16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਣਕਾਂ ਦੀ ਮੁੱਕ ਗਈ ਰਾਖੀ×

Ad Position 21
repet_subhas-goyals [Copy P29]
ਅਜੀਤ ਡੈਸਕ 14-04-2026

ਵਿਸਾਖੀ ਪੰਜਾਬੀਆਂ ਦਾ ਸਭ ਤੋਂ ਪ੍ਰਮੁੱਖ ਤੇ ਇਤਿਹਾਸਕ ਤਿਉਹਾਰ ਹੈ। ਇਹ ਤਿਉਹਾਰ ਨਵੇਂ ਸਾਲ ਦੀ ਆਮਦ, ਕਣਕ ਦੀ ਫ਼ਸਲ ਪੱਕਣ ਅਤੇ ਖ਼ਾਲਸਾ ਸਾਜਨਾ ਦਿਵਸ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਵਿਸ਼ੇਸ਼ ਕਰਕੇ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਵਿਖੇ ਇਸ ਮੌਕੇ ਭਾਰੀ ਮੇਲੇ ਲਗਦੇ ਹਨ। ਸਿੱਖ ਇਤਿਹਾਸ ਵਿਚ ਵਿਸਾਖੀ ਦਾ ਦਿਨ ਬੇਹੱਦ ਅਹਿਮ ਹੈ। 1699 ਈ. ਨੂੰ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਜ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਮਰਦਾਂ ਨੂੰ 'ਸਿੰਘ' ਤੇ ਔਰਤਾਂ ਨੂੰ 'ਕੌਰ' ਦਾ ਖ਼ਿਤਾਬ ਦਿੱਤਾ, ਜਿਸ ਨਾਲ ਇਤਿਹਾਸ ਵਿਚ ਇਕ ਨਵਾਂ ਮੋੜ ਆਇਆ। ਵਿਸਾਖੀ ਦਾ ਤਿਉਹਾਰ ਪੰਜਾਬੀ ਕਿਸਾਨਾਂ ਲਈ ਖੁਸ਼ਹਾਲੀ ਲੈ ਕੇ ਆਉਂਦਾ ਹੈ। ਇਸ ਸਮੇਂ ਖੇਤਾਂ ਵਿਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਕਿਸਾਨ ਆਪਣੀ ਮਿਹਨਤ ਦੇ ਫ਼ਲ ਨੂੰ ਵੇਖ ਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ। ਖ਼ਾਸ ਕਰਕੇ ਪੰਜਾਬ ਵਿਚ ਇਸ ਦਿਨ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਵਾਂਗ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਵਿਸਾਖੀ ਮੌਕੇ ਸਵੇਰੇ-ਸਵੇਰੇ ਇਸ਼ਨਾਨ ਕਰਨ ਦੀ ਮਹੱਤਤਾ ਹੈ ਤੇ ਨਵੀਂ ਕਣਕ ਦੇ ਦਾਣੇ ਗੁਰਦੁਆਰੇ ਮੱਥਾ ਟੇਕਣ ਦੀ ਸ਼ਰਧਾ ਆਮ ਵੇਖੀ ਜਾਂਦੀ ਹੈ। ਗੁਰਦੁਆਰਿਆਂ ਵਿਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ਤੇ ਕੀਰਤਨ ਹੁੰਦਾ ਹੈ। ਨਗਰ ਕੀਰਤਨ ਕੱਢੇ ਜਾਂਦੇ ਹਨ ਤੇ ਲੰਗਰ ਵਰਤਾਏ ਜਾਂਦੇ ਹਨ। ਇਹ ਤਿਉਹਾਰ ਭਾਈਚਾਰਕ ਸਾਂਝ ਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਵਿਸਾਖੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਤੇ ਸਿੱਖ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਹ ਸਾਨੂੰ ਸਾਡੇ ਇਤਿਹਾਸ ਤੇ ਪ੍ਰਾਪਤੀਆਂ ਦੀ ਯਾਦ ਦਿਵਾਉਂਦਾ ਹੈ। ਵਿਸਾਖੀ ਵਾਲੇ ਦਿਨ ਧਾਰਮਿਕ ਮੇਲੇ ਲਗਦੇ ਹਨ, ਦੀਵਾਨ ਸਜਾਏ ਜਾਂਦੇ ਹਨ ਤੇ ਸੰਗਤ ਸਰੋਵਰਾਂ 'ਚ ਇਸ਼ਨਾਨ ਕਰਦੀਆਂ ਹਨ। ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਵਿਚ ਜਨਰਲ ਡਾਇਰ ਨੇ ਹਜ਼ਾਰਾਂ ਨਿਰਦੋਸ਼ ਤੇ ਨਿਹੱਥੇ ਪੰਜਾਬੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਨੇ ਸਾਰੇ ਭਾਰਤ ਨੂੰ ਹਲੂਣ ਕੇ ਰੱਖ ਦਿੱਤਾ ਸੀ। ਇਸ ਹੱਤਿਆ ਕਾਂਡ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਇਸ ਹੱਤਿਆ ਕਾਂਡ ਦਾ ਬਦਲਾ ਸਰਦਾਰ ਊਧਮ ਸਿੰਘ ਸੁਨਾਮ ਨੇ ਜਨਰਲ ਡਾਇਰ ਨੂੰ ਇੰਗਲੈਂਡ ਵਿਚ ਗੋਲੀ ਨਾਲ ਮਾਰ ਕੇ ਲਿਆ ਸੀ।
