ਦੇਸ਼ ਮੇਰੇ ਦੇ ਤਿਉਹਾਰ ਪਏ ਦੱਸਦੇ, ਹੁੰਦਾ ਕੀ ਹੈ ਭਾਈਚਾਰਾ।
ਸਾਰੇ ਤਿਉਹਾਰਾਂ ਨਾਲੋਂ ਹੈ, ਵਿਸਾਖੀ ਦਾ ਤਿਉਹਾਰ ਨਿਆਰਾ।
ਸਦੀਆਂ ਤੋਂ ਇਹ ਤਿਉਹਾਰ, ਦੇਸ਼ ਮੇਰੇ ਦੇ ਲੋਕ ਨੇ ਮਨਾਉਂਦੇ।
ਭੁੱਲ ਕੇ ਸਾਰੇ ਵੈਰ ਵਿਰੋਧ, ਇਕੱਠੇ ਹੋ ਕੇ ਮੇਲੇ ਪਏ ਲਾਉਂਦੇ ।
ਕਿਧਰੇ ਖੇਡ ਮੇਲਿਆਂ ਵਿਚ, ਗੱਭਰੂ ਆਪਣੇ ਜੌਹਰ ਵਿਖਾਉਂਦੇ।
ਕਿਧਰੇ ਦੇਸ਼ ਭਗਤੀ ਦੀਆਂ, ਢਾਡੀ ਕਵੀਸ਼ਰ ਵਾਰਾਂ ਗਾਉਂਦੇ।
ਕਿਧਰੇ ਭੰਗੜੇ ਗਿੱਧੇ ਨੇ ਪੈਂਦੇ, ਵੇਖਣ ਵਾਲਾ ਹੈ ਹੁੰਦਾ ਨਜ਼ਾਰਾ।
ਸਾਰੇ ਤਿਉਹਾਰਾਂ ਨਾਲੋਂ ਹੈ ....।
ਦਸਮੇਸ਼ ਪਿਤਾ ਨੇ ਵਿਸਾਖੀ ਨੂੰ, ਵੇਖੋ ਕਿਵੇਂ ਖ਼ਾਸ ਬਣਾਇਆ।
ਸਿੱਖਾਂ ਨੂੰ ਅਨੰਦਪੁਰ ਬੁਲਾ ਕੇ, ਸੁੰਦਰ ਸੀ ਦੀਵਾਨ ਸਜਾਇਆ।
ਪੰਜ ਸਿਰਾਂ ਦੀ ਭੇਟਾ ਮੰਗ ਕੇ, ਅਨੋਖਾ ਉਨ੍ਹਾਂ ਕੌਤਕ ਵਿਖਾਇਆ।
ਇਕੋ ਬਾਟੇ ਅੰਮ੍ਰਿਤ ਛਕਾ ਕੇ, ਜਾਤ-ਪਾਤ ਦਾ ਭੇਦ ਮਿਟਾਇਆ।
ਡਿੱਗੀ ਢੱਠੀ ਕੌਮ ਦੇ ਵਿਚ, ਉਨ੍ਹਾਂ ਭਰਿਆ ਸੀ ਜੋਸ਼ ਭਾਰਾ।
ਸਾਰੇ ਤਿਉਹਾਰਾਂ ਨਾਲੋਂ ਹੈ....।
ਸੰਨ ਉੱਨੀ ਸੌ ਉੱਨੀ ਨੂੰ ਹੀ, ਆਈ ਸੀ ਇਕ ਅਨੋਖੀ ਵਿਸਾਖੀ।
ਦੇਸ਼ ਮੇਰੇ ਨੂੰ ਦੇ ਕੇ ਤੁਰ ਗਈ, ਦੁੱਖਾਂ ਦਰਦਾਂ ਵਾਲੀ ਸੀ ਸਾਖ਼ੀ।
ਜਲ੍ਹਿਆਂਵਾਲੇ ਬਾਗ਼ ਦੇ ਵਿਚ, ਹਜ਼ਾਰਾਂ ਲੋਕ ਸੀ ਹੋਏ ਇਕੱਤਰ।
ਉਹ ਵਿਸਾਖੀ ਮਨਾਵਣ ਆਏ, ਗੋਰਿਆਂ ਨੇ ਸੀ ਵਿਛਾਤੇ ਸੱਥਰ।
ਐਨਾ ਖ਼ੂੁਨ ਖਰਾਬਾ ਵੇਖ ਕੇ, ਦੇਸ਼ ਭਗਤਾਂ ਦਾ ਵਧ ਗਿਆ ਪਾਰਾ।
ਸਾਰੇ ਤਿਉਹਾਰਾਂ ਨਾਲੋਂ ਹੈ....।
ਦੇਸ਼ ਮੇਰੇ ਦੇ ਕਿਸਾਨਾਂ ਲਈ, ਵਿਸਾਖੀ ਲਿਆਵੇ ਖੁਸ਼ੀਆਂ ਖੇੜੇ।
ਪੱਕੀ ਕਣਕ ਘਰਾਂ ਵਿਚ ਆਉਂਦੀ, ਖੇਤੀਂ ਘਟ ਜਾਂਦੇ ਨੇ ਗੇੜੇ।
ਧਰਤੀ ਦੇ ਸਭ ਜੀਅ ਵੀ ਜਿਊਂਦੇ, ਜੱਟ ਦੀ ਖੇਤੀ ਦੇ ਸਹਾਰੇ।
ਏਸੇ ਕਰਕੇ ਵਿਸਾਖੀ ਮਾਂਹ ਨੂੰ, ਬੇਸਬਰੀ ਨਾਲ ਉਡੀਕਣ ਸਾਰੇ।
'ਅਮਰੀਕ ਤਲਵੰਡੀ' ਨੂੰ ਵੀ ਲੱਗੇ, ਇਹ ਤਿਉਹਾਰ ਬੜਾ ਪਿਆਰਾ।
ਸਾਰੇ ਤਿਉਹਾਰਾਂ ਨਾਲੋਂ ਹੈ...।
-ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ) ਮੋਬਾਈਲ : 94635-42896.