ਗੁਰਮਤਿ ਸੰਗੀਤ ਦੀ ਉਤਪਤੀ : ਗੁਰਮਤਿ ਸੰਗੀਤ ਪਰੰਪਰਾ ਦਾ ਪ੍ਰਵਾਹ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੁੰਦਾ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ। 1469 ਈ: ਵਿਚ ਪਹਿਲੀ ਪਾਤਸ਼ਾਹੀ ਦੇ ਅਵਤਾਰ ਧਾਰਨ ਨਾਲ ਇਤਿਹਾਸ ਵਿਚ ਸਿੱਖ ਕਾਲ ਦਾ ਆਰੰਭ ਹੋਇਆ। ਗੁਰੂ ਨਾਨਕ ਦੇਵ ਜੀ ਨੇ ਰਾਜਿਆਂ ਮਹਾਰਾਜਿਆਂ ਦੀ ਬਜਾਏ ਅਧਿਆਤਮਿਕ ਵਿਸ਼ਿਆਂ ਨਾਲ ਭਰਪੂਰ ਕਾਵਿ ਰਚਨਾਵਾਂ ਕੀਤੀਆਂ। ਇਨ੍ਹਾਂ ਰਚਨਾਵਾਂ ਜਾਂ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਨਾਲ ਗੁਰਮਤਿ ਸੰਗੀਤ ਦੀ ਪ੍ਰਥਾ ਆਰੰਭ ਹੋਈ। ਇਸ ਤਰ੍ਹਾਂ ਭਾਰਤੀ ਸੰਗੀਤ ਵਿਚ ਇਕ ਨਵੀਂ ਸੰਗੀਤਕ ਪ੍ਰਣਾਲੀ ਦਾ ਆਰੰਭ ਹੋਇਆ। ਇਸ ਨੂੰ ਹੋਰ ਗੁਰੂ ਸਾਹਿਬਾਨ ਨੇ ਵੀ ਕਾਇਮ ਰੱਖਿਆ ਅਤੇ ਵੱਧ ਤੋਂ ਵੱਧ ਵਿਕਸਿਤ ਕੀਤਾ। ਇਹ ਪ੍ਰਥਾ ਅੱਜ ਤੱਕ ਕਾਇਮ ਹੈ। ਗੁਰੂ ਜੀ ਨੇ ਕੀਰਤਨ ਕਰਨ ਵਾਲੇ ਨੂੰ ਢਾਡੀ ਸ਼ਬਦ ਨਾਲ ਸੰਬੋਧਨ ਕੀਤਾ। ਬਾਣੀ ਵਿਚ ਉਨ੍ਹਾਂ ਨੇ ਆਪਣੇ ਲਈ ਢਾਡੀ ਸ਼ਬਦ ਦਾ ਪ੍ਰਯੋਗ ਕੀਤਾ। ਜਿਵੇਂ-
ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 150)
ਸਮੇਂ ਅਨੁਸਾਰ ਕੀਰਤਨ ਗਾਇਨ ਵਿਚ ਸੰਗਤ ਭਾਵ ਸਮੂਹ ਗਾਇਨ ਨੂੰ ਵਿਸ਼ੇਸ਼ ਸਥਾਨ ਦਿੱਤਾ। ਕੀਰਤਨ ਦੀ ਸੰਗਤ ਲਈ ਰਬਾਬ ਸਾਜ਼ ਦਾ ਗੁਰੂ ਜੀ ਨੇ ਪ੍ਰਚਲਨ ਕੀਤਾ। ਕੀਰਤਨ ਦੇ ਲਈ ਭਾਈ ਮਰਦਾਨੇ ਦੀ ਰਬਾਬ ਤੇ ਸੰਗਤ ਅਲੌਕਿਕ ਅਨੰਦ ਦੀ ਪ੍ਰਾਪਤੀ ਦਾ ਸਾਧਨ ਬਣਦੀ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਸ ਦਾ ਉਲੇਖ ਇਸ ਤਰ੍ਹਾਂ ਆਇਆ ਹੈ-
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥
(ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 35)
ਇਸੇ ਤਰ੍ਹਾਂ ਭਾਈ ਮਰਦਾਨੇ ਦੇ ਰਬਾਬ ਵਜਾਉਣ ਵਿਚ ਪ੍ਰਵੀਨ ਹੋਣ ਦੇ ਸੰਬੰਧ ਵਿਚ ਇਕ ਹੋਰ ਉਲੇਖ ਇਸ ਤਰ੍ਹਾਂ ਮਿਲਦਾ ਹੈ-
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥
(ਵਾਰਾਂ ਭਾਈ ਗੁਰਦਾਸ, ਵਾਰ ਗਿਆਰ੍ਹਵੀਂ, ਪਉੜੀ 13)
ਗੁਰੂ ਨਾਨਕ ਦੇਵ ਜੀ ਬਾਣੀ ਵਿਚ ਅਧਿਆਤਮਿਕ ਵਿਸ਼ਿਆਂ ਦੇ ਪ੍ਰਗਟਾਵੇ ਲਈ ਸੰਗੀਤ ਦੇ ਪਰਿਭਾਸ਼ਕ ਸ਼ਬਦਾਂ ਦਾ ਬੜਾ ਸੁੰਦਰ ਪ੍ਰਯੋਗ ਹੋਇਆ ਹੈ ਜਿਵੇਂ-
ਤਾਲ ਮਦੀਰੇ ਘਟ ਕੇ ਘਾਟ॥
ਦੋਲਕ ਦੁਨੀਆ ਵਾਜਹਿ ਵਾਜ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 349)
ਗੁਰੂ ਨਾਨਕ ਦੇਵ ਜੀ ਨੇ ਸ਼ਬਦ ਕੀਰਤਨ ਪਰੰਪਰਾ ਨੂੰ ਵਿਸ਼ੇਸ਼ ਵਿਧਾਨ ਪ੍ਰਦਾਨ ਕੀਤਾ। ਉਨ੍ਹਾਂ ਆਪਣੀ ਬਾਣੀ ਨੂੰ ਰਾਗਾਂ ਅਧੀਨ ਉਚਾਰਿਆ। ਗੁਰੂ ਨਾਨਕ ਬਾਣੀ ਦੇ ਉੱਪਰ ਹਰ ਕੀਰਤਨੀਏ ਲਈ ਕੁਝ ਸੰਕੇਤ ਅੰਕਿਤ ਕੀਤੇ ਹਨ ਜਿਵੇਂ-
1. ਰਾਗ, 2. ਘਰੁ, 3. ਰਹਾਉ, 4. ਅੰਕ
ਇਸ ਸੰਕੇਤ ਵਿਚ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦਾ ਸੰਕੇਤ ਹੈ। ਇਨ੍ਹਾਂ ਸੰਕੇਤਾਂ ਤੋਂ ਬਿਨਾਂ ਗੁਰੂ ਨਾਨਕ ਬਾਣੀ ਦੇ ਹਰ ਸ਼ਬਦ ਨੂੰ ਵੱਖ-ਵੱਖ ਅੰਕਾਂ ਵਿਚ ਵੰਡਿਆ ਹੈ ਜਿਹੜੇ ਗਾਇਨ ਵਿਚ ਅੰਤਰਿਆਂ ਦੇ ਰੂਪ ਵਿਚ ਗਾਇਨ ਕਰਨੇ ਹਨ। ਉਪਰੋਕਤ ਸੰਕੇਤਾਂ ਦਾ ਹੇਠ ਲਿਖੇ ਅਨੁਸਾਰ ਵਿਸ਼ਥਾਰ ਕੀਤਾ ਜਾਂਦਾ ਹੈ।
1. ਰਾਗ : ਗੁਰੂ ਨਾਨਕ ਦੇਵ ਜੀ ਦੇ ਬਾਣੀ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਕੁੱਲ 37 ਰਾਗਾਂ ਵਿਚ ਬਾਣੀ ਉਚਾਰੀ। ਇਨ੍ਹਾਂ ਰਾਗਾਂ ਦੀ ਵੰਡ ਇਸ ਪ੍ਰਕਾਰ ਹੈ।
(ੳ) ਮੁੱਖ ਰਾਗ : ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ।
