ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2023

ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ

Ad Position 21
No active advertisement
ਅਜੀਤ ਡੈਸਕ 15-08-2023

ਸ਼ਹੀਦੋਂ ਕੀ ਚਿਤਾਓਂ ਪਰ
ਲਗਂੇਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ
ਯਹੀ ਬਾਕੀ ਨਿਸ਼ਾਂ ਹੋਗਾ
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਨੂੰ ਅਨੇਕਾਂ ਸ਼ਹੀਦੀਆਂ ਦੇਣੀਆਂ ਪਈਆਂ। ਪਰ ਗੋਆ ਦੇਸ਼ ਦੀ ਆਜ਼ਾਦੀ ਦੇ ਨਾਲ ਆਜ਼ਾਦ ਨਹੀਂ ਸੀ ਹੋਇਆ, ਕਿਉਂਕਿ ਗੋਆ 'ਤੇ ਅੰਗਰੇਜ਼ਾਂ ਦਾ ਰਾਜ ਨਹੀਂ ਸੀ, ਸਗੋਂ ਗੋਆ ਤਾਂ ਪੁਰਤਗਾਲ ਦੇ ਅਧੀਨ ਸੀ। ਗੋਆ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੇ ਪਰਵਾਨਿਆਂ ਨੂੰ ਹੋਰ ਸ਼ਹੀਦੀਆਂ ਦੇਣੀਆਂ ਪਈਆਂ।
ਗੋਆ ਨੂੰ ਪੁਰਤਗਾਲੀਆਂ ਤੋਂ ਆਜ਼ਾਦ ਕਰਵਾਉਣ ਦੀ ਗਾਥਾ ਦੇਸ਼ ਭਰ ਵਿਚ ਕਿਤੇ ਵੀ ਕਹੀ ਜਾਂਦੀ ਹੋਵੇ ਉਸ ਵਿਚ ਪੰਜਾਬ ਦੇ ਇਕ ਮਹਾਨ ਸਪੂਤ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਉਹ ਸਪੂਤ ਹਨ ਸ਼ਹੀਦ ਕਰਨੈਲ ਸਿੰਘ ਈਸੜੂ। ਕਰਨੈਲ ਸਿੰਘ ਈਸੜੂ ਪੰਜਾਬੀ ਦੇ ਪ੍ਰਮੁੱਖ ਸ਼ਾਇਰ, ਪ੍ਰਿੰਸੀਪਲ ਤਖਤ ਸਿੰਘ ਦੇ ਸਕੇ ਭਰਾ ਸਨ।
ਕਰਨੈਲ ਸਿੰਘ ਦਾ ਜਨਮ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਵਿਚ 9 ਸਤੰਬਰ 1930 ਨੂੰ ਹੋਇਆ ਸੀ, ਇਹ ਹੁਣ ਪਾਕਿਸਤਾਨ ਵਿਚ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। ਕਰਨੈਲ ਸਿੰਘ ਦੀਆਂ ਚਾਰ ਭੈਣਾਂ ਤੇ ਤਿੰਨ ਭਰਾ ਸਨ।
