ਹਰੇਕ ਆਜ਼ਾਦ ਦੇਸ਼ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ ਅਤੇ ਹਰ ਦੇਸ਼ ਦੇ ਵਾਸੀ ਨੂੰ ਆਪਣੇ ਦੇਸ਼ ਦੇ ਕੌਮੀ ਝੰਡੇ 'ਤੇ ਮਾਣ ਹੁੰਦਾ ਹੈ । ਕੌਮੀ ਝੰਡਾ ਉਸ ਦੇਸ਼ ਦੀ ਪਹਿਚਾਣ ਤੇ ਰਾਜਨੀਤਕ ਚਿੰਨ੍ਹ ਦੇ ਤੌਰ 'ਤੇ ਪ੍ਰਤੀਨਿਧਤਾ ਕਰਦਾ ਹੈ। ਕੌਮੀ ਝੰਡੇ ਦੇ ਡਿਜ਼ਾਈਨ ਵਿਚ ਰੰਗਾਂ ਤੇ ਚਿੰਨ੍ਹਾਂ ਦਾ ਇਕ ਵਿਸ਼ੇਸ਼ ਅਰਥ ਹੁੰਦਾ ਹੈ। ਰਾਸ਼ਟਰੀ ਝੰਡਾ ਕਿਸੇ ਦੇਸ਼ ਦੀ ਸਰਕਾਰ ਦੁਆਰਾ ਲਹਿਰਾਇਆ ਜਾਂਦਾ ਹੈ, ਪਰੰਤੂ ਆਮ ਤੌਰ 'ਤੇ ਦੇਸ਼ ਦੇ ਨਾਗਰਿਕ ਵੀ ਲਹਿਰਾ ਸਕਦੇ ਹਨ। 15 ਅਗਸਤ ਵਾਲੇ ਦਿਨ ਪ੍ਰਧਾਨ ਮੰਤਰੀ ਝੰਡੇ ਦੀ ਰਸਮ ਅਦਾ ਕਰਦੇ ਹਨ। 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦੇ ਰਾਜਨੀਤਕ ਮੁਖੀ ਹੁੰਦੇ ਹਨ, ਜਦਕਿ ਰਾਸ਼ਟਰਪਤੀ ਸੰਵਿਧਾਨਕ ਮੁਖੀ ਹੁੰਦੇ ਹਨ।
ਰਾਸ਼ਟਰੀ ਝੰਡੇ ਦੀ ਸਹੀ ਪ੍ਰਦਰਸ਼ਨੀ ਵਿਚ ਪ੍ਰੋਟੋਕੋਲ (ਨਿਯਮ) ਕਾਫੀ ਸਖ਼ਤ ਹਨ। ਇਕ ਆਮ ਨਿਯਮ ਇਹ ਹੈ ਕਿ ਰਾਸ਼ਟਰੀ ਝੰਡਾ ਹਮੇਸ਼ਾ ਸਨਮਾਨ ਦੀ ਸਥਿਤੀ ਵਿਚ ਲਹਿਰਾਇਆ ਜਾਣਾ ਚਾਹੀਦਾ ਹੈ ਜਦੋਂ ਇਕ ਰਾਸ਼ਟਰੀ ਝੰਡਾ ਦੂਜੇ ਦੇਸ਼ਾਂ ਦੇ ਰਾਸ਼ਟਰੀ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਤਾਂ ਸਾਰੇ ਝੰਡੇ ਲਗਭਗ ਬਰਾਬਰ ਉਚਾਈ 'ਤੇੇ ਹੋਣੇ ਚਾਹੀਦੇ ਹਨ, ਹਾਲਾਂਕਿ ਮੇਜ਼ਬਾਨ ਦੇਸ਼ ਦਾ ਰਾਸ਼ਟਰੀ ਝੰਡਾ ਸਨਮਾਨ ਦੀ ਸਥਿਤੀ ਵਿਚ ਹੋਵੇ, ਭਾਵ ਕੇਂਦਰ ਵਿਚ ਜਾਂ ਬਿਲਕੁਲ ਸੱਜੇ ਪਾਸੇ। ਜਦੋਂ ਕਿਸੇ ਹੋਰ ਝੰਡੇ ਦੇ ਨਾਲ ਇਕ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਇਸ ਨੂੰ ਪਹਿਲਾਂ ਲਹਿਰਾਇਆ ਜਾਣਾ ਚਾਹੀਦਾ ਹੈ ਅਤੇ ਅੰਤ ਵਿਚ ਉਤਾਰਿਆ ਜਾਣਾ ਚਾਹੀਦਾ ਹੈ। ਜਦੋਂ ਇਕ ਰਾਸ਼ਟਰੀ ਝੰਡਾ ਜਲੂਸ ਜਾਂ ਸ਼ੋਭਾ ਯਾਤਰਾ ਵਿਚ ਹੋਰ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਰਾਸ਼ਟਰੀ ਝੰਡਾ ਮਾਰਚ ਦੇ ਸੱਜੇ ਪਾਸੇ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਸਾਰੇ ਦੇਸ਼ਾਂ ਦੇ ਝੰਡੇ ਆਇਤਾਕਾਰ ਹਨ। ਲੰਬਾਈ ਤੇ ਚੌੜਾਈ ਦਾ ਅਨੁਪਾਤ ਰਾਸ਼ਟਰੀ ਝੰਡੇ ਵਿਚ ਵੱਖੋ ਵੱਖਰਾ ਹੈ। ਰਾਸ਼ਟਰੀ ਝੰਡੇ ਵਿਚ ਆਮ ਤੌਰ 'ਤੇ ਵੱਖ ਵੱਖ ਰੰਗ ਹੌਰੀਜ਼ੋਂਟਲ ਜਾਂ ਵਰਟੀਕਲ ਪੱਟੀਆਂ ਵਿਚ ਪੇਸ਼ ਕੀਤੇ ਜਾਂਦੇ ਹਨ।
ਭਾਰਤ ਵਿਚ ਸਭ ਤੋਂ ਪਹਿਲਾਂ ਕੋਲਕਾਤਾ ਦੇ ਇਕ ਸਮਾਗਮ ਵਿਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗਸਤ, 1906 ਨੂੰ ਇਕ ਕੌਮੀ ਝੰਡੇ ਦੇ ਮੁਢਲੇ ਵਜੂਦ ਵਜੋਂ ਝੰਡਾ ਲਹਿਰਾਇਆ ਜਿਸ ਵਿਚ ਤਿੰਨ ਪੱਟੀਆਂ ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਸੀ। ਹਰੀ ਪੱਟੀ ਵਿਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ। ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ। ਪੀਲੀ ਪੱਟੀ ਉੱਤੇ 'ਵੰਦੇ ਮਾਤਰਮ' ਲਿਖਿਆ ਹੋਇਆ ਸੀ। ਸਾਡੀ ਜੰਗ-ਏ-ਆਜ਼ਾਦੀ ਦੀ ਲੜਾਈ ਵਿਚ ਭਾਗ ਲੈਣ ਵਾਲੀ ਮੈਡਮ ਭੀਮਾ ਜੀ ਕਾਮਾ ਨੇ 18 ਅਗਸਤ, 1907 ਨੂੰ ਜਰਮਨੀ ਦੇ ਇਕ ਸਮਾਗਮ ਵਿਚ ਭਾਰਤੀ ਝੰਡਾ ਲਹਿਰਾਇਆ। ਇਸ ਝੰਡੇ ਵਿਚ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ। ਉੱਪਰਲੀ ਲਾਲ ਧਾਰੀ ਵਿਚ ਸੱਤ ਤਾਰੇ ਅਤੇ ਇਕ ਕਮਲ ਫੁੱਲ ਬਣਿਆ ਹੋਇਆ ਸੀ, ਵਿਚਕਾਰਲੀ ਪੀਲੀ ਪੱਟੀ ਵਿਚ ਨੀਲੇ ਰੰਗ ਨਾਲ 'ਵੰਦੇ ਮਾਤਰਮ' ਅੰਕਿਤ ਸੀ ਅਤੇ ਹੇਠਲੀ ਹਰੀ ਪੱਟੀ ਵਿਚ ਤਾਰਾ, ਚੰਦਰਮਾ ਬਣਿਆ ਹੋਇਆ ਸੀ। ਇਹ ਝੰਡਾ 1916 ਤੱਕ ਲਹਿਰਾਇਆ ਜਾਂਦਾ ਰਿਹਾ। ਐਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਇਕ ਹੋਰ ਝੰਡਾ ਤਿਆਰ ਕੀਤਾ ਜਿਸ ਵਿਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ। ਸਪਤਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇਕ ਖੂੰਜੇ ਵਿਚ ਯੂਨੀਅਨ ਜੈੱਕ ਦਾ ਵੀ ਨਿਸ਼ਾਨ ਸੀ। ਬਰਤਾਨਵੀ ਝੰਡੇ ਵਿਚ ਵੀ ਯੂਨੀਅਨ ਜੈੱਕ ਹੋਣ ਕਾਰਨ ਇਸ ਦਾ ਸਖ਼ਤ ਵਿਰੋਧ ਹੋਇਆ ਤੇ ਕੁਝ ਮਹੀਨਿਆਂ ਬਾਅਦ ਹੀ ਇਹ ਝੰਡਾ ਅਸਵੀਕਾਰ ਕਰ ਦਿੱਤਾ ਗਿਆ। 1916 ਵਿਚ ਸ੍ਰੀਮਤੀ ਐਨੀ ਬੇਸੈਂਟ ਨੇ ਲਾਲ ਅਤੇ ਹਰੇ ਰੰਗ ਨਾਲ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਝੰਡਾ ਤਿਆਰ ਕੀਤਾ।
ਸਾਲ 1931 ਵਿਚ ਸਰਬ ਪ੍ਰਵਾਨਿਤ ਰਾਸ਼ਟਰੀ ਝੰਡੇ ਦੇ ਨਿਰਮਾਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਸ੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੱਤਾ ਤੇ ਸਭ ਦੀ ਰਾਇ ਅਨੁਸਾਰ ਝੰਡੇ ਦੇ ਵਿਚ ਲਾਲ ਰੰਗ, ਹਰਾ ਅਤੇ ਸਫ਼ੈਦ ਰੰਗ ਪ੍ਰਵਾਨ ਕੀਤੇ ਗਏ। ਮਹਾਤਮਾ ਗਾਂਧੀ ਨੇ ਰਾਇ ਦਿੱਤੀ ਕਿ ਸਫ਼ੈਦ ਰੰਗ ਵਿਚ 1921 ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ। ਮੌਲਾਨਾ ਅਜ਼ਾਦ ਨੇ ਚਰਖੇ ਦੀ ਥਾਂ ਕਪਾਹ ਦੇ ਫੁੱਲ ਦਾ ਸੁਝਾਅ ਦਿਤਾ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਉੱਪਰ ਕੇਸਰੀ ਪੱਟੀ, ਵਿਚਕਾਰ ਚਿੱਟੀ ਪੱਟੀ ਅਤੇ ਹੇਠਾਂ ਹਰੀ ਪੱਟੀ। ਚਿੱਟੀ ਪੱਟੀ ਵਿਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ। ਕਈ ਸਾਲਾਂ ਤਕ ਇਹ ਰਾਸ਼ਟਰੀ ਝੰਡਾ ਬਣਿਆ ਰਿਹਾ। 