ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2023

ਮਹਿਬੂਬ ਖਾਨ ਤੋਂ ਰਾਜ ਕਪੂਰ ਤੱਕ ਬਹੁਤ ਦਿਲਕਸ਼ ਹੁੰਦੀ ਸੀ ਬਾਲੀਵੁੱਡ ਦੀ ਹੋਲੀ

Ad Position 21
No active advertisement
ਅਜੀਤ ਡੈਸਕ 08-03-2023

 ਮਹਿਬੂਬ ਖਾਨ ਦੀ 1940 ਵਿਚ ਇਕ ਫ਼ਿਲਮ 'ਔਰਤ' ਆਈ ਸੀ, ਜੋ ਉਨ੍ਹਾਂ ਨੇ ਬਾਅਦ ਵਿਚ 'ਮਦਰ ਇੰਡੀਆ' ਦੇ ਰੂਪ ਵਿਚ ਵੀ ਬਣਾਈ ਸੀ। ਇਸ ਫ਼ਿਲਮ ਵਿਚ ਹੋਲੀ ਦੇ ਇਕ ਨਹੀਂ, ਸਗੋਂ ਦੋ ਗੀਤ ਸਨ, ਜੋ ਜ਼ਬਰਦਸਤ ਹਿਟ ਹੋਏ ਅਤੇ ਅੱਜ ਤੱਕ ਗਾਏ ਜਾਂਦੇ ਹਨ। ਇਨ੍ਹਾਂ ਤੋਂ ਹਿੰਦੀ ਫ਼ਿਲਮਾਂ ਵਿਚ ਹੋਲੀ ਦੇ ਗੀਤ ਸ਼ਾਮਿਲ ਕਰਨ ਦਾ ਇਸ ਤਰ੍ਹਾਂ ਦਾ ਰੁਝਾਨ ਸ਼ੁਰੂ ਹੋਇਆ ਜੋ ਹੁਣ ਤੱਕ ਕਾਇਮ ਹੈ। ਇਨ੍ਹਾਂ ਵਿਚੋਂ ਪਹਿਲਾ ਗੀਤ ਸੀ 'ਜਮੁਨਾ ਤਟ ਸ਼ਿਆਮ ਖੇਲੇ ਹੋਲੀ' ਅਤੇ ਦੂਜਾ ਸੀ 'ਆਜ ਹੋਲੀ ਖੇਲੇਂਗੇ ਸਾਜਨ ਕੇ ਸੰਗ'। ਮਹਿਬੂਬ ਖਾਨ ਨੇ 'ਮਦਰ ਇੰਡੀਆ' ਵਿਚ ਵੀ ਹੋਲੀ ਦਾ ਗੀਤ ਰੱਖਿਆ, ਜਿਸ ਦੇ ਬੋਲ ਸਨ 'ਹੋਲੀ ਆਈ ਰੇ ਕਨਹਾਈ ਰੰਗ ਬਰਸੇ'।
ਮਹਿਬੂਬ ਖਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਨਾ ਸਿਰਫ਼ ਹਿੰਦੀ ਫ਼ਿਲਮਾਂ ਵਿਚ ਹੋਲੀ ਦੇ ਗੀਤ ਸ਼ਾਮਿਲ ਕਰਨ ਦੀ ਪਰੰਪਰਾ ਸ਼ੁਰੂ ਹੋ ਗਈ, ਸਗੋਂ ਬਾਂਬੇ (ਹੁਣ ਮੁੰਬਈ) ਦੇ ਫ਼ਿਲਮ ਉਦਯੋਗ ਵਿਚ ਵੀ ਹੋਲੀ ਮਨਾਉਣ ਦਾ ਰਿਵਾਜ ਸ਼ੁਰੂ ਹੋ ਗਿਆ, ਹਾਲਾਂਕਿ ਹੋਲੀ ਮੁੱਖ ਤੌਰ 'ਤੇ ਉੱਤਰ ਭਾਰਤ ਦਾ ਤਿਉਹਾਰ ਹੈ। ਨਤੀਜੇ ਵਜੋਂ ਕੁਝ ਸਿਤਾਰਿਆਂ ਦੇ ਹੋਲੀ ਖੇਡਣ ਦੇ ਆਯੋਜਨ ਨਾ ਸਿਰਫ਼ ਬਹੁਤ ਮਸ਼ਹੂਰ ਹੋ ਗਏ, ਸਗੋਂ ਸਾਲ ਦਾ ਜ਼ਰੂਰੀ ਹਿੱਸਾ ਬਣ ਗਏ, ਜਿਨ੍ਹਾਂ ਵਿਚੋਂ ਕੁਝ ਤਾਂ ਹਾਲੇ ਤੱਕ ਜਾਰੀ ਹਨ ਅਤੇ ਕੁਝ ਹੁਣ ਸਿਰਫ਼ ਯਾਦ ਬਣ ਕੇ ਰਹਿ ਗਏ ਹਨ। ਰਾਜ ਕਪੂਰ ਦੀ ਹੋਲੀ ਬਹੁਤ ਮਸ਼ਹੂਰ ਹੋਈ ਅਤੇ ਹਰ ਛੋਟਾ ਵੱਡਾ ਸਿਤਾਰਾ ਇਸ ਦਾ ਸੱਦਾ ਮਿਲਣ 'ਤੇ ਖ਼ੁਦ 'ਤੇ ਫ਼ਖ਼ਰ ਮਹਿਸੂਸ ਕਰਦਾ ਸੀ। ਉਸ ਨੂੰ ਲਗਦਾ ਸੀ ਕਿ ਉਹ ਵੀ ਫ਼ਿਲਮ ਉਦਯੋਗ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਇਕ ਤਰ੍ਹਾਂ ਨਾਲ ਉਸ ਲਈ ਬਾਲੀਵੁੱਡ ਦਾ ਮੈਂਬਰ ਹੋਣ ਦਾ 'ਸਰਟੀਫਿਕੇਟ' ਬਣ ਜਾਂਦਾ ਸੀ। ਰਾਜ ਕਪੂਰ ਦੀ ਹੋਲੀ ਦਾ ਸਮਾਗਮ ਉਨ੍ਹਾਂ ਦੇ ਆਰ. ਕੇ. ਸਟੂਡੀਓ ਵਿਚ ਕੀਤਾ ਜਾਂਦਾ ਸੀ, ਜਿਥੇ ਇਕ ਹੌਜ਼ ਵਿਚ ਹੀ ਰੰਗ ਘੋਲ ਦਿੱਤਾ ਜਾਂਦਾ ਸੀ। ਇਸ ਹੌਜ਼ ਵਿਚ ਸਾਰੇ ਸੱਦੇ ਹੋਏ ਕਲਾਕਾਰਾਂ ਨੂੰ ਡੁਬਕੀ ਲਗਵਾਈ ਜਾਂਦੀ ਸੀ। ਪਰ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ ਕਿ ਕਿਸੇ ਵੀ ਔਰਤ ਕਲਾਕਾਰ ਨਾਲ ਕੋਈ ਬਦਤਮੀਜ਼ੀ ਨਾ ਹੋਵੇ। ਇਸ ਸਮਾਗਮ ਵਿਚ ਖਾਣ-ਪੀਣ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਸੀ।
ਵਰਣਨਯੋਗ ਹੈ ਕਿ ਆਰ ਕੇ. ਸਟੂਡੀਓ ਦੀ ਸਥਾਪਨਾ ਚੈਂਬੂਰ, ਮੁੰਬਈ ਵਿਚ ਭਾਰਤ ਦੀ ਆਜ਼ਾਦੀ ਤੋਂ ਇਕ ਸਾਲ ਬਾਅਦ ਭਾਵ 1948 ਵਿਚ ਕੀਤੀ ਗਈ ਸੀ ਅਤੇ ਇਹ 17 ਸਤੰਬਰ, 2017 ਨੂੰ ਬੰਦ ਹੋ ਗਿਆ। ਇਸ ਦੇ ਨਾਲ ਹੀ ਇਸ ਦੇ ਹੋਲੀ ਸਮਾਗਮ ਵੀ ਹੁਣ ਬਸ ਯਾਦ ਬਣ ਕੇ ਰਹਿ ਗਏ ਹਨ। ਹੁਣ ਤਾਂ ਰਾਜ ਕਪੂਰ ਦਾ ਬੰਗਲਾ ਵੀ 100 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ ਹੈ। ਫਿਲਹਾਲ, ਰਾਜ ਕਪੂਰ ਦੀ ਹੋਲੀ ਦੀ ਇਸ ਪਰੰਪਰਾ ਨੂੰ ਇਕ ਤਰ੍ਹਾਂ ਨਾਲ ਹੁਣ ਅਮਿਤਾਭ ਬੱਚਨ ਆਪਣੇ 'ਪ੍ਰਤੀਕਸ਼ਾ' ਨਾਮੀ ਬੰਗਲੇ ਵਿਚ ਜਾਰੀ ਰੱਖ ਰਹੇ ਹਨ। ਇਸ ਬੰਗਲੇ ਵਿਚ ਵੀ ਹੋਲੀ ਦੇ ਮੌਕੇ ਲਗਭਗ ਉਹੀ ਸਭ ਚੀਜ਼ਾਂ ਹੁੰਦੀਆਂ ਹਨ, ਜੋ ਆਰ. ਕੇ. ਸਟੂਡੀਓ ਵਿਚ ਹੋਇਆ ਕਰਦੀਆਂ ਸਨ। ਸਿਰਫ਼ ਇਸ ਵਿਚ ਇਕ ਫ਼ਰਕ ਹੈ ਕਿ ਇਸ ਵਿਚ ਅਮਿਤਾਭ ਬੱਚਨ ਨੇ ਆਪਣੇ ਮੂਲ ਨਗਰ ਇਲਾਹਾਬਾਦ ਦੀਆਂ ਕੁਝ ਪਰੰਪਰਾਵਾਂ ਨੂੰ ਵੀ ਸ਼ਾਮਿਲ ਕਰ ਦਿੱਤਾ ਹੈ ਅਤੇ ਹੋਲੀ ਦੇ ਮੌਕੇ 'ਤੇ ਉਹ ਆਪਣੇ ਪਿਤਾ ਹਰਿਵੰਸ਼ਰਾਏ ਬੱਚਨ ਦੇ ਲਿਖੇ ਗੀਤ 'ਰੰਗ ਬਰਸੇ ਭੀਗੀ ਚੁਨਰ ਵਾਲੀ' ਨੂੰ ਵੀ ਜ਼ਰੂਰ ਗਾਉਂਦੇ ਹਨ। 1981 'ਚ ਆਈ ਫ਼ਿਲਮ 'ਸਿਲਸਿਲਾ' ਦਾ ਇਹ ਗੀਤ ਮੀਰਾਬਾਈ ਦੇ ਇਕ ਭਜਨ 'ਤੇ ਆਧਾਰਿਤ ਹੈ, ਜਿਸ ਦੇ ਬੋਲਾਂ ਵਿਚ ਬਦਲਾਅ ਕਰਦੇ ਹੋਏ ਹਰਿਵੰਸ਼ਰਾਏ ਬੱਚਨ ਨੇ ਇਸ ਨੂੰ ਕੁਝ ਇਸ ਤਰ੍ਹਾਂ ਬਣਾ ਦਿੱਤਾ ਕਿ ਹੋਲੀ ਦੀ ਤਰੰਗ ਵਿਚ ਵਿਅਕਤੀ ਦੇ ਮਨ ਦੀ ਗੱਲ, ਜਿਸ ਨੂੰ ਉਹ ਲੁਕਾਉਣਾ ਚਾਹੁੰਦਾ ਹੈ, ਵੀ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਵਰਣਨਯੋਗ ਹੈ ਕਿ ਫ਼ਿਲਮ 'ਸਿਲਸਿਲਾ' ਵਿਚ ਅਮਿਤਾਭ ਬੱਚਨ ਨੂੰ ਆਪਣੀ ਪ੍ਰੇਮਿਕਾ ਰੇਖਾ ਨੂੰ ਛੱਡ ਕੇ ਜੈਯਾ ਭਾਦੁੜੀ ਨਾਲ ਵਿਆਹ ਕਰਨਾ ਪੈ ਜਾਂਦਾ ਹੈ ਅਤੇ ਰੇਖਾ ਦਾ ਵਿਆਹ ਸੰਜੀਵ ਕੁਮਾਰ ਨਾਲ ਹੋ ਜਾਂਦਾ ਹੈ। ਸੰਯੋਗ ਨਾਲ ਹੋਲੀ ਦੇ ਮੌਕੇ ਚਾਰੇ ਇਕ ਥਾਂ ਇਕੱਠੇ ਹੁੰਦੇ ਹਨ ਅਤੇ ਅਮਿਤਾਭ ਬੱਚਨ 'ਸਮਾਜਿਕ ਸਾਵਧਾਨੀ' ਨੂੰ ਭੁੱਲਦੇ ਹੋਏ ਆਪਣੀ ਪਤਨੀ ਤੇ ਸਾਬਕਾ ਪ੍ਰੇਮਿਕਾ ਦੇ ਪਤੀ ਸਾਹਮਣੇ ਹੀ ਆਪਣੀ ਸਾਬਕਾ ਪ੍ਰੇਮਿਕਾ ਨਾਲ 'ਰੰਗ ਬਰਸੇ ਭੀਗੀ ਚੁਨਰ ਵਾਲੀ' ਗੀਤ ਗਾ ਕੇ ਫਲਰਟ ਕਰਨ ਲਗਦੇ ਹਨ।
ਹੋਲੀ ਇਸ ਤਰ੍ਹਾਂ ਦਾ ਮਸਤੀ ਭਰਿਆ ਤਿਉਹਾਰ ਹੈ ਕਿ ਇਸ ਨੂੰ ਮਨਾਉਣ ਵਿਚ ਧਰਮ, ਜਾਤ ਤੇ ਵਿਚਾਰਧਾਰਾ ਵੀ ਰੁਕਾਵਟ ਨਹੀਂ ਬਣਦੀ ਹੈ। ਸਮਾਜਵਾਦੀ ਸ਼ਾਇਰ ਕੈਫ਼ੀ ਆਜ਼ਮੀ ਨੇ ਆਪਣੇ ਨਿਵਾਸ 'ਜਾਨਕੀ ਕੁਟੀਰ' 'ਤੇ ਹੋਲੀ ਖੇਡਣ ਦੀ ਨੀਂਹ ਰੱਖੀ ਸੀ। ਆਪਣੇ ਜੀਵਨਕਾਲ ਵਿਚ ਉਹ ਇਸ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਦੇ ਰਹੇ। ਉਨ੍ਹਾਂ ਤੋਂ ਬਾਅਦ ਇਸ ਸਿਲਸਿਲੇ ਨੂੰ ਉਨ੍ਹਾਂ ਦੀ ਬੇਟੀ ਸ਼ਬਾਨਾ ਆਜ਼ਮੀ ਤੇ ਦਾਮਾਦ ਜਾਵੇਦ ਅਖ਼ਤਰ ਜਾਰੀ ਰੱਖ ਰਹੇ ਹਨ। 'ਜਾਨਕੀ ਕੁਟੀਰ' ਵਿਚ ਸਿਰਫ਼ ਇਕ ਵਾਰ ਹੀ ਇਸ ਤਰ੍ਹਾਂ ਹੋਇਆ ਹੈ ਜਦੋਂ ਹੋਲੀ ਨਹੀਂ ਮਨਾਈ ਗਈ ਸੀ। ਉਸ ਸਾਲ ਸ਼ਬਾਨਾ ਆਜ਼ਮੀ ਤੇ ਜਾਵੇਦ ਅਖ਼ਤਰ ਭਾਰਤ ਵਿਚ ਨਹੀਂ ਸਨ, ਸਗੋਂ ਕਿਸੇ ਕੰਮ ਦੀ ਵਜ੍ਹਾ ਕਰਕੇ ਅਮਰੀਕਾ ਗਏ ਹੋਏ ਸਨ। ਹੋਲੀ ਆਮਿਰ ਖਾਨ ਲਈ ਵੀ ਵਿਸ਼ੇਸ਼ ਅਰਥ ਰੱਖਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਜਨਮ 14 ਮਾਰਚ, 1965 ਨੂੰ ਹੋਇਆ ਸੀ ਅਤੇ ਉਸ ਦਿਨ ਹੋਲੀ ਸੀ। ਦੂਜਾ ਇਹ ਕਿ ਬਤੌਰ ਹੀਰੋ ਉਨ੍ਹਾਂ ਦੀ ਪਹਿਲੀ ਫ਼ਿਲਮ ਨਿਰਦੇਸ਼ਕ ਕੇਤਨ ਮਹਿਤਾ ਦੀ 'ਹੋਲੀ' ਸੀ, ਜੋ 