ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2023

ਨਿਵੇਕਲੇ ਰੰਗਾਂ ਦਾ ਜਾਹੋ-ਜਲਾਲ

Ad Position 21
No active advertisement
ਅਜੀਤ ਡੈਸਕ 08-03-2023

ਮੇਲੇ ਤੇ ਤਿਉਹਾਰ ਕਿਸੇ ਵੀ ਦੇਸ਼ ਦੀ ਸੱਭਿਆਚਾਰਕ ਵਿਰਾਸਤ ਹੁੰਦੇ ਹਨ। ਇਹ ਲੋਕਾਂ ਵਿਚ ਆਪਸੀ ਪਿਆਰ ਤੇ ਭਾਈਚਾਰਕ ਸਾਂਝਾਂ ਦਾ ਸੁਨੇਹਾ ਦੇ ਕੇ ਸਮਾਜਿਕ ਵਾਤਾਵਰਨ ਨੂੰ ਖੁਸ਼ਗਵਾਰ ਬਣਾਉਂਦੇ ਹਨ। ਭਾਰਤ ਜਿਹੇ ਵਿਸ਼ਾਲ ਦੇਸ਼ ਵਿਚ ਹਰ ਦਿਨ ਹੀ ਕਿਤੇ ਨਾ ਕਿਤੇ ਕੋਈ ਤਿਉਹਾਰ ਜਾਂ ਮੇਲਾ ਲੋਕ ਜੀਵਨ ਵਿਚ ਖੁਸ਼ੀਆਂ, ਮੇਲ ਮਿਲਾਪ ਤੇ ਭਾਈਚਾਰਕ ਸਾਂਝ ਦੇ ਸੂਹੇ ਗੁਲਾਬਾਂ ਦੀ ਮਹਿਕ ਬਿਖੇਰਦਾ ਨਜ਼ਰ ਆਉਂਦਾ ਹੈ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦੇ ਮਨੁੱਖ ਲਈ ਇਹ ਤਿਉਹਾਰ ਕੁਝ ਪਲਾਂ ਲਈ ਜ਼ਿੰਦਗੀ ਨੂੰ ਮਾਨਣ ਦਾ ਅਵਸਰ ਪ੍ਰਦਾਨ ਕਰਦੇ ਹਨ। ਭਾਰਤ ਦੀ ਭੂਮੀ 'ਤੇ ਕਈ ਰੁੱਤਾਂ ਤੇ ਬਦਲਦੇ ਮੌਸਮਾਂ ਦੀ ਆਭਾ ਬਿਖਰੀ ਹੋਈ ਹੈ। ਬਹੁਤੇ ਤਿਉਹਾਰ ਕਿਸੇ ਨਾ ਕਿਸੇ ਰੁੱਤ ਨਾਲ ਜੁੜੇ ਹੋਏ ਹਨ। ਤਿਉਹਾਰਾਂ ਦੇ ਖੂਬਸੂਰਤ ਗੁਲਦਸਤੇ ਵਿਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ। ਇਹ ਤਿਉਹਾਰ ਸਾਰੇ ਦੇਸ਼ ਵਿਚ ਹੀ ਮਨਾਇਆ ਜਾਂਦਾ ਹੈ। ਅਸਲ ਵਿਚ ਹੋਲੀ ਦਾ ਤਿਉਹਾਰ ਮਿਥਹਾਸਿਕ ਤੇ ਪੁਰਾਣਿਕ ਤਿਉਹਾਰ ਹੈ। ਇਸ ਦਾ ਸਬੰਧ ਉਸ ਸਮੇਂ ਦੇ ਸਮਾਜ ਵਿਚ ਪ੍ਰਚੱਲਿਤ ਵਰਣ-ਵੰਡ ਨਾਲ ਹੈ। ਉਸ ਸਮੇਂ ਦਾ ਸਮਾਜ ਬਹੁਤ ਹੀ ਬੁਰੀ ਤਰ੍ਹਾਂ ਵਰਣਾਂ ਵਿਚ ਵੰਡਿਆ ਹੋਇਆ ਸੀ। ਅਖਾਉਤੀ ਉੱਚ ਸ਼੍ਰੇਣੀਆਂ ਦੇ ਲੋਕ ਸਮਾਜ ਦੇ ਕੁਝ ਵਰਗਾਂ ਨਾਲ ਇਸ ਆਧਾਰ 'ਤੇ ਨਫਰਤ ਕਰਦੇ ਸਨ। ਸਮਾਜਿਕ ਜੀਵਨ ਵਿਚ ਸਭ ਤੋਂ ਹੇਠਲੀ ਸ਼੍ਰੇਣੀ ਦੇ ਸ਼ੂਦਰ ਜਹੇ ਜਾਣ ਵਾਲੇ ਲੋਕਾਂ ਨੂੰ ਅਜਿਹੇ ਕਈ ਦਰਦ ਸਹਿਣ ਲਈ ਮਜਬੂਰ ਹੋਣਾ ਪੈਂਦਾ ਸੀ। ਇਹ ਸਥਿਤੀ ਏਨੀ ਬਦਤਰ ਹੋ ਚੁੱਕੀ ਸੀ ਕਿ ਤਿਉਹਾਰਾਂ ਨੂੰ ਵੀ ਵਰਣਾਂ ਅਨੁਸਾਰ ਵੰਡ ਦਿੱਤਾ ਗਿਆ ਸੀ।