(ਅ) ਮਿਸ਼ਰਤ ਰਾਗ : ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣ, ਗਉੜੀ, ਦੀਪਕੀ, ਗਉੜੀ ਪੂਰਬੀ, ਆਸਾ ਕਾਫੀ, ਸੂਹੀ ਕਾਫੀ, ਬਸੰਤ ਹਿੰਡੋਲ, ਪ੍ਰਭਾਤੀ ਵਿਭਾਸ।
(ੲ) ਦੱਖਣੀ ਰਾਗ : ਗਉੜੀ ਦੱਖਣੀ, ਵਡਹੰਸ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ
(ਭਾਰਤੀ ਸੰਗੀਤ ਦਾ ਇਤਿਹਾਸ, ਯੋਗੇਂਦਰ ਪਾਲ)
2. ਘਰੁ : ਗੁਰੂ ਨਾਨਕ ਬਾਣੀ ਉੱਪਰ ਮਹਲਾ ਤੇ ਰਾਗ ਦੇ ਸਿਰਲੇਖ ਤੋਂ ਬਿਨਾਂ ਘਰੁ ਵੀ ਵੱਖ-ਵੱਖ ਗਿਣਤੀ ਵਿਚ ਅੰਕਿਤ ਮਿਲਦੇ ਹਨ। ਇਨ੍ਹਾਂ ਦੀ ਗਿਣਤੀ ਕੁੱਲ 17 ਤੱਕ ਹੈ। ਗੁਰਮਤਿ ਸੰਗਤਿ ਪੱਧਤੀ ਸੰਬੰਧੀ ਬਹੁਤ ਸਾਰੇ ਵਿਦਵਾਨਾਂ ਨੇ ਹੁਣ ਤੱਕ ਹੋਈ ਖੋਜ ਵਿਚ ਘਰੁ ਨੂੰ ਤਾਲ ਹੀ ਮੰਨਿਆ ਹੈ।
3. ਰਹਾਉ : ਗੁਰੂ ਜੀ ਦੀ ਸਮੁੱਚੀ ਬਾਣੀ ਦੇ ਸੰਗੀਤ ਵਿਧਾਨ ਦਾ ਅਗਲਾ ਮਹੱਤਵਪੂਰਨ ਅੰਗ ਰਹਾਉ ਹੈ। ਬਾਣੀ ਵਿਚ ਕਾਵਿ ਰਚਨਾ ਦੇ ਕਿਸੇ ਇਕ ਵਿਚਾਰ ਨੂੰ ਦ੍ਰਿੜ੍ਹ ਕਰਨ ਲਈ ਉਸ ਦੇ ਅਨੇਕ ਪਹਿਲੂ, ਉਦਾਹਰਨਾਂ ਅਤੇ ਪ੍ਰਮਾਣ ਦਿੱਤੇ ਗਏ ਹਨ ਅਤੇ ਕਾਵਿ ਰਚਨਾ ਦੇ ਕੇਂਦਰੀ ਭਾਵ ਵਾਲੀ ਤੁਕ ਪਿੱਛੇ ਰਹਾਉ ਦਾ ਸੰਕੇਤ ਮਿਲਦਾ ਹੈ।
ਰਹਾਉ ਵਾਲੀ ਤੁਕ ਦਾ ਵਿਸ਼ੇਸ਼ ਮਨੋਰਥ ਇਹ ਹੈ ਕਿ ਸੰਬੰਧਿਤ ਸ਼ਬਦ ਦੇ ਗਾਇਨ ਸਮੇਂ ਇਸ ਸੰਕੇਤ ਵਾਲੀ ਤੁਕ ਨੂੰ ਸਥਾਈ ਦੇ ਰੂਪ ਵਿਚ ਗਾਇਆ ਜਾਵੇ ਕਿਉਂਕਿ ਇਸ ਤੁਕ ਵਿਚ ਸਾਰੀ ਕਾਵਿ ਰਚਨਾ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ।
