ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2021

ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਦੀ ਖ਼ੁਸ਼ਬੋਅ

Ad Position 21
No active advertisement
ਅਜੀਤ ਡੈਸਕ 19-11-2021

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਸਿੱਖ ਭਾਈਚਾਰੇ ਦੀਆਂ ਕੋਰੋਨਾ ਮਹਾਂਮਾਰੀ ਨਾਲ ਨਿੱਬੜਨ ਦੀਆਂ ਸੇਵਾਵਾਂ ਨੇ ਸੰਸਾਰ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਦੀ ਅਣਥੱਕ ਸੇਵਾ ਸਦਕਾ ਉਥੋਂ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ ਤੇ ਸਨਮਾਨ ਵੀ ਕੀਤਾ।
ਇਹ ਵੀ ਹਕੀਕਤ ਹੈ ਕਿ ਮਹਾਂਮਾਰੀਆਂ ਮਨੁੱਖੀ ਸੁਭਾਅ ਅਤੇ ਉੱਦਮ ਦੀ ਪਰਖ ਵੀ ਕਰਦੀਆਂ ਹੁੰਦੀਆਂ ਹਨ, ਜਿਸ ਦੀ ਚੁਣੌਤੀ ਲਈ ਸਿੱਖ ਭਾਈਚਾਰੇ ਨੇ ਆਪੋ-ਆਪਣੀਆਂ ਸਰਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਅਜਿਹੀ ਸੇਵਾ ਤੇ ਸਮਰਪਿਤ ਭਾਵਨਾ ਗੁਰੂ ਸਾਹਿਬ ਦੇ ਗਲੋਬਲ ਸਰੋਕਾਰ ਵਾਲੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦਾ ਹੀ ਨਤੀਜਾ ਹੈ।
ਗੁਰੂ ਨਾਨਕ ਸਾਹਿਬ ਨੇ ਪੈਸੇ ਦੀ ਲੋੜ ਨੂੰ ਵੀ ਆਪਣੀ ਸਿੱਖਿਆ ਵਿਚ ਰੱਦ ਨਹੀਂ ਕੀਤਾ, ਸਗੋਂ ਪੈਸਾ ਕਮਾਉਣ ਦੇ ਨੁਕਸਦਾਰ ਢੰਗ-ਤਰੀਕਿਆਂ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਕਿਸੇ ਦੂਸਰੇ ਦਾ ਹੱਕ ਮਾਰ ਕੇ ਕੀਤੀ ਕਮਾਈ ਨੂੰ ਭੰਡਿਆ ਹੈ। ਗੁਰੂ ਸਾਹਿਬ ਵਲੋਂ ਪੁਰਾਤਨ ਜਪੁ ਤਪੁ ਤੋਂ ਹਟ ਕੇ ਸਰਲ ਜਪੁ ਤਪੁ ਅਪਣਾਉਣ ਦੀ ਸਿੱਖਿਆ ਦਿੱਤੀ ਗਈ। ਗੁਰੂ ਸਾਹਿਬ ਦੇ ਚੀਨ, ਬਰਮਾ, ਸ੍ਰੀਲੰਕਾ, ਅਰਬ ਦੇਸ਼ਾਂ, ਬਗ਼ਦਾਦ, ਤੁਰਕਿਸਤਾਨ, ਮਿਸਰ, ਅਫ਼ਗਾਨਿਸਤਾਨ ਆਦਿ ਕਈ ਦੇਸ਼ਾਂ ਦੀ ਯਾਤਰਾ ਦੌਰਾਨ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਵੱਡਾ ਹੁੰਗਾਰਾ ਮਿਲਿਆ।
