ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2023

ਆਜ਼ਾਦੀ : 'ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ....'

Ad Position 21
No active advertisement
ਅਜੀਤ ਡੈਸਕ 15-08-2023

ਕਿਸੇ ਦੇਸ਼ ਨੂੰ ਲੰਮੇ ਸੰਘਰਸ਼ਾਂ ਤੇ ਚਿਰਾਂ ਬਾਅਦ ਮਿਲੀ ਆਜ਼ਾਦੀ ਦਾ ਨਿੱਘ ਤੇ ਅਹਿਸਾਸ, ਉਥੋਂ ਦੇ ਲੋਕਾਂ ਦੇ ਮਨਾਂ ਵਿਚ ਬਹੁਤ ਵੱਖਰੀ ਕਿਸਮ ਦਾ ਹੁੰਦਾ ਹੈ। ਬਿਨਾਂ ਸ਼ੱਕ ਹਰ ਮਨੁੱਖ, ਇਸ 'ਤੇ ਮਾਣ ਕਰਦਾ ਹੈ। ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਰਕਾਰਾਂ ਵੀ ਦੇਸ਼ ਲਈ ਬਹੁਤ ਕੁਝ ਕਰ ਸਕਦੀਆਂ ਹਨ, ਪਰ ਦੇਸ਼ ਦਾ ਅਸਲ ਨਵ-ਨਿਰਮਾਣ ਕਰਨ ਵਾਲੇ ਉੱਥੋਂ ਦੇ ਲੋਕ ਹੁੰਦੇ ਹਨ। ਅੱਜ ਸਾਢੇ ਸੱਤ ਦਹਾਕਿਆਂ ਦੀ ਉਮਰ ਨੂੰ ਢੁੱਕੀ ਦੇਸ਼ ਦੀ ਆਜ਼ਾਦੀ ਵੱਲ ਜਦੋਂ ਨਜ਼ਰ ਮਾਰਦੇ ਹਾਂ ਤਾਂ ਦੇਸ਼ ਦੇ ਵੱਡੀ ਗਿਣਤੀ 'ਚ ਲੋਕਾਂ ਦੇ ਮਨਾਂ ਵਿਚ ਦਰਦ ਤੇ ਪੀੜਾ ਦਾ ਜਿਹੜਾ ਅਹਿਸਾਸ ਹੁੰਦਾ ਹੈ, ਉਹ ਬੇਹੱਦ ਦੁਖਦਾਈ ਹੈ। ਨਫ਼ਰਤ, ਧਾਰਮਿਕ ਫਿਰਕੂਪੁਣਾ, ਵੰਡੀਆਂ ਤੇ ਭਾਈਚਾਰਕ ਸਾਂਝ ਨੂੰ ਲਾਈ ਅਗਨੀ, ਦੰਗੇ, ਗੋਲੀਆਂ, ਖੂਨ ਨਾਲ ਰੰਗੀਆਂ ਸੜਕਾਂ, ਮੌਤਾਂ, ਔਰਤਾਂ ਦੀ ਸਰੇਆਮ ਰੋਲੀ ਜਾ ਰਹੀ ਅਸਮਤ ਤੇ ਦੇਸ਼ ਦੇ ਹਰ ਕੋਨੇ ਵਿਚ ਖੌਫ ਤੇ ਮਾਤਮ ਨੇ ਅਜਿਹਾ ਮਹੌਲ ਸਿਰਜ ਦਿੱਤਾ ਹੈ ਕਿ ਹਰ ਸੰਵੇਦਨਸ਼ੀਲ ਨਾਗਰਿਕ ਨੂੰ ਇਹ ਦੇਸ਼ ਬਿਗਾਨਾ ਜਿਹਾ ਲੱਗਣ ਲੱਗ ਪਿਆ ਹੈ। ਇਹ ਨਹੀਂ ਕਿ ਲੋਕ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦੇ, ਦੇਸ਼ ਸੇਵਾ ਦਾ ਜਜ਼ਬਾ ਏਨਾ ਉੱਚਾ ਹੈ ਕਿ ਹਰ ਕੋਈ ਦੇਸ਼ ਦੀ ਖ਼ਾਤਰ ਕੁਰਬਾਨ ਹੋਣ ਲਈ ਤਿਆਰ ਹੈ।
ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਆਜ਼ਾਦੀ ਦੇ ਏਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੀ ਦੇਸ਼ ਦੇ ਆਮ ਆਦਮੀ ਦੀ ਦਸ਼ਾ ਤੇ ਦਿਸ਼ਾ ਵਿਚ ਕੋਈ ਫਰਕ ਪਿਆ ਹੈ। ਗਹੁ ਨਾਲ ਦੇਖਿਆਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਦੇਸ਼ ਦੇ ਵੱਡੀ ਗਿਣਤੀ ਵਿਚ ਲੋਕ ਅਜੇ ਵੀ, ਆਜ਼ਾਦੀ ਦੀਆਂ ਨਿਹਮਤਾਂ ਤੋਂ ਵਿਰਵੇ ਹਨ। ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਵੱਡੇ ਸੰਘਰਸ਼ਾਂ, ਸ਼ਹੀਦੀਆਂ ਤੇ ਆਜ਼ਾਦੀ ਦੇ ਪਰਵਾਨਿਆਂ ਵਲੋਂ ਆਪਣਾ ਸਭ ਕੁਝ ਵਾਰ ਕੇ ਮਹਿੰਗੇ ਮੁੱਲ ਮਿਲੀ ਆਜ਼ਾਦੀ ਅੱਜ ਚੁਫੇਰਿਓਂ ਕਈ ਤਰ੍ਹਾਂ ਦੇ ਖ਼ਤਰਿਆਂ ਨਾਲ ਘਿਰ ਚੁੱਕੀ ਹੈ।
ਆਜ਼ਾਦੀ ਤੋਂ ਬਾਅਦ ਬਿਨਾਂ ਸ਼ੱਕ ਦੇਸ਼ ਨੇ ਵਿਦਿਆ, ਖੇਤੀਬਾੜੀ, ਸਨਅਤ, ਵਪਾਰ, ਆਵਾਜਾਈ, ਦੂਰ-ਸੰਚਾਰ ਤੇ ਸੂਚਨਾ ਤਕਨਾਲੋਜੀ ਅਤੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਖੇਤਰਾਂ ਵਿਚ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਵਿਕਾਸ ਯੋਜਨਾਵਾਂ ਬਣਾਉਣ ਵਾਲਿਆਂ ਨੇ ਦੇਸ਼ ਦੇ ਕਰੋੜਾਂ ਆਮ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਅਜਿਹੀਆਂ ਯੋਜਨਾਵਾਂ ਬਣਾਈਆਂ ਹਨ, ਜਿਨ੍ਹਾਂ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੋਇਆ ਹੈ। ਸਿੱਟੇ ਵਜੋਂ ਆਜ਼ਾਦ ਭਾਰਤ ਦੇ ਕਰੋੜਾਂ ਲੋਕ ਅੱਜ ਵੀ ਅੰਤਾਂ ਦੀ ਗ਼ਰੀਬੀ ਭਰਿਆ ਜੀਵਨ ਭੋਗਦੇ ਇਸ ਧਰਤੀ ਤੋਂ ਰੁਖਸਤ ਹੋ ਜਾਂਦੇ ਹਨ । ਅੱਜ ਵੀ ਇਸ ਭਾਰਤ ਮਹਾਨ ਦੇ 77% ਲੋਕਾਂ ਦੀ ਆਮਦਨ ਵੀਹ ਰੁਪਏ ਪ੍ਰਤੀ ਦਿਨ ਤੋਂ ਵੀ ਘੱਟ ਹੈ। ਇਕ ਪਾਸੇ ਭੁੱਖਮਰੀ ਨਾਲ ਮੌਤਾਂ ਹੋ ਰਹੀਆਂ ਹਨ, ਕਰੋੜਾਂ ਲੋਕ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹਨ, ਲੱਖਾਂ ਬੱਚੇ ਸਕੂਲ ਜਾਣ ਦੀ ਉਮਰੇ ਬਾਲ ਮਜ਼ਦੂਰੀ ਕਰਕੇ ਜੀਵਨ ਦੀ ਦਿਨ-ਕਟੀ ਕਰਨ ਲਈ ਮਜਬੂਰ ਹਨ। ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਜ਼ਿੰਦਗੀ ਤੋਂ ਨਿਰਾਸ਼ ਹੋਏ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰਾਂ ਅਤੇ ਸਰਕਾਰੀ ਮਾਹਿਰ ਦੇਸ਼ ਦੀ ਵਿਕਾਸ ਦਰ ਦੇ ਉੱਚਾ ਹੋਣ ਦੇ ਦਮਗਜ਼ੇ ਮਾਰ ਰਹੇ ਹਨ।
