ਸ਼ਹੀਦੋਂ ਕੀ ਚਿਤਾਓਾ ਪਰ
ਲਗਾੇਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ
ਯਹੀ ਬਾਕੀ ਨਿਸ਼ਾਂ ਹੋਗਾ
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਸ਼ਹੀਦੀਆਂ ਪਾਉਣੀਆਂ ਪਈਆਂ | ਪਰ ਗੋਆ ਦੇਸ਼ ਦੀ ਆਜ਼ਾਦੀ ਦੇ ਨਾਲ ਆਜ਼ਾਦ ਨਹੀਂ ਸੀ ਹੋਇਆ, ਕਿਉਂਕਿ ਗੋਆ 'ਤੇ ਅੰਗਰੇਜ਼ਾਂ ਦਾ ਰਾਜ ਨਹੀਂ ਸੀ, ਸਗੋਂ ਗੋਆ ਤਾਂ ਪੁਰਤਗਾਲ ਦੇ ਅਧੀਨ ਸੀ | ਗੋਆ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੇ ਪਰਵਾਨਿਆਂ ਨੂੰ ਹੋਰ ਸ਼ਹੀਦੀਆਂ ਦੇਣੀਆਂ ਪਈਆਂ |
ਗੋਆ ਨੂੰ ਪੁਰਤਗਾਲੀਆਂ ਤੋਂ ਆਜ਼ਾਦ ਕਰਵਾਉਣ ਦੀ ਗਾਥਾ ਦੇਸ਼ ਭਰ ਵਿਚ ਕਿਤੇ ਵੀ ਕਹੀ ਜਾਂਦੀ ਹੋਵੇ, ਉਸ ਵਿਚ ਪੰਜਾਬ ਦੇ ਇਕ ਮਹਾਨ ਸਪੂਤ ਦਾ ਜ਼ਿਕਰ ਜ਼ਰੂਰ ਹੁੰਦਾ ਹੈ | ਉਹ ਸਪੂਤ ਹਨ ਸ਼ਹੀਦ ਕਰਨੈਲ ਸਿੰਘ ਈਸੜੂ | ਕਰਨੈਲ ਸਿੰਘ ਈਸੜੂ ਪੰਜਾਬੀ ਦੇ ਪ੍ਰਮੁੱਖ ਸ਼ਾਇਰ, ਪਿ੍ੰਸੀਪਲ ਤਖ਼ਤ ਸਿੰਘ ਦੇ ਸਕੇ ਭਰਾ ਸਨ | ਇੱਥੇ ਵਰਨਣਯੋਗ ਹੈ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਲੁਧਿਆਣਾ ਤੋਂ ਗੋਆ ਜਾਣ ਲਈ ਗੱਡੀ 'ਤੇ ਸਵਾਰ ਹੋਏ ਤਾਂ ਰਸਤੇ ਵਿਚ ਖੰਨਾ ਰੇਲਵੇ ਸਟੇਸ਼ਨ 'ਤੇ ਉਹ 4 ਮਿੰਟ ਲਈ ਰੁਕੀ ਗੱਡੀ ਸਮੇਂ ਆਪਣੇ ਦੋਸਤ ਸੰਤ ਰਾਮ 'ਹਰ' ਨੂੰ ਉਚੇਚਾ ਸੁਨੇਹਾ ਭੇਜ ਕੇ ਮਿਲੇ ਅਤੇ ਆਪਣੇ ਸਾਈਕਲ ਦੀ ਚਾਬੀ ਉਨ੍ਹਾਂ ਨੂੰ ਸੌਂਪੀ ਕਿਉਂਕਿ ਇਹ ਸਾਈਕਲ 'ਹਰ' ਦੇ ਪਿਤਾ ਨੇ ਕਰਨੈਲ ਸਿੰਘ ਨੂੰ ਪਿੰਡੋਂ ਸ਼ਹਿਰ ਆਉਣ ਜਾਣ ਲਈ ਲੈ ਕੇ ਦਿੱਤੀ ਹੋਈ ਸੀ | ਇਸ ਮੌਕੇ ਹੀ ਉਨ੍ਹਾਂ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਹ ਗੋਆ ਨੂੰ ਆਜ਼ਾਦ ਕਰਵਾਉਣ ਲਈ ਜਾ ਰਹੇ ਹਨ ਅਤੇ ਤਦ ਤੱਕ ਵਾਪਸ ਨਹੀਂ ਆਉਣਗੇ ਜਦੋਂ ਤੱਕ ਗੋਆ ਆਜ਼ਾਦ ਨਹੀਂ ਹੋ ਜਾਂਦਾ | 92 ਸਾਲਾ ਸੰਤ ਰਾਮ 'ਹਰ' ਸ਼ਹੀਦ ਕਰਨੈਲ ਸਿੰਘ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਉਹ ਬਹੁਤ ਇਮਾਨਦਾਰ, ਬਹੁਤ ਮਿਹਨਤੀ ਨੌਜਵਾਨ ਸਨ | ਉਸ ਵੇਲੇ ਉਹ 'ਹਰ' ਤੋਂ 4 ਸਾਲ ਵੱਡੇ ਸਨ | ਸ਼ਹੀਦ ਕਰਨੈਲ ਸਿੰਘ ਨੇ 'ਹਰ' ਨੂੰ ਤਾਕੀਦ ਕੀਤੀ ਕਿ ਉਨ੍ਹਾਂ ਦੇ ਸ਼ਹੀਦੀ ਲਈ ਜਾਣ ਦੀ ਗੱਲ ਅਜੇ ਚਾਚਾ ਜੀ ('ਹਰ' ਦੇ ਪਿਤਾ) ਅਤੇ ਮੇਰੀ ਮਾਤਾ ਤੋਂ ਬਿਨਾਂ ਕਿਸੇ ਨੂੰ ਨਹੀਂ ਦੱਸਣੀ | ਕਰਨੈਲ ਸਿੰਘ ਈਸੜੂ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਬੇ-ਝਿਜਕ ਆਪਣੀ ਜਾਨ ਵਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਹੁਣ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਉਨ੍ਹਾਂ ਦੇ ਪਿੰਡ ਈਸੜੂ ਵਿਖੇ ਲਗਪਗ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸ਼ਹੀਦੀ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ |
ਕਰਨੈਲ ਸਿੰਘ ਦਾ ਜਨਮ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਵਿਚ 9 ਸਤੰਬਰ 1930 ਨੂੰ ਹੋਇਆ ਸੀ, ਇਹ ਹੁਣ ਪਾਕਿਸਤਾਨ ਵਿਚ ਹੈ | ਉਨ੍ਹਾਂ ਦੇ ਪਿਤਾ ਦਾ ਨਾਂਅ ਸੁੰਦਰ ਸਿੰਘ ਅਤੇ ਮਾਤਾ ਦਾ ਨਾਂਅ ਹਰਨਾਮ ਕੌਰ ਸੀ | ਕਰਨੈਲ ਸਿੰਘ ਦੀਆਂ ਚਾਰ ਭੈਣਾਂ ਤੇ ਤਿੰਨ ਭਰਾ ਸਨ |
ਕਰਨੈਲ ਸਿੰਘ ਦੇ ਪਿਤਾ ਸੁੰਦਰ ਸਿੰਘ ਬਰਤਾਨਵੀ ਫ਼ੌਜ ਵਿਚ ਸ਼ਾਮਿਲ ਸਨ | ਬਰਤਾਨਵੀ ਸਰਕਾਰ ਵਲੋਂ ਜਦੋਂ ਲਾਇਲਪੁਰ ਦੀਆਂ ਬਾਰਾਂ ਨੂੰ ਆਬਾਦ ਕਰਨ ਲਈ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਤਾਂ ਕਰਨੈਲ ਸਿੰਘ ਈਸੜੂ ਦੇ ਪਰਿਵਾਰ ਨੂੰ ਵੀ ਇਕ ਮੁਰੱਬਾ ਜ਼ਮੀਨ ਅਲਾਟ ਹੋਈ ਸੀ | ਕਰਨੈਲ ਸਿੰਘ ਨੇ ਸ਼ੁਰੂਆਤੀ ਸਿੱਖਿਆ ਪਿੰਡ ਦੇ ਸਕੂਲ ਅਤੇ ਨੌਵੀਂ ਤੱਕ ਦੀ ਪੜ੍ਹਾਈ ਨੇੜਲੇ ਪਿੰਡ ਖੁਸ਼ਪੁਰ ਤੋਂ ਕੀਤੀ ਸੀ | ਭਾਰਤ ਦੀ ਆਜ਼ਾਦੀ ਤੋਂ ਬਾਅਦ ਕਰਨੈਲ ਸਿੰਘ ਦਾ ਪਰਿਵਾਰ ਖੰਨਾ ਨੇੜਲੇ ਆਪਣੇ ਪੁਸ਼ਤੈਨੀ ਪਿੰਡ ਈਸੜੂ ਆ ਗਿਆ ਸੀ |