ਇਸ ਤਰ੍ਹਾਂ ਭਾਰਤੀ ਲੋਕਾਂ ਅੰਦਰ ਜੂਝਣ ਤੇ ਆਪਣੀ ਇਜ਼ਤ ਪੱਤ ਦੀ ਰਾਖੀ ਕਰਨ ਦੀ ਜੁਰਅਤ ਤੇ ਸ਼ਕਤੀ ਅਲੋਪ ਹੋ ਚੁੱਕੀ ਸੀ। ਸਾਹਸਤਹੀਣ ਹੋਈ ਭਾਰਤੀ ਕੌਮ ਵਿਚ ਨਵੀਂ ਸ਼ਕਤੀ ਤੇ ਜ਼ੁਲਮ ਜਬਰ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਹੀ ਗੁਰੂੁ ਸਾਹਿਬਾਨ ਨੇ ਹੋਲੀ ਵਰਗੇ ਨਿਰਾਦਰ ਤੇ ਗਲਾਜ਼ਤ ਭਰੇ ਤਿਉਹਾਰ ਦੀ ਥਾਂ ਗ਼ੈਰਤਹੀਣ ਹੋ ਚੁੱਕੀ ਲੋਕਾਈ ਵਿਚ ਨਵਾਂ ਜੋਸ਼ ਤੇ ਅਣਖ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਅਰੰਭ ਕੀਤਾ। ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਦੂਜਿਆਂ ਦੀ ਭਲਾਈ ਕਰਨ ਦੇ ਕੰਮਾਂ ਲਈ ਜੂਝਣਾ ਤੇ ਜ਼ੁਲਮ ਦਾ ਮੁਕਾਬਲਾ ਕਰਨਾ। ਮਹੱਲੇ ਦਾ ਅਰਥ ਹੈ ਜਿੱਥੇ ਮੁਹਿੰਮ ਫਤਿਹ ਕਰਨ ਉਪਰੰਤ ਟਿਕਾਣਾ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਹੋਲੇ ਮਹੱਲੇ ਦਾ ਮੁੱਢ ਬੰਨ੍ਹਿਆ।
ਅਸਲ ਵਿਚ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਦੇ ਇਤਿਹਾਸਕ ਅਮਲ ਤੋਂ ਪਹਿਲਾਂ ਹੀ ਸਿੱਖਾਂ ਵਿਚ ਜੂਝਣ ਦੀ ਚੇਤਨਾ ਪੈਦਾ ਕਰਨ ਅਤੇ ਜ਼ੁਲਮ ਤੇ ਅਤਿਆਚਾਰ ਵਿਰੁੱਧ ਡਟਣ ਦਾ ਸੰਕਲਪ ਪੈਦਾ ਕਰਨ ਲਈ, ਹੋਲੇ ਮਹੱਲੇ ਦੇ ਪੁਰਬ 'ਤੇ ਸਿੱਖਾਂ ਵਿਚ ਸ਼ਸਤਰ ਅਭਿਆਸ ਕਰਾਉਣੇ ਆਰੰਭ ਕਰ ਦਿੱਤੇ ਸਨ। ਇਸ ਸਬੰਧੀ ਦਸਮ ਗ੍ਰੰਥ ਵਿਚ ਵੀ ਹਵਾਲਾ ਮਿਲਦਾ ਹੈ-'ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ॥ ਸੈਫ਼ ਸਰੋਹੀ ਸੈਹਬੀ ਯਹੈ ਹਮਾਰੈ ਪੀਰ॥ ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਪੰਥ ਨੂੰ ਸ਼ਸਤਰਧਾਰੀ ਕੀਤਾ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਪ੍ਰਮਾਣ ਦਿੰਦਿਆਂ ਸਮੇਂ ਦੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ ਫਤਿਹ ਦੇ ਡੰਕੇ ਬਜਾਏ। ਖ਼ਾਲਸੇ ਦੀ ਸਿਰਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਨੂੰ ਪੰਜ ਕਕਾਰਾਂ ਵਿਚ ਸ਼ਾਮਿਲ ਕਰਕੇ ਖ਼ਾਲਸੇ ਨੂੰ ਹਮੇਸ਼ਾ ਲਈ ਨਿਮਾਣਿਆਂ ਤੇ ਨਿਤਾਣਿਆਂ ਦੀ ਰੱਖਿਆ ਦਾ ਜਾਮਨ ਬਣਾ ਦਿੱਤਾ।
ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਤੇ ਨਵੇਂ ਸੰਕਲਪਾਂ ਦੀ ਸਥਾਪਨਾ ਦੇ ਮਕਸਦ ਨਾਲ ਗੁਰੂ ਸਾਹਿਬਾਨ ਨੇ ਪ੍ਰਚੱਲਿਤ ਤਿਉਹਾਰ ਦੀ ਥਾਂ ਹੋਲੇ ਮਹੱਲੇ ਦਾ ਮੁੱਢ ਬੰਨ੍ਹਿਆ। ਗੁਰੂੁ ਗੋਬਿੰਦ ਸਿੰਘ ਜੀ ਨੇ ਸਰੀਰਕ, ਮਾਨਸਿਕ ਤੇ ਆਤਮਿਕ ਤੌਰ 'ਤੇ ਕਮਜ਼ੋਰ ਤੇ ਬਲਹੀਣ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕੀ। ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ ਤੇ ਹੋਰ ਵਿਤਕਰਿਆਂ ਨੂੰ ਦੂਰ ਕਰਕੇ ਸਾਹਸਤਹੀਣ ਹੋਈ ਕੌਮ ਦੇ ਮਨੋਬਲ ਨੂੰ ਉੱਚਿਆਂ ਚੁੱਕਣ ਦੇ ਉਪਰਾਲੇ ਕੀਤੇ। ਖ਼ਾਲਸਾਈ ਫ਼ੌਜਾਂ ਨੂੰ ਦੋ ਦਲਾਂ ਵਿਚ ਵੰਡ ਕੇ ਮੈਦਾਨ-ਏ-ਜੰਗ ਦਾ ਦ੍ਰਿਸ਼ ਸਿਰਜਿਆ ਜਾਂਦਾ। ਸ਼ਸਤਰਧਾਰੀ ਗਰੁੱਪਾਂ ਦੇ ਦੋ ਦਲ ਬਣਾ ਕੇ ਜੰਗੀ ਮੁਕਾਬਲੇ ਕਰਾਏ ਜਾਂਦੇ। ਗਤਕਾ, ਘੋੜ ਸਵਾਰੀ ਤੇ ਸ਼ਸਤਰਾਂ ਦੀ ਮੁਹਾਰਤ ਨੇ ਖ਼ਾਲਸੇ ਵਿਚ ਨਵਾਂ ਜੋਸ਼ ਤੇ ਜਜ਼ਬਾ ਪੈਦਾ ਕੀਤਾ। ਜਦੋਂ ਸੁੱਤੀ ਹੋਈ ਅਣਖ ਤੇ ਗ਼ੈਰਤ ਨੂੰ ਵੰਗਾਰਿਆ ਤਾਂ ਨਿਤਾਣੇ ਮਨੁੱਖ ਵੀ ਜੂਝਣ ਲਈ ਤਿਆਰ ਹੋ ਗਏ। ਗੁਰਮਤਿ ਵਿਚਾਰਧਾਰਾ ਨੇ ਕਈ ਨਵੇਂ ਆਦਰਸ਼ ਪੈਦਾ ਕੀਤੇ। ਸ਼ਸਤਰ ਨੂੰ ਵੀ ਮਾੜੇ ਤੇ ਮਜ਼ਲੂਮ ਦੀ ਰਾਖੀ ਲਈ ਵਰਤੇ ਜਾਣ ਦੀ ਤਾਗੀਦ ਕੀਤੀ ਗਈ । ਹੱਕ, ਸੱਚ ਤੇ ਇਨਸਾਫ਼ ਦੀ ਖਾਤਰ ਜੇ ਆਪਾ ਕੁਰਬਾਨ ਵੀ ਕਰਨਾ ਪਵੇ ਤਾਂ ਮੈਦਾਨ-ਏ-ਜੰਗ ਵਿਚ ਪਿੱਠ ਨਹੀਂ ਦਿਖਾਉਣੀ। ਕਿਸੇ ਨਿਹੱਥੇ ਉੱਤੇ ਵਾਰ ਨਹੀਂ ਕਰਨਾ। ਸਿੱਖ ਇਤਿਹਾਸ ਵਿਚ ਜਬਰ ਵਿਰੁੱਧ ਲੜੀਆਂ ਜਿਨ੍ਹਾਂ ਜੰਗਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਸਿੱਖ ਸੂਰਬੀਰਾਂ ਦੀ ਬਹਾਦਰੀ ਤੇ ਵੱਡੀਆਂ ਫ਼ੌਜਾਂ ਦਾ ਮੁਕਾਬਲਾ ਕਰਕੇ ਫ਼ਤਹਿ ਹਾਸਲ ਕਰਨੀ ਅਜਿਹੀ ਭਾਵਨਾ ਦਾ ਹੀ ਪ੍ਰਗਟਾਵਾ ਸੀ।
ਸਹੀ ਅਰਥਾਂ ਵਿਚ ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਤੇ ਵਿਲੱਖਣ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੈ। ਹਰ ਸਾਲ ਹੀ ਹੋਲਾ-ਮਹੱਲਾ ਦਾ ਪੁਰਬ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਕੇਸਗੜ ਸਾਹਿਬ ਵਿਖੇ ਅਪਾਰ ਸ਼ਰਧਾ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਉਣ ਦੀ ਪ੍ਰੰਪਰਾ ਵਰ੍ਹਿਆਂ ਤੋਂ ਬਾਦਸਤੂਰ ਜਾਰੀ ਹੈ। ਭਾਵੇਂ ਹੋਰ ਸਥਾਨਾਂ ਉੱਤੇ ਵੀ ਇਸ ਪੁਰਬ ਦੀਆਂ ਰੌਣਕਾਂ ਹੁੰਦੀਆਂ ਹਨ ਪਰ ਇਹ ਮੁੱਖ ਰੂਪ ਵਿਚ ਜੋੜ-ਮੇਲ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੀ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਇਸ ਨਿਰਾਲੇ ਪੁਰਬ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਸੈਲਾਬ ਆ ਜੁੜਦਾ ਹੈ। ਇਸ ਨਿਵੇਕਲੇ ਤਿਉਹਾਰ ਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਮਾਨਣ ਲਈ ਵਿਦੇਸ਼ੀ ਸੈਲਾਨੀ ਵੀ ਹਰ ਸਾਲ ਵੱਡੀ ਗਿਣਤੀ ਵਿਚ ਹਾਜ਼ਰ ਹੁੰਦੇ ਹਨ। ਸਾਰੇ ਪੰਜਾਬ ਵਿਚ ਹੀ ਥਾਂ ਥਾਂ 'ਤੇ ਅਨੰਦਪੁਰ ਜਾ ਰਹੀ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ। ਸੰਗਤਾਂ ਦੀ ਇਹ ਨਿਰਸਵਾਰਥ ਸੇਵਾ ਭਾਵਨਾ ਦੇਖਿਆਂ ਹੀ ਬਣਦੀ ਹੈ। ਹੋਲੇ ਮਹੱਲੇ 'ਤੇ ਗੁਰੂੁ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜ੍ਹਤ ਵੀ ਵੱਖਰਾ ਹੀ ਨਜ਼ਾਰਾ ਬੰਨ੍ਹਦੀ ਹੈ। ਨਿਹੰਗ ਸਿੰਘਾਂ ਦੇ ਜਲੌਅ ਦੀ ਆਭਾ ਹੋਲੇ ਮੁਹੱਲੇ ਨੂੰ ਰਵਾਇਤੀ ਖ਼ਾਲਸਾਈ ਰੰਗਤ ਬਖਸ਼ਦੀ ਹੈ। ਉਚੇ ਦੁਮਾਲੇ ਸਜਾਈ, ਰਵਾਇਤੀ ਸ਼ਾਸਤਰਾਂ ਵਿਚ ਸਜੇ ਇਹ ਗੁਰੁ ਦੇ ਖ਼ਾਲਸੇ, ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ 'ਤੇ ਸਵਾਰ ਹੋ ਕੇ ਹਰ ਇਕ ਦਾ ਧਿਆਨ ਖਿੱਚਦੇ ਹਨ ਤੇ ਇਸ ਜੋੜ-ਮੇਲੇ ਦੀ ਆਭਾ ਵਿਚ ਨਿਵੇਕਲਾ ਰੰਗ ਭਰਦੇ ਹਨ। ਵਿਸ਼ੇਸ਼ ਸਮਾਗਮਾਂ ਵਿਚ ਰਾਗੀ, ਢਾਡੀ ਤੇ ਕਥਾ-ਵਾਚਕ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਬੀਰ-ਰਸੀ ਵਾਰਾਂ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਗੁਰਮਤਿ ਦੁਆਰਾ ਸਥਾਪਿਤ ਮਾਨਵੀ ਕਦਰਾਂ-ਕੀਮਤਾਂ ਤੋਂ ਅਸੀਂ ਭਟਕਦੇ ਜਾ ਰਹੇ ਹਾਂ। ਬਾਹਰੀ ਗਤੀਵਿਧਿਆਂ ਤੇ ਆਡੰਬਰਾਂ ਵਿਚ ਤਾਂ ਜ਼ਰੂਰ ਵਾਧਾ ਹੋਇਆ ਹੈ, ਪਰ ਅੰਦਰੋਂ ਅਸੀਂ ਖੋਖਲੇ ਹੁੰਦੇ ਜਾ ਰਹੇ ਹਾਂ। ਸਿੱਖ ਕੌਮ ਨੇ ਉਨ੍ਹਾਂ ਮਹਾਨ ਆਦਰਸ਼ਾਂ ਨੂੰ ਪਿੱਠ ਦੇ ਦਿੱਤੀ ਹੈ ਜਿਹੜੇ ਅਸਲ ਅਰਥਾਂ ਵਿਚ ਇਸ ਦੀ ਪਛਾਣ ਸਨ। ਨਸ਼ਿਆਂ ਦੀ ਦਲਦਲ ਵਿਚ ਪੰਜਾਬ ਦੀ ਜਵਾਨੀ ਗਰਕਦੀ ਜਾ ਰਹੀ ਹੈ, ਪਰ ਸਿਆਸੀ ਨੇਤਾ ਇਸ ਮਸਲੇ 'ਤੇ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਬਿਆਨ ਤਾਂ ਦਾਗ਼ਦੇ ਹਨ ਪਰ ਪੰਜਾਬ ਨੂੰ ਬਚਾਉਣ ਦਾ ਉਪਰਾਲਾ ਕੋਈ ਨਹੀਂ ਕਰ ਰਿਹਾ। ਅਜਿਹੇ ਮੇਲਿਆਂ 'ਤੇ ਹੁੰਦੀਆਂ ਸਿਆਸੀ ਕਾਨਫ਼ਰੰਸਾਂ ਵਿਚ ਹੁੰਦੀ ਚਿੱਕੜ-ਉਛਾਲੀ ਤੇ ਨਫ਼ਰਤੀ ਬੋਲਾਂ ਦੇ ਰੰਗਾਂ ਦੀ ਵਰਖਾ ਉਨ੍ਹਾਂ ਮਾਨਵੀ ਆਦਰਸ਼ਾਂ ਦੀ ਘੋਰ ਉਲੰਘਣਾ ਹੈ ਜਿਹੜੇ ਗੁਰੂ ਸਾਹਿਬਾਨ ਨੇ ਸਥਾਪਿਤ ਕੀਤੇ ਸਨ। ਗ਼ਰੀਬਾਂ ਤੇ ਨਿਤਾਣਿਆਂ ਦੀ ਰਾਖੀ ਕਰਨ ਵਾਲੀ ਕਿਰਪਾਨ ਹੁਣ ਮਾੜਿਆਂ ਤੇ ਹੀ ਵਾਰ ਕਰਕੇ ਮਾਣ ਮਹਿਸੂਸ ਕਰਦੀ ਹੈ। ਸੱਚਾਈ ਦੇ ਰਾਹ 'ਤੇ ਤੁਰਨ ਵਾਲਿਆਂ ਨੂੰ, ਇਨਸਾਫ਼ ਦੀ ਖਾਤਰ ਜੂਝਣ ਵਾਲਿਆਂ ਨੂੰ ਅੱਜ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਗੁਰੂੁ ਸਾਹਿਬਾਨ ਨੇ ਅਣਖ ਤੇ ਗ਼ੈਰਤ ਨਾਲ ਜੀਵਨ ਜਿਊਣ ਤੇ ਦੂਜਿਆਂ ਨੂੰ ਜੀਣ ਦੇਣ ਦੇ ਆਦਰਸ਼ਾਂ ਦੀ ਸਥਾਪਨਾ ਕੀਤੀ ਸੀ। ਜਾਤ-ਪਾਤ ਦਾ ਘਿਨਾਉਣਾ ਵਰਤਾਰਾ ਅੱਜ ਵੀ ਜਾਰੀ ਹੈ। ਹਰ ਥਾਂ ਝੂਠ, ਫਰੇਬ ਦਾ ਬੋਲਬਾਲਾ ਹੈ। ਆਪਣੇ ਗਿਰੇਵਾਨ 'ਚ ਝਾਤੀ ਮਾਰਨ ਦੀ ਲੋੜ ਹੈ ਕਿ ਗੁਰਮਤਿ ਦੁਆਰਾ ਸਿਰਜੀਆਂ ਵਿਲੱਖਣ ਮਾਨਵੀ ਕਦਰਾਂ ਦੇ ਰੰਗ ਆਖਰ ਕਿਉਂ ਮੱਧਮ ਪੈਂਦੇ ਜਾ ਰਹੇ ਹਨ। ਇਸ ਤਿਉਹਾਰ ਦੇ ਨਾਂਅ 'ਤੇ ਵੀ ਬਹੁਤ ਘਿਨਾਉਣਾ ਵਰਤਾਰਾ ਹੁੰਦਾ ਹੈ। ਸ਼ਰਾਬ ਦੇ ਨਸ਼ੇ ਵਿਚ ਝੂਮਦੇ ਨੌਜਵਾਨ ਗਲੀਆਂ ਬਾਜ਼ਾਰਾਂ ਵਿਚ ਹੱਲਾ-ਗੁੱਲਾ ਮਚਾਉਂਦੇ ਹਨ ਤੇ ਆਮ ਲੋਕਾਂ ਵਿਸ਼ੇਸ਼ ਤੌਰ 'ਤੇ ਔਰਤਾਂ, ਕੁੜੀਆਂ ਲਈ ਸੰਕਟ ਪੈਦਾ ਕਰਦੇ ਹਨ। ਮੋਟਰ ਸਾਇਕਲਾਂ, ਕਾਰਾਂ ਤੇ ਜੀਪਾਂ 'ਤੇ ਹਰ ਸਾਲ ਹੁੜਦੁੰਗ ਮਚਾਉਂਦੀਆਂ ਇਹ ਭੀੜਾਂ ਇਹ ਭੁੱਲ ਹੀ ਜਾਂਦੀਆ ਹਨ ਕਿ ਇਸ ਤਿਉਹਾਰ ਦੀ ਅਸਲੀ ਭਾਵਨਾ ਕੀ ਹੈ। ਕਿਸੇ ਵੀ ਤਿਉਹਾਰ ਨਾਲ ਜੁੜੇ ਆਦਰਸ਼ਾਂ ਨੂੰ ਭੁਲਾ ਕੇ ਮਹਿਜ਼ ਮੇਲਾ ਹੀ ਬਣਾ ਦੇਣਾ ਉਨ੍ਹਾਂ ਮਹਾਨ ਆਦਰਸ਼ਾਂ ਦਾ ਘੋਰ ਨਿਰਾਦਰ ਹੈ।


-ਸੰਪਰਕ : 98153-56086

Ad Position 22
No active advertisement
ਪਿਛਲੀ ਖ਼ਬਰ ਰੰਗਾਂ ਦਾ ਤਿਉਹਾਰ ਹੈ ਹੋਲੀ ਅਗਲੀ ਖ਼ਬਰ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
Ad Position 24
No active advertisement