ਦੇਸ਼ ਦੀ ਆਜ਼ਾਦੀ ਨੇ ਇਕ ਅਜਿਹਾ ਵਰਗ ਵੀ ਪੈਦਾ ਕੀਤਾ ਹੈ ਜਿਹੜਾ ਐਸ਼ੋ-ਇਸ਼ਰਤ ਦੀ ਜ਼ਿੰਦਗੀ ਮਾਣ ਰਿਹਾ ਹੈ। ਭਾਰਤ ਦੇ ਧਨਾਢਾਂ ਕੋਲ ਕਾਲੇ ਧੰਦਿਆਂ ਦੀ ਬਦੌਲਤ ਕਮਾਏ ਧਨ ਦਾ ਅਨੁਮਾਨ ਲਗਾਉਣਾ ਤਾਂ ਸੰਭਵ ਨਹੀਂ ਹੈ । ਇਕ ਰਿਪੋਰਟ ਅਨੁਸਾਰ ਦੇਸ਼ ਦੇ ਦੌਲਤਮੰਦ ਅਮੀਰਾਂ ਦੀ ਸਭ ਤੋਂ ਉਪਰਲੀ ਪਰਤ ਦੀ 10% ਗਿਣਤੀ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 52% ਹਿੱਸਾ ਹੈ ਜਦੋਂ ਕਿ 90% ਵਰਗ ਕੋਲ ਅਠਤਾਲੀ ਫ਼ੀਸਦੀ ਜਾਇਦਾਦ ਹੈ। ਦੇਸ਼ ਦੇ ਕੇਵਲ ਇਕ ਫ਼ੀਸਦੀ ਧਨਾਢਾਂ ਨੇ ਕੁਲ ਜਾਇਦਾਦ ਦਾ 16% ਹਿੱਸਾ ਹੜੱਪਿਆ ਹੋਇਆ ਹੈ। ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਥੋੜ੍ਹੇ ਬਹੁਤ ਫਰਕ ਨਾਲ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਵਿਚ ਲਿਪਤ ਹਨ।
ਭਾਰਤ ਦੇ 'ਪਵਿੱਤਰ ਸਦਨ' ਲੋਕ ਸਭਾ ਲਈ ਚੁਣੇ 43% ਤੋਂ ਵੱਧ ਮੈਂਬਰ ਅਪਰਾਧਿਕ ਸਰਗਰਮੀਆਂ ਦੇ ਦੋਸ਼ੀ ਹਨ। ਜਿਨ੍ਹਾਂ ਨੇ ਦੇਸ਼ ਲਈ ਕਾਨੂੰਨ ਬਣਾਉਣੇ ਹਨ ਤੇ ਲੋਕਾਂ ਲਈ ਭਲਾਈ ਯੋਜਨਾਵਾਂ ਚਲਾਉਣੀਆਂ ਹਨ, ਜੇ ਉਹ ਇਹੋ ਜਿਹੇ ਕਿਰਦਾਰ ਦੇ ਮਾਲਕ ਹਨ ਤਾਂ ਦੇਸ਼ ਦੀ ਹੋਣੀ ਦਾ 'ਰੱਬ ਹੀ ਰਾਖਾ' ਹੈ। ਇਕ ਪਾਸੇ ਦੇਸ਼ ਵਿਚ ਗ਼ਰੀਬੀ, ਭੁਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ ਤੇ ਅਨੇਕਾਂ ਹੋਰ ਘਾਟਾਂ ਨਾਲ ਕਰੋੜਾਂ ਨਾਗਰਿਕ ਜੂਝ ਰਹੇ ਹਨ ਦੂਜੇ ਪਾਸੇ ਦੇਸ਼ 'ਸੇਵਕਾਂ' ਦੀ 'ਆਮਦਨ' ਏਨੀ ਤੇਜ਼ੀ ਨਾਲ ਵਧਦੀ ਹੈ ਕਿ ਬੰਦਾ ਡੌਰ-ਭੌਰ ਹੋ ਜਾਂਦਾ ਹੈ। ਸਿਆਸੀ ਨੇਤਾਵਾਂ ਤੇ ਭ੍ਰਿਸ਼ਟ ਅਫਸਰਸ਼ਾਹੀ ਨੇ ਦੇਸ਼ ਦੀ ਰਗ ਰਗ ਵਿਚ ਭ੍ਰਿਸ਼ਟਾਚਾਰ ਦੇ ਬੀਜ ਬੀਜਣ ਦਾ ਘਿਨਾਉਣਾ ਕੰਮ ਕੀਤਾ ਹੈ। ਸਰਕਾਰਾਂ ਵੱਡੇ ਵੱਡੇ ਉਦਯੋਗਪਤੀਆਂ ਤੇ ਪੂੰਜੀਪਤੀਆਂ ਤੇ ਧਨਾਢਾਂ ਦੀ ਬਦੌਲਤ ਚਲਦੀਆਂ ਹਨ।
