ਗੁਰੂ ਨਾਨਕ ਦੇਵ ਜੀ ਦੀ ਮਹਾਨ ਗੁਰਬਾਣੀ-ਰਚਨਾ ਦੀ ਪਲੇਠੀ ਕ੍ਰਿਤ 'ਜਪੁ ਜੀ ਸਾਹਿਬ' ਵਿਚ ਉਨ੍ਹਾਂ ਇਕ 'ਸਚਿਆਰ' ਮਨੁੱਖ ਦੀ ਪਰਿਭਾਸ਼ਾ ਬਿਆਨ ਕੀਤੀ ਹੈ। ਸੰਸਾਰ ਵਿਚ ਸਭ ਤੋਂ ਪਹਿਲਾ ਸਚਿਆਰ ਖੁਦ ਉਹ ਸੱਚਾ ਰੱਬ ਹੈ। ਆਪ ਜੀ ਬਿਆਨਦੇ ਹਨ:
'ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ'
(ਅੰਗ : 2)
ਪਰਮਾਤਮਾ ਨੂੰ ਗੁਰੂ ਸਾਹਿਬ ਸੱਚ ਦਾ ਦੂਜਾ ਰੂਪ ਸਿੱਧ ਕਰਦੇ ਹਨ। ਉਹ ਦੁਨੀਆ ਦੀ ਸਥਾਪਨਾ ਕਰਨ ਵਾਲਾ ਹੈ। ਉਸ ਨੇ ਸਭ ਤੋਂ ਪਹਿਲਾਂ ਖ਼ੁਦ ਨੂੰ ਸਥਾਪਤ ਕੀਤਾ ਹੈ। 'ਆਸਾ ਦੀ ਵਾਰ' ਵਿਚ ਉਨ੍ਹਾਂ ਇਉਂ ਉਚਾਰਿਆ ਹੈ:
ਪਾਉੜੀ
ਆਪੀਨ੍ਰੈ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥
(ਅੰਗ : 463)
'ਸਚਿਆਰ ਫਲਸਫੇ' ਦਾ ਪਹਿਲਾ ਨੁਕਤਾ ਆਪ ਜੀ ਜਪੁਜੀ ਸਾਹਿਬ ਦੀ 'ਪਹਿਲੀ ਪਾਉੜੀ' ਵਿਚ ਇਉਂ ਬਿਆਨਦੇ ਹਨ:
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
(ਅੰਗ : 1 )
ਉਸ 'ਸਚਿਆਰ' ਦੇ ਸਨਮੁਖ ਮਨੁੱਖ ਸਚਿਆਰ ਕਿਵੇਂ ਹੋਵੇ? ਆਪ ਜੀ ਨੇ ਮਨੁੱਖ ਨੂੰ ਉੱਚੀ-ਸੁੱਚੀ ਸੋਚ ਬਖ਼ਸ਼ਦਿਆਂ ਇਕ ਬੇਹੱਦ ਸਹਿਜ ਨੁਕਤਾ ਸਾਂਝਾ ਕੀਤਾ ਹੈ। ਉਸ ਸੱਚੇ ਪਾਕ ਪਰਵਰਦੀਗਾਰ ਦੀ ਮਰਜ਼ੀ ਵਿਚ, ਉਸ ਦੇ ਭਾਣੇ ਵਿਚ, ਉਸ ਦੀ ਰਜ਼ਾ ਵਿਚ ਚਲਣ ਵਾਲੇ ਮਨੁੱਖ ਦੀ ਆਤਮਾ ਵਿਚ ਖ਼ੁਦ-ਬਖ਼ੁਦ 'ਸਚਿਆਰ' ਦੇ ਗੁਣ ਆ ਟਿਕਦੇ ਹਨ। ਇਕ ਸਚਿਆਰਾ ਮਨੁੱਖ ਦੀ ਘਾੜਤ ਥਾਏਂ ਪੈ ਜਾਂਦੀ ਹੈ।
