ਹੋਲੀ ਦਾ ਤਿਉਹਾਰ ਬੜੀ ਪ੍ਰਮੁੱਖਤਾ, ਖ਼ੁਸ਼ੀ ਅਤੇ ਚਾਅ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਵੱਖ-ਵੱਖ ਧਰਮਾਂ ਦੇ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਅਤੇ ਵੱਖ-ਵੱਖ ਨਾਵਾਂ ਨਾਲ ਮਨਾਉਂਦੇ ਹਨ। ਇਸ ਦਿਨ ਲੋਕ ਇਕ ਦੂਜੇ 'ਤੇ ਰੰਗ ਪਾ ਕੇ ਆਪਣੇ ਪਿਆਰ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਇਹ ਤਿਉਹਾਰ ਭਾਈਚਾਰਕ ਸਾਂਝ ਦੀਆਂ ਗੰਢਾਂ ਹੋਰ ਪੀਡੀਆਂ ਕਰਨ ਦਾ ਇਕ ਜਰੀਆ ਹੈ, ਨਾ ਕਿ ਦੁਸ਼ਮਣੀ ਪੈਦਾ ਕਰਨ ਦਾ, ਕੁਝ ਨੌਜਵਾਨ ਮਸਤੀ ਮਾਰਨ ਦੇ ਖਿਆਲ ਨਾਲ ਮੋਟਰਸਾਈਕਲ ਉੱਪਰ ਤਿੰਨ-ਤਿੰਨ, ਚਾਰ-ਚਾਰ ਦੀ ਸਵਾਰੀ ਕਰ ਕੇ ਸੜਕਾਂ 'ਤੇ ਹੁੱਲੜਬਾਜ਼ੀ ਕਰਦੇ ਅਕਸਰ ਹੀ ਨਜ਼ਰ ਆਉਂਦੇ ਹਨ। ਕਈ ਲੋਕ ਇਸ ਦਿਨ ਗੰਦਾ ਪਾਣੀ, ਤਵੇ ਦੀ ਕਾਲਖ, ਗਰੀਸ, ਕਾਲਾ ਤੇਲ, ਆਇਲ ਪੇਂਟ, ਗਾਰਾ (ਚਿੱਕੜ), ਅੰਡੇ, ਟਮਾਟਰ, ਪੱਕੇ ਰੰਗ ਜਾਂ ਹੋਰ ਕਈ ਗੰਦੀਆਂ ਚੀਜ਼ਾਂ ਨਾਲ ਹੋਲੀ ਖੇਡਣਾ ਸ਼ੁਰੂ ਕਰ ਦਿੰਦੇ ਹਨ, ਜੋ ਸਰਾਸਰ ਗ਼ਲਤ ਹੈ।
ਜੇਕਰ ਹੋਲੀ ਖੇਡਦੇ ਸਮੇਂ ਕੁਝ ਕੁ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਹੋਲੀ ਉਸ ਨਾਲ ਖੇਡੋ ਜੋ ਤੁਹਾਡੇ ਨਾਲ ਖੇਡ ਰਿਹਾ ਹੈ। ਕਿਸੇ ਅਨਜਾਣ ਜਾਂ ਰਾਹ ਜਾਂਦੇ ਵਿਆਕਤੀ 'ਤੇ ਰੰਗ ਜਾਂ ਕੋਈ ਹੋਰ ਪਦਾਰਥ ਨਾ ਪਾਓ, ਹੋ ਸਕਦਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਤੋਂ ਅਲਰਜੀ ਹੋਵੇ ਜਾਂ ਉਹ ਕਿਸੇ ਜ਼ਰੂਰੀ ਕੰਮ ਕਿਧਰੇ ਜਾ ਰਿਹਾ ਹੋਵੇ। ਇਕ ਛੋਟੀ ਜਿਹੀ ਗ਼ਲਤੀ ਜਾਂ ਅਨਜਾਣਪੁਣੇ ਵਿਚ ਤੁਸੀਂ ਕਿਸੇ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹੋ। ਅੱਖਾਂ ਦਾ ਵੀ ਬਰਾਬਰ ਖਿਆਲ ਰੱਖੋ, ਕਿਉਂਕਿ ਕੈਮੀਕਲ ਵਾਲੇ ਰੰਗ ਪੈਣ ਨਾਲ ਅੱਖਾਂ ਦੀ ਰੌਸ਼ਨੀ ਜਾਣ ਦਾ ਵੀ ਡਰ ਹੁੰਦਾ ਹੈ। ਕੈਮੀਕਲ ਵਾਲੇ ਰੰਗ ਤੇ ਪਾਣੀ ਵਾਲੇ ਗਿੱਲੇ ਰੰਗਾਂ ਤੋਂ ਤੋਬਾ ਕਰੋ। ਇਨ੍ਹਾਂ ਰੰਗਾਂ ਨਾਲ ਜਿੱਥੇ ਚਮੜੀ 'ਤੇ ਕਈ ਤਰਾਂ੍ਹ ਦੇ ਬੁਰੇ ਪ੍ਰਭਾਵ ਪੈ ਸਕਦੇ ਹਨ, ਉੱਥੇ ਪਾਣੀ ਦੀ ਵੀ ਬਰਬਾਦੀ ਹੁੰਦੀ ਹੈ। ਇਸ ਤੋਂ ਪ੍ਰਹੇਜ਼ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ, ਜੋ ਸਮੇਂ ਦੀ ਮੁੱਖ ਲੋੜ ਹੈ।
ਦੂਜਾ ਵਾਤਾਵਰਨ ਦੂਸ਼ਿਤ ਹੋਣ ਤੋਂ ਬਚੇਗਾ। ਕੈਮੀਕਲ ਮਿਲੇ ਰੰਗਾਂ ਨੂੰ ਪਾਣੀ ਵਿਚ ਘੋਲਣ ਤੇ ਕਿਸੇ ਉੱਤੇ ਪਾਉਣ ਨਾਲ ਇਹ ਪਾਣੀ ਜ਼ਮੀਨ ਵਿਚ ਜ਼ਜ਼ਬ ਹੋਵੇਗਾ, ਜਿਸ ਨਾਲ ਧਰਤੀ ਵਿਚ ਕਈ ਤਰ੍ਹਾਂ ਦੀਆਂ ਜ਼ਹਿਰਾਂ ਘੁਲਣਗੀਆਂ, ਜੋ ਸਾਡੇ ਸਾਰਿਆਂ ਲਈ ਘਾਟੇ ਦਾ ਸੌਦਾ ਹੋਵੇਗਾ। ਆਉ, ਇਸ ਹੋਲੀ ਨੂੰ ਮਨਾਉਂਦੇ ਸਮੇਂ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਕੈਮੀਕਲ ਵਾਲੇ ਰਸਾਇਣਕ ਰੰਗਾਂ ਨਾਲ ਧਰਤੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਨਹੀਂ ਕਰਾਂਗੇ ਭਾਵ ਕਿ ਇਸ ਵਾਰ ਹਰਬਲ ਰੰਗਾਂ ਨਾਲ ਹੀ ਹੋਲੀ ਖੇਡਣ ਨੂੰ ਤਰਜੀਹ ਦੇਵਾਂਗੇ। ਤੁਸੀਂ ਇਹ ਰੰਗ ਘਰ ਵਿਚ ਹੀ ਥੋੜ੍ਹੀ ਜਿਹੀ ਮਿਹਨਤ ਨਾਲ ਤਿਆਰ ਕਰ ਸਕਦੇ ਹੋ। ਮੈਦਾ, ਬੇਸਣ, ਆਟਾ ਜਾਂ ਟੈਲਕਮ ਪਾਊਡਰ ਵਿਚ ਹਲਦੀ ਮਿਲਾ ਕੇ ਪੀਲਾ ਅਤੇ ਇਨ੍ਹਾਂ ਚੀਜ਼ਾਂ ਵਿਚ ਹੀ ਮਹਿੰਦੀ ਮਿਲਾ ਕੇ ਹਰਾ ਰੰਗ ਬਣਾ ਸਕਦੇ ਹੋ। ਕੱਥੇ ਵਿਚ ਹਲਦੀ ਮਿਲਾਉਣ ਨਾਲ ਲਾਲ ਰੰਗ ਬਣ ਜਾਂਦਾ ਹੈ। ਚੁਕੰਦਰ ਨੁੰ ਛੋਟੇ ਟੁਕੜਿਆਂ ਵਿਚ ਕੱਟ ਕੇ ਰਾਤ ਭਰ ਸਾਦੇ ਪਾਣੀ ਵਿਚ ਭਿਉਂ ਕੇ ਰੱਖਣ ਨਾਲ ਗੁਲਾਬੀ ਰੰਗ ਤਿਆਰ ਹੋ ਜਾਂਦਾ ਹੈ। ਕੁਝ ਫੁੱਲਾਂ ਨੂੰ ਪੀਹ ਕੇ ਵੀ ਕਈ ਤਰ੍ਹਾਂ ਦੇ ਰੰਗ ਤਿਆਰ ਕਰ ਸਕਦੇ ਹਾਂ। ਇਹ ਰੰਗ ਚਮੜੀ ਉੱਪਰੋਂ ਅਸਾਨੀ ਨਾਲ ਉੱਤਰ ਜਾਂਦੇ ਹਨ।
ਹੋਲੀ ਖੇਡਣ ਸਮੇਂ ਆਪਣੇ ਸਰੀਰ 'ਤੇ ਨਾਰੀਅਲ ਦਾ ਤੇਲ, ਸਰ੍ਹੋਂ ਦਾ ਤੇਲ, ਮਾਈਸਚਰਾਈਜ਼ਰ ਲੋਸ਼ਨ ਜਾਂ ਸਨਸਕਰੀਨ ਦਾ ਇਸਤੇਮਾਲ ਕਰੋ ਤਾਂ ਜੋ ਬਾਅਦ ਵਿਚ ਇਹ ਰੰਗ ਅਸਾਨੀ ਨਾਲ ਉੱਤਰ ਸਕਣ। ਸਰੀਰ ਨੂੰ ਪੂਰੇ ਢੱਕਣ ਵਾਲੇ ਗੂੜ੍ਹੇ ਰੰਗ ਦੇ ਸਿੰਥੈਟਿਕ ਕੱਪੜੇ ਹੀ ਪਹਿਨੋ ਤਾਂ ਜੋ ਇਨ੍ਹਾਂ ਨੂੰ ਧੋਣ ਸਮੇਂ ਘੱਟ ਤੋਂ ਘੱਟ ਪਾਣੀ ਖਰਚ ਹੋਵੇ। ਅਗਰ ਸਰੀਰ 'ਤੇ ਹੋਲੀ ਖੇਡਦੇ ਸਮੇਂ ਲੱਗੇ ਰੰਗ ਨਹੀਂ ਉੱਤਰਦੇ ਤਾਂ ਚਮੜੀ ਨੂੰ ਰਗੜੋ ਨਾ, ਇਸ ਨਾਲ ਸਰੀਰ 'ਤੇ ਜ਼ਖ਼ਮ ਵੀ ਹੋ ਸਕਦੇ ਹਨ। ਵੇਸਣ ਵਿਚ ਦਹੀਂ ਅਤੇ ਹਲਦੀ ਮਿਲਾ ਕੇ ਜਾਂ ਨਿੰਬੂ ਲਾਉਣ ਤੋਂ ਥੋੜ੍ਹੇ ਸਮੇਂ ਬਾਅਦ ਪਾਣੀ ਨਾਲ ਧੋਣ ਨਾਲ ਇਹ ਰੰਗ ਉੱਤਰ ਜਾਂਦੇ ਹਨ। ਆਓ, ਆਪਾਂ ਸਾਰੇ ਪ੍ਰਣ ਕਰੀਏ ਕਿ ਇਸ ਵਾਰ ਹੋਲੀ ਹਰਬਲ ਰੰਗਾਂ ਨਾਲ ਖੇਡ ਕੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰਾਂਗੇ। ਫੁੱਲਾਂ ਦੀਆਂ ਪੱਤੀਆਂ ਇਕ ਦੂਜੇ 'ਤੇ ਸੁੱਟ ਕੇ ਵੀ ਹੋਲੀ ਖੇਡੀ ਜਾ ਸਕਦੀ ਹੈ।
-ਪਿੰਡ ਤੇ ਡਾਕ:ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email:dharmindersinghchabba@gmail.com