ਗੁਰੂ ਨਾਨਕ ਸਾਹਿਬ ਨੇ ਵਿੱਦਿਅਕ ਪਹਿਲੂ 'ਤੇ ਵੀ ਜ਼ੋਰ ਦਿੰਦਿਆਂ ਨੈਤਿਕ ਵਿਕਾਸ ਅਤੇ ਅਧਿਆਤਮਿਕ ਵਿਕਾਸ ਦੀ ਗੱਲ ਕਹੀ। ਅਜਿਹੀ ਸਿੱਖਿਆ ਦੀ ਅਜੋਕੇ ਮਾਡਰਨ ਦੌਰ ਵਿਚ ਅਤੇ ਇਸ ਤੋਂ ਅੱਗੇ ਹੋਰ ਵੀ ਵੱਡੀ ਜ਼ਰੂਰਤ ਹੈ। ਤੁਸੀਂ ਇਸ ਨੁਕਤੇ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰੂ ਨਾਨਕ ਸਾਹਿਬ ਨੇ ਉਦੋਂ ਦੀ ਲੋਕ ਭਾਸ਼ਾ ਗੁਰਮੁਖੀ 'ਚ ਸਿੱਖਿਆ ਨੂੰ ਅੱਗੇ ਲਿਆਂਦਾ ਉਸ ਦੌਰ ਵਿਚ ਹਾਲਾਂਕਿ ਮੁਗ਼ਲਾਂ ਦਾ ਦੌਰ ਸੀ ਤੇ ਫ਼ਾਰਸੀ ਤੇ ਉਰਦੂ ਦਾ ਪੂਰਾ ਬੋਲਬਾਲਾ ਸੀ, ਪਰ ਇਹ ਸ਼ੁਰੂ ਕੀਤਾ ਨਿੱਕਾ ਜਿਹਾ ਮਿਸ਼ਨ ਅੱਜ ਸੰਸਾਰ ਪੱਧਰ 'ਤੇ ਪੁੱਜ ਚੁੱਕਾ ਹੈ। ਭਾਰਤ ਵਿਚ ਪੰਜਾਬ ਸਰਕਾਰ ਵਲੋਂ ਦਿਤੇ ਗਏ ਅਹਿਮ ਮਾਣ-ਸਤਿਕਾਰ ਤੋਂ ਇਲਾਵਾ ਨੇੜਲੇ ਸੂਬਿਆਂ ਵਿਚ, ਰਾਜਧਾਨੀ ਦਿੱਲੀ ਵਿਚ ਅਤੇ ਕੈਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ, ਪਾਕਿਸਤਾਨ ਤੇ ਹੋਰ ਅਨੇਕਾਂ ਦੇਸ਼ਾਂ ਵਿਚ ਪੰਜਾਬੀ ਤੇ ਪੰਜਾਬੀਅਤ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਅਤੇ ਅੱਗੇ ਵੀ ਜਾਰੀ ਹਨ। ਗੁਰੂ ਸਾਹਿਬ ਜਾਣਦੇ ਸਨ ਕਿ ਲੋਕ ਬੋਲੀ ਹਮੇਸ਼ਾ ਮਨੁੱਖ ਦੇ ਮੰਨ 'ਤੇ ਤਰੋਤਾਜ਼ਾ ਰਹਿੰਦੀ ਹੈ। ਆਪਣੀਆਂ ਲੰਬੀਆਂ ਉਦਾਸੀਆਂ ਦੌਰਾਨ ਸ਼ਬਦ-ਗੁਰੂ ਅਤੇ ਇਕੋ ਪਰਮਾਤਮਾ ਦੀ ਅਰਾਧਨਾ ਨੂੰ ਪ੍ਰਚਾਰਨਾ ਅਤੇ ਇਸੇ ਰੰਗਤ ਦੀਆਂ ਹੋਰਨਾ ਮਹਾਂਪੁਰਸ਼ਾਂ ਦੀਆਂ ਬਾਣੀਆਂ ਨੂੰ ਇਕੱਤਰ ਕਰਨਾ ਅਤੇ ਫਿਰ ਆਪਣੀ ਸੋਚ ਨੂੰ ਅੱਗੇ ਵਧਾਉਣ ਲਈ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁਰਦ ਕਰ ਦੇਣਾ, ਇਹ ਸਾਰੇ ਕਾਰਜ ਕਿਸੇ ਲੰਬੀ ਦੂਰਦ੍ਰਿਸ਼ਟੀ ਦਾ ਨਤੀਜਾ ਹਨ ਜੋ ਸਿੱਖ ਭਾਈਚਾਰੇ ਨੂੰ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਮਿਲ ਬੈਠਣ ਦੀ ਸਾਂਝ ਪੈਦਾ ਕਰਦੇ ਹਨ। ਇਸ ਇਕੱਤਰ ਬਾਣੀ ਦੀ ਆਪਸੀ ਸਾਂਝ ਸਦਕਾ ਹੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸਿਰਫ਼ 5 ਕੁ ਸਦੀਆਂ ਵਿਚ ਸੰਸਾਰ ਪੱਧਰ ਦੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਗਿਆ ਹੈ। ਉਸ ਦੌਰ ਵਿਚ ਚਲਾਈਆਂ ਧਰਮਸ਼ਾਲਾਵਾਂ ਅੱਜ ਦੇ ਗੁਰਦੁਆਰਾ ਸਾਹਿਬ ਸੰਸਥਾਵਾਂ ਭਾਰਤ ਵਿਚ ਹੀ ਨਹੀਂ ਸਗੋਂ ਅਨੇਕਾਂ ਦੇਸ਼ਾਂ ਵਿਚ ਆਪਣੀ ਪਛਾਣ ਬਣਾ ਚੁੱਕੀਆਂ ਹਨ।