ਕਰਨੈਲ ਸਿੰਘ ਦੇ ਜੀਵਨ ਉੱਤੇ ਆਜ਼ਾਦੀ ਮੌਕੇ ਹੋਈ ਵੰਡ, ਕਤਲੇਆਮ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ, ਔਰਤਾਂ ਅਤੇ ਬੱਚਿਆਂ ਤੇ ਹੋਏ ਜ਼ੁਲਮਾਂ ਦਾ ਡੂੰਘਾ ਪ੍ਰਭਾਵ ਪਿਆ। ਭਾਰਤ ਦੀ ਸੋਸ਼ਲਿਸਟ ਪਾਰਟੀ ਵੱਲੋਂ ਸੰਨ 1955 ਵਿਚ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲ ਤੋਂ ਆਜ਼ਾਦ ਕਰਾਉਣ ਲਈ 'ਗੋਆ ਵਿਮੋਚਨ ਸੰਮਤੀ' ਬਣਾਈ ਗਈ ਅਤੇ ਨੌਜਵਾਨਾਂ ਨੂੰ ਸੱਤਿਆਗ੍ਰਹਿ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ। ਕਰਨੈਲ ਸਿੰਘ ਨੂੰ ਇਸ ਸੱਤਿਆਗ੍ਰਹਿ ਵਿਚ ਸੱਤਿਆਗ੍ਰਹੀ ਬਣਨ ਦੀ ਇਜਾਜ਼ਤ ਨ ਮਿਲੀ। ਪਰ ਇਸ ਦੇ ਬਾਵਜੂਦ ਉਹ ਆਪਣੀ ਘੜੀ ਤੇ ਸਾਈਕਲ ਵੇਚ ਕੇ ਅਤੇ ਕੁੱਝ ਮਿੱਤਰਾਂ ਤੋਂ ਪੈਸੇ ਲੈ ਕੇ ਬੰਬਈ ਪਹੁੰਚ ਗਏ। 12 ਅਗਸਤ 1955 ਨੂੰ ਉਹ ਬੰਬਈ ਰੇਲਵੇ ਸਟੇਸ਼ਨ 'ਤੇ ਪੰਜਾਬੀ ਸੱਤਿਆਗ੍ਰਹੀਆਂ ਦੀ ਟੋਲੀ ਵਿਚ ਸ਼ਾਮਿਲ ਹੋ ਗਏ। 13 ਅਗਸਤ ਨੂੰ ਇਹ ਟੋਲੀ ਪੂਨੇ (ਪੁਣੇ) ਜਾ ਪਹੁੰਚੀ ਅਤੇ ਆਜ਼ਾਦੀ ਦੇ ਸੱਤਿਆਗ੍ਰਹੀ ਜਥੇ ਵਿਚ ਸ਼ਾਮਿਲ ਹੋ ਗਈ। ਇਸ ਸੱਤਿਆਗ੍ਰਹੀ ਜਥੇ ਦੀ ਕਮਾਂਡ ਬੰਗਾਲੀ ਨੇਤਾ ਕਾਮਰੇਡ ਚੇਤਲੇ ਕਰ ਰਹੇ ਸਨ।
15 ਅਗਸਤ 1955 ਨੂੰ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਹੋਏ 12 ਸੱਤਿਆਗ੍ਰਹੀ ਗੋਆ ਵੱਲ ਰਵਾਨਾ ਹੋਏ। ਉਨ੍ਹਾਂ ਨੇ ਗੋਆ ਦੀ ਸਰਹੱਦ ਦੇ ਇਕ ਪਿੰਡ ਪਿਤਰਾਦੇਵੀ ਵੱਲ ਚੱਲਣਾ ਸ਼ੁਰੂ ਕੀਤਾ। 15 ਅਗਸਤ 1955 ਈ. ਨੂੰ ਸਾਰੇ ਵਲੰਟੀਅਰ ਗੋਆ ਦੀ ਸਰਹੱਦ ਤੋਂ ਅੱਧਾ ਕਿੱਲੋਮੀਟਰ ਦੀ ਦੂਰੀ ਉੱਤੇ ਇਕੱਠੇ ਹੋ ਗਏ ਅਤੇ ਕਾਮਰੇਡ ਚੇਤਲੇ ਦੀ ਅਗਵਾਈ ਅਧੀਨ ਚਾਰ ਚਾਰ ਦੀਆਂ ਕਤਾਰਾਂ ਬਣਾ ਕੇ ਗੋਆ ਦੀ ਹੱਦ ਵਿਚ ਦਾਖ਼ਲ ਹੋਣ ਲਗ ਗਏ। ਉਸ ਵੇਲੇ ਸੈਂਕੜੇ ਲੋਕਾਂ ਦਾ ਇਕੱਠ ਉਨ੍ਹਾਂ ਦੇ ਨਾਲ ਚੱਲ ਰਿਹਾ ਸੀ, ਜਿਨ੍ਹਾਂ ਵਿਚ ਵਿਦੇਸ਼ੀ ਪੱਤਰਕਾਰ ਵੀ ਸਨ। ਜਦੋਂ ਨਿਹੱਥੇ ਸੱਤਿਆਗ੍ਰਹੀ ਅੱਗੇ ਵਧ ਰਹੇ ਸਨ ਤਾਂ ਪੁਰਤਗਾਲੀ ਫ਼ੌਜ ਨੇ ਬਿਨਾਂ ਚਿਤਾਵਨੀ ਦੇ ਹੀ 5 ਪਾਸਿਓਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਰਤਗਾਲੀ ਸਿਪਾਹੀਆਂ ਦੀਆਂ ਗੋਲੀਆਂ ਕਾਮਰੇਡ ਚੇਤਲੇ ਅਤੇ ਮਧੁਕਰ ਚੌਧਰੀ ਨੂੰ ਲੱਗੀਆਂ। ਇਕ ਗੋਲੀ ਸਾਹੋਦਰਾ ਦੇਵੀ ਨੂੰ ਵੀ ਲੱਗੀ। ਜਦੋਂ ਕੌਮੀ ਤਿਰੰਗਾ ਝੰਡਾ ਕਾਮਰੇਡ ਚੇਤਲੇ ਦੇ ਹੱਥੋਂ ਡਿਗਣ ਹੀ ਲਗਾ ਸੀ ਕਿ ਕਰਨੈਲ ਸਿੰਘ ਨੇ ਅੱਗੇ ਵਧ ਕੇ ਝੰਡਾ ਆਪਣੇ ਹੱਥਾਂ ਵਿਚ ਫੜ ਲਿਆ। ਕਰਨੈਲ ਸਿੰਘ ਨੂੰ ਵੀ ਦੋ ਗੋਲੀਆਂ ਵੱਜੀਆਂ ਅਤੇ ਉਹ 'ਇਨਕਲਾਬ ਜ਼ਿੰਦਾਬਾਦ', 'ਭਾਰਤ ਮਾਤਾ ਦੀ ਜੈ' ਅਤੇ 'ਬੋਲੇ ਸੋ ਨਿਹਾਲ' ਦੇ ਨਾਅਰੇ ਮਾਰਦਾ ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋ ਗਿਆ। ਇਨ੍ਹਾਂ ਦਾ ਸਸਕਾਰ ਪੂਨੇ ਵਿਚ ਹੀ ਕੀਤਾ ਗਿਆ।
ਉਦੋਂ ਤੋਂ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ 'ਤੇ ਪਿੰਡ ਈਸੜੂ ਵਿਚ ਸ਼ਹੀਦ ਕਰਨੈਲ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਇਆ ਜਾਂਦਾ ਹੈ। ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਇਸ ਦਿਨ ਨੂੰ ਬੜੀ ਸ਼ਰਧਾ ਨਾਲ ਇਕੱਠ ਕਰਦੀਆਂ ਹਨ ਅਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੀਆਂ ਹਨ। ਗੌਰਤਲਬ ਹੈ ਕਿ ਜਿੱਥੇ ਸ਼ਹੀਦ ਕਰਨੈਲ ਸਿੰਘ ਦਾ ਇਕ ਬੁੱਤ ਉਨ੍ਹਾਂ ਦੇ ਪਿੰਡ ਈਸੜੂ ਵਿਚ ਲਾਇਆ ਗਿਆ ਹੈ, ਉੱਥੇ ਇਕ ਬੁੱਤ ਗੋਆ ਦੇ ਪਿੰਡ ਪਿਤਰਾਦੇਵੀ ਵਿਚ ਵੀ ਸਾਲ 2015 ਵਿਚ ਲਗਾਇਆ ਗਿਆ ਸੀ। ਖੰਨਾ ਦੇ ਕਈ ਲੋਕਾਂ ਦਾ ਵਿਚਾਰ ਹੈ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕੋਈ ਵੱਡੀ ਯਾਦਗਾਰ ਨਹੀਂ ਬਣਾਈ ਗਈ। ਇਸ ਲਈ ਖੰਨਾ ਦਾ ਨਾਮ ਸ਼ਹੀਦ ਕਰਨੈਲ ਸਿੰਘ ਨਗਰ ਰੱਖ ਕੇ ਇਸ ਨੂੰ ਜ਼ਿਲ੍ਹਾ ਬਣਾਇਆ ਜਾਵੇ।
ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ,
ਤਕਦੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ
ਤਸਵੀਰ ਬਦਲਦੀ ਕੌਮਾਂ ਦੀ।
ਕਿਵੇਂ ਹੋਇਆ ਗੋਆ ਆਜ਼ਾਦ
ਸ਼ਹੀਦ ਕਰਨੈਲ ਸਿੰਘ ਦੀ ਸ਼ਹੀਦੀ ਦੇ ਨਾਲ ਹੀ ਗੋਆ ਆਜ਼ਾਦ ਨਹੀਂ ਹੋ ਗਿਆ, ਸਗੋਂ ਇਹ ਆਜ਼ਾਦੀ 19 ਦਸੰਬਰ, 1961 ਵਿਚ ਹੀ ਮਿਲ ਸਕੀ। ਗੋਆ ਦੀ ਆਜ਼ਾਦੀ ਤੋਂ ਪਹਿਲਾਂ ਗੋਆ ਵਾਸੀਆਂ ਨੇ ਕਰੀਬ 451 ਸਾਲ ਪੁਰਤਗਾਲੀਆਂ ਦੀ ਗੁਲਾਮੀ ਸਹੀ। ਪੁਰਤਗਾਲ ਗੋਆ ਨੂੰ ਆਸਾਨੀ ਨਾਲ ਛੱਡਣ ਦੇ ਮੂਡ ਵਿਚ ਨਹੀਂ ਸੀ। ਉਹ 'ਨਾਟੋ' (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਦਾ ਮੈਂਬਰ ਸੀ ਅਤੇ ਨਹਿਰੂ ਫ਼ੌਜੀ ਟਕਰਾਅ ਤੋਂ ਝਿਜਕਦੇ ਸਨ। ਪਰ ਨਵੰਬਰ 1961 'ਚ ਪੁਰਤਗਾਲੀ ਫ਼ੌਜੀਆਂ ਨੇ ਗੋਆ ਦੇ ਮਛੇਰਿਆਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਮਾਰਿਆ ਗਿਆ, ਜਿਸ ਤੋਂ ਬਾਅਦ ਭਾਰਤ ਨੂੰ ਮੌਕਾ ਮਿਲ ਗਿਆ। ਭਾਰਤ ਦੇ ਤਤਕਾਲੀ ਰੱਖਿਆ ਮੰਤਰੀ ਕੇ. ਵੀ. ਕ੍ਰਿਸ਼ਨਾ ਮੈਨਨ ਅਤੇ ਨਹਿਰੂ ਨੇ 17 ਦਸੰਬਰ ਨੂੰ ਭਾਰਤ ਦੇ ਆਪਰੇਸ਼ਨ 'ਵਿਜੇ' ਅਧੀਨ ਗੋਆ ਵਿਚ 30 ਹਜ਼ਾਰ ਦੀ ਜ਼ਮੀਨੀ, ਹਵਾਈ ਅਤੇ ਜਲ ਸੈਨਾ ਭੇਜ ਦਿੱਤੀ। ਪੁਰਤਗਾਲੀ ਸਿਰਫ਼ 36 ਘੰਟੇ ਹੀ ਮੁਕਾਬਲਾ ਕਰ ਸਕੇ। ਪੁਰਤਗਾਲ ਨੇ ਗੋਆ ਤੋਂ ਕਬਜ਼ਾ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਗੋਆ ਆਜ਼ਾਦ ਹੋ ਗਿਆ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ 141401,
ਮੋਬਾਈਲ : 92168-60000

Ad Position 22
No active advertisement
ਪਿਛਲੀ ਖ਼ਬਰ ਉਲਝਣਾਂ ਵਿਚ ਫਸਿਆ ਭਾਰਤ ਅਗਲੀ ਖ਼ਬਰ ਸਾਰੀ ਵਸੋਂ ਆਜ਼ਾਦੀ ਦਾ ਨਿੱਘ ਮਾਣੇ
Ad Position 24
No active advertisement