ਬਰਤਾਨਵੀ ਰਾਜ ਤੋਂ ਬਾਅਦ, ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ 'ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ' ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਵਾਇਸਰਾਏ ਇਰਵਿਨ ਦੇ ਨਾਂਅ 'ਤੇ ਬਣੇ ਸਟੇਡੀਅਮ ਵਿਚ ਇਹ ਜਸ਼ਨ ਹੋਏ ਸਨ। ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਹੈ।
ਵੀਰਵਾਰ, 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਚਮਾਉਂਦੇ ਗੁੰਬਦਾਂ ਵਾਲੇ ਦਰਬਾਰ ਹਾਲ ਵਿਚ 10 ਵੱਜ ਕੇ 18 ਮਿੰਟ 'ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ।
ਛੇ ਮਿੰਟ ਮਗਰੋਂ ਡਾ. ਰਾਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਇਸ ਭਾਗਾਂ ਭਰੇ ਮੌਕੇ 'ਤੇ 10:30 ਵਜੇ ਤੋਂ ਥੋੜ੍ਹੇ ਕੁ ਸਮੇਂ ਮਗਰੋਂ 31 ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ।
ਇਕ ਬੇਹੱਦ ਪ੍ਰਭਾਵਸ਼ਾਲੀ ਸਹੁੰ ਚੁੱਕ ਰਸਮ ਮੌਕੇ ਸੇਵਾਮੁਕਤ ਹੋ ਰਹੇ ਗਵਰਨਰ-ਜਨਰਲ ਸੀ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ- ਭਾਰਤ ਦਾ ਐਲਾਨਨਾਮਾ ਪੜ੍ਹਿਆ।
ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਤੇ ਆਪਣਾ ਸੰਖੇਪ ਜਿਹਾ ਭਾਸ਼ਨ ਪਹਿਲਾਂ ਹਿੰਦੀ ਭਾਸ਼ਾ ਵਿਚ ਤੇ ਫਿਰ ਅੰਗਰੇਜ਼ੀ ਭਾਸ਼ਾ ਵਿਚ ਦਿੱਤਾ।
ਸਹੀ 2:30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ਵਿਚੋਂ ਇਕ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿਚ ਬਾਹਰ ਆਏ।
ਇਸ ਬੱਘੀ ਨੂੰ ਛੇ ਹੱਟੇ-ਕੱਟੇ ਆਸਟਰੇਲਿਆਈ ਘੋੜੇ ਜੋੜੇ ਹੋਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਤੇ ਜੋ ਸੰਭਵ ਥਾਵਾਂ ਸਨ, 'ਤੇ ਚੜ੍ਹ ਕੇ ਖੁਸ਼ੀ ਵਿਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋੜ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ। ਪੂਰੇ 3:45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿਚ ਪੁੱਜੀ ਜਿੱਥੇ 3000 ਅਫ਼ਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲੀਸ ਰਸਮੀ ਪਰੇਡ ਲਈ ਤਣੇ ਹੋਏ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫ਼ੌਜੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰ ਵਾਲਾ ਵਲੋਂ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ। ਸਟੇਡੀਅਮ ਵਿਚ ਪੁਰਾਣੇ ਕਿਲੇ ਦੇ ਪਿਛੋਕੜ ਵਿਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਡਾ. ਰਾਜਿੰਦਰ ਪ੍ਰਸਾਦ (ਹੁਣ ਦੇ ਵਿਜੇ ਚੌਕ ਵਿਚ ਬਿਨਾਂ ਕਿਸੇ ਸੁਰੱਖਿਆ ਦੇ) ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨਦੇ ਹਨ।
ਅੱਜ ਭਾਰਤ ਦਾ 73ਵਾਂ ਗਣਤੰਤਰਤਾ ਦਿਵਸ ਦੇਸ਼ ਭਰ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਾਵੇਂ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਬਾਅਦ ਆਜ਼ਾਦ ਹੋ ਗਿਆ ਸੀ, ਪਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ 'ਤੇ ਹੀ ਭਾਰਤ ਗਣਰਾਜ ਬਣਿਆ ਸੀ। ਇਸ ਤਰ੍ਹਾਂ ਭਾਰਤੀ ਇਤਿਹਾਸ ਵਿਚ ਭਾਰਤੀ ਗਣਤੰਤਰਤਾ ਦਿਵਸ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ।
ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਹੈ ਕਿ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤੀ ਸੰਵਿਧਾਨ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਸੰਵਿਧਾਨ ਨਿਰਮਾਣ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ, 1946 ਨੂੰ ਡਾ. ਸਚਿਦਾਨੰਦ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਸੀ। 11 ਦਸੰਬਰ, 1946 ਨੂੰ ਡਾ. ਰਾਜਿੰਦਰ ਪ੍ਰਸ਼ਾਦ ਭਾਰਤੀ ਸੰਵਿਧਾਨ ਨਿਰਮਾਣ ਸਭਾ ਦੇ ਸਥਾਈ ਪ੍ਰਧਾਨ ਚੁਣੇ ਗਏ ਸਨ। ਭਾਰਤੀ ਸੰਵਿਧਾਨ ਨਿਰਮਾਣ ਸਭਾ ਵਿਚ 29 ਅਗਸਤ, 1947 ਨੂੰ ਡਾ. ਬੀ. ਆਰ. ਅੰਬੇਡਕਰ ਦੀ ਅਗਵਾਈ ਵਿਚ ਖਰੜਾ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਦੇ ਚੇਅਰਮੈਨ ਡਾ ਅੰਬੇਡਕਰ ਸਨ ਅਤੇ ਬੀ. ਐਲ. ਮਿੱਤਰ, ਐਨ. ਗੋਪਾਲਸਵਾਮੀ ਆਯੰਗਰ, ਅਲਾਦੀ ਕ੍ਰਿਸ਼ਨਾਸਵਾਮੀ ਆਯਰ, ਕੇ. ਐਮ. ਮੁਨਸ਼ੀ, ਸਈਅਦ ਮੁਹੰਮਦ ਸਾਦਉਲਾ, ਐਨ ਮਾਧਵ ਰਾਓ ਅਤੇ ਡੀ. ਪੀ. ਖੇਤਾਨ ਖਰੜਾ ਕਮੇਟੀ ਦੇ ਮੈਂਬਰ ਸਨ। ਸ੍ਰੀ ਡੀ. ਪੀ. ਖੇਤਾਨ ਦੀ ਮੌਤ ਤੋਂ ਬਾਅਦ ਸ੍ਰੀ ਟੀ. ਟੀ. ਕ੍ਰਿਸ਼ਨਾਮਚਾਰੀ ਨੂੰ ਮੈਂਬਰ ਬਣਾਇਆ ਗਿਆ। ਸ੍ਰੀ ਬੀ. ਐਨ. ਰਾਓ ਨੇ ਇਸ ਕਮੇਟੀ ਨਾਲ ਸਬੰਧਿਤ ਮੁੱਖ ਸੰਵਿਧਾਨਕ ਸਲਾਹਕਾਰ ਵਜੋਂ ਕੰਮ ਕੀਤਾ।
ਖਰੜਾ ਕਮੇਟੀ ਨੇ ਆਪਣੀ ਰਿਪੋਰਟ 21 ਫਰਵਰੀ, 1948 ਨੂੰ ਸੰਵਿਧਾਨ ਨਿਰਮਾਣ ਸਭਾ ਨੂੰ ਪੇਸ਼ ਕੀਤੀ। ਬਹਿਸ ਤੋਂ ਬਾਅਦ ਖਰੜਾ ਕਮੇਟੀ ਨੇ ਆਪਣੀ ਨਵੀਂ ਰਿਪੋਰਟ 4 ਨਵੰਬਰ, 1948 ਨੂੰ ਸਭਾ ਕੋਲ ਪੇਸ਼ ਕੀਤੀ। ਕੁੱਲ 7635 ਸੋਧਾਂ ਪੇਸ਼ ਹੋਈਆਂ ਅਤੇ 2473 ਸੋਧਾਂ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ। 26 ਨਵੰਬਰ, 1949 ਨੂੰ ਸੰਵਿਧਾਨ ਨੂੰ ਅੰਤਿਮ ਰੂਪ ਵਿਚ ਅਪਣਾ ਲਿਆ ਗਿਆ। 24 ਜਨਵਰੀ, 1950 ਨੂੰ ਸੰਵਿਧਾਨ ਸਭਾ ਦਾ ਆਖਰੀ ਇਜਲਾਸ ਹੋਇਆ, ਜਿਸ ਵਿਚ ਡਾ. ਰਾਜਿੰਦਰ ਪ੍ਰਸ਼ਾਦ ਨੂੰ ਸਰਵ-ਸੰਮਤੀ ਨਾਲ ਭਾਰਤੀ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਚੁਣ ਲਿਆ ਗਿਆ ਸੀ। 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਰਤ ਦੇ ਲੋਕਾਂ ਵਲੋਂ 26 ਜਨਵਰੀ, 1930 ਨੂੰ ਪੂਰਨ ਸਵਰਾਜ ਪ੍ਰਾਪਤ ਕਰਨ ਦੀ ਚੁੱਕੀ ਸਹੁੰ ਪੂਰੀ ਕਰ ਲਈ ਗਈ। ਸੰਵਿਧਾਨ ਨਿਰਮਾਣ ਸਭਾ ਨੂੰ ਸੰਵਿਧਾਨ ਤਿਆਰ ਕਰਨ ਲਈ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ। ਇਸ ਦੇ 11 ਪਲੈਨਰੀ ਇਜਲਾਸ ਹੋਏ ਅਤੇ 114 ਦਿਨ ਵਿਚਾਰ-ਵਟਾਂਦਰਾ ਹੋਇਆ। ਸੰਵਿਧਾਨ ਤਿਆਰ ਕਰਨ ਲਈ 63, 96, 273 ਰੁਪਏ ਖਰਚ ਹੋਏ ਸਨ। ਭਾਰਤੀ ਸੰਵਿਧਾਨ ਦੀਆਂ 395 ਧਰਾਵਾਂ ਅਤੇ 12 ਅਨੁਸੂਚੀਆਂ ਹਨ। ਭਾਰਤੀ ਸੰਵਿਧਾਨ ਆਪਣੇ ਨਾਗਰਿਕਾਂ ਨੂੰ 6 ਮੌਲਿਕ ਅਧਿਕਾਰ- ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਭਾਰਤ ਭੂਗੋਲਿਕ ਅਤੇ ਸੱਭਿਆਚਾਰਕ ਤੌਰ 'ਤੇ ਭਿੰਨਤਾਵਾਂ ਭਰਪੂਰ ਦੇਸ਼ ਹੈ, ਜਿਸ ਵਿਚ ਕਈ ਧਰਮਾਂ, ਨਸਲਾਂ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਡਾ. ਭੀਮ ਰਾਓ ਅੰਬੇਡਕਰ ਦੀ ਦੂਰ-ਦ੍ਰਿਸ਼ਟੀ ਕਾਰਨ ਭਾਰਤੀ ਸੰਵਿਧਾਨ ਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ 'ਤੇ ਪੂਰਾ ਉੱਤਰਿਆ ਹੈ ਅਤੇ ਦੇਸ਼ ਨੂੰ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਿਆ ਹੈ। ਅੱਜ ਗਣਤੰਤਰਤਾ ਦਿਵਸ ਮੌਕੇ ਦੇਸ਼ ਭਰ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਪਬਲਿਕ ਸਥਾਨਾਂ 'ਤੇ ਝੰਡੇ ਲਹਿਰਾਏ ਜਾ ਰਹੇ ਹਨ। ਭਾਰਤ ਤਿਰੰਗੇ ਦੇ ਰੰਗਾਂ ਵਿਚ ਰੰਗਿਆ ਜਾਵੇਗਾ ਅਤੇ ਰਾਸ਼ਟਰੀ ਗੀਤ ਦੀਆਂ ਧੁਨਾਂ ਪੂਰੇ ਦੇਸ਼ ਵਿਚ ਗੂੰਜਣਗੀਆਂ। ਕੌਮੀ ਪੱਧਰ ਦਾ ਗਣਤੰਤਰਤਾ ਦਿਵਸ ਦੇਸ਼ ਦੀ ਰਾਜਧਾਨੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਕੌਮੀ ਝੰਡਾ ਲਹਿਰਾਉਣਗੇ। ਇਸ ਸ਼ੁਭ ਮੌਕੇ ਤੇ ਦੇਸ਼ ਦੇ ਸੁਰੱਖਿਆ ਬਲ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ। ਵੱਖ-ਵੱਖ ਰਾਜਾਂ ਅਤੇ ਵਿਭਾਗਾਂ ਵਲੋਂ ਆਪਣੇ ਸੱਭਿਆਚਾਰ ਅਤੇ ਵਿਕਾਸ ਨੂੰ ਦਰਸਾਉਂਦੀਆਂ ਝਲਕੀਆਂ ਪੇਸ਼ ਕੀਤੀਆਂ ਜਾਦੀਆਂ। ਹਰ ਸਾਲ ਵਾਂਗ ਇਸ ਵਾਰ ਦੇਸ਼ ਭਰ ਵਿਚ ਬਹਾਦਰੀ ਵਾਲੇ ਕੰਮ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਭਾਰਤੀ ਸੰਵਿਧਾਨ ਹੀ ਦੇਸ਼ ਆਨ, ਸ਼ਾਨ, ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਭਾਰਤੀ ਲੋਕਤੰਤਰ ਨੂੰ ਕਈ ਪਾਸਿਆਂ ਤੋਂ ਚਣੌਤੀਆਂ ਮਿਲ ਰਹੀਆਂ ਹਨ। ਅੱਜ ਇਹੋ ਜਿਹੇ ਹਾਲਾਤ ਬਣ ਚੁੱਕੇ ਹਨ, ਦੇਸ਼ ਦੀ ਵੱਡੀ ਆਬਾਦੀ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅੰਧਵਿਸ਼ਵਾਸ , ਬਿਮਾਰੀਆਂ ਨੇ ਘੇਰੀ ਹੋਈ ਹੈ। ਰਾਜਸੀ ਲੋਕਾਂ ਅਤੇ ਆਮ ਆਦਮੀ ਵਿਚ ਬੜੀ ਦੂਰੀ ਹੈ। ਹਰ ਭ੍ਰਿਸ਼ਟ ਆਦਮੀ ਨੇ ਸਿਆਸੀ ਸ਼ਕਤੀ ਅਤੇ ਦਾਬਾ ਕਾਇਮ ਕਰ ਲਿਆ ਹੈ ਜੋ ਸਿਹਤਮੰਦ ਲੋਕਤੰਤਰ ਲਈ ਖਤਰਾ ਹੈ। ਸਾਨੂੰ ਸਾਰਿਆਂ ਨੂੰ ਹੀ ਭਾਰਤੀ ਲੋਕਤੰਤਰ ਨੂੰ ਹਮੇਸ਼ਾਂ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਰਮਾਏਦਾਰਾਂ ਦੀ ਰਾਜਤੰਤਰੀ ਸੋਚ ਤੋਂ ਦੇਸ਼ ਨੂੰ ਬਚਾਇਆ ਜਾ ਸਕੇ।
ਆਓ, ਗਣਤੰਤਰਤਾ ਦਿਵਸ ਮੌਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਸੰਵਿਧਾਨ ਦਾ ਸਤਿਕਾਰ ਕਰੀਏ। ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਦਾ ਪ੍ਰਣ ਕਰੀਏ।
-ਮੋਬਾਈਲ : 98780-23768