ਬਾਬਾ ਨਾਨਕ ਦਾ ਇਹ ਫਲਸਫਾ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੋਇਆ ਇਕ ਵਿਕਾਰ ਰਹਿਤ ਮਨੁੱਖੀ ਸਮਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਦਾ ਹੈ। ਸਚਿਆਰਾ ਮਨੁੱਖਾਂ ਦਾ ਇਹ ਸਮਾਜ ਦੁਨੀਆ ਨੂੰ ਬਰੂਦ ਦੇ ਢੇਰ 'ਤੇ ਬਿਠਾਉਣ ਵਾਲੇ ਬੰਦਿਆਂ ਦਾ ਨਹੀਂ ਹੋਵੇਗਾ। ਉਸ ਸਮਾਜ ਵਿਚ ਕਿਸੇ ਦੀ 'ਹੱਕ ਮਾਰੀ' ਨਹੀਂ ਹੋਵੇਗੀ। ਸਚਿਆਰ ਮਨੁੱਖ ਖ਼ੁਸ਼ੀਆਂ-ਖੇੜਿਆਂ ਦੇ ਸਮਾਜ ਦਾ ਮੋਢੀ ਹੋਵੇਗਾ। ਉਹ ਸਦੀਆਂ ਤੋਂ ਚੱਲੀ ਆ ਰਹੀ ਗ਼ੁਲਾਮੀ ਅਤੇ ਜਾਤ-ਪਾਤ ਦੇ ਆਧਾਰ 'ਤੇ ਸਮਾਜ ਵਿਚ ਵੰਡੀਆਂ ਨਹੀਂ ਪਾਵੇਗਾ। ਬਾਬੇ ਨੇ ਆਪਣੇ ਇਸ 'ਸਚਿਆਰ ਫਲਸਫੇ' ਸਦਕਾ ਹੀ ਸਾਰੇ ਸੰਸਾਰ ਨੂੰ ਸੱਚ ਦੇ ਰਾਹ 'ਤੇ ਚੱਲਣ ਦਾ ਸਬਕ ਪੜ੍ਹਾਇਆ ਹੈ। ਉਨ੍ਹਾਂ ਦੀ ਇਸ ਵਿਚਾਰਧਾਰਾ ਦਾ ਪ੍ਰਕਾਸ਼ ਵਿਸ਼ਵ ਧਰਮ ਵਿਚ ਸੂਰਜ ਵਾਂਗ ਚਮਕਾਰੇ ਮਾਰਦਾ ਤੱਕਿਆ ਜਾ ਸਕਦਾ ਹੈ। ਇਹ ਵਿਚਾਰਧਾਰਾ ਇਕ ਬਿਹਤਰ ਦਸ਼ਾ ਅਤੇ ਦਿਸ਼ਾ ਵਾਲੇ ਸੰਸਾਰ ਨੂੰ ਸਿਰਜਦੀ ਹੈ। ਹੱਕ-ਸੱਚ 'ਤੇ ਪਹਿਰਾ ਦੇਣ ਲਈ ਪ੍ਰੇਰਦੀ ਹੈ। ਸਚਿਆਰਾ ਮਨੁੱਖ ਝੂਠ ਦੀ ਕੰਧ ਨੂੰ ਆਪਣੇ ਨੇਕ ਕਰਮਾਂ ਸਦਕਾ ਤੋੜ ਕੇ ਨਸ਼ਟ ਕਰ ਦਿੰਦਾ ਹੈ। ਉਸ ਨੂੰ ਰੱਬ ਦੇ ਭਾਣੇ ਵਿਚ ਰਹਿਣ ਵਾਲੀ ਸੁਰਤ-ਸਮਝ ਸੰਸਾਰ-ਮਾਰਗ 'ਤੇ ਚਲਦਿਆਂ ਡਿਗਣ-ਡੋਲ੍ਹਣ ਅਤੇ ਡਗਮਗਾਉਣ ਤੋਂ ਬਚਾਉਂਦੀ ਹੈ। ਉਸ 'ਕਰਤੇ' ਦੀ ਹੋਂਦ ਨੂੰ ਵਿਸਰਨ ਨਹੀਂ ਦਿੰਦੀ। ਇਹ ਫਲਸਫਾ ਅਜੋਕੇ ਸਮੇਂ ਵਿਚ ਵੀ ਓਨਾ ਹੀ ਲੋੜੀਂਦਾ ਹੈ, ਜਿੰਨਾ ਮੁੱਢ ਵਿਚ ਸੀ। ਨਫ਼ਰਤ, ਈਰਖਾ ਦੇ ਕੜਾਹੇ 'ਚ ਤਪ-ਕੜ੍ਹ ਰਹੇ ਸੰਸਾਰ ਨੂੰ ਬਾਬੇ ਦਾ ਇਹ ਫਲਸਫਾ ਸੁਰੱਖਿਅਤ ਰੱਖਣ ਦੇ ਰੂਪ ਤਰ੍ਹਾਂ ਸਮਰੱਥ ਹੈ। ਇਸ ਨੂੰ ਵਿਸ਼ਵ ਪੱਧਰ 'ਤੇ ਲੋਕਾਂ ਦੇ ਮੱਥੇ ਵਿਚ ਲੋਅ ਵਾਂਗ ਬਾਲਿਆ ਜਾ ਸਕਦਾ ਹੈ। ਦੁੱਖਾਂ ਦਾ ਘਰ ਬਣੇ ਸੰਸਾਰ ਨੂੰ ਬਚਾਇਆ ਜਾ ਸਕਦਾ ਹੈ।
-ਮੋਬਾਈਲ : 98146-81444