4. ਅੰਕ : ਗੁਰੂ ਨਾਨਕ ਬਾਣੀ ਵਿਚ ਪ੍ਰਯੋਗ ਕੀਤੇ ਗਏ ਅੰਕਾਂ ਦਾ ਵਿਸ਼ੇਸ਼ ਸੰਗਤਿਕ ਮਹੱਤਵ ਹੈ। ਹਰ ਤੁਕ ਦੀ ਸਮਾਪਤੀ ਪਿੱਛੋਂ ਅੰਕ ਇਕ, ਅੰਕ ਦੋ, ਅੰਕ ਤਿੰਨ ਆਦਿ ਦੀ ਵਰਤੋਂ ਆਮ ਮਿਲਦੀ ਹੈ। ਅੰਤ ਵਿਚ ਇਨ੍ਹਾਂ ਅੰਕਾਂ ਦੀ ਕੁਝ ਗਿਣਤੀ ਵੀ ਦਰਜ ਕੀਤੀ ਗਈ ਹੈ। ਇਨ੍ਹਾਂ ਅੰਕਾਂ ਵਿਚ ਰਹਾਉ ਵਾਲੀ ਤੁਕ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸਗੋਂ ਸਮੁੱਚੇ ਕਾਵਿ ਵਿਧਾਨ ਵਿਚ ਉਸ ਦੀ ਸੁਤੰਤਰ ਹੋਂਦ ਹੈ। ਗੁਰਮਤਿ ਸੰਗੀਤ ਵਿਚ ਰਹਾਉ ਨੂੰ ਸ਼ਬਦ ਗਾਇਨ ਵੇਲੇ ਸਥਾਈ ਬਣਾਉਣ ਦਾ ਨਿਯਮ ਹੈ। ਇਸ ਸੰਬੰਧੀ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ। ਠੀਕ ਇਸੇ ਤਰ੍ਹਾਂ ਹਰ ਇਕ ਅੰਕ ਵਾਲੀ ਸੰਪੂਰਨ ਤੁਕ ਨੂੰ ਸ਼ਬਦ ਗਾਇਨ ਵੇਲੇ ਅੰਤਰੇ ਦੇ ਰੂਪ ਵਿਚ ਗਾਉਣਾ ਇਸ ਸੰਗੀਤ ਵਿਧਾਨ ਦਾ ਲਾਜ਼ਮੀ ਨਿਯਮ ਹੈ।
ਗਾਇਨ ਸ਼ੈਲੀਆਂ : ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ ਕਿ ਗੁਰੂ ਨਾਨਕ ਦੇ ਆਗਮਨ ਤੱਕ ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵੱਖੋ-ਵੱਖਰੀ ਧਾਰਾ ਵਜੋਂ ਪ੍ਰਚੱਲਿਤ ਸਨ ਅਤੇ ਇਨ੍ਹਾਂ ਵਿਚਲਾ ਪਾੜਾ ਦਿਨੋ-ਦਿਨ ਵਧਦਾ ਜਾ ਰਿਹਾ ਸੀ। ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵਿਚ ਏਕਤਾ ਲਿਆਉਣ ਲਈ ਸਿੱਖ ਗੁਰੂਆਂ ਨੇ ਇਨ੍ਹਾਂ ਦੋਵੇਂ ਸੰਗੀਤ ਰੂਪਾਂ ਦੀਆਂ ਵੱਖ-ਵੱਖ ਗਾਇਨ ਸ਼ੈਲੀਆਂ ਦਾ ਪ੍ਰਯੋਗ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਗੀਤ ਪੱਧਤੀ ਦੇ ਸਮੁੱਚੇ ਸੰਗੀਤ ਵਿਧਾਨ ਦਾ ਆਪਣਾ ਸ਼ਾਸਤਰ ਹੈ। ਜਿਸ ਵਿਚ ਸ਼ਾਸਤਰੀ ਸੰਗੀਤ ਦੀਆਂ ਕੁਝ ਪ੍ਰਚੱਲਿਤ ਸੰਗੀਤ ਸ਼ੈਲੀਆਂ ਦੀ ਯੋਗ ਵਰਤੋਂ ਕੀਤੀ ਗਈ। ਭਾਵੇਂ ਇਨ੍ਹਾਂ ਗਾਇਨ ਸ਼ੈਲੀਆਂ ਉੱਤੇ ਲੋਕ-ਗਾਇਨ ਸ਼ੈਲੀਆਂ ਵਾਂਗੂੰ ਨਾਮ ਅੰਕਿਤ ਨਹੀਂ ਕੀਤੇ ਗਏ ਪਰ ਸਮੁੱਚੀ ਬਾਣੀ ਦਾ ਭਾਰਤੀ ਸੰਗੀਤ ਦੇ ਸੰਦਰਭ ਵਿਚ ਅਧਿਐਨ ਕੀਤਿਆਂ ਸ਼ਾਸਤਰੀ ਸੰਗੀਤ ਦੀਆਂ ਸ਼ੈਲੀਆਂ ਦੇ ਕਾਵਿ-ਰੂਪ ਮੌਜੂਦ ਹਨ। ਸਮੂਹ ਪਦੇ, ਧਰੁਪਦ ਗਾਇਨ ਸ਼ੈਲੀਆਂ ਉੱਤੇ ਆਧਾਰਿਤ ਹਨ।