22 ਜੁਲਾਈ 1947 ਨੂੰ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ ਸਾਡੇ ਨੇਤਾਵਾਂ ਨੇ ਇਕ ਵਾਰ ਫਿਰ ਇਸ ਵਿਚ ਫੇਰਬਦਲ ਕਰਦਿਆਂ ਚਰਖੇ ਦੇ ਨਿਸ਼ਾਨ ਨੂੰ ਹਟਾ ਕੇ ਉਸ ਦੇ ਸਥਾਨ 'ਤੇ ਸਾਰਨਾਥ ਸਥਿਤ ਅਸ਼ੋਕ ਮਹਾਨ ਦੀ ਲਾਟ ਤੋਂ ਲਿਆ ਧਰਮ ਚੱਕਰ ਅੰਕਿਤ ਕਰ ਦਿੱਤਾ। ਰਾਸ਼ਟਰੀ ਝੰਡੇ ਦੀਆਂ ਤਿੰਨ ਰੰਗ ਦੀਆਂ ਖਿਤਿਜੀ ਪੱਟੀਆਂ ਦਾ ਆਕਾਰ ਇਕੋ ਜਿੰਨਾ ਹੈ। ਸਭ ਤੋਂ ਉੱਪਰ ਕੇਸਰੀ ਰੰਗ ਦੀ ਪੱਟੀ, ਵਿਚਕਾਰ ਸਫ਼ੈਦ, ਉਸ ਵਿਚਕਾਰ ਚੱਕਰ ਅਤੇ ਹੇਠਾਂ ਹਰੇ ਰੰਗ ਦੀ ਪੱਟੀ। ਸਫ਼ੈਦ ਪੱਟੀ ਵਿਚਕਾਰ ਪੱਟੀ ਦੀ ਚੌੜਾਈ ਦੇ ਬਰਾਬਰ ਵਿਆਸ ਵਾਲੇ ਇਸ ਚੱਕਰ ਵਿਚ 24 ਡੰਡੇ ਹਨ ਜੋ 24 ਘੰਟੇ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਕਰਨ ਦੀ ਨਿਸ਼ਾਨੀ ਦਾ ਪ੍ਰਤੀਕ ਹਨ। ਕੇਸਰੀ ਰੰਗ ਨੂੰ ਬਲੀਦਾਨ ਤੇ ਤਿਆਗ ਦਾ, ਹਰੇ ਰੰਗ ਨੂੰ ਹਰਿਆਲੀ-ਖ਼ੁਸ਼ਹਾਲੀ ਅਤੇ ਬੀਰਤਾ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਅਤੇ ਸਾਂਝਾਂ ਦਾ ਪ੍ਰਤੀਕ ਮੰਨਿਆ ਗਿਆ। 1947 ਤੋਂ ਬਾਅਦ ਇਸ ਝੰਡੇ ਨੂੰ ਹੀ ਸਰਬਸੰਮਤੀ ਨਾਲ ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੂਪ ਵਜੋਂ ਸਵੀਕਾਰ ਕਰ ਲਿਆ ਗਿਆ। ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਤਾਬਕ ਭਾਰਤ ਦਾ ਕੌਮੀ ਝੰਡਾ ਮਹਾਤਮਾ ਗਾਂਧੀ ਵਲੋਂ ਹਰਮਨ-ਪਿਆਰੇ ਬਣਾਏ ਇਕ ਖ਼ਾਸ ਤਰ੍ਹਾਂ ਹੱਥੀਂ ਕੱਤੇ ਗਏ ਕੱਪੜੇ (ਖਾਦੀ) ਤੋਂ ਬਣਦਾ ਹੈ। ਭਾਰਤੀ ਝੰਡਾ ਸੰਹਿਤਾ ਦੁਆਰਾ ਇਸ ਦੀ ਨੁਮਾਇਸ਼ ਅਤੇ ਵਰਤੋਂ ਬਾਰੇ ਖਾਸ ਹਦਾਇਤਾਂ ਹਨ। ਇਸ ਨੂੰ ਦਿਨ ਛਿਪਣ ਤੋਂ ਪਹਿਲਾਂ ਤੱਕ ਲਹਿਰਾਇਆ ਜਾਂਦਾ ਹੈ। ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ।
-ਮੋਬਾਈਲ : 94178-31583