ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਸੀਸ ਤਲ਼ੀ ਦੇ ਉੱਪਰ ਧਰ ਕੇ, ਜਗਦਾ ਸੋਹਣਾ ਭਾਰਤ।
ਗਣਤੰਤਰ ਦੀ ਇਤਿਹਾਸ ਅਵਸਥਾ 'ਚੋਂ ਸੰਵਿਧਾਨ ਬਣਾਇਆ।
ਅਮਰ ਸਪੂਤਾਂ ਕਰ ਕੇ ਹੀ ਆਜ਼ਾਦੀ ਦਿਵਸ ਕਹਾਇਆ।
ਤਾਂ ਹੀ ਸੂਰਜ ਵਾਂਗੂੰ ਮਰ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਜਾਤ ਧਰਮ ਤੋਂ ਉੱਪਰ ਉੱਠਿਆ ਸਮਾਜਿਕ ਨਵ ਨਿਰਮਾਣ।
ਮਾਨਵਵਾਦੀ ਆਦਰਸ਼ਾਂ ਦੀ ਫਿਰ ਬਣਿਆ ਪਹਿਚਾਣ।
ਉੱਨਤੀ ਵਾਲੇ ਦੁੱਖ-ਸੁੱਖ ਜਰ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਮਮਤਾ ਸਮਤਾ ਭਾਈਚਾਰਾ ਸੀਨੇ ਵਿਚ ਛੁਪਾਇਆ।
ਬਲੀਦਾਨਾਂ ਦੀ ਨੀਤੀ ਉੱਤੇ ਫਿਰ ਤਿਰੰਗਾ ਲਹਿਰਾਇਆ।
ਸਵਰਾਜ ਸਥਾਪਨ ਵਿਚ ਵਰ੍ਹ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਪੱਛਮੀ ਰੰਗਾਂ ਢੰਗਾਂ ਨੂੰ ਫਿਰ ਦੇਸ਼ ਨਿਕਾਲਾ ਦੇ ਕੇ।
ਦੈਹਿਕ ਵੈਦਿਕ ਭੌਤਿਕਤਾ ਦਾ ਇੱਕ ਸ਼ਿਵਾਲਾ ਦੇ ਕੇ।
ਚਿੰਤਨ ਵਿਚ ਉੱਚਾਈ ਭਰ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਆਧੁਨਿਕਤਾ ਵਿਚ ਉਨਤੀ ਦੇ ਫਿਰ ਹੋਰ ਕਿਨਾਰੇ ਲੱਭੇ।
ਕੁਸ਼ਲ ਮਨੋਰਥ ਦੀ ਬੇੜੀ ਦੇ ਖੇਵਨਹਾਰੇ ਲੱਭੇ।
ਨੈਤਿਕਤਾ ਦਾ ਸਾਗਰ ਤਰ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
'ਬਾਲਮ', ਇਸ ਦੇ ਸਿਰ ਦੇ ਉੱਪਰ ਮੁਕਟ ਕ੍ਰਾਂਤੀਕਾਰੀ ਦਾ।
ਤੜਕ ਸਵੇਰੇ ਜਿੱਦਾਂ ਸੂਰਜ ਰੂਪ ਲਵੇ ਸਰਦਾਰੀ ਦਾ।
ਪਿਆਰ ਮੁਹੱਬਤ ਵਿਚ ਸੰਵਰ ਕੇ ਜਗਦਾ ਸੋਹਣਾ ਭਾਰਤ।
ਕੁਰਬਾਨੀਆਂ ਦੀ ਲੋਅ ਕਰਕੇ ਜਗਦਾ ਸੋਹਣਾ ਭਾਰਤ।
ਓਂਕਾਰ ਨਗਰ ਗੁਰਦਾਸਪੁਰ (ਪੰਜਾਬ)
ਮੋਬਾਈਲ : 981562409