ਸਿੱਖ ਧਰਮ ਵਿਚ ਅਜਿਹੇ ਯੋਧੇ ਪੈਦਾ ਹੋਏ ਹਨ, ਜਿਨ੍ਹਾਂ ਨੇ ਆਪਣੀ ਜਾਨ ਤਲੀ 'ਤੇ ਰੱਖ ਕੇ ਸਿੱਖੀ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ। ਸਿੱਖ ਧਰਮ ਦਾ ਜਨਮ ਖੰਡੇ ਬਾਟੇ ਦੀ ਪਾਹੁਲ ਵਿਚੋਂ ਹੋਇਆ ਹੈ, ਸਿੱਖ ਕਦੇ ਵੀ ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ, ਨਾ ਹੀ ਕਦੇ ਪਿੱਠ ਪਿੱਛੇ ਵਾਰ ਕਰਦਾ ਹੈ। ਸਿੱਖ ਵੈਰੀ ਨੂੰ ਲਲਕਾਰ ਕੇ ਉਸ ਉੱਤੇ ਹਮਲਾ ਕਰਦਾ ਹੈ। ਇਸ ਤਰ੍ਹਾਂ ਹੀ ਜਦ ਲਾਹੌਰ ਦੇ ਸੂਬੇਦਾਰ ਜਹਾਨ ਖਾਂ ਅਤੇ ਬੁਲੰਦ ਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਮਲੀਆਮੇਟ ਕਰਨ ਦੇ ਉਦੇਸ਼ ਨਾਲ ਹੱਲਾ ਬੋਲਿਆ ਤਾਂ ਸਿੰਘਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆ ਕੇ ਦੁਸ਼ਮਣਾਂ ਨਾਲ ਟੱਕਰ ਲੈਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਵਿਚ ਪਿੰਡ ਪਹੂਵਿੰਡ, ਜ਼ਿਲ੍ਹਾ ਤਰਨ ਤਾਰਨ ਵਿਚ ਪਿਤਾ ਭਗਤਾ ਸਿੰਘ ਅਤੇ ਮਾਤਾ ਜਿਊਣੀ ਦੀ ਕੁੱਖੋਂ ਹੋਇਆ। ਅਠਾਰਾਂ ਸਾਲ ਦੀ ਉਮਰ ਵਿਚ ਉਹ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿਘ ਜੀ ਦੇ ਪਾਵਨ ਚਰਨਾਂ ਵਿਚ ਜਾ ਹਾਜ਼ਰ ਹੋਏ। ਇੱਥੇ ਹੀ ਇਨ੍ਹਾਂ ਅੰਮ੍ਰਿਤਪਾਨ ਕੀਤਾ। ਸਿੰਘ ਸਜਣ ਤੋਂ ਬਾਅਦ ਆਪ ਜੀ ਦਾ ਨਾਂਅ ਦੀਪ ਸਿੰਘ ਰੱਖਿਆ ਗਿਆ ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ ਇਰਾਦੇ ਵਾਲੇ ਵਿਅਕਤੀ ਸਨ। ਭਾਈ ਮਨੀ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਹੀ ਰਹਿ ਰਹੇ ਸਨ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਦੀ ਦੇਖ-ਰੇਖ ਹੇਠ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਵਧੀਆ ਵਿਦਵਾਨ ਅਤੇ ਸੂਰਬੀਰ ਯੋਧੇ ਬਣ ਗਏ। 1704 ਵਿਚ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਛੱਡ ਕੇ ਵੱਖ-ਵੱਖ ਥਾਵਾਂ 'ਤੇ ਹੁੰਦੇ ਹੋਏ ਤਲਵੰਡੀ ਸਾਬੋ (ਬਠਿੰਡਾ) ਪਹੁੰਚੇ।
ਇੱਥੇ ਗੁਰੂ ਗੋਬਿੰਦ ਸਿੰਘ ਜੀ ਲਗਭਗ 9 ਮਹੀਨੇ ਰਹੇ। ਇੱਥੇ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਈ। ਜਦ ਭਾਈ ਮਨੀ ਸਿੰਘ ਜੀ ਦੀ ਡਿਊਟੀ ਬੀੜ ਲਿਖਣ ਵਾਸਤੇ ਲਗਾਈ ਤਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਦੀਪ ਸਿੰਘ ਨੂੰ ਵੀ ਇੱਥੇ ਬੁਲਾ ਲਿਆ ਜਾਵੇ। ਗੁਰੂ ਸਾਹਿਬ ਜੀ ਦੇ ਸੱਦੇ 'ਤੇ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਪਹੁੰਚ ਗਏ।ਬਾਣੀ ਲਿਖਣ ਵੇਲੇ ਕਲਮ ਦੇ ਘੜਨਹਾਰੇ ਬਾਣੀ ਲਿਖਣ ਲਈ ਸਿਆਹੀ ਬਣਾਉਣ ਦੀ ਸੇਵਾ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਸਨ।
ਤਲਵੰਡੀ ਸਾਬੋ ਤੋਂ ਜਦ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਤਲਵੰਡੀ ਸਾਬੋ ਵਿਖੇ ਗੁਰਬਾਣੀ ਪੜ੍ਹਨ-ਪੜ੍ਹਾਉਣ ਦੀ ਅਤੇ ਬੀੜ ਦਾ ਉਤਾਰਾ ਕਰਨ ਦੀ ਲਗਾ ਗਏ। ਇਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾਂ ਦਾ ਉਤਾਰਾ ਆਪਣੇ ਹੱਥੀਂ ਕੀਤਾ। ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਮੁੱਖ ਜੱਥੇਦਾਰ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ। ਨਿਹੰਗ ਸਿੰਘ ਸੰਪ੍ਰਦਾਇ ਤਰਨਾ ਦਲ ਦੇ ਵੀ ਮੋਢੀ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ 1708 ਵਿਚ ਪੰਜਾਬ ਵੱਲ ਭੇਜ ਦਿੱਤਾ। ਜਦੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਭੇਜਿਆ ਹੈ ਤਾਂ ਸਿੱਖੀ ਦੀ ਸ਼ਾਨ ਵਧਾਉਣ ਲਈ ਆਪ ਵੀ ਮੈਦਾਨ ਵਿਚ ਕੁੱਦ ਪਏ। ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਕਈ ਜੰਗਾਂ 'ਚ ਸਾਥ ਦਿੱਤਾ ਅਤੇ ਫ਼ਤਹਿ ਹਾਸਿਲ ਕੀਤੀ।
ਜਦੋਂ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਤੇ ਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਹਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਆਪਣੀਆਂ ਮਨ ਮਾਨੀਆਂ ਕਰਨ ਲੱਗੇ।
ਜਦ ਇਸ ਖ਼ਬਰ ਦਾ ਬਾਬਾ ਦੀਪ ਸਿੰਘ ਨੂੰ ਪਤਾ ਲੱਗੀ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਾ। ਉਹ ਆਪਣੀ ਥਾਂ 'ਤੇ ਭਾਈ ਨੱਥਾ ਸਿੰਘ ਜੀ ਨੂੰ ਛੱਡ ਕੇ ਤਲਵੰਡੀ ਸਾਬੋ ਤੋਂ ਪੰਜ ਸੌ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਏ। ਰਸਤੇ ਵਿਚੋਂ ਲਾਗਲੇ ਪਿੰਡ ਦੋਰਾਜ, ਜੋਗਾ, ਗੋਬਿੰਦਪੁਰਾ, ਭੁੱਚੋ, ਬਹਿਮਨ, ਲੱਖੀ ਜੰਗਲ, ਮਾਹਨਪੁਰ, ਕੋਟ, ਪੰਜੋ ਕੇ, ਚੋਂਤਰਾ, ਫੂਲ, ਮਹਿਰਾਜ ਤੋਂ ਹੋਰ ਸਿੰਘ ਜੱਥੇ ਵਿਚ ਰਲਦੇ ਗਏ। ਇਸ ਤਰਾਂ ਤਰਨ ਤਾਰਨ ਤੱਕ 5000 ਸਿੰਘਾਂ ਦਾ ਜੱਥਾ ਬਣ ਗਿਆ।
