੈ ਅਤੇ ਪਰਮੇਸ਼ਵਰ ਦੀ ਮੌਜ ਦਾ ਲਿਖਾਇਕ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਨੂੰ ਆਪਸੀ ਵਰਤੋਂ ਵਿਹਾਰ ਲਈ ਇਹ ਸੰਬੋਧਨੀ ਸ਼ਬਦ ਵਰਤਣ ਦਾ ਇਲਾਹੀ ਫਰਮਾਨ ਜਾਰੀ ਕੀਤਾ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਅਰਥਾਤ, ਖ਼ਾਲਸਾ ਅਕਾਲ ਪੁਰਖ ਦਾ ਹੈ ਅਤੇ ਅਕਾਲ ਪੁਰਖ ਦੀ ਹਮੇਸ਼ਾ ਫਤਿਹ ਅਤੇ ਜੈ ਜੈ ਕਾਰ ਹੈ।
-ਮੋਬਾਈਲ : 98154-61710