1984 ਵਿਚ ਆਈ ਸੀ। ਇਸ ਤੋਂ ਪਹਿਲਾਂ ਉਹ ਬਾਲ ਕਲਾਕਾਰ ਦੇ ਰੂਪ ਵਿਚ 'ਯਾਦੋਂ ਕੀ ਬਾਰਾਤ' ਆਦਿ ਫ਼ਿਲਮਾਂ ਵਿਚ ਦਿਖਾਈ ਦਿੱਤੇ ਸਨ। ਇਨ੍ਹਾਂ ਕਾਰਨਾਂ ਕਰਕੇ ਆਮਿਰ ਖਾਨ ਬਹੁਤ ਜੋਸ਼ ਤੇ ਉਤਸ਼ਾਹ ਨਾਲ ਹੋਲੀ ਮਨਾਉਂਦੇ ਹਨ।
ਫਿਲਹਾਲ, ਹੁਣ ਸ਼ਾਹਰੁਖ ਖਾਨ, ਰਣਵੀਰ ਸਿੰਘ ਆਦਿ ਸਿਤਾਰੇ ਵੀ ਆਪਣੇ-ਆਪਣੇ ਘਰਾਂ 'ਚ ਸਮੂਹਿਕ ਹੋਲੀ ਮਨਾਉਣ ਦਾ ਸਮਾਗਮ ਕਰਨ ਲੱਗੇ ਹਨ, ਜੋ ਕਾਫ਼ੀ ਮੌਜ ਮਸਤੀ ਭਰੇ ਹੁੰਦੇ ਹਨ, ਪਰ ਇਨ੍ਹਾਂ ਸਭ ਸਮਾਗਮਾਂ ਵਿਚ ਉਹ ਗੱਲ ਨਜ਼ਰ ਨਹੀਂ ਆਉਂਦੀ ਹੈ, ਜੋ ਰਾਜ ਕਪੂਰ ਦੀ ਹੋਲੀ ਵਿਚ ਹੋਇਆ ਕਰਦੀ ਸੀ। ਰਾਜ ਕਪੂਰ ਅਸਲ ਵਿਚ ਹਰ ਲਿਹਾਜ਼ ਨਾਲ ਸ਼ੋਅਮੈਨ ਸੀ। ਦਿਲਚਸਪ ਇਹ ਵੀ ਹੈ ਕਿ ਅੱਜ ਵੀ ਹੋਲੀ ਦਾ ਰੰਗ ਪੁਰਾਣੇ ਫ਼ਿਲਮੀ ਗੀਤਾਂ ਨਾਲ ਹੀ ਚੜ੍ਹਦਾ ਹੈ ਜਿਵੇਂ 'ਫਾਗੁਨ ਆਇਓ ਰੇ' (ਫਾਗੁਨ, 1973), 'ਹੋਲੀ ਆਈ, ਹੋਲੀ ਆਈ' (ਮਸ਼ਾਲ, 1984), 'ਅੰਗ ਸੇ ਅੰਗ ਲਗਾਨਾ' (ਡਰ, 1993), 'ਹੋਲੀ ਖੇਲੇ ਰਘੁਵੀਰਾ ਅਵਧ ਮੇਂ' (ਬਾਗ਼ਬਾਨ, 2003), 'ਡੂ ਮੀ ਅ ਫੇਵਰ ਲੇਟਸ ਪਲੇਅ ਹੋਲੀ' (ਵਕਤ, 2005), 'ਬਲਮ ਪਿਚਕਾਰੀ' (ਯੇ ਜਵਾਨੀ ਹੈ ਦਿਵਾਨੀ, 2013) ਆਦਿ ਦੇ ਗੀਤਾਂ ਨਾਲ।

Ad Position 22
No active advertisement
ਪਿਛਲੀ ਖ਼ਬਰ ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ ਪਾਉਂਟਾ ਸਾਹਿਬ ਦਾ ਹੋਲਾ ਮਹੱਲਾ ਅਗਲੀ ਖ਼ਬਰ ਜ਼ਰਾ ਸੰਭਲ ਕੇ ਖੇਡਣਾ ਹੋਲੀ
Ad Position 24
No active advertisement