ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2024

ਸੁਤੰਤਰਤਾ ਸੰਗਰਾਮ ਵਿਚ ਵੱਡਾ ਯੋਗਦਾਨ ਹੈ ਪੰਜਾਬ ਦਾ

Ad Position 21
No active advertisement
ਅਜੀਤ ਡੈਸਕ 15-08-2024

ਕੰਪਨੀ ਬਹਾਦਰ ਅਤੇ ਲਾਹੌਰ ਦਰਬਾਰ ਦਰਮਿਆਨ ਹੋਈ ਪਹਿਲੀ ਲੜਾਈ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ਤਾਂ ਕੰਪਨੀ ਸਰਕਾਰ ਨੇ 9 ਮਾਰਚ 1846 ਨੂੰ ਹੋਈ ਭਰੋਵਾਲ ਦੀ ਸੰਧੀ ਦੇ ਨਤੀਜੇ ਵਜੋਂ ਲਾਹੌਰ ਵਿਚ ਪੈਰ ਰੱਖਣ ਲਈ ਥਾਂ ਬਣਾ ਲਈ | ਅੰਗਰੇਜ਼ਾਂ ਨੇ ਆਮ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਰਾਜ-ਗੱਦੀ ਦਾ ਮਾਲਕ ਬਾਲਕ ਦਲੀਪ ਸਿੰਘ ਨੂੰ ਪ੍ਰਵਾਨ ਕਰ ਲਿਆ ਪਰ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਦੂਰ ਰੱਖਣ ਵਾਸਤੇ ਚੋਣਵੇਂ ਸਰਦਾਰਾਂ ਦੀ ਕੌਂਸਲ ਗਠਿਤ ਕਰ ਦਿੱਤੀ | ਕੌਂਸਲ ਮਹਾਰਾਜਾ ਦਲੀਪ ਸਿੰਘ ਦੇ ਨਾਂ ਉੱਤੇ ਫੈਸਲੇ ਕਰਦੀ ਸੀ ਪਰ ਫੈਸਲਾ ਉਸ ਤਰ੍ਹਾਂ ਦਾ ਹੁੰਦਾ ਸੀ ਜਿਵੇਂ ਅੰਗਰੇਜ਼ ਰੈਜ਼ੀਡੈਂਟ ਲੈਫਟੀਨੈਂਟ ਕਰਨਲ ਐੱਚ. ਐੱਮ. ਲਾਰੰਸ ਚਾਹੁੰਦਾ ਸੀ | ਰੈਜ਼ੀਡੈਂਟ ਨੇ ਸਿੱਖ-ਸਮੂਹ ਦੀਆਂ ਭਾਵਨਾਵਾਂ ਨੂੰ ਤਾੜਦਿਆਂ 29 ਮਈ 1847 ਨੂੰ ਗਵਰਨਰ-ਜਨਰਲ ਦੇ ਸਕੱਤਰ ਨੂੰ ਸੰਬੋਧਿਤ ਪੱਤਰ ਵਿਚ ਲਿਖਿਆ, 'ਸਮਾਂ ਬੀਤਣ ਨਾਲ ਜਦ ਹੌਲੀ ਹੌਲੀ ਨਿਕਟ ਭੂਤ ਦੀਆਂ ਹਾਰਾਂ ਦੀ ਯਾਦ ਮੱਧਮ ਪੈ ਗਈ, ਜੇ ਅਜਿਹਾ ਅਵਸਰ ਬਣਿਆ, ਸਿੱਖ ਚਰਿੱਤਰ ਵਿਚਲੀ ਪ੍ਰਵਾਨਿਤ ਆਜ਼ਾਦੀ ਇਸ ਸਮੂਹ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਦੇ ਯਤਨਾਂ ਦੇ ਰਾਹ ਪਾ ਸਕਦੀ ਹੈ |'
ਅਜਿਹਾ ਸਿੱਟਾ ਕੱਢਣ ਵਿਚ ਲਾਰੰਸ ਸ਼ਤ ਪ੍ਰਤਿ ਸ਼ਤ ਸਹੀ ਸੀ | ਭਾਵੇਂ 'ਘਰ ਦੇ ਭੇਤੀ' ਗੱਦਾਰਾਂ ਕਾਰਨ ਸਿੱਖ ਫ਼ੌਜ ਲੜਾਈ ਹਾਰ ਗਈ ਸੀ ਪਰ ਸਿੱਖ ਕੌਮ ਨੇ ਦਿਲ ਨਹੀਂ ਸੀ ਹਾਰਿਆ | ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖ ਸਮਕਾਲੀ ਕਵੀ ਸ਼ਾਹ ਮੁਹੰਮਦ ਵਲੋਂ ਦੱਸੀ 'ਤੀਜੀ ਜਾਤ' ਤੋਂ ਮੁਕਤੀ ਦਿਵਾਉਣ ਵਾਸਤੇ ਸਿਰਧੜ ਦੀ ਬਾਜ਼ੀ ਲਾ ਚੁੱਕੇ ਸਨ | ਇਸ ਦਿਸ਼ਾ ਵਿਚ ਪਹਿਲ ਕਰਨ ਵਾਲੇ ਸਨ ਨਿਹੰਗ ਗੰਡਾ ਸਿੰਘ ਦੀ ਅਗਵਾਈ ਵਿਚ ਅੰਗਰੇਜ਼ ਹਾਕਮ ਨੂੰ ਵੰਗਾਰਨ ਵਾਲੇ ਉਹ ਅੱਠ ਨਿਹੰਗ ਸਿੰਘ, ਜਿਨ੍ਹਾਂ ਨੂੰ ਗਿ੍ਫ਼ਤਾਰ ਕਰਨ ਵਾਸਤੇ ਸਰਕਾਰ ਨੂੰ ਘੋਰ ਤਰੱਦਦ ਕਰਨਾ ਪਿਆ | ਉਪਰੰਤ ਨਿਹੰਗ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ 28 ਫਰਵਰੀ 1848 ਦੇ ਦਿਨ ਲਾਹੌਰ ਵਿਚ ਮਜ਼ਬੂਤ ਪਹਿਰੇ ਹੇਠ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਪੰਜਾਬ ਵਿਚ 'ਮਲੇਸ਼ਾਂ' ਦਾ ਜ਼ੋਰ ਵਧਣ ਤੋਂ ਪੀੜਿਤ ਹੋਰ ਪੰਜਾਬੀਆਂ ਦੇ ਮਨਾਂ ਵਿਚ ਡਰ ਪੈਦਾ ਕਰਕੇ ਉਨ੍ਹਾਂ ਨੂੰ ਇਸ ਅਕਾਲੀ ਜਥੇ ਵਲੋਂ ਦਿਖਾਏ ਰਾਹ ਉੱਤੇ ਚੱਲਣ ਤੋਂ ਰੋਕਿਆ ਜਾ ਸਕੇ | ਪਰ ਅੰਗਰੇਜ਼ ਹਾਕਮ ਦੀ ਇਹ ਸੋਚ ਫਲੀਭੂਤ ਨਹੀਂ ਹੋਈ |
ਅੰਗਰੇਜ਼ਾਂ ਅਤੇ ਸਿੱਖਾਂ ਦਰਮਿਆਨ ਹੋਈ ਦੂਜੀ ਜੰਗ ਵਿਚ ਜਿੱਤ ਪ੍ਰਾਪਤ ਹੋਣ ਪਿੱਛੋਂ ਕੰਪਨੀ ਸਰਕਾਰ ਨੇ ਪੰਜਾਬ ਨੂੰ ਅੰਗਰੇਜ਼ੀ ਅਧਿਕਾਰ ਹੇਠ ਲੈ ਲਿਆ | ਜੰਗ ਵਿਚ ਕੈਦੀ ਬਣਾਏ ਅਟਾਰੀ ਵਾਲੇ ਸਿੱਖ ਸਰਦਾਰਾਂ ਸ. ਚਤਰ ਸਿੰਘ, ਉਸ ਦੇ ਪੁੱਤਰ ਸ਼ੇਰ ਸਿੰਘ ਅਤੇ ਹੋਰਨਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਪਰ ਸੰਤ ਸਿਪਾਹੀ ਭਾਈ ਮਹਾਰਾਜ ਸਿੰਘ ਨੇ ਵਿਦਰੋਹ ਦਾ ਝੰਡਾ ਬੁਲੰਦ ਰੱਖਿਆ | ਦਸੰਬਰ 1849 ਵਿਚ ਭਾਈ ਮਹਾਰਾਜ ਸਿੰਘ ਦੀ ਗਿ੍ਫ਼ਤਾਰੀ ਹੋਈ | ਭਾਈ ਮਹਾਰਾਜ ਸਿੰਘ ਪ੍ਰਤੀ ਜਨਤਕ ਸ਼ਰਧਾ-ਭਾਵਨਾ ਹੋਣ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਲੋਕ-ਨਜ਼ਰਾਂ ਤੋਂ ਦੂਰ ਕਰਨ ਵਾਸਤੇ ਦੇਸ਼-ਬਦਰ ਕਰਕੇ ਸਿੰਗਾਪੁਰ ਵਿਚ ਕੈਦ ਕਰ ਦਿੱਤਾ ਜਿੱਥੇ ਉਹ 5 ਜੁਲਾਈ 1856 ਨੂੰ ਅਕਾਲ ਪਿਆਨਾ ਕਰ ਗਏ | ਇਉਂ ਭਾਈ ਮਹਾਰਾਜ ਸਿੰਘ ਬਰਤਾਨਵੀ ਹਿੰਦੁਸਤਾਨ ਸਰਕਾਰ ਵਲੋਂ ਦੇਸ਼-ਬਦਰ ਕੀਤੇ ਜਾਣ ਪਿੱਛੋਂ ਵਿਦੇਸ਼ੀ ਧਰਤੀ ਉੱਤੇ ਪ੍ਰਾਣ ਤਿਆਗਣ ਵਾਲੇ ਪਹਿਲੇ ਦੇਸ਼ ਭਗਤ ਬਣ ਗਏ | ਅਗਲੇ ਹੀ ਸਾਲ 14 ਅਪ੍ਰੈਲ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀਰਾਈਆਂ ਵਿਚ ਬਾਬਾ ਰਾਮ ਸਿੰਘ ਨੇ ਸਿੱਖ ਆਚਰਨ ਵਿਚ ਆਈ ਅਧੋਗਤੀ ਕਾਰਨ ਬਦੇਸ਼ੀ ਗੁਲਾਮੀ ਵਿਚ ਫਸੇ ਪੰਜਾਬ ਦੀ ਮੁਕਤੀ ਨੂੰ ਨਿਸ਼ਾਨਾ ਬਣਾ ਕੇ ਕੂਕਾ ਸੰਪਰਦਾਇ ਦੀ ਨੀਂਹ ਰੱਖੀ | ਬਾਬਾ ਜੀ ਦੇ ਪ੍ਰਚਾਰ ਨੇ ਰੰਗ ਵਿਖਾਇਆ ਤਾਂ ਅੰਗਰੇਜ਼ ਸਰਕਾਰ ਦਾ ਮੱਥਾ ਠਣਕਿਆ | ਕਿਸੇ ਭਾਵੀ 'ਮੁਸੀਬਤ' ਤੋਂ ਬਚਣ ਵਾਸਤੇ ਸਰਕਾਰ ਨੇ 18 ਜਨਵਰੀ 1872 ਨੂੰ ਬਾਬਾ ਰਾਮ ਸਿੰਘ ਅਤੇ ਉਨ੍ਹਾਂ ਦੇ ਚੋਣਵੇਂ ਅਨੁਆਈਆਂ ਨੂੰ ਦੇਸ਼ ਬਦਰ ਕਰਕੇ ਸੁਖ ਦਾ ਸਾਹ ਲਿਆ ਪਰ ਬਾਬਾ ਜੀ ਵਲੋਂ ਬਾਲੀ ਆਜ਼ਾਦੀ ਦੀ ਲਾਟ ਦਿਨ ਬਦਿਨ ਉੱਚੀ ਹੁੰਦੀ ਗਈ |
ਰਾਜਨੀਤਕ ਦਿ੍ਸ਼ਟੀ ਤੋਂ ਘਟਨਾ-ਰਹਿਤ ਉਨ੍ਹੀਵੀਂ ਸਦੀ ਦੀ ਅੰਤਲੀ ਚੌਥਾਈ ਅਸਲ ਵਿਚ ਸ਼ਾਂਤ ਸਮੁੰਦਰ ਹੇਠ ਜਵਾਰਭਾਟਾ ਸਿੱਧ ਹੋਈ | ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਪੰਜਾਬ ਸਰਕਾਰ ਨੇ ਬਾਰ ਦੇ ਇਲਾਕੇ ਵਿਚ ਕਿਸਾਨਾਂ ਨੂੰ ਗ੍ਰਾਂਟ ਵਜੋਂ ਦਿੱਤੀਆਂ ਜਾਂ ਕਿਸਾਨਾਂ ਵਲੋਂ ਖ੍ਰੀਦੀਆਂ ਜ਼ਮੀਨਾਂ ਦੀਆਂ ਸ਼ਰਤਾਂ ਸੋਧ ਕੇ ਮਾਲਕ ਕਿਸਾਨਾਂ ਲਈ ਕਈ ਉਲਝਣਾਂ ਪੈਦਾ ਕਰ ਦਿੱਤੀਆਂ | ਨਾਲ ਹੀ ਮਾਝੇ ਦੇ ਇਲਾਕੇ ਵਿਚ ਨਹਿਰੀ ਆਬਿਆਨੇ ਦੀ ਦਰ ਵਿਚ ਨਵਾਜਬ ਵਾਧਾ ਕੀਤਾ | ਇਨ੍ਹਾਂ ਦੋਵਾਂ ਮਸਲਿਆਂ ਨੂੰ ਮੁੱਦਾ ਬਣਾ ਕੇ ਸ. ਅਜੀਤ ਸਿੰਘ ਨੇ 1907 