ਇਹੋ ਗੱਲ ਹੈ ਕਿ ਇਕ ਵਾਰ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਤੋਂ ਇਹ ਪੁੱਛ ਲਿਆ ਸੀ ਕਿ ਸਿੱਖ ਧਰਮ ਕੀ ਹੈ ਤਾਂ ਸ੍ਰੀ ਰਾਓ ਨੇ ਕਿਹਾ ਸੀ ਕਿ ਜ਼ਿਆਦਾ ਤਾਂ ਮੈਂ ਨਹੀਂ ਜਾਣਦਾ ਪਰ ਏਨਾ ਸਮਝ ਲਵੋ ਇਹ ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾਂ ਦਾ ਸੰਖੇਪ ਸਾਰ ਹੈ।
ਮੈਂ ਆਪਣੇ ਸਰਗਰਮ ਜੀਵਨ ਦੌਰਾਨ ਡੈਮੋਕ੍ਰੈਟਿਕ, ਕਮਿਊਨਿਸਟ ਅਤੇ ਇਸਲਾਮਿਕ ਦੇਸ਼ਾਂ ਵਿਚ ਯਾਤਰਾ ਦੌਰਾਨ ਉਥੋਂ ਦੇ ਸਿਸਟਮ ਨੂੰ ਜਿੰਨਾ ਕੁ ਦੇਖਿਆ, ਇਥੋਂ ਤਕ ਕਿ ਚੀਨ ਦੇ ਸਿਸਟਮ ਨੂੰ ਦੇਖਿਆ ਤਾਂ ਹਰੇਕ ਜਗ੍ਹਾ ਵਿਚਾਰ-ਚਰਚਾ ਦੌਰਾਨ ਵੱਖ-ਵੱਖ ਸੁਭਾਅ ਵਾਲੇ ਵਿਦਵਾਨ ਆਪਣੇ ਸਿਸਟਮ ਨੂੰ ਗੁਰਬਾਣੀ ਦੇ ਨੇੜੇ ਦਸਦੇ ਮਹਿਸੂਸ ਹੋਏ। ਇਕ ਵਾਕਿਆ ਹੋਰ ਮੇਰੇ ਜ਼ਿਹਨ ਵਿਚ ਤਾਜ਼ਾ ਹੈ ਕਿ ਮੈਂ ਚੀਨ ਦੀ ਰਾਜਧਾਨੀ ਵਿਚ ਕਿਸੇ ਰੈਸਟੋਰੈਂਟ 'ਚ ਖਾਣਾ ਖਾ ਰਿਹਾ ਸੀ ਤਾਂ ਉਥੇ ਇਕ ਬਹੁਤ ਮਧੁਰ ਧੁਨ ਵਜਾਈ ਜਾ ਰਹੀ ਸੀ। ਮੇਰੇ ਪੁੱਛਣ 'ਤੇ ਰੈਸਟੋਰੈਂਟ ਮੈਨੇਜਰ ਨੇ ਦੱਸਿਆ ਕਿ ਇਹ ਮੂਲ ਮੰਤਰ ਦਾ ਚਾਈਨੀਜ਼ ਅਨੁਵਾਦ ਹੈ। ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਇਹੋ ਹੀ ਗੁਰੂ ਸਾਹਿਬ ਦੇ ਵਿਚਾਰਾਂ ਦੀ ਖ਼ੂਬਸੂਰਤੀ ਹੈ ਕਿ ਉਨ੍ਹਾਂ ਦਾ ਸਿੱਖ ਜਿਥੇ ਵੀ ਗਿਆ ਉਥੋਂ ਦੇ ਸਮਾਜ ਵਿਚ ਉਸ ਨੂੰ ਓਪਰਾਪਨ ਮਹਿਸੂਸ ਨਹੀਂ ਹੋਇਆ। ਇਹ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਪਰ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਨੇ ਸੰਸਾਰ ਵਾਸੀਆਂ ਨੂੰ ਟੁੰਬਿਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਸੰਯੁਕਤ ਰਾਸ਼ਟਰ ਸੰਘ ((ਯੂ. ਐਨ. ਓ. ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਸੰਸਾਰ ਪੱਧਰ 'ਤੇ ਅਪਣਾ ਕੇ ਲਾਗੂ ਕਰਨਾ ਚਾਹੀਦਾ ਹੈ, ਤਾਂ ਕਿ ਸੰਸਾਰ ਵਿਚੋਂ ਭੁੱਖਮਰੀ ਦੂਰ ਹੋ ਸਕੇ ਅਤੇ ਅਮਨ-ਸ਼ਾਂਤੀ ਲਈ ਯਤਨ ਸਥਾਪਤ ਹੋ ਸਕਣ।


-ਸਾਬਕਾ ਉਪ ਰਾਜਪਾਲ ਪੁਡੂਚੇਰੀ,
ਮੋਬਾਈਲ : 98140-05859

Ad Position 22
No active advertisement
ਪਿਛਲੀ ਖ਼ਬਰ ਗੁਰੂ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ ਅਗਲੀ ਖ਼ਬਰ ਸਮਾਜਿਕ ਬਰਾਬਰੀ ਦੇ ਸਿਰਜਕ ਗੁਰੂ ਨਾਨਕ
Ad Position 24
No active advertisement