ਆਜ਼ਾਦੀ ਲੱਖਾਂ ਨਿਹਮਤਾਂ ਵਿਚੋਂ ਸਭ ਤੋਂ ਵੱਡੀ ਨਿਹਮਤ ਹੈ | ਆਪਣੇ ਦੇਸ਼ ਦੀ ਆਜ਼ਾਦ ਫ਼ਿਜ਼ਾ ਵਿਚ ਵਿਚਰਨ ਦੇ ਅਨੁਭਵ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਦਾ ਤਾਂ ਕੇਵਲ ਅਹਿਸਾਸ ਹੀ ਕੀਤਾ ਜਾ ਸਕਦਾ ਹੈ | ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਤੇ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਇਕ ਕਵਿਤਾ ਵਿਚ ਆਜ਼ਾਦੀ ਤੇ ਗੁਲਾਮੀ ਦੇ ਅਹਿਸਾਸ ਸੰਬੰਧੀ ਲਿਖਦਿਆਂ ਬਿਆਨ ਕੀਤਾ ਹੈ ; ਜਿੰਨਾ ਸਰੇ ਸ਼ੇਰਾ ਹੀਲਾ ਕਰਨ ਚੰਗਾ, ਸੀਤਲ ਏਸ ਗੁਲਾਮੀ ਦੇ ਜਿਊਣ ਨਾਲੋਂ, ਲੱਖਾਂ ਹਿੱਸੇ ਆਜ਼ਾਦੀ ਦਾ ਮਰਨ ਚੰਗਾ | ਕਿਸੇ ਦੀ ਗੁਲਾਮੀ ਸਹਿੰਦਿਆਂ ਮਨ ਵਿਚ ਆਜ਼ਾਦੀ ਦੀ ਜਿਹੜੀ ਤੜਪ ਪੈਦਾ ਹੁੁੰਦੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਇਸੇ ਕਾਰਨ ਹੀ ਕਿਸੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਸਿਰਲੱਥ ਯੋਧੇ ਆਪਣੇ ਖੁਨ ਦੀ ਆਹੂਤੀ ਦੇਣ ਤੋਂ ਵੀ ਕਦੇ ਨਹੀਂ ਝਿਜਕਦੇ |
ਭਾਰਤੀਆਂ ਨੇ ਗੁਲਾਮੀ ਦਾ ਬਹੁਤ ਲੰਮਾ ਜਬਰ ਆਪਣੇ ਪਿੰਡੇ 'ਤੇ ਹੰਢਾਇਆ ਹੈ | ਬਹੁਤ ਲੰਮੀ ਤੇ ਸੰਘਰਸ਼ਪੂਰਨ ਲੜਾਈ ਤੋਂ ਬਾਅਦ ਹੀ ਗੁਲਾਮੀ ਦੀ ਕਾਲੀ ਬੋਲੀ ਰਾਤ ਨੂੰ ਸਿਰਲੱਥ ਯੋਧਿਆਂ ਅਤੇ ਸ਼ਹੀਦਾਂ ਨੇ ਆਪਣੀ ਜਾਨ ਦੀ ਆਹੂਤੀ ਦੇ ਕੇ ਆਜ਼ਾਦੀ ਦੇ ਚਾਨਣ ਵਿਚ ਬਦਲਿਆ | ਫਾਂਸੀਆਂ ਦੇ ਰੱਸੇ ਆਪਣੇ ਗਲਾਂ 'ਚ ਪਾਉਣ ਵਾਲੇ ਸੂਰਬੀਰਾਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਬਹਾਦਰਾਂ, ਗ਼ਦਰੀ ਯੋਧਿਆਂ ਤੇ ਆਜ਼ਾਦੀ ਦੇ ਘੋਲ ਵਿਚ ਸਿਰ ਤਲੀ 'ਤੇ ਧਰ ਕੇ ਸ਼ਹਾਦਤਾਂ ਦੇਣ ਵਾਲੇ ਆਜ਼ਾਦੀ ਦੇ ਪ੍ਰਵਾਨਿਆਂ ਅੱਗੇ ਹਰ ਦੇਸ਼ ਵਾਸੀ ਦਾ ਸਿਰ ਝੁਕਦਾ ਹੈ | ਅਸਲ ਸਵਾਲ ਤਾਂ ਇਹ ਹੈ ਕਿ ਕੀ ਸ਼ਹੀਦਾਂ ਨੇ ਅਜਿਹੀ ਆਜ਼ਾਦੀ ਦੀ ਕਾਮਨਾ ਕੀਤੀ ਸੀ, ਜਿਸ ਤਰ੍ਹਾਂ ਦੀ ਦੇਸ਼ ਦੀ ਸਥਿਤੀ ਬਣੀ ਹੋਈ ਹੈ | ਇਹ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਹਰਗਿਜ਼ ਨਹੀਂ ਹੈ |
ਬਿਨਾਂ ਸ਼ੱਕ ਆਜ਼ਾਦੀ ਤੋਂ ਬਾਅਦ ਦੇਸ਼ ਨੇ ਵਿਕਾਸ ਦੀਆਂ ਕਈ ਮੰਜ਼ਿਲਾਂ ਤੈਅ ਕੀਤੀਆਂ ਹਨ | ਪਰ ਇਹ ਤਰੱਕੀ ਬਹੁਤ ਘੱਟ ਨਜ਼ਰ ਆਉਂਦੀ ਹੈ | ਮਿਹਨਤਕਸ਼, ਕਿਸਾਨ, ਕਿਰਤੀ ਕਾਮਿਆਂ ਦਾ ਜੀਵਨ ਅੱਜ ਵੀ ਸੰਕਟਾਂ ਵਿਚ ਘਿਰਿਆ ਹੋਇਆ ਹੈ | ਆਜ਼ਾਦੀ ਪ੍ਰਾਪਤੀ ਤੋਂ ਬਾਅਦ ਪੌਣੀ ਸਦੀ ਦਾ ਸਮਾਂ ਬੀਤ ਚੁੱਕਾ ਹੈ | ਇਹ ਸਮਾਂ ਭਾਵੇਂ ਬਹੁਤਾ ਨਹੀਂ, ਪਰ ਏਨਾ ਘੱਟ ਵੀ ਨਹੀਂ ਕਿ ਦੇਸ਼ ਦੇ ਕਰੋੜਾਂ ਲੋਕ ਏਨੀ ਲੰਮੀ ਆਜ਼ਾਦੀ ਤੋਂ ਬਾਅਦ ਵੀ ਜ਼ਿੰਦਗੀ ਜਿਊਣ ਦੀਆਂ ਬੁਨਿਆਦੀ ਲੋੜਾਂ ਤੋਂ ਪੂਰੀ ਤਰ੍ਹਾਂ ਵਿਰਵੇ ਰਹਿਣ | ਅੰਤਾਂ ਦੀ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆਏ ਕਰੋੜਾਂ ਲੋਕ, ਸਿਆਸੀ ਨੇਤਾਵਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀ ਬਦੌਲਤ ਸਾਹਮਣੇ ਆਏ ਅਨੇਕਾਂ ਅਨੇਕ ਘੁਟਾਲੇ, ਦੇਸ਼ ਦੀ ਰਗ ਰਗ ਵਿਚ ਸਮਾਇਆ ਭਿ੍ਸ਼ਟਾਚਾਰ, ਅਨਪੜ੍ਹਤਾ, ਗ਼ੈਰ-ਵਿਗਿਆਨਕਤਾ ਤੇ ਤਰਕਹੀਣਤਾ, ਜਾਤਪਾਤ ਦੀ ਲਾਹਣਤ, ਧਾਰਮਿਕ ਕੱਟੜਤਾ ਆਦਿ ਨੂੰ ਹੀ ਸਾਡੇ ਨੇਤਾ ਆਜ਼ਾਦੀ ਦੀਆਂ 'ਪ੍ਰਾਪਤੀਆਂ' ਕਹਿਣ ਵਿਚ ਮਾਣ ਮਹਿਸੂਸ ਕਰਦੇ ਹਨ |
ਆਜ਼ਾਦੀ ਦੀ ਪ੍ਰਾਪਤੀ ਦੇ ਲੰਮੇ ਸੰਘਰਸ਼ ਦੌਰਾਨ ਜਾਨਾਂ ਵਾਰਨ ਵਾਲੇ ਸਿਰਲੱਥ ਯੋਧਿਆਂ, ਸ਼ਹੀਦਾਂ, ਗ਼ਦਰੀ ਬਾਬਿਆਂ ਤੇ ਹੋਰ ਅਨੇਕਾਂ ਲਹਿਰਾਂ ਨਾਲ ਜੁੜੇ ਆਜ਼ਾਦੀ ਦੇ ਪਰਵਾਨਿਆਂ ਨੇ, ਗੁਲਾਮੀ ਦੀਆਂ ਜ਼ੰਜੀਰਾਂ ਤੋੜਦਿਆਂ, ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਧਰਤੀ 'ਤੇ ਆਪਣੇ ਲੋਕਾਂ ਲਈ ਜਿਹੜੇ ਸੁਪਨੇ ਸਿਰਜੇ ਸਨ, ਉਹ ਬਹੁਤ ਹੱਦ ਤੱਕ ਬਿਖਰ ਗਏ ਹਨ | ਇਸ ਆਜ਼ਾਦੀ ਨੇ ਆਮ ਬੰਦੇ ਦੇ ਅੰਦਰਲੇ ਸਭ ਚਾਅ, ਰੀਝਾਂ, ਉਮੰਗਾਂ ਤੇ ਸੁਪਨਿਆਂ ਨੂੰ ਬਹੁਤ ਹੱਦ ਤੱਕ ਮਿੱਟੀ 'ਚ ਮਿਲਾ ਦਿੱਤਾ ਹੈ | ਐਸ਼-ਪ੍ਰਸਤੀ ਦਾ ਜੀਵਨ ਜਿਊਣ ਵਾਲਿਆਂ ਦਾ ਭਾਰਤ ਹੋਰ ਹੈ ਤੇ ਗਰੀਬਾਂ, ਅਣਹੋਇਆਂ, ਨਿਮਾਣਿਆਂ, ਨਿਤਾਣਿਆਂ ਤੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਸੱਖਣੇ ਆਮ ਲੋਕਾਂ ਦਾ ਭਾਰਤ ਹੋਰ ਹੈ | ਸਾਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੀ ਕਿਸਾਨੀ ਦੀ ਹਾਲਤ ਬਦਤਰ ਹੋ ਚੁੱਕੀ ਹੈ, ਪਰ ਹਕੂਮਤ ਨੂੰ ਕੋਈ ਚਿੰਤਾ ਨਹੀਂ |
ਆਰਥਿਕ ਪਾੜਾ ਏਨਾ ਵਧ ਚੁੱਕਾ ਹੈ ਕਿ ਕਰੋੜਾਂ ਲੋਕ ਗਰੀਬੀ ਦੀ ਦਲਦਲ ਵਿਚ ਧਸੇ ਹੋਏ ਹਨ | | ਦੇਸ਼ ਦੀ ਕੁੱਲ ਆਮਦਨ ਦਾ 73 ਫ਼ੀਸਦੀ ਹਿੱਸਾ ਕੇਵਲ 1 ਫ਼ੀਸਦੀ ਅਮੀਰਾਂ ਦੇ ਕੋਲ ਹੈ | ਆਕਸਫੈਮ ਦੀ ਰਿਪੋਰਟ ਅਨੁਸਾਰ ਦੇਸ਼ ਦੇ ਕੇਵਲ 57 ਧਨਾਢਾਂ ਕੋਲ ਦੇਸ਼ ਦੀ 70 ਫ਼ੀਸਦੀ ਆਬਾਦੀ ਦੇ ਬਰਾਬਰ ਦੌਲਤ ਦੇ ਭੰਡਾਰ ਹਨ | ਭਾਰਤ ਮਹਾਨ ਦੇ 1 ਫ਼ੀਸਦੀ ਅਰਬਪਤੀਆਂ ਨੇ ਹੀ ਦੇਸ਼ ਦਾ 58 ਫ਼ੀਸਦੀ ਸਰਮਾਇਆ ਹੜੱਪਿਆ ਹੋਇਆ ਹੈ | ਇਕ ਅਨੁਮਾਨ ਅਨੁਸਾਰ ਭਾਰਤ ਵਿਚ ਦੁਨੀਆ ਦੀ ਸਭ ਤੋਂ ਵੱਧ ਭੁੱਖਮਰੀ ਹੈ | ਸੰਸਾਰ ਭੁੱਖਮਰੀ ਸੂਚਕ ਅੰਕ ਦੇ ਅੰਕੜਿਆਂ ਅਨਸਾਰ ਭਾਰਤ ਮਹਾਨ 2023 ਵਿਚ 125 ਦੇਸ਼ਾਂ ਵਿਚੋਂ 111ਵੇਂ ਸਥਾਨ 'ਤੇ ਸੀ | ਦੇਸ਼ ਵਿਚ 19.44 ਕਰੋੜ ਲੋਕਾਂ ਨੂੰ ਪੌਸ਼ਟਿਕ ਭੋਜਨ ਨਹੀਂ ਮਿਲਦਾ | ਮਨੁੱਖੀ ਵਿਕਾਸ ਸੂਚਕ ਅੰਕ ਸਰਵੇਖਣ ਅਨੁਸਾਰ ਭਾਰਤ 191 ਦੇਸ਼ਾਂ ਵਿਚੋਂ 132ਵੇਂ ਸਥਾਨ ਉੱਤੇ ਹੈ | ਪ੍ਰਤੀ ਵਿਅਕਤੀ ਆਮਦਨ ਦੀ ਦਰਜਾਬੰਦੀ ਦੇ ਪੱਖ ਤੋਂ ਸਾਡਾ ਦੇਸ਼, 193 ਦੇਸ਼ਾਂ ਵਿਚੋਂ 145ਵੇਂ ਨੰਬਰ 'ਤੇ ਹੈ | 40 ਕਰੋੜ ਤੋਂ ਵੱਧ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਦੇ ਦਿਨ ਕੱਟ ਰਹੇ ਹਨ | ਸੰਸਾਰ ਬੈਂਕ ਅਨੁਸਾਰ ਦੁਨੀਆ ਦੇ 49 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 34 ਫ਼ੀਸਦੀ ਭਾਰਤ ਵਿਚ ਹਨ | ਕਰੋੜਾਂ ਦੇਸ਼ਵਾਸੀ ਅੱਜ ਵੀ ਅਨਪੜ੍ਹਤਾ ਤੇ ਬਿਮਾਰੀਆਂ ਦੀ ਜਕੜ ਵਿਚ ਫਾਥੇ ਹੋਏ ਹਨ |
ਦੇਸ਼ ਵਿਚ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਹੈ | ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ | ਕੇਂਦਰੀ ਹਕੂਮਤ ਨੇ ਕੁਝ ਸਾਲ ਪਹਿਲਾਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ | ਪਰ ਸਰਕਾਰਾਂ ਨੇ ਨੌਕਰੀਆਂ ਦੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਹਨ | ਦੇਸ਼ ਵਿਚ ਬੇਰੁਜ਼ਗਾਰੀ ਦੀ ਇੰਤਹਾ ਇਹ ਹੈ ਕਿ ਕੁਝ ਸਾਲ ਪਹਿਲਾਂ ਤਾਮਿਲਨਾਡੂ ਵਿਚ ਟਾਈਪਿਸਟਾਂ, ਪਟਵਾਰੀਆਂ ਤੇ ਸਟੈਨੋਗ੍ਰਾਫਰਾਂ ਦੀਆਂ 9500 ਅਸਾਮੀਆਂ ਲਈ, 20 ਲੱਖ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ | ਅਰਜ਼ੀ ਦੇਣ ਵਾਲਿਆਂ ਵਿਚ 990 ਪੀ.ਐਚ.ਡੀ ਸਕਾਲਰ, 23 ਹਜ਼ਾਰ ਐਮ.ਫਿਲ, 2.50 ਲੱਖ ਤੋਂ ਵੱਧ ਪੋਸਟ ਗਰੈਜੂਏਟ ਅਤੇ 8 ਲੱਖ ਗਰੈਜੂਏਟ ਸ਼ਾਮਿਲ ਸਨ | ਇਸ ਤੋਂ ਅਨੁਮਾਨ ਲਾਉਣਾ ਔਖਾ ਨਹੀਂ ਕਿ ਦੇਸ਼ ਵਿਚ ਬੇਰੁਜ਼ਗਾਰੀ ਦੀ ਇਹ ਹਾਲਤ ਕਿੰਨਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ | ਸਰਕਾਰ ਡਿਗਰੀਆਂ ਪ੍ਰਾਪਤ ਬੇਰੁਜ਼ਗਾਰਾਂ ਨੂੰ ਪਕੌੜਿਆਂ ਦੀ ਰੇਹੜੀ ਲਾਉਣ ਦੇ ਮਸ਼ਵਰੇ ਦੇ ਕੇ ਇਕ ਤਰ੍ਹਾਂ ਜ਼ਲੀਲ ਕਰ ਰਹੀ ਹੈ | ਦੇਸ਼ ਦੇ 60 ਲੱਖ ਤੋਂ ਵੱਧ ਲੋਕ ਪੀਣ ਵਾਲੇ ਸ਼ੁੱਧ ਤੇ ਸਾਫ ਪਾਣੀ ਲਈ ਤਰਸ ਰਹੇ ਹਨ ਤੇ 2030 ਤੱਕ ਇਸ ਸੰਕਟ ਦੇ ਵਿਕਰਾਲ ਰੂਪ ਧਾਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ |
ਦੇਸ਼ ਨੂੰ ਮਨਮਾਨੇ ਤੇ ਤਾਨਾਸ਼ਾਹੀ ਢੰਗ ਨਾਲ ਚਲਾਇਆ ਜਾ ਰਿਹਾ ਹੈ | ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ | ਮਨਮਾਨੇ ਢੰਗ ਨਾਲ ਕਾਲੇ ਕਾਨੂੰਨਾਂ ਦੇ ਹਥਿਆਰ ਨਾਲ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ | ਨਵੀਂ ਸਿੱਖਿਆ ਨੀਤੀ, ਕਿਰਤ ਕਾਨੂੰਨਾਂ ਤੇ ਨਵੀਂ ਨਿਆਂ ਵਿਵਸਥਾ ਵਿਚ ਮਨਮਰਜ਼ੀ ਦੀਆਂ ਸੋਧਾਂ ਕਰਕੇ, ਵਿਰੋਧ ਦੀਆਂ ਆਵਾਜ਼ਾਂ ਬੰਦ ਕਰਨ ਲਈ ਕਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਤੇ ਵਿਰੋਧ ਪ੍ਰਗਟ ਕਰਨ 'ਤੇ ਵੱਖਰੀ ਰਾਇ ਰੱਖਣ ਵਾਲਿਆਂ ਨੂੰ ਬਿਨਾਂ ਕਿਸੇ ਅਪੀਲ ਦਲੀਲ ਦੇ ਜੇਲ੍ਹਾਂ ਵਿਚ ਡੱਕਣ ਜਿਹੀਆਂ ਘਟਨਾਵਾਂ, ਦੇਸ਼ ਦੇ ਲੋਕਤੰਤਰੀ ਸਰੂਪ 'ਤੇ ਸਿੱਧਾ ਹਮਲਾ ਹੈ | ਅਜੇ ਵੀ ਦੇਸ਼ ਵਿਚ ਨਫ਼ਰਤੀ ਮਾਹੌਲ ਵਿਚ ਕੋਈ ਕਮੀ ਨਹੀਂ ਆਈ | ਦੇਸ਼ ਵਿਚ ਧਰਮ ਦੇ ਨਾਂਅ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ | ਸਦੀਆਂ ਤੋਂ ਇਕੱਠੇ ਰਹਿ ਰਹੇ ਮੁਸਲਮਾਨਾਂ ਤੇ ਹਿੰਦੂਆਂ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਪਾ ਕੇ, ਵੋਟ ਰਾਜਨੀਤੀ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ | ਨਵੀਂ ਸਰਕਾਰ ਬਣਾਉਣ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਨਫ਼ਰਤ ਦਾ ਬੋਲਬਾਲਾ ਨਿਰੰਤਰ ਜਾਰੀ ਹੈ | ਦੇਸ਼ ਦੇ ਸੰਵਿਧਾਨ ਦੀ ਭਾਵਨਾ ਦੇ ਉਲਟ ਧਰਮਾਂ ਦੇ ਨਾਂਅ 'ਤੇ ਫਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ | ਘੱਟ-ਗਿਣਤੀਆਂ ਤੇ ਦਲਿਤਾਂ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ | ਰਾਸ਼ਟਰਵਾਦ ਦੇ ਨਾਂਅ 'ਤੇ ਇਹ ਦਰਸਾਇਆ ਜਾ ਰਿਹਾ ਹੈ ਕਿ ਇਹ ਦੇਸ਼ ਕਿਸੇ ਖਾਸ ਧਰਮ ਵਾਲੇ ਲੋਕਾਂ ਦੀ ਜਗੀਰ ਹੈ | ਆਪਣੇ ਵਿਚਾਰਾਂ ਨੂੰ ਸਹੀ ਸਿੱਧ ਕਰਨ ਦੀ ਧੌਂਸ ਕਾਰਨ ਸਹਿਣਸ਼ੀਲਤਾ ਦੀ ਭਾਵਨਾ ਅਲੋਪ ਹੁੰਦੀ ਜਾ ਰਹੀ ਹੈ | ਇਹ ਦੇਸ਼ ਸਭ ਦਾ ਸਾਂਝਾ ਹੈ | ਸਾਧਾਰਨ ਨਾਗਰਿਕ ਨੇ ਵੀ ਆਪਣੀ ਸਮਰੱਥਾ ਅਨੁਸਾਰ ਇਸ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾਇਆ ਹੈ | ਇਹ ਵਰਤਾਰਾ ਸਾਡੇ ਦੇਸ਼ ਦੀ ਸਾਂਝੀ ਵਿਰਾਸਤ ਦੀ ਮੂਲ ਭਾਵਨਾ ਦੇ ਉਲਟ ਹੈ | ਇਸ ਦੇਸ਼ ਨੂੰ ਪਿਆਰ ਕਰਨ ਵਾਲੇ ਹਰ ਬਸ਼ਿੰਦੇ ਨੂੰ ਦੇਸ਼ ਵਿਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਦੀ ਫਿਕਰਮੰਦੀ ਹੈ |
ਅੱਜ ਵਿਸ਼ਵੀਕਰਨ ਦੀ ਆੜ ਵਿਚ ਬਹੁਕੌਮੀ ਕੰਪਨੀਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ | ਚੰਗੇ ਭਲੇ ਚਲਦੇ ਪਬਲਿਕ ਖੇਤਰ ਦੇ ਅਦਾਰੇ ਵੇਚੇ ਜਾ ਰਹੇ ਹਨ | ਖਾਣ ਵਾਲੇ ਪਦਾਰਥਾਂ, ਦਵਾਈਆਂ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਪਰ ਸਰਕਾਰ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਦੀ | ਇਸ ਸਮੇਂ ਸਭ ਤੋਂ ਵੱਡੀ ਲੋੜ, ਸ਼ਹਾਦਤਾਂ ਦੇ ਖ਼ੂਨ ਨਾਲ ਸਿੰਜ ਕੇ ਪ੍ਰਾਪਤ ਕੀਤੀ ਆਜ਼ਾਦੀ ਨੂੰ ਬਚਾਉਣ ਦੀ ਹੈ | ਇਸ ਦੇਸ਼ ਨੂੰ ਬਚਾਉਣ ਲਈ ਸਭ ਵੈਰ-ਵਿਰੋਧ ਇਕ ਪਾਸੇ ਰੱਖ ਕੇ ਇੱਕਮੁੱਠ ਹੋ ਕੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ ਹੈ | ਇਹ ਦੇਸ਼ ਸਦਾ ਸਲਾਮਤ ਰਹੇ ਤੇ ਦੇਸ਼ ਦਾ ਹਰ ਵਾਸੀ ਇਸ 'ਤੇ ਮਾਣ ਕਰ ਸਕੇ |
-ਮੋਬਾਈਲ : 98153-56086