ਵਿਸਾਖੀ ਉੱਤਰ ਭਾਰਤੀ ਸੂਬਿਆਂ ਖ਼ਾਸ ਤੌਰ 'ਤੇ ਪੰਜਾਬ ਦਾ ਇਕ ਮਹੱਤਵਪੂਰਨ ਤੇ ਪ੍ਰਾਚੀਨ ਤਿਉਹਾਰ ਹੈ, ਜੋ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਖੁਸ਼ੀਆਂ, ਉਤਸ਼ਾਹ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਵਿਸਾਖੀ ਨੂੰ ਖ਼ਾਸ ਤੌਰ 'ਤੇ ਸਿੱਖ ਧਰਮ 'ਚ ਵੱਡੀ ਮਹੱਤਤਾ ਪ੍ਰਾਪਤ ਹੈ, ਪਰ ਇਸ ਦਾ ਸੰਬੰਧ ਖੇਤੀਬਾੜੀ ਤੇ ਪੰਜਾਬੀ ਸੱਭਿਆਚਾਰ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਇਹ ਤਿਉਹਾਰ ਮਨੁੱਖ ਨੂੰ ਆਪਣੀ ਮਿਹਨਤ ਦਾ ਫ਼ਲ ਪਾਉਣ, ਆਪਣੇ ਧਾਰਮਿਕ ਮੁੱਲਾਂ ਨੂੰ ਯਾਦ ਕਰਨ ਅਤੇ ਸਾਂਝੇਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖ਼ਾਲਸਾ ਪੰਥ ਦੀ ਸਥਾਪਨਾ ਸਿਰਫ਼ ਇਕ ਧਾਰਮਿਕ ਘਟਨਾ ਨਹੀਂ ਸੀ ਸਗੋਂ ਇਹ ਇਕ ਸਮਾਜਿਕ ਕ੍ਰਾਂਤੀ ਸੀ। ਇਸ ਨੇ ਜਾਤ-ਪਾਤ, ਊਚ-ਨੀਚ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੰਦੇਸ਼ ਦਿੱਤਾ।
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਹਨ : ਸੱਚਾਈ ਅਤੇ ਨਿਆਂ, ਸਮਾਨਤਾ ਤੇ ਭਾਈਚਾਰਾ, ਹਿੰਮਤ ਅਤੇ ਸੇਵਾ। ਇਹ ਸਿਧਾਂਤ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ। ਵਿਸਾਖੀ ਦਾ ਰਾਜਨੀਤਕ ਮਹੱਤਵ ਵੀ ਬਹੁਤ ਵੱਡਾ ਹੈ। 1919 ਵਿਚ ਇਸੇ ਦਿਨ ਜਲ੍ਹਿਆਂਵਾਲੇ ਬਾਗ਼ ਦੀ ਦਰਦਨਾਕ ਘਟਨਾ ਵਾਪਰੀ। ਇਹ ਘਟਨਾ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਇਕ ਅਹਿਮ ਮੋੜ ਸਾਬਤ ਹੋਈ। ਇਸ ਦਿਨ ਹਜ਼ਾਰਾਂ ਲੋਕ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ 'ਚ ਇਕੱਠੇ ਹੋਏ ਸਨ ਜਿੱਥੇ ਬ੍ਰਿਟਿਸ਼ ਫ਼ੌਜ ਨੇ ਨਿਰਦੋਸ਼ ਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਨੇ ਉਸ ਸਮੇਂ ਭਾਰਤੀ ਲੋਕਾਂ ਵਿਚ ਗੁੱਸਾ ਤੇ ਬਗ਼ਾਵਤ ਦੀ ਭਾਵਨਾ ਨੂੰ ਜਨਮ ਦਿੱਤਾ। ਵਿਸਾਖੀ ਦਾ ਤਿਉਹਾਰ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਲੋਕਾਂ ਨੂੰ ਆਪਣੇ ਹੱਕਾਂ ਲਈ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਹ ਦਿਨ ਸਾਨੂੰ ਇਸ ਗੱਲ ਦੀ ਯਾਦ ਦੁਆਉਂਦਾ ਹੈ ਕਿ ਆਜ਼ਾਦੀ ਅਤੇ ਨਿਆਂ ਲਈ ਕਿੰਨੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ।
ਹੁਣ ਗੱਲ ਕਰਦੇ ਹਾਂ ਵਿਸਾਖੀ ਦੇ ਤਿਉਹਾਰ ਦੀ। ਖੇਤੀਬਾੜੀ ਨਾਲ ਸੰਬੰਧ ਹੋਣ ਬਾਰੇ ਤਾਂ ਵਿਸਾਖੀ ਕਿਸਾਨਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਰੱਬੀ ਦੀ ਫ਼ਸਲ ਖ਼ਾਸ ਕਰਕੇ ਕਣਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਿਨ ਉਸ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ। ਕਿਸਾਨ ਆਪਣੀ ਸਾਲ ਭਰ ਦੀ ਮਿਹਨਤ ਦਾ ਫ਼ਲ ਵੇਖ ਕੇ ਖੁਸ਼ ਹੁੰਦੇ ਹਨ। ਖੇਤਾਂ ਵਿਚ ਚਾਰੇ ਪਾਸੇ ਰੌਣਕ ਹੁੰਦੀ ਹੈ ਅਤੇ ਲੋਕ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਵਿਸਾਖੀ ਦਾ ਤਿਉਹਾਰ ਧਾਰਮਿਕ ਪਿਛੋਕੜ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਰੰਗੀਨ ਝਲਕ ਵੀ ਪੇਸ਼ ਕਰਦਾ ਹੈ। ਇਸ ਦਿਨ ਲੋਕ ਰਵਾਇਤੀ ਕੱਪੜੇ ਪਾਉਂਦੇ ਹਨ। ਮੁੰਡੇ ਸਿਰਾਂ 'ਤੇ ਰੰਗ-ਬਿਰੰਗੀਆਂ ਦਸਤਾਰਾਂ ਸਜਾਉਂਦੇ ਹਨ ਅਤੇ ਲੋਕ-ਨਾਚ ਭੰਗੜਾ ਤੇ ਗਿੱਧਾ ਪਾਉਂਦੇ ਹਨ। ਭੰਗੜਾ ਜਿੱਥੇ ਮਰਦਾਂ ਦੇ ਖੁਸ਼ੀਆਂ ਤੇ ਖੇੜੇ ਦਾ ਨਾਚ ਹੈ, ਉੱਥੇ ਹੀ ਗਿੱਧਾ ਔਰਤਾਂ ਦੀ ਖੁਸ਼ੀ ਦਾ ਪ੍ਰਗਟਾਵਾ ਹੈ। ਇਸ ਮੌਕੇ 'ਤੇ ਪੇਸ਼ ਕੀਤੇ ਜਾਣ ਵਾਲੇ ਲੋਕ-ਗੀਤ ਅਤੇ ਟੱਪੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਉਂਦੇ ਹਨ। ਥਾਂ-ਥਾਂ 'ਤੇ ਮੇਲੇ ਲੱਗਦੇ ਹਨ, ਲੋਕ ਖਾਣ-ਪੀਣ ਦੇ ਸਟਾਲਾਂ 'ਤੇ ਸੁਆਦੀ ਖਾਣਿਆਂ ਦਾ ਅਨੰਦ ਮਾਣਦੇ ਹਨ। ਰਵਾਇਤੀ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਵਿਸਾਖੀ ਵਾਲੇ ਦਿਨ ਆਪਣੇ-ਆਪਣੇ ਅਕੀਦੇ ਅਨੁਸਾਰ ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਸਿਜਦਾ ਕਰਦੇ ਹਨ। ਸਿੱਖ ਭਾਈਚਾਰੇ ਦੇ ਲੋਕ ਗੁਰਦੁਆਰੇ ਜਾਂਦੇ ਹਨ ਤੇ ਕੀਰਤਨ ਸਰਵਣ ਕਰਦੇ ਹਨ। ਇਸ ਦੇ ਨਾਲ ਹੀ ਉਹ ਸਰਬੱਤ ਦੇ ਭਲੇ ਦੀ ਅਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਕਰਦੇ ਹਨ। ਧਾਰਮਿਕ ਸਥਾਨਾਂ 'ਤੇ ਲੋਕ ਸੰਗਤੀ ਰੂਪ ਵਿਚ ਲੰਗਰ ਦੀ ਸੇਵਾ ਕਰਦੇ ਹਨ। ਇਹ ਸਾਰੀਆਂ ਰਸਮਾਂ, ਸੇਵਾਵਾਂ ਮਨੁੱਖਤਾ ਨੂੰ ਨਿਮਰਤਾ ਤੇ ਸਾਂਝੇਪਣ ਦੀ ਸਿੱਖਿਆ ਦਿੰਦੀਆਂ ਹਨ। ਧਾਰਮਿਕ, ਸੱਭਿਆਚਾਰਕ ਪੱਖ ਦੇ ਨਾਲ-ਨਾਲ ਵਿਸਾਖੀ ਦਾ ਤਿਉਹਾਰ ਸਮਾਜਿਕ ਏਕਤਾ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਸਾਰੇ ਇਕ ਹਾਂ ਤੇ ਸਾਨੂੰ ਆਪਸ ਵਿਚ ਪਿਆਰ ਤੇ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ। ਇਸ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁੱਲ ਕੇ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ, ਜਿਸ ਨਾਲ ਸਮਾਜ ਵਿਚ ਸਾਂਝ ਤੇ ਏਕਤਾ ਨੂੰ ਮਜ਼ਬੂਤ ਹੁੰਦੀ ਹੈ।
ਅੱਜ ਵਿਸਾਖੀ ਦਾ ਤਿਉਹਾਰ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਿਹਾ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਕੈਨੇਡਾ, ਇੰਗਲੈਂਡ, ਅਮਰੀਕਾ ਤੇ ਹੋਰ ਮੁਲਕਾਂ 'ਚ ਇਸ ਦਿਨ ਵਿਸ਼ੇਸ਼ ਨਗਰ ਕੀਰਤਨ ਕੱਢੇ ਜਾਂਦੇ ਹਨ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵਿਸਾਖੀ ਇਕ ਵਿਸ਼ਵ ਪੱਧਰੀ ਤਿਉਹਾਰ ਬਣ ਚੁੱਕਾ ਹੈ। ਅੱਜ ਆਧੁਨਿਕ ਯੁੱਗ ਵਿਚ ਵੀ ਵਿਸਾਖੀ ਦੀ ਮਹੱਤਤਾ ਘੱਟ ਨਹੀਂ ਹੋਈ। ਇਸ ਦੇ ਮੂਲ ਸਿਧਾਂਤ- ਸੱਚਾਈ, ਸੇਵਾ, ਸਮਾਨਤਾ ਅਤੇ ਨਿਆਂ ਅੱਜ ਵੀ ਉਨੇ ਹੀ ਮਹੱਤਵਪੂਰਨ ਹਨ, ਜਿੰਨੇ ਗੁਰੂ ਸਾਹਿਬ ਦੇ ਸਮੇਂ ਸਨ। ਇਹ ਤਿਉਹਾਰ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ ਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਵਿਸਾਖੀ ਇਕ ਬਹੁਪੱਖੀ ਤਿਉਹਾਰ ਹੈ ਜੋ ਧਾਰਮਿਕ ਸ਼ਰਧਾ, ਸਮਾਜਿਕ ਏਕਤਾ ਤੇ ਰਾਜਨੀਤਕ ਜਾਗਰੂਕਤਾ ਦਾ ਪ੍ਰਤੀਕ ਹੈ। ਇਹ ਸਾਨੂੰ ਆਪਣੀ ਇਤਿਹਾਸਕ ਵਿਰਾਸਤ ਨਾਲ ਜੋੜਦਾ ਹੈ ਅਤੇ ਸਾਡੇ ਅੰਦਰ ਨਵੇਂ ਉਤਸ਼ਾਹ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ।
ਅਸੀਂ ਕਹਿ ਸਕਦੇ ਹਾਂ ਕਿ ਵਿਸਾਖੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਇਕ ਜੀਵਨ-ਦਰਸ਼ਨ ਹੈ। ਇਹ ਸਾਨੂੰ ਮਿਹਨਤ ਕਰਨ, ਸੱਚ ਦੇ ਰਾਹ 'ਤੇ ਚਲਣ ਤੇ ਸਾਰਿਆਂ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦਾ ਹੈ। ਵਿਸਾਖੀ ਮੌਕੇ ਸਾਨੂੰ ਆਪਣੇ ਇਤਿਹਾਸ ਨੂੰ ਯਾਦ ਕਰਦੇ ਹੋਏ ਆਪਣੇ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਲਈ ਸਾਨੂੰ ਵਿਸਾਖੀ ਦੇ ਅਸਲ ਅਰਥਾਂ ਨੂੰ ਸਮਝਦੇ ਹੋਏ ਇਸ ਤਿਉਹਾਰ ਨੂੰ ਸਿਰਫ਼ ਮਨਾਉਣਾ ਤੱਕ ਹੀ ਨਹੀਂ, ਸਗੋਂ ਇਸ ਦੇ ਸੰਦੇਸ਼ਾਂ ਨੂੰ ਆਪਣੇ ਜੀਵਨ ਵਿਚ ਵੀ ਅਪਣਾਉਣਾ ਚਾਹੀਦਾ ਹੈ।
-ਲੈਕਚਰਾਰ (ਪੰਜਾਬੀ), ਦਿੱਲੀ। ਮੋਬਾਈਲ : 92126-32234