ਲੋਕ ਧੁਨਾਂ ਤੋਂ ਵਿਕਸਿਤ ਹੋਏ ਰਾਗਾਂ ਨੂੰ ਲੋਕ-ਕਾਵਿ ਰੂਪਾਂ ਦੇ ਲਈ ਵਰਤਣਾ : ਗੁਰੂ ਜੀ ਦੁਆਰਾ ਲੋਕ ਧੁਨਾਂ ਤੋਂ ਵਿਕਸਿਤ ਹੋਏ ਆਸਾ, ਮਾਝ, ਵਡਹੰਸ, ਤੁਖਾਰੀ ਵਰਗੇ ਰਾਗਾਂ ਨੂੰ ਉਨ੍ਹਾਂ ਘੋੜੀਆਂ, ਬਾਰਾਮਾਹ ਵਰਗੇ ਲੋਕ ਕਾਵਿ ਰੂਪਾਂ ਹਿੱਤ ਬੜੀ ਸਫਲਤਾ ਨਾਲ ਵਰਤਿਆ ਹੈ। ਇਨ੍ਹਾਂ ਲੋਕ ਕਾਵਿ ਰੂਪਾਂ ਵਿਚ ਵਿਸ਼ੇਸ਼ ਧੁਨ ਅਤੇ ਨਿਵੇਕਲਾ ਸੰਗੀਤ ਵਿਧਾਨ ਹੈ। ਗੁਰਮਤਿ ਸੰਗੀਤ ਪਰੰਪਰਾ ਦਾ ਮੁੱਖ ਉਦੇਸ਼ ਜਨ ਸਾਧਾਰਨ ਤੱਕ ਅਧਿਆਤਮਿਕ ਮੰਡਲਾਂ ਦੇ ਰਹੱਸਾਂ ਨੂੰ ਪਹੁੰਚਾਉਣਾ ਅਤੇ ਜੀਵਨ-ਜਾਚ ਸਿਖਾਉਣਾ ਸੀ। ਸਾਰੇ ਗੁਰੂਆਂ ਨੇ ਇਸ ਮੰਤਵ ਲਈ ਜਨ ਸਾਧਾਰਨ ਨੂੰ ਉਪਦੇਸ਼ ਦੇਣ ਲਈ ਉਨ੍ਹਾਂ ਦੇ ਮਨਭਾਉਂਦੇ ਕਾਵਿ ਰੂਪਾਂ ਅਤੇ ਗਾਇਨ ਸ਼ੈਲੀਆਂ ਨੂੰ ਸੰਬੰਧਿਤ ਰਾਗਾਂ ਦੇ ਸਿਰਲੇਖ ਅਧੀਨ ਅੰਕਿਤ ਕੀਤਾ।
ਕੀਰਤਨ : ਕੀਰਤਨ ਪਰੰਪਰਾ ਗੁਰਮਤਿ ਸੰਗੀਤ ਪੱਧਤੀ ਦੇ ਪ੍ਰਚਾਰ ਤੇ ਅਭਿਆਸ ਦਾ ਮੁੱਖ ਮਾਧਿਅਮ ਸੀ। ਕੀਰਤਨ ਕਰਨ ਦੀ ਇਸ ਰੀਤ ਨੂੰ ਕੀਰਤਨ ਚੌਂਕੀ ਦਾ ਨਾਂਅ ਵੀ ਦਿੱਤਾ ਜਾਂਦਾ ਹੈ। 1. ਆਸਾ ਦੀ ਵਾਰ ਦੀ ਚਂੌਕੀ, 2. ਬਿਲਾਵਲ ਦੀ ਚੌਂਕੀ, 3. ਸੋ ਦਰ ਦੀ ਚੌਂਕੀ, 4. ਆਰਤੀ ਦੀ ਚੌਂਕੀ
ਇਨ੍ਹਾਂ ਕੀਰਤਨ ਚੌਂਕੀਆਂ ਵਿਚ ਸੰਬੰਧਿਤ ਰਾਗਾਂ ਵਿਚ ਸੰਬੰਧਿਤ ਬਾਣੀ ਨੂੰ ਵੱਖ-ੜੱਖ ਗਾਇਨ ਸ਼ੈਲੀਆਂ ਅਧੀਨ ਗਾਇਆ ਜਾਂਦਾ ਸੀ। ਜਿਸ ਦੇ ਫਲਸਰੂਪ ਗੁਰਮਤਿ ਸੰਗੀਤ ਦਾ ਪ੍ਰਚਾਰ ਤੇ ਵਿਕਾਸ ਬਹੁਤ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ।
-ਸਹਾਇਕ ਪ੍ਰੋਫੈਸਰ ਸੰਗੀਤ
ਬਾਬਾ ਅਜੈ ਸਿੰਘ ਖ਼ਾਲਸਾ ਕਾਲਜ, ਗੁਰਦਾਸ ਨੰਗਲ ਗੁਰਦਾਸਪੁਰ। ਮੋ: 94642-65464