ਤਰਨ ਤਾਰਨ ਸਾਹਿਬ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ। ਮੈਂ ਜਿਸ ਮਨੋਰਥ ਲਈ ਆਇਆ ਹਾਂ ਉਹ ਪੂਰਾ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਾਂ। ਤਰਨ ਤਾਰਨ ਸਾਹਿਬ ਲੰਘ ਕੇ ਬਾਬਾ ਦੀਪ ਸਿੰਘ ਜੀ ਨੇ ਇਕ ਲਕੀਰ ਖਿੱਚ ਕੇ ਕਿਹਾ ਜਿਸ ਨੂੰ ਮਰਨ ਕਬੂਲ ਹੈ, ਉਹ ਲੰਘ ਆਵੇ ਨਹੀਂ ਫਿਰ ਪਿੱਛੇ ਮੁੜ ਜਾਵੇ। ਪਰ ਸਾਰੇ ਸਿੰਘ ਲਕੀਰ ਪਾਰ ਕਰਕੇ ਅੱਗੇ ਚਲੇ ਗਏ। ਉੱਥੇ ਗੁਰਦੁਆਰਾ ਲਕੀਰ ਸਾਹਿਬ ਬਣਿਆ ਹੋਇਆ ਹੈ।
ਜਹਾਨ ਖਾਂ ਭਾਰੀ ਫ਼ੌਜ ਲੈ ਕੇ ਅਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਮੁਗ਼ਲਾਂ ਕੋਲ 25000 ਫ਼ੌਜ ਸੀ। ਇੱਥੇ ਬਾਬਾ ਦੀਪ ਸਿੰਘ ਜੀ ਦੁਸ਼ਮਣਾਂ ਨਾਲ ਜੰਗ ਲੜਦੇ ਲੜਦੇ ਪਿੰਡ ਚੱਬਾ ਪਹੁੰਚ ਗਏ। ਲੜਾਈ ਕਰਦੇ ਬਾਬਾ ਦੀਪ ਸਿੰਘ ਸਾਹਮਣੇ ਜਮਾਲ ਖਾਂ ਆ ਗਿਆ, ਦੋਵਾਂ ਵਿਚਕਾਰ ਜ਼ਬਰਦਸਤ ਟੱਕਰ ਹੋਈ। ਬਾਬਾ ਦੀਪ ਸਿੰਘ ਦੇ ਵਾਰ ਨਾਲ ਜਮਾਲ ਖਾਂ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਇਸ ਲੜਾਈ ਵਿਚ ਬਾਬਾ ਦੀਪ ਸਿੰਘ ਜੀ ਦੇ ਬਹੁਤ ਡੂੰਘਾ ਫੱਟ ਲੱਗਿਆ। ਬਾਬਾ ਜੀ ਜ਼ਖ਼ਮੀ ਹੋਏ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਫੜ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਗਏ। ਦੁਸ਼ਮਣ ਹਾਰ ਹੁੰਦੀ ਵੇਖ ਕੇ ਕਈ ਮੈਦਾਨ ਛੱਡ ਕੇ ਭੱਜਣ ਲੱਗੇ।
ਬਾਬਾ ਜੀ ਦੋ ਧਾਰੀ ਖੰਡਾ ਫੜ ਕੇ ਲੜਦੇ-ਲੜਦੇ ਅੰਮ੍ਰਿਤਸਰ ਪਰਕਰਮਾ ਵਿਚ ਪਹੁੰਚ ਗਏ ਜਿਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ। 15 ਨਵੰਬਰ, 1761 ਨੂੰ ਬਾਬਾ ਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਇੱਥੋਂ ਨੇੜੇ ਹੀ ਗੁਰਦੁਆਰਾ ਸ਼ਹੀਦਾਂ ਸਾਹਿਬ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਅਤੇ ਜੰਗ ਵਿਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕੀਤਾ ਗਿਆ। ਇਸ ਮਹਾਨ ਸਿੱਖ ਧਰਮ ਦੇ ਸ਼ਹੀਦ ਯੋਧੇ ਬਾਬਾ ਦੀਪ ਸਿੰਘ ਜੀ ਨੂੰ ਸਿੱਖ ਕੌਮ ਸਦਾ ਹੀ ਯਾਦ ਕਰਦੀ ਰਹੇਗੀ।
-ਮੋਬਾਈਲ : 99141-84794