ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2023

ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

Ad Position 21
No active advertisement
ਅਜੀਤ ਡੈਸਕ 08-03-2023

 

ਹੋਲਾ-ਮਹੱਲਾ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਇਕ-ਦੂਜੇ 'ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ, ਹੋਲੀ ਨੂੰ 'ਹੋਲੇ ਮਹੱਲੇ' ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (1700 ਈ:) ਨੂੰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ 'ਹੋਲਗੜ੍ਹ' ਦੇ ਸਥਾਨ 'ਤੇ ਪਹਿਲੀ ਵਾਰ 'ਹੋਲਾ-ਮਹੱਲਾ' ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ 'ਹੋਲੇ ਮਹੱਲੇ' ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦ-ਮੁਖਤਿਆਰ ਖ਼ਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਦਿਨ-ਦਿਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ, ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰਦੇਵ ਦਾ ਆਸ਼ਾ ਪੰਜਾਬੀਆਂ ਦੇ ਮਨਾਂ ਵਿਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਹਾਰ ਵਿਚ ਸੁਤੰਤਰ ਹੋ ਵਿਚਰ ਸਕਣ।
700 ਸਾਲਾਂ ਤੋਂ ਗੁਲਾਮ, ਨਿਰਬਲ, ਨਿਤਾਣੀ, ਸਾਹਸਹੀਣ ਤੇ ਗੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਵਿਚ ਜਬਰ-ਜ਼ੁਲਮ ਦੇ ਖਿਲਾਫ਼ ਲੜਨ-ਮਰਨ ਦੀ ਸ਼ਕਤੀ ਭਰਨ ਲਈ ਗੁਰਦੇਵ-ਪਿਤਾ ਵਲੋਂ ਚੁੱਕਿਆ ਗਿਆ ਇਹ ਇਤਿਹਾਸਕ ਇਨਕਲਾਬੀ ਕਦਮ ਸੀ। ਹੋਲੀ ਭਾਰਤ ਦਾ ਮੌਸਮੀ ਤਿਉਹਾਰ ਹੈ ਜੋ ਬਸੰਤ-ਬਹਾਰ ਦੀ ਆਗਮਨ ਦੀ ਖੁਸ਼ੀ ਵਿਚ ਮਨਾਉਣਾ ਸ਼ੁਰੂ ਹੋਇਆ। ਪੋਖ ਤੁਖਾਰ ਦੇ ਮੌਸਮ ਕਾਰਨ ਸਾਰੇ ਪਾਸੇ ਵੈਰਾਨਗੀ ਤੇ ਪੱਤਝੜ ਹੁੰਦੀ ਹੈ। ਮੌਸਮ ਦੇ ਬਦਲ ਜਾਣ ਨਾਲ ਸਾਰੀ ਕੁਦਰਤ ਆਪਣੇ ਨਵੇਂ ਨਿਵੇਕਲੇ ਰੰਗ ਵਿਚ ਰੰਗੀ ਜਾਂਦੀ ਹੈ। ਕੁਦਰਤੀ ਪੁੰਗਾਰ, ਸੁਹੱਪਣ ਤੇ ਮੌਸਮੀ ਰੰਗਾਂ ਦਾ ਰੰਗ ਮਾਨਣ ਤੇ ਕੁਦਰਤ ਦੇ ਮੌਲਣ ਨੂੰ ਖੁਸ਼ਆਮਦੀਦ ਕਹਿਣ ਵਾਸਤੇ ਸਾਡੇ ਪੁਰਖਿਆਂ ਨੇ 'ਹੋਲੀ' ਦਾ ਦਿਨ ਖੁਸ਼ੀ-ਖੇੜੇ ਵਜੋਂ ਮਨਾਉਣਾ ਸ਼ੁਰੂ ਕੀਤਾ ਹੋਵੇਗਾ।
ਹੋਲੀ ਦਾ ਸੰਬੰਧ ਪੁਰਾਤਨ ਕਹਾਣੀ ਅਨੁਸਾਰ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਸਬਕ ਸਿਖਾਉਣ ਵਾਸਤੇ ਵਿਉਂਤ ਉਲੀਕੀ ਕਿ ਪ੍ਰਹਿਲਾਦ ਨੂੰ ਅੱਗ ਵਿਚ ਸਾੜਿਆ ਜਾਵੇ। ਕਿਹਾ ਜਾਂਦਾ ਹੈ ਕਿ ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਉਸ ਨੂੰ ਅਗਨੀ ਸਾੜਦੀ ਨਹੀਂ। ਇਸ ਲਈ ਹਰਨਾਕਸ਼ ਨੇ ਪ੍ਰਹਿਲਾਦ ਨੂੰ ਹੋਲਿਕਾ ਦੀ ਗੋਦ ਵਿਚ ਬਠਾ ਕੇ ਚਿਖਾ 'ਤੇ ਬਿਠਾ ਦਿੱਤਾ। ਜਦ ਅੱਗ ਲਾਈ ਗਈ ਤਾਂ ਭਗਤ ਪ੍ਰਹਿਲਾਦ ਬਚ ਗਿਆ ਪਰ ਹੋਲਿਕਾ ਸੜ ਗਈ। ਹੋਲਿਕਾ ਦੇ ਸੜ ਜਾਣ ਦੇ ਪ੍ਰਤੀਕ ਵਜੋਂ ਇਸ ਦਿਨ ਅੱਗ ਬਾਲੀ ਜਾਂਦੀ ਹੈ। ਗੁਰਬਾਣੀ ਵਿਚ ਪਾਵਨ ਸ਼ਬਦ ਅੰਕਤ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ
ਮਾਰਿਆ ਪ੍ਰਹਲਾਦੁ ਤਰਾਇਆ॥
ਅਹੰਕਾਰੀਆ ਨਿੰਦਕਾ ਪਿਠਿ
ਦੇਇ ਨਾਮਦੇਉ ਮੁਖਿ ਲਾਇਆ॥
ਜਨ ਨਾਨਕ ਐਸਾ ਹਰਿ ਸੇਵਿਆ
ਅੰਤਿ ਲਏ ਛਡਾਇਆ॥੪॥
(ਅੰਗ : 451)
ਹੋਲੀ ਦੇ ਦਿਨ ਲੋਕ ਇਕ ਦੂਸਰੇ 'ਤੇ ਰੰਗ ਸੁੱਟ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਰ ਦੁਨਿਆਵੀ ਲੋਕ ਬਸੰਤ ਰੁੱਤ ਦੇ ਚੜ੍ਹਾਓ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਨੂੰ ਭੁੱਲ ਕੇ ਰਵਾਇਤ ਅਨੁਸਾਰ ਕੇਵਲ ਰੰਗ ਸੁੱਟਣਾ, ਗੰਦ ਸੁੱਟਣਾ ਹੀ ਹੋਲੀ ਮਨਾਉਣਾ ਸਮਝ ਲਿਆ, ਸਦੀਆਂ ਤੋਂ ਗ਼ੁਲਾਮੀ ਤੇ ਗ਼ਰੀਬੀ ਕਾਰਨ ਭਾਰਤੀਆਂ ਦੀ ਮਾਨਸਿਕ ਹਾਲਤ ਬਹੁਤ ਹੀ ਪਸਤ ਹੋ ਚੁੱਕੀ ਸੀ, ਜਿਸ ਨੂੰ ਨਵੇਂ ਰੱਬੀ ਰੰਗ ਵਿਚ ਰੰਗਣ ਲਈ ਸਿੱਖ ਗੁਰੂ ਸਾਹਿਬਾਨ ਨੇ ਨਵੀਂ ਬਹਾਰ ਦੇ ਇਸ ਦਿਨ ਨੂੰ 'ਜੀ ਆਇਆਂ' ਕਹਿ ਕੇ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣਾ ਸ਼ੁਰੂ ਕੀਤਾ :
ਆਜੁ ਹਮਾਰੈ ਬਨੇ ਫਾਗ॥
ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
(ਅੰਗ : 1180)
'ਹੋਲਾ' ਸ਼ਬਦ 'ਹੋਲੀ' ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਉਸ ਸਮੇਂ ਦੇ ਲੋਕਾਂ ਦੇ ਮਨਾਂ 'ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ 'ਬੋਲੇ' ਪ੍ਰਚਲਤ ਕੀਤੇ ਹਨ, ਜਿਨ੍ਹਾਂ ਨੂੰ 'ਖ਼ਾਲਸਾਈ ਬੋਲੇ' ਕਿਹਾ ਜਾਂਦਾ ਹੈ, ਜਿਸ ਤਰ੍ਹਾਂ 'ਇੱਕ' ਨੂੰ 'ਸਵਾ ਲੱਖ' ਕਹਿਣਾ, 'ਮੌਤ' ਨੂੰ 'ਚੜ੍ਹਾਈ ਕਰਨਾ', 'ਤੇਗ' ਨੂੰ 'ਤੇਗਾ','ਦੇਗ' ਨੂੰ 'ਦੇਗਾ', 'ਦਸਤਾਰ' ਨੂੰ 'ਦਸਤਾਰਾ', 'ਮੁੱਛਾਂ' ਨੂੰ 'ਮੁਛਹਿਰਾ', 'ਦਾੜ੍ਹੀ' ਨੂੰ 'ਦਾੜ੍ਹਾ' ਆਦਿ । ਇਸੇ ਤਰ੍ਹਾਂ ਹੋਲੀ ਨੂੰ 'ਹੋਲਾ' ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਕਵੀ ਨਿਹਾਲ ਸਿੰਘ ਦੇ ਸ਼ਬਦਾਂ ਵਿਚ :
ਬਰਛਾ ਢਾਲ ਕਟਾਰਾ ਤੇਗਾ,
ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ
ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾ,
ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ,
ਤੈਸੇ ਬੋਲਾ 'ਹੋਲਾ' ਹੈ।
'ਹੋਲੀ' ਤੋਂ 'ਹੋਲਾ ਮਹੱਲਾ' ਕੇਵਲ ਸ਼ਬਦ ਜੋੜ ਦੀ ਤਬਦੀਲੀ ਨਹੀਂ, ਇਹ ਤਾਂ ਗੁਲਾਮ ਮਾਨਸਿਕਤਾ ਤੋਂ ਅਜ਼ਾਦ ਸੋਚ-ਵਿਚਾਰ ਤੇ ਵਿਵਹਾਰ ਦੀ ਤਬਦੀਲੀ ਦਾ ਪ੍ਰਗਟਾ ਹੈ।
ਭਾਰਤ ਸਦੀਆਂ ਤੀਕ ਵਿਦੇਸ਼ੀ ਹਮਲਾਵਰਾਂ ਦਾ ਗੁਲਾਮ ਰਿਹਾ। ਇਹੀ ਕਾਰਨ ਹੈ ਕਿ ਭਾਰਤੀਆਂ ਦੇ ਸ਼ੌਕ, ਮੌਜ-ਮੇਲੇ ਤੇ ਤਿਉਹਾਰ ਵੀ ਗੁਲਾਮੀ ਮਾਨਸਿਕਤਾ ਨੂੰ ਰੂਪਮਾਨ ਕਰਦੇ ਹਨ। ਭਾਰਤੀ ਲੋਕ ਤਨ, ਮਨ, ਧਰਮ, ਸਮਾਜ ਤੇ ਰਾਜਸੀ ਸੋਚ ਕਰਕੇ ਗੁਲਾਮ ਸਨ। ਗੁਲਾਮੀ ਦੀ ਦਲ-ਦਲ 'ਚੋਂ ਆਜ਼ਾਦ ਸੋਚ, ਸੁਤੰਤਰ ਹੋਂਦ-ਹਸਤੀ ਤੇ ਨਿਆਰੇਪਨ ਨੂੰ ਪ੍ਰਗਟ ਕਰਨਾ ਸਚਮੁਚ ਅਦਭੁੱਤ ਕਰਾਮਾਤ ਸੀ। ਇਹ ਚਿੜੀਆਂ ਤੋਂ ਬਾਜ਼ ਤੁੜਾਉਣ, ਇਕ ਨੂੰ ਸਵਾ ਲੱਖ ਨਾਲ ਲੜਾਉਣ ਤੇ ਅਸੰਭਵ ਨੂੰ ਸੰਭਵ ਕਰਨ ਦੇ ਤੁਲ ਸੀ। ਊਚ-ਨੀਚ, ਭਰਮ-ਭੇਖ, ਜਾਤ-ਪਾਤ, ਕਰਮ-ਵੰਡ, ਰੰਗ-ਨਸਲ ਦੇ ਹਰ ਤਰ੍ਹਾਂ ਦੇ ਵਿਤਕਰਿਆਂ ਵਖਰੇਵਿਆਂ ਨੂੰ ਦੂਰ ਕਰ, ਸਾਹਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂਸੱਤਾ ਸੰਪਨ, ਸੁਤੰਤਰ ਸੋਚ-ਵਿਚਾਰ, ਵਿਹਾਰ ਲਈ ਖ਼ਾਲਸਾ ਫ਼ੌਜ ਦੀ ਸਥਾਪਨਾ ਕੀਤੀ। ਗੁਰਦੇਵ ਪਿਤਾ ਨੇ ਭਾਰਤੀਆਂ ਨੂੰ ਖੂਨ ਦੀ ਹੋਲੀ, ਆਜ਼ਾਦੀ, ਸੁਤੰਤਰਤਾ, ਸਵੈਮਾਣ, ਸਵੈਹੋਂਦ ਦੇ ਪ੍ਰਗਟਾਅ ਲਈ ਖ਼ਾਲਸਾਈ ਖੇਡਾਂ ਖੇਡਣ ਲਈ ਮੈਦਾਨ ਤਿਆਰ ਕਰਕੇ ਦਿੱਤਾ।
ਭਾਰਤੀ ਲੋਕ ਉਸ ਸਮੇਂ ਘਰ-ਪਰਿਵਾਰ ਵਿਚ ਹੀ ਰੰਗ ਆਦਿ ਆਪਣਿਆਂ 'ਤੇ ਸੁੱਟ ਕੇ ਮਨ-ਪਰਚਾਵਾ ਕਰਦੇ ਸਨ। ਰਵਾਇਤੀ ਹੋਲੀ ਤੇ ਲੱਠਮਾਰ ਹੋਲੀ ਨਾਲ ਭਾਰਤੀਆਂ ਦੇਵੀਆਂ ਦੀ ਇੱਜ਼ਤ ਗਜ਼ਨੀ ਦੇ ਬਜ਼ਾਰਾਂ ਵਿਚ ਨਿਲਾਮ ਹੋਣ ਤੋਂ ਬਚ ਨ ਸਕੀ।
'ਪੰਜਾਬੀ ਲੋਕਧਾਰਾ ਵਿਸ਼ਵਕੋਸ਼' ਮੁਤਾਬਕ ਮਹੱਲਾ ਅਰਬੀ ਦੇ ਸ਼ਬਦ 'ਮਹੱਲਹੋ' ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ 'ਫ਼ਤਹ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 'ਹੋਲੇ ਮਹੱਲੇ' ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸ਼ਚਤ ਸਥਾਨ 'ਤੇ ਕਾਬਜ਼ ਹੋ ਜਾਂਦਾ, ਦੂਜਾ ਉਸ 'ਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਅਤੇ ਪੈਂਤਰੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ 'ਫ਼ਤਹ' ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਗੁਰਦੇਵ ਪਿਤਾ, ਗੁਰੂ- ਦਰਬਾਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕਰਦੇ। ਫਿਰ ਉਥੇ ਹੀ ਦਰਬਾਰ ਸਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਆਪਣੇ ਕਰਤੱਬ ਵਿਖਾਉਂਦੇ। ਪਹਿਲਾਂ 'ਮਹੱਲਾ' ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ-ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਤ ਹੋ ਗਿਆ ਜੋ 'ਫ਼ਤਹ' ਉਪਰੰਤ ਫ਼ੌਜੀ ਸਜ-ਧਜ ਅਤੇ ਨਗਾਰਿਆਂ 'ਤੇ ਚੋਟ ਨਾਲ ਨਿਕਲਦਾ। 'ਹੋਲੇ-ਮਹੱਲੇ' ਦੇ ਜਲੂਸ ਦੀ ਪ੍ਰਥਾ ਹੁਣ ਤਕ ਜਾਰੀ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁੱਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ 'ਹੋਲੀ' ਨੂੰ 'ਹੋਲੇ' ਦਾ ਰੂਪ ਦਿੱਤਾ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਵਲੋਂ 1687 ਈ: 'ਚ ਜਾਰੀ ਕੀਤੇ ਫ਼ੁਰਮਾਨ ਅਨੁਸਾਰ ਹਿੰਦੁਸਤਾਨੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸ਼ਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਦਸਤਾਰ ਸਜਾਉਣ ਦੀ ਸਖ਼ਤ ਮਨਾਹੀ ਸੀ। ਦਸਤਾਰ ਕੇਵਲ ਉਹੋ ਹੀ ਸਜਾ ਸਕਦਾ ਸੀ, ਜਿਸ ਨੂੰ ਬਾਦਸ਼ਾਹ ਵਲੋਂ ਦਰਬਾਰੀ ਬਖ਼ਸ਼ੀ ਜਾਵੇ। ਘੋੜੇ ਦੀ ਸਵਾਰੀ, ਨਿਸ਼ਾਨ, ਨਗਾਰਾ ਅਤੇ ਫ਼ੌਜ ਰੱਖਣੀ ਹਕੂਮਤ ਵਿਰੁੱਧ ਬਗ਼ਾਵਤ ਦੇ ਤੁਲ ਸੀ, ਜਿਸ ਦੀ ਸਜ਼ਾ ਮੌਤ ਅਤੇ ਘਰ-ਘਾਟ ਦਾ ਉਜਾੜਾ ਨੂੰ ਸੱਦਾ ਦੇਣ ਦੇ ਤੁਲ ਸੀ। ਇਸੇ ਕਰਕੇ ਆਮ ਲੋਕ ਹਕੂਮਤੀ ਜਬਰ ਵਿਰੁੱਧ ਮੂੰਹ ਨਹੀਂ ਖੋਲ੍ਹਦੇ ਸਨ। ਗੁਰੂ ਜੀ ਨੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ। ਪ੍ਰਚਲਤ ਤਿਉਹਾਰਾਂ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਕੜੀ ਹੈ, ਜਿਨ੍ਹਾਂ ਨੂੰ ਆਮ ਲੋਕ ਘਟੀਆ ਅਤੇ ਪਿਛਾਂਹਖਿੱਚੂ ਤਰੀਕੇ ਨਾਲ ਮਨਾਉਂਦੇ ਚਲੇ ਆ ਰਹੇ ਸਨ। ਤੇਗਾਂ-ਤਲਵਾਰਾਂ, ਨਿਸ਼ਾਨ, ਨਗਾਰੇ ਅਤੇ ਘੋੜਿਆਂ ਦੇ ਨਜ਼ਾਰੇ ਖ਼ਾਲਸੇ ਦੇ ਤਿਉਹਾਰ ਬਣ ਗਏ। ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ 'ਜੰਗੀ-ਮਸ਼ਕਾਂ' ਖ਼ਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ। ਗ਼ੁਲਾਮੀ ਦੀ 'ਬੂ' ਜਿਨ੍ਹਾਂ ਲੋਕਾਂ ਦਾ ਦਮ ਘੁੱਟ ਰਹੀ ਸੀ, ਉਹੀ ਜਬਰ-ਜ਼ੁਲਮ ਦੇ ਖਿਲਾਫ਼ ਜੂਝਣ ਲਈ ਮੈਦਾਨ-ਏ-ਜੰਗ ਵਿਚ ਨਿੱਤਰਨ ਲੱਗੇ। ਇਨ੍ਹਾਂ ਜੰਗੀ ਮਸ਼ਕਾਂ ਤੇ ਸਿੱਖਾਂ ਦੀ ਚੜ੍ਹਦੀ ਕਲਾ ਸਦਕਾ ਹੀ ਪੰਜਾਬ ਦੀ ਧਰਤੀ 'ਤੇ ਵਿਦੇਸ਼ੀ ਹਮਲਾਵਰਾਂ ਵਲੋਂ ਹੋਣ ਵਾਲੇ ਨਿਤ ਦੇ ਹਮਲੇ ਸਦਾ ਲਈ ਬੰਦ ਹੋ ਗਏ।
ਉਪਰੋਕਤ ਸਾਰੀ ਵਿਚਾਰ-ਚਰਚਾ ਦਾ ਮਕਸਦ ਸਿਰਫ ਇਹ ਦਰਸਾਉਣਾ ਹੈ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਜਗਾ ਕੇ, ਉਨ੍ਹਾਂ ਨੂੰ ਜਬਰ-ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਜੂਝਣ ਦੇ ਸਮਰੱਥ ਬਣਾਇਆ, ਕਿਸ ਤਰ੍ਹਾਂ ਦੱਬੇ-ਕੁਚਲੇ, ਲਤਾੜੇ ਅਤੇ ਸਾਹ-ਸਤਹੀਣ ਲੋਕਾਂ ਵਿਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੂੰ ਅਣਖ ਨਾਲ ਜੀਣਾ ਸਿਖਾਇਆ। ਇਹ ਸਭ ਗੁਰੂ ਜੀ ਦੀ ਸੁਚੱਜੀ ਤੇ ਸੁਹਿਰਦ ਅਗਵਾਈ ਦੇ ਸਦਕਾ ਹੀ ਸੰਭਵ ਹੋਇਆ। ਹੋਲਾ ਮਹੱਲਾ ਹੁਣ ਵੀ ਸਿੱਖ-ਸ਼ਕਤੀ ਦੇ ਪ੍ਰਦਰਸ਼ਨ ਵਜੋਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਸ਼ਾਇਦ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਇਕੱਠ ਹੋਵੇ। ਵਿਸ਼ੇਸ਼ ਦੀਵਾਨ ਸਜਦੇ ਹਨ ਤੇ ਖ਼ਾਲਸਾਈ ਸ਼ਾਨ ਪ੍ਰਗਟ ਕਰਦਾ 'ਮਹੱਲਾ' ਚੜ੍ਹਦਾ ਹੈ ਜੋ ਕਿਲਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਹੋਲਗੜ੍ਹ ਦੇ ਸਥਾਨ ਤੋਂ ਹੁੰਦਾ ਹੋਇਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘ ਰਵਾਇਤੀ ਖ਼ਾਲਸਾਈ ਬਾਣੇ ਵਿਚ ਖ਼ਾਲਸਾਈ ਖੇਡਾਂ ਦੁਆਰਾ ਆਪਣੀ ਗੁਰੂ-ਬਖ਼ਸ਼ੀ ਵਿਲੱਖਣ ਹੋਂਦ-ਹਸਤੀ ਦਾ ਖ਼ੂਬਸੂਰਤ ਪ੍ਰਦਰਸ਼ਨ ਚਰਨ ਗੰਗਾ ਦੇ ਕਿਨਾਰੇ ਕਰਦੇ ਹਨ। ਹੋਲੇ-ਮਹੱਲੇ ਦੇ ਦੀਵਾਨ ਆਮ ਕਰਕੇ ਪਿੰਡਾਂ ਵਿਚ ਸਜਦੇ ਸਨ ਜਿਨ੍ਹਾਂ ਵਿਚ ਉੱਚ-ਕੋਟੀ ਦੇ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਦੀ ਤਸਵੀਰ ਹੂ-ਬ-ਹੂ ਪ੍ਰਗਟ ਕਰਦੇ ਸਨ, ਜਿਸ ਨਾਲ ਨੌਜੁਆਨੀ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨਾਲ ਜੁੜਦੀ ਸੀ। ਅੱਜ ਲੋੜ ਹੈ ਇਸ ਪਰੰਪਰਾ ਨੂੰ ਸਥਾਈ ਬਣਾਇਆ ਜਾਵੇ।
ਅਜੋਕੇ ਸਮੇਂ 'ਹੋਲੇ-ਮਹੱਲੇ' ਦੀ ਮੂਲ-ਭਾਵਨਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਸਮਾਜ ਵਿਚ ਪ੍ਰਚਲਤ ਹੋ ਚੁੱਕੀਆਂ ਅਨੇਕ ਤਰ੍ਹਾਂ ਦੀਆਂ ਨਸ਼ਿਆਂ, ਭਰੂਣ ਹੱਤਿਆ, ਦਹੇਜ, ਵਾਤਾਵਰਨ ਪਰਦੂਸ਼ਣ ਆਦਿ ਬੁਰਾਈਆਂ ਅਤੇ ਕੁਰੀਤੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਲੋਕ-ਮਨਾਂ ਅੰਦਰ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਸੌੜੇ, ਸਵਾਰਥੀ ਹਿੱਤਾਂ ਦੀ ਪੂਰਤੀ ਲਈ ਵਰਤਣ ਦੀ ਬਜਾਏ, ਉਨ੍ਹਾਂ ਨੂੰ ਹੱਕ, ਸੱਚ ਤੇ ਇਨਸਾਫ਼ ਦੀ ਸਥਾਪਤੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤਾਂ ਕਿ ਵਰਤਮਾਨ ਸਮੇਂ ਵੀ ਹੋਲਾ-ਮਹੱਲਾ ਸਿੱਖਾਂ ਦੀ ਚੜ੍ਹਦੀ ਕਲਾ ਦਾ ਨਜ਼ਾਰਾ ਪੇਸ਼ ਕਰ ਸਕੇ, ਜਿਸ ਤੋਂ ਪ੍ਰੇਰਨਾ ਉਤਸ਼ਾਹ ਪ੍ਰਾਪਤ ਕਰ, ਨਸ਼ਿਆਂ ਦੀ ਗੁਲਾਮ ਹੋ ਰਹੀ ਪੰਜਾਬੀ-ਨੌਜੁਆਨੀ ਨੂੰ ਠੱਲ੍ਹ ਪਵੇ। ਮਾਨਸਿਕ ਅਤੇ ਸਰੀਰਕ ਸਿਹਤ ਹੀ ਕੌਮ ਦੀ ਚੜ੍ਹਦੀ ਕਲਾ ਨੂੰ ਪ੍ਰਗਟ ਕਰਦੀ ਹੈ ਜਿਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਨਿਵੇਕਲੇ ਰੰਗਾਂ ਦਾ ਜਾਹੋ-ਜਲਾਲ ਅਗਲੀ ਖ਼ਬਰ ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ ਪਾਉਂਟਾ ਸਾਹਿਬ ਦਾ ਹੋਲਾ ਮਹੱਲਾ
Ad Position 24
No active advertisement