ਵਿਚ ਕਿਸਾਨਾਂ ਨੂੰ ਜਥੇਬੰਦ ਕੀਤਾ | 'ਪਗੜੀ ਸੰਭਾਲ ਜੱਟਾ' ਨਾਂਅ ਨਾਲ ਜਾਣੀ ਗਈ ਇਹ ਲਹਿਰ ਅਜਿੱਤ ਦਿਖਾਈ ਦਿੰਦੀ ਬਰਤਾਨਵੀ ਹਿੰਦੁਸਤਾਨ ਦੀ ਕਿਸੇ ਪ੍ਰਾਂਤਕ ਸਰਕਾਰ ਨੂੰ ਲੋਕ-ਹਿਤਾਂ ਦਾ ਘਾਣ ਕਰਨ ਵਾਲੇ ਆਪਣੇ ਹੁਕਮ ਵਾਪਸ ਲੈਣ ਵਾਸਤੇ ਮਜਬੂਰ ਕਰਨ ਵਾਲਾ ਦੇਸ਼ ਭਰ ਦਾ ਇਹ ਪਹਿਲਾ ਜਨਤਕ ਅੰਦੋਲਨ ਬਣਿਆ | ਪੂਰਬਲੇ ਦੇਸ਼ ਭਗਤਾਂ ਭਾਈ ਮਹਾਰਾਜ ਸਿੰਘ ਅਤੇ ਬਾਬਾ ਰਾਮ ਸਿੰਘ ਵਾਂਗ ਇਸ ਲਹਿਰ ਦੇ ਮੋਢੀਆਂ ਸ. ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਵੀ ਦੇਸ਼ -ਬਦਰ ਕੀਤਾ ਗਿਆ ਪਰ ਲੋਕ ਦਬਾਅ ਕਾਰਨ ਸਰਕਾਰ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਮਜਬੂਰ ਹੋਈ | ਇਸ ਲਹਿਰ ਤੋਂ ਪ੍ਰਭਾਵਿਤ ਹੋਏ ਰਾਮ ਸਰਨ ਦਾਸ ਕਪੂਰਥਲਾ, ਮਹਿਤਾ ਅਨੰਦ ਕਿਸ਼ੋਰ ਲਾਹੌਰ, ਲਾਲ ਚੰਦ 'ਫਲਕ', ਰਾਮ ਚੰਦ ਪਿਸ਼ਾਵਰੀਆ ਆਦਿ ਉਸ ਗ਼ਦਰ ਲਹਿਰ ਵਿਚ ਸ਼ਾਮਲ ਹੋਏ ਜਿਸ ਦੀ ਬੁਨਿਆਦ ਉੱਤਰੀ ਅਮਰੀਕਾ ਵਿਚ ਵਸਦੇ ਹਿੰਦੁਸਤਾਨੀਆਂ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ, ਨੇ 1913 ਵਿਚ ਰੱਖੀ ਸੀ | ਬਰਤਾਨੀਆ ਅਗਸਤ 1914 ਵਿਚ ਸ਼ੁਰੂ ਹੋਈ ਪਹਿਲੀ ਸੰਸਾਰ ਜੰਗ ਵਿਚ ਉਲਝ ਗਿਆ ਤਾਂ ਗ਼ਦਰ ਪਾਰਟੀ ਨੇ ਇਸ ਮੌਕੇ ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦਾ ਸੁਨਹਿਰੀ ਮੌਕਾ ਸਮਝਦਿਆਂ ਆਪਣੇ ਮੈਂਬਰਾਂ ਨੂੰ ਦੇਸ਼ ਪਹੁੰਚ ਕੇ ਹਥਿਆਰਬੰਦ ਅੰਦੋਲਨ ਕਰਨ ਦਾ ਸੱਦਾ ਦਿੱਤਾ | ਇਸ ਸੱਦੇ ਉੱਤੇ ਫੁੱਲ ਚੜ੍ਹਾਉਂਦਿਆਂ ਹਜ਼ਾਰਾਂ ਪੰਜਾਬੀ ਦੇਸ਼ ਪਹੁੰਚ ਗਏ ਅਤੇ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਜੁਟ ਗਏ | ਬਦਕਿਸਮਤੀ ਨਾਲ ਗਦਾਰਾਂ ਵਲੋਂ ਸਰਕਾਰ ਨੂੰ ਭੇਤ ਦਿੱਤੇ ਜਾਣ ਕਾਰਨ ਗ਼ਦਰ ਪਾਰਟੀ ਦੀ ਯੋਜਨਾ ਸਫਲ ਨਾ ਹੋ ਸਕੀ | ਅਦਾਲਤ ਨੇ ਦੋ ਕੁ ਸਾਲ ਦੇ ਅਰਸੇ ਦੌਰਾਨ ਗ਼ਦਰੀ ਦੇਸ਼ ਭਗਤਾਂ ਖਿਲਾਫ ਲਗਭਗ ਅੱਧੀ ਦਰਜਨ ਮੁਕੱਦਮੇ ਚਲਾ ਕੇ 93 ਨੂੰ ਫਾਂਸੀ, 105 ਨੂੰ ਉਮਰ ਕੈਦ, ਕਾਲੇ ਪਾਣੀ ਅਤੇ 28 ਨੂੰ ਹੋਰ ਸਜ਼ਾਵਾਂ ਦਿੱਤੀਆਂ | ਇਸ ਦੇ ਬਾਵਜੂਦ ਗ਼ਦਰ ਲਹਿਰ ਵਿਚ ਸ਼ਾਮਲ ਰਹੇ ਦੇਸ਼ ਭਗਤ ਵਿਭਿੰਨ ਰਾਜਸੀ ਜਥੇਬੰਦੀਆਂ ਦੇ ਝੰਡੇ ਹੇਠ ਆਜ਼ਾਦੀ ਮਿਲਣ ਤੱਕ ਸਰਕਾਰ ਵਿਰੋਧੀ ਸਰਗਰਮੀਆਂ ਕਰਦੇ ਰਹੇ | ਗ਼ਦਰ ਲਹਿਰ ਦੇ ਨਾਲ ਹੀ ਬਜਬਜ ਘਾਟ ਦਾ ਸਾਕਾ ਹੋਇਆ, ਜਿਸ ਵਿਚ ਗੁਰੂ ਨਾਨਕ ਜਹਾਜ਼ ਵਿਚ ਸਵਾਰ ਹੋ ਕੇ ਕੈਨੇਡਾ ਗਏ ਪਰ ਉੱਥੋਂ ਦੇ ਪਰਵਾਸ ਮਹਿਕਮੇ ਵਲੋਂ ਵਾਪਸ ਮੋੜੇ 18 ਮੁਸਾਫਿਰ ਸ਼ਹੀਦ ਹੋ ਗਏ ਅਤੇ ਸੈਂਕੜਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਧੱਕ ਦਿੱਤਾ ਗਿਆ |
ਅੰਗਰੇਜ਼ ਸਰਕਾਰ ਪਿਛਲੀ ਅੱਧੀ ਸਦੀ ਤੋਂ ਦੇਸ਼ ਵਾਸੀਆਂ ਵਿਚ ਫਿਰਕੂ ਪਾੜਾ ਪਾ ਕੇ ਆਪਣਾ ਦਬਦਬਾ ਕਾਇਮ ਰੱਖਣ ਦੀ ਨੀਤੀ ਉੱਤੇ ਚੱਲ ਰਹੀ ਸੀ ਪਰ ਪੰਜਾਬੀਆਂ ਨੇ 1919 ਵਿਚ ਮਹਾਤਮਾ ਗਾਂਧੀ ਵਲੋਂ ਰੌਲਟ ਐਕਟ ਦਾ ਵਿਰੋਧ ਕਰਨ ਦੇ ਸੱਦੇ ਉੱਤੇ ਅਮਲ ਕਰਦਿਆਂ ਫਿਰਕੂ ਇਕਮੁੱਠਤਾ ਦਾ ਬੇਮਿਸਾਲ ਮੁਜ਼ਾਹਰਾ ਕੀਤਾ ਜਿਸ ਤੋਂ ਬੌਖਲ਼ਾਈ ਸਰਕਾਰ ਦੇ ਹੁਕਮ ਨਾਲ ਜਨਰਲ ਡਾਇਰ ਨੇ 13 ਅਪ੍ਰੈਲ ਨੂੰ ਵਿਸਾਖੀ ਦੇ ਦਿਨ ਜਲਿ੍ਹਆਂ ਵਾਲੇ ਬਾਗ ਵਿਚ ਸ਼ਾਂਤਮਈ ਰੋਸ ਇਕੱਤਰਤਾ ਵਿਚ ਸ਼ਾਮਲ ਚਾਰ ਸੌ ਦੇ ਲਗਭਗ ਵਿਅਕਤੀਆਂ ਦੇ ਲਹੂ ਨਾਲ ਹੱਥ ਧੋਤੇ | ਇਸ ਤੋਂ ਵੀ ਵੱਧ ਕਰੂਰਤਾ ਅਗਲੇ ਦਿਨੀਂ ਅੰਮਿ੍ਤਸਰ, ਲਾਹੌਰ, ਗੁੱਜਰਾਂਵਾਲਾ, ਲਾਇਲਪੁਰ ਅਤੇ ਗੁਜਰਾਤ ਜ਼ਿਲਿਆਂ ਵਿਚ ਮਾਰਸ਼ਲ ਲਾਅ ਦੌਰਾਨ ਸਿਵਲ ਅਧਿਕਾਰੀਆਂ ਦੀ ਥਾਂ ਨਿਯੁਕਤ ਫ਼ੌਜੀ ਅਫਸਰਾਂ ਨੇ ਇਨ੍ਹਾਂ ਸ਼ਹਿਰਾਂ ਵਿਚ ਵਕੀਲਾਂ, ਪ੍ਰੋਫੈਸਰਾਂ, ਡਾਕਟਰਾਂ, ਅਖਬਾਰੀ ਸੰਪਾਦਕਾਂ ਅਤੇ ਹੋਰ ਪ੍ਰਤਿਸ਼ਿਠਿਤ ਵਿਅਕਤੀਆਂ ਨਾਲ ਕੀਤੇ ਵਿਹਾਰ ਵਿਚ ਵਿਖਾਈ | ਕਾਲਜਾਂ ਦੇ ਵਿਦਿਆਰਥੀ ਫ਼ੌਜੀ ਅਫ਼ਸਰਾਂ ਦੇ ਕਹਿਰ ਦਾ ਵਿਸ਼ੇਸ਼ ਨਿਸ਼ਾਨਾ ਬਣੇ, ਵਿਦਿਆਰਥੀਆਂ ਦਾ ਨਾਂਅ ਕੱਟਣ ਅਤੇ ਹੋਰ ਕਿਧਰੇ ਦਾਖਲੇ ਉੱਤੇ ਪਾਬੰਦੀ ਲਾਉਣ, ਚਲੰਤ ਸ਼੍ਰੇਣੀ ਵਿਚੋਂ ਦਾਖਲਾ ਰੱਦ ਕਰਕੇ ਹੇਠਲੀ ਜਮਾਤ ਵਿਚ ਭੇਜਣ, ਅਤੇ ਜੁਰਮਾਨਾ ਕਰਨ ਵਰਗੀ ਸਜ਼ਾ ਦਿੱਤੀ ਗਈ | ਕੁੱਝ ਕਾਲਜਾਂ ਦੇ ਵਿਦਿਆਰਥੀਆਂ ਨੂੰ ਹੁਕਮ ਦਿੱਤਾ ਗਿਆ ਕਿ ਦਿਨ ਵਿਚ ਦੋ ਵਾਰ ਸਵੇਰੇ ਸ਼ਾਮ ਥਾਣੇ ਵਿਚ ਜਾ ਕੇ ਹਾਜ਼ਰੀ ਲਵਾਉਣ | ਵਿਦਿਆਰਥੀ ਮਈ ਮਹੀਨੇ ਦੀ ਗਰਮੀ ਦੌਰਾਨ ਅਜਿਹਾ ਕਰਨ ਲਈ ਮਜਬੂਰ ਹੋਏ | ਸਿੱਖ ਕੌਮ ਦੇ ਮਨਾਂ ਵਿਚ ਸੁਲਘ ਰਿਹਾ ਸਰਕਾਰ ਵਿਰੋਧੀ ਲਾਵਾ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਫੁੱਟ ਪਿਆ | ਬੁਨਿਆਦੀ ਮੁੱਦਾ ਗੁਰਦੁਆਰਿਆਂ ਵਿਚ ਬੈਠੇ ਮਹੰਤਾਂ ਵਲੋਂ ਧਰਮ ਅਸਥਾਨਾਂ ਵਿਚ ਸਿੱਖ ਰਹੁ-ਰੀਤ ਦੀ ਪਾਲਣਾ ਨਾ ਕਰਨ ਅਤੇ ਇੱਥੋਂ ਦੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਉੱਤੇ ਖਰਚਣ ਦੀ ਥਾਂ ਨਿੱਜੀ ਸੁੱਖ ਸਹੂਲਤਾਂ ਮਾਨਣ ਉੱਤੇ ਲਾਉਣ ਦਾ ਸੀ | ਸਿੱਖ ਇਸ ਸਥਿਤੀ ਨੂੰ ਸਹੀ ਪਾਸੇ ਬਦਲਾਉਣਾ ਚਾਹੁੰਦੇ ਸਨ ਪਰ ਅੰਗਰੇਜ਼ ਸਰਕਾਰ ਦੀ ਸ਼ਹਿ ਪ੍ਰਾਪਤ ਮਹੰਤ ਇਸ ਗੱਲ ਵੱਲ ਕੰਨ ਨਹੀਂ ਸਨ ਕਰ ਰਹੇ | ਬਜਬਜ ਘਾਟ ਦੇ ਸਾਕੇ, ਗ਼ਦਰ ਪਾਰਟੀ ਦੇ ਆਗੂਆਂ ਨੂੰ ਥੋਕ ਵਿਚ ਵੱਡੀਆਂ ਸਜ਼ਾਵਾਂ, ਗੁਰਦੁਆਰਾ ਰਕਾਬਗੰਜ ਦਿੱਲੀ ਦੀ ਕੰਧ ਢਾਹੁਣ, ਖਾਲਸਾ ਕਾਲਜ ਅੰਮਿ੍ਤਸਰ ਦੇ ਪ੍ਰਬੰਧ ਵਿਚ ਸਰਕਾਰੀ ਦਖਲ-ਅੰਦਾਜ਼ੀ ਵਰਗੇ ਮਾਮਲਿਆਂ ਕਾਰਨ ਸਿੱਖ-ਮਨ ਪਹਿਲਾਂ ਹੀ ਅੰਗਰੇਜ਼ ਸਰਕਾਰ ਪ੍ਰਤਿ ਬਦਜ਼ਨ ਹੋ ਚੁੱਕੇ ਸਨ | ਗੁਰਦੁਆਰਿਆਂ ਉੱਤੇ ਸੱਪ ਕੁੰਡਲੀ ਮਾਰੀ ਬੈਠੇ ਮਹੰਤਾਂ ਦੀ ਪਿੱਠ ਥਾਪੜਨ ਨੇ ਬਲਦੀ ਉੱਤੇ ਤੇਲ ਪਾਇਆ ਅਤੇ ਸਿੱਖ ਕੌਮ ਨੇ ਉਸ ਨੂੰ 'ਸੱਜੀ ਬਾਂਹ' ਕਹਿ ਕੇ ਵਡਿਆਉਣ ਵਾਲੀ ਅੰਗਰੇਜ਼ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ | 1922 ਵਿਚ ਗੁਰੂ ਕਾ ਬਾਗ਼ ਦੇ ਮੋਰਚੇ ਵਿਚ ਪੁਲਸ ਅਤੇ ਫ਼ੌਜ ਵਲੋਂ ਅਕਾਲੀ ਸੱਤਿਆਗ੍ਰਹੀਆਂ ਉੱਤੇ ਕੀਤੇ ਹੈਵਾਨੀ ਤਸ਼ੱਦਦ ਦੇ ਬਾਵਜੂਦ ਸਾਢੇ ਪੰਜ ਹਜ਼ਾਰ ਤੋਂ ਵੱਧ ਸਿੱਖਾਂ ਨੇ ਗਿ੍ਫ਼ਤਾਰੀ ਦਿੱਤੀ | ਦੋ ਸਾਲ ਪਿੱਛੋਂ ਜੈਤੋ ਦਾ ਮੋਰਚਾ ਸ਼ੁਰੂ ਹੋਇਆ ਤਾਂ ਜਿੱਥੇ ਸਰਕਾਰੀ ਤਸ਼ੱਦਦ ਵਿਚ ਵਾਧਾ ਹੋਇਆ ਉੱਥੇ ਮੋਰਚੇ ਵਿਚ ਸ਼ਾਮਿਲ ਸਿੱਖਾਂ ਨੇ ਅਸੀਮ ਸਹਿਣ ਸ਼ਕਤੀ ਵਿਖਾਈ | ਦੋਵਾਂ ਮੋਰਚਿਆਂ ਵਿਚ ਸਰਕਾਰ ਨੂੰ ਥੁੱਕਿਆ ਚੱਟਣਾ ਪਿਆ | ਜੈਤੋ ਦੇ ਮੋਰਚੇ ਕਾਰਨ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਕੌਮ ਦੇ ਚੋਣਵੇਂ ਨੁਮਾਇੰਦਿਆਂ ਦੇ ਹੱਥ ਦੇਣ ਵਾਸਤੇ ਗੁਰਦੁਆਰਾ ਐਕਟ ਹੋਂਦ ਵਿਚ ਆਇਆ | ਜਿਹੜੇ ਅਕਾਲੀਆਂ ਨੇ ਇਸ ਐਕਟ ਨੂੰ ਨਿਸ਼ਾਨੇ ਦੀ ਪੂਰਤੀ ਮੰਨ ਲਿਆ ਉਹ ਕੌਮੀ ਰਾਜਨੀਤੀ ਤੋਂ ਵੱਖ ਹੋ ਗਏ ਪਰ ਗ਼ਦਰੀ ਪਿਛੋਕੜ ਵਾਲੇ ਅਕਾਲੀ ਜੋ ਦੇਸ਼ ਦੀ ਆਜ਼ਾਦੀ ਦਾ ਨਿਸ਼ਾਨਾ ਲੈ ਕੇ ਜੂਝ ਰਹੇ ਸਨ, ਕਿਰਤੀ ਕਿਸਾਨ ਪਾਰਟੀ ਦੇ ਝੰਡੇ ਹੇਠ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਅਤੇ ਜਨ ਸਧਾਰਨ ਵਿਚ ਰਾਜਨੀਤਿਕ ਚੇਤਨਾ ਪੈਦਾ ਕਰਨ ਵਾਸਤੇ ਸਰਗਰਮੀ ਨਾਲ ਡਟੇ ਰਹੇ |
ਇਨ੍ਹੀਂ ਹੀ ਦਿਨੀਂ ਪੰਜਾਬ ਵਿਚ ਸ. ਭਗਤ ਸਿੰਘ ਦੀ ਅਗਵਾਈ ਵਿਚ ਨੌਜਵਾਨਾਂ ਦੀ ਜਥੇਬੰਦੀ ਨੌਜਵਾਨ ਭਾਰਤ ਸਭਾ ਹੋਂਦ ਵਿਚ ਆਈ ਜੋ ਪਿੱਛੋਂ ਕੌਮੀ ਪੱਧਰ ਦੀ ਜਥੇਬੰਦੀ 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ' ਵਿਚ ਸ਼ਾਮਿਲ ਹੋ ਗਈ | ਮਹਾਤਮਾ ਗਾਂਧੀ ਦੀ ਸ਼ਾਂਤਮਈ ਵਾਲੀ ਨੀਤੀ ਤੋਂ ਭਿੰਨ ਸੋਚ ਰੱਖਣ ਵਾਲੀ ਇਸ ਜਥੇਬੰਦੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਅੰਗਰੇਜ਼ ਸਹਾਇਕ ਪੁਲਸ ਕਪਤਾਨ ਸਾਂਡਰਸ ਦੇ ਕਤਲ ਅਤੇ ਅਸੈਂਬਲੀ ਵਿਚ ਬੰਬ ਸੁੱਟਣ ਦੀਆਂ ਸੋਚੀਆਂ ਸਮਝੀਆਂ ਕਾਰਵਾਈ ਕੀਤੀਆਂ | ਭਾਵੇਂ ਇਨ੍ਹਾਂ ਕਾਰਵਾਈਆਂ ਸਦਕਾ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਾ ਰੱਸਾ ਚੁੰਮਣਾ ਪਿਆ ਪਰ ਉਨ੍ਹਾਂ ਦੀ ਸੋਚ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਹਲੂਣਿਆ | ਆਜ਼ਾਦੀ ਪ੍ਰਾਪਤੀ ਵਾਸਤੇ ਪੰਜਾਬੀਆਂ ਦੁਆਰਾ ਪ੍ਰਾਂਤਕ ਪੱਧਰ ਉੱਤੇ ਕੀਤੇ ਉਪਰੋਕਤ ਅੰਦੋਲਨਾਂ ਤੋਂ ਬਿਨਾਂ ਉਨ੍ਹਾਂ ਗਾਂਧੀ ਜੀ ਦੀ ਅਗਵਾਈ ਹੇਠ ਨਾ-ਮਿਲਵਰਤਨ ਲਹਿਰ ਅਤੇ ਸਿਵਲ ਨਾ-ਫਰਮਾਨੀ ਲਹਿਰ ਵਿਚ ਵੀ ਭਰਵਾਂ ਹਿੱਸਾ ਪਾਇਆ | ਦੂਜੀ ਸੰਸਾਰ ਜੰਗ ਸਮੇਂ ਮੇਰਠ ਵਿਚ 'ਕਿਰਤੀ ਗਰੁੱਪ' ਦੇ ਪ੍ਰਭਾਵ ਹੇਠ ਸਿੱਖ ਸੈਨਿਕਾਂ ਦੀ ਬਹੁਲਤਾ ਵਾਲੀਆਂ ਸੈਨਾ ਦੀਆਂ 'ਸੀ. ਆਈ. ਐਚ.' ਅਤੇ 'ਆਰ. ਆਈ.ਏੇ.ਸੀ. ਐਸ.' ਕੰਪਨੀਆਂ ਦੀ ਬਗ਼ਾਵਤ ਦੇ ਨਤੀਜੇ ਵਜੋਂ ਲਗਭਗ ਇਕ ਦਰਜਨ ਸੈਨਿਕਾਂ ਨੂੰ ਫਾਂਸੀ ਅਤੇ ਅਰਧ ਸੈਂਕੜੇ ਤੋਂ ਵੱਧ ਸੈਨਿਕਾਂ ਨੂੰ ਕਾਲੇ ਪਾਣੀ ਭੇਜਣ ਦੀ ਸਜ਼ਾ ਦਿੱਤੀ ਗਈ | ਆਜ਼ਾਦੀ ਦਿਵਸ ਮੌਕੇ ਇਨ੍ਹਾਂ ਸਾਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅੱਗੇ ਸਾਡਾ ਸਿਰ ਝੁਕਦਾ ਹੈ | ਬਿਨਾਂ ਸ਼ੱਕ ਵੱਖ-ਵੱਖ ਲਹਿਰਾਂ ਵਿਚ ਸ਼ਾਮਿਲ ਹੋ ਕੇ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ |

-ਮੋਬਾਈਲ : 9417049417

Ad Position 22
No active advertisement
ਪਿਛਲੀ ਖ਼ਬਰ ਵਧ ਰਹੀ ਹੈ ਆਰਥਿਕ ਨਾ-ਬਰਾਬਰੀ ਅਗਲੀ ਖ਼ਬਰ ਆਜ਼ਾਦੀ ਦੇ ਸੰਕਲਪ ਲਈ ਉੱਭਰ ਰਹੇ ਹਨ ਅਨੇਕਾਂ ਖ਼ਤਰੇ
Ad Position 24
No active advertisement