ਪਿਛਲੇ ਕੁਝ ਸਾਲਾਂ ਤੋਂ ਲੋਕਤੰਤਰੀ ਰਵਾਇਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਹਰ ਗੱਲ ਨੂੰ ਕਿਸੇ ਵਿਸ਼ੇਸ਼ ਧਰਮ ਦੀ ਐਨਕ ਲਾ ਕੇ ਦੇਖਣ ਤੇ ਫਿਰਕੂ ਜ਼ਹਿਨੀਅਤ ਨੇ ਦੇਸ਼ ਦੇ ਮਾਹੌਲ ਨੁੰ ਬਹੁਤ ਸੰਕੀਰਨ ਤੇ ਖੌਫਜ਼ਦਾ ਕਰ ਦਿੱਤਾ ਹੈ। ਫਿਰਕੂ ਸੋਚ ਦੇ ਨਾਂਅ 'ਤੇ ਅਨੇਕਾਂ ਦੁਖਦਾਈ ਤੇ ਸ਼ਰਮਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰ ਨੂੰ ਕੋਈ ਬਹੁਤੀ ਚਿੰਤਾ ਨਹੀਂ ਹੈ। ਭਾਰਤ ਦੀ ਸਥਿਤੀ ਸਮਾਜਿਕ ਸੁਰੱਖਿਆ, ਫੌਜੀ ਕਾਰਵਾਈਆਂ ਤੇ ਅੰਤਰਰਾਸ਼ਟਰੀ ਟਕਰਾਅ ਤੇ ਅੰਦਰੂਨੀ ਲੜਾਈਆਂ ਕਾਰਨ ਬੇਹੱਦ ਚਿੰਤਾਜਨਕ ਹੈ। ਭੀੜਤੰਤਰ ਦੀ ਦਹਿਸ਼ਤ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਪਿਛਲੇ ਦਿਨੀਂ ਮਨੀਪੁਰ ਵਿਚ ਵਾਪਰੀਆਂ ਸ਼ਰਮਨਾਕ ਤੇ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਨੇ ਪੂਰੀ ਦੁਨੀਆਂ ਵਿਚ ਦੇਸ਼ ਦੀ ਸਾਖ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਹਰਿਆਣੇ ਦੇ ਨੂਹ ਖੇਤਰ ਵਿਚ ਵਾਪਰੀਆਂ ਘਟਨਾਵਾਂ ਨੇ ਵੀ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਦੇਸ਼ ਦਾ ਹਰ ਕੋਨਾ ਹੀ ਕਿਸੇ ਨਾ ਕਿਸੇ ਮਸਲੇ ਕਰਕੇ ਸੁਲਗ ਰਿਹਾ ਹੈ। ਦੇਸ਼ ਤਾਂ ਲੋਕਾਂ ਦੀ ਸੁਰੱਖਿਆ ਲਈ ਹੁੰਦਾ ਹੈ, ਅਜਿਹੇ ਡਰਾਉਣੇ ਹਾਲਾਤ ਵਿਚ ਕੋਈ ਚੈਨ ਦੀ ਨੀਂਦ ਕਿਵੇਂ ਸੌਂ ਸਕਦਾ ਹੈ। ਅਜਿਹੀ ਖੌਫਜ਼ਦਾ ਸਥਿਤੀ ਵਿਚ ਪੰਜਾਬੀ ਦੇ ਜੁਝਾਰੂ ਸ਼ਾਇਰ ਪਾਸ਼ ਦੀਆਂ ਸਤਰਾਂ ਯਾਦ ਆਉਂਦੀਆਂ ਹਨ: '' ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ..ਜਿਹਦੇ ਵਿਚ ਹੁੱਸੜ ਨਹੀਂ ਹੁੰਦਾ..ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ ਵਾਂਗ ਗਲੀਆਂ 'ਚ ਵਹਿੰਦਾ ਹੈ..ਕਣਕ ਦੀਆਂ ਬੱਲੀਆਂ ਵਾਂਗ ਖੇਤੀਂ ਝੂਮਦਾ ਹੈ..ਅਤੇ ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ..''।
ਹਰ ਪਾਸੇ ਔਰਤਾਂ ਦੀ ਇੱਜ਼ਤ-ਆਬਰੂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਔਰਤ ਕਿਤੇ ਵੀ ਸੁਰੱਖਿਅਤ ਨਹੀਂ ਹੈ। ਜੇ ਦੇਸ਼ ਲਈ ਨਾਮਣਾ ਖੱਟਣ ਵਾਲੀਆਂ ਪਹਿਲਵਾਨ ਧੀਆਂ ਨੂੰ ਵੀ ਆਪਣੇ ਨਾਲ ਹੋਈ ਵਧੀਕੀ ਲਈ ਧਰਨੇ ਲਾਉਣ ਲਈ ਮਜਬੂਰ ਹੋਣਾ ਪਵੇ ਤਾਂ ਆਮ ਔਰਤ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਜਬਰ-ਜਨਾਹ ਦੇ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ 'ਤੇ ਰਿਹਾਅ ਕਰਨਾ ਵੀ ਬੇਹੱਦ ਦੁਖਦਾਈ ਹੈ।
ਦੇਸ਼ ਦੀ ਅਨੇਕਤਾ ਤੇ ਵੰਨ-ਸੁਵੰਨਤਾ ਦੇ ਸਰੂਪ ਨੂੰ ਕਾਇਮ ਰੱਖ ਕੇ ਹੀ ਦੇਸ਼ ਵਿਚ ਆਪਸੀ ਸਾਂਝ ਤੇ ਸਦਭਾਵਨਾ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ। ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨਾ ਭਾਵੇਂ ਬਹੁਤ ਜ਼ਰੂਰੀ ਹੈ, ਪਰ ਇਸ ਸਮੇਂ ਤਾਂ ਸਭ ਤੋਂ ਵੱਡੀ ਲੋੜ ਦੇਸ਼ ਦੇ ਵਿਸਫੋਟਕ ਮਾਹੌਲ ਨੂੰ, ਅਮਨ ਤੇ ਭਾਈਚਾਰਕ ਸਾਂਝ ਵਿਚ ਬਦਲਣ ਦੀ ਹੈ। ਹਕੂਮਤ ਹੀ ਨਹੀਂ, ਸਗੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਏਕਤਾ ਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਸ਼ਿਅਰ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ: ''ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ''।

e-mail—gurbindermanak@gmail.com

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਉਲਝਣਾਂ ਵਿਚ ਫਸਿਆ ਭਾਰਤ
Ad Position 24
No active advertisement