ਅੱਜ ਦੇ ਰਾਜਸੀ ਲੀਡਰਾਂ ਨੇ ਆਪਣੇ ਰਾਜ-ਭਾਗ ਲਈ ਵਿਸਾਖੀ ਦੇ ਪਵਿੱਤਰ ਤੇ ਧਾਰਮਿਕ ਮੇਲੇ ਨੂੰ ਸਿਆਸੀ ਰੰਗ ਵਿਚ ਰੰਗ ਦਿੱਤਾ ਹੈ। ਹੁਣ ਇਨ੍ਹਾਂ ਮੇਲਿਆਂ 'ਤੇ ਇਕੱਠ ਤਾਂ ਬਹੁਤ ਹੁੰਦਾ ਹੈ ਪਰ ਇਸ ਇਕੱਠ ਨੂੰ ਰਾਜ ਸ਼ਕਤੀ ਤੇ ਮਨ ਪ੍ਰਚਾਵੇ ਲਈ ਜ਼ਿਆਦਾ ਵਰਤਿਆ ਜਾਂਦਾ ਹੈ। ਅਸੀਂ ਸਾਰੇ ਸਮਾਜ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਵਿਸਾਖੀ ਸਿਰਫ਼ ਖੁਸ਼ੀ ਦਾ ਦਿਨ ਨਹੀਂ, ਸਗੋਂ ਇਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਕ-ਦੂਜੇ ਨਾਲ ਭਾਈਚਾਰੇ, ਪਿਆਰ ਭਾਵ ਰੱਖਣ ਅਤੇ ਸਮਾਜ ਵਿਚ ਸਮਾਨਤਾ ਤੇ ਇਨਸਾਫ਼ ਨੂੰ ਵਧਾਉਣ ਦਾ ਦਿਨ ਹੈ। ਇਸ ਮੌਕੇ ਅਸੀਂ ਇਕੱਤਰ ਹੋ ਕੇ ਭਵਿੱਖ ਲਈ ਸਕਾਰਾਤਮਕ ਬਦਲਾਅ ਲਿਆਉਣ ਦਾ ਵਚਨ ਲੈ ਸਕਦੇ ਹਾਂ। ਵਿਸਾਖੀ ਮੌਕੇ 'ਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇ ਸਕਦੇ ਹਾਂ ਕਿ ਉਹ ਆਪਣੀਆਂ ਜੜ੍ਹਾਂ ਨੂੰ ਜਾਣਨ, ਆਪਣੇ ਵਰਤਮਾਨ ਵਿਚ ਮਾਣ ਲਿਆਉਣ ਤੇ ਭਵਿੱਖ ਲਈ ਇਕ ਸਕਾਰਾਤਮਕ ਦਿਸ਼ਾ ਤੈਅ ਕਰਨ। ਇਹ ਵੀ ਕਿ ਹਰ ਇਕ ਦੀ ਆਪਣੀ ਵਿਰਾਸਤ ਤੇ ਮਿਸ਼ਨ ਹੈ, ਜਿਸ ਨੂੰ ਸੱਚੇ ਦਿਲ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਵਿਸਾਖੀ ਦੇ ਪਵਿੱਤਰ ਮੌਕੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸਾਨੂੰ ਪ੍ਰੇਰਨਾਦਾਇਕ ਤੇ ਜ਼ਮੀਨੀ ਸੰਦੇਸ਼ ਦੇਣਾ ਚਾਹੀਦਾ ਹੈ। ਨੌਜਵਾਨਾਂ ਨੂੰ ਆਪਣੀ ਸਿੱਖਿਆ, ਸੰਸਕਾਰ ਤੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਗਲਤ ਰਾਹਾਂ 'ਤੇ ਨਾ ਜਾਣ। ਵਿਸਾਖੀ ਖ਼ੁਸ਼ੀ ਤੇ ਤੰਦਰੁਸਤੀ ਦਾ ਤਿਉਹਾਰ ਹੈ, ਇਸ ਲਈ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਚੰਗੀ ਸੰਗਤ ਵਿਚ ਰਹਿਣਾ ਚਾਹੀਦਾ ਹੈ, ਜੋ ਜੀਵਨ ਨੂੰ ਸਹੀ ਦਿਸ਼ਾ ਦੇਵੇ। ਵਿਸਾਖੀ ਸਾਨੂੰ ਨਵੀਂ ਸ਼ੁਰੂਆਤ ਦਾ ਮੌਕਾ ਦਿੰਦੀ ਹੈ। ਆਓ, ਅਸੀਂ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ 'ਤੇ ਲਿਆਈਏ ਤਾਂ ਜੋ ਉਹ ਆਪਣੇ ਪਰਿਵਾਰ ਤੇ ਸਮਾਜ ਦਾ ਮਾਣ ਬਣ ਸਕਣ।

-ਪਿੰਡ ਅਰਨੋਂ, ਜ਼ਿਲ੍ਹਾ ਪਟਿਆਲਾ।
ਮੋਬਾਈਲ : 99888-61313

Ad Position 22
No active advertisement
ਪਿਛਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦੇ ਵਿਦਿਆਰਥੀਆਂ ਨੇ ਟੈਕਨੋਵਾ ਕਨਕਲੇਵ-2026 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ, ਬੋਦਲ
Ad Position 24