ਕਰਨੈਲ ਸਿੰਘ ਨੇ ਖੰਨੇ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ | ਫਿਰ ਐਫ਼. ਏ. ਦਾ ਇਮਤਿਹਾਨ ਪ੍ਰਾਈਵੇਟ ਤੌਰ 'ਤੇ ਦਿੱਤਾ ਅਤੇ ਫਿਰ ਜਗਰਾਓਾ ਵਿਚ ਅਧਿਆਪਨ ਦੀ ਬੇਸਿਕ ਟਰੇਨਿੰਗ ਦੀ ਪੜ੍ਹਾਈ ਕੀਤੀ | ਕੁਝ ਸਮੇਂ ਬਾਦ ਸਰਕਾਰੀ ਸਕੂਲ ਵਿਚ ਨੌਕਰੀ ਮਿਲ ਗਈ | ਕਰਨੈਲ ਸਿੰਘ ਦਾ ਵਿਆਹ 1955 ਵਿਚ 25 ਸਾਲ ਦੀ ਉਮਰ ਵਿਚ ਚਰਨਜੀਤ ਕੌਰ ਨਾਲ ਹੋਇਆ | ਕਰਨੈਲ ਸਿੰਘ ਦੇ ਜੀਵਨ ਉੱਤੇ ਆਜ਼ਾਦੀ ਮੌਕੇ ਹੋਈ ਵੰਡ, ਕਤਲੇਆਮ, ਸ਼ਰਨਾਰਥੀਆਂ ਦੀਆਂ ਸਮੱਸਿਆਵਾਂ, ਔਰਤਾਂ ਅਤੇ ਬੱਚਿਆਂ 'ਤੇ ਹੋਏ ਜ਼ੁਲਮਾਂ ਦਾ ਗਹਿਰਾ ਪ੍ਰਭਾਵ ਪਿਆ | ਭਾਰਤ ਦੀ ਸੋਸ਼ਲਿਸਟ ਪਾਰਟੀ ਵਲੋਂ ਸੰਨ 1955 ਵਿਚ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲ ਤੋਂ ਆਜ਼ਾਦ ਕਰਾਉਣ ਲਈ 'ਗੋਆ ਵਿਮੋਚਨ ਸੰਮਤੀ' ਬਣਾਈ ਗਈ ਅਤੇ ਨੌਜਵਾਨਾਂ ਨੂੰ ਸੱਤਿਆਗ੍ਰਹਿ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ | ਕਰਨੈਲ ਸਿੰਘ ਨੂੰ ਇਸ ਸੱਤਿਆਗ੍ਰਹਿ ਵਿਚ ਸੱਤਿਆਗ੍ਰਹੀ ਬਣਨ ਦੀ ਇਜਾਜ਼ਤ ਨਾ ਮਿਲੀ | ਪਰ ਇਸ ਦੇ ਬਾਵਜੂਦ ਉਹ ਆਪਣੀ ਘੜੀ ਤੇ ਹੋਰ ਸਾਮਾਨ ਵੇਚ ਕੇ ਅਤੇ ਕੁੱਝ ਮਿੱਤਰਾਂ ਤੋਂ ਪੈਸੇ ਲੈ ਕੇ ਬੰਬਈ ਪਹੁੰਚ ਗਏ | 12 ਅਗਸਤ 1955 ਨੂੰ ਉਹ ਬੰਬਈ ਰੇਲਵੇ ਸਟੇਸ਼ਨ 'ਤੇ ਪੰਜਾਬੀ ਸੱਤਿਆਗ੍ਰਹੀਆਂ ਦੀ ਟੋਲੀ ਵਿਚ ਸ਼ਾਮਿਲ ਹੋ ਗਏ | 13 ਅਗਸਤ ਨੂੰ ਇਹ ਟੋਲੀ ਪੂਨੇ (ਪੁਣੇ) ਜਾ ਪਹੁੰਚੀ ਅਤੇ ਆਜ਼ਾਦੀ ਦੇ ਸੱਤਿਆਗ੍ਰਹੀ ਜਥੇ ਵਿਚ ਸ਼ਾਮਿਲ ਹੋ ਗਈ | ਇਸ ਸੱਤਿਆਗ੍ਰਹੀ ਜਥੇ ਦੀ ਕਮਾਂਡ ਬੰਗਾਲੀ ਨੇਤਾ ਕਾਮਰੇਡ ਚੇਤਲੇ ਕਰ ਰਹੇ ਸਨ |
15 ਅਗਸਤ 1955 ਨੂੰ ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ 12 ਸੱਤਿਆਗ੍ਰਹੀ ਗੋਆ ਵੱਲ ਰਵਾਨਾ ਹੋਏ | ਉਨ੍ਹਾਂ ਨੇ ਗੋਆ ਦੀ ਸਰਹੱਦ ਦੇ ਇਕ ਪਿੰਡ ਪਿਤਰਾਦੇਵੀ ਵੱਲ ਚੱਲਣਾ ਸ਼ੁਰੂ ਕੀਤਾ | 15 ਅਗਸਤ 1955 ਈ. ਨੂੰ ਸਾਰੇ ਵਲੰਟੀਅਰ ਗੋਆ ਦੀ ਸਰਹੱਦ ਤੋਂ ਅੱਧਾ ਕਿੱਲੋਮੀਟਰ ਦੀ ਦੂਰੀ ਉੱਤੇ ਇਕੱਠੇ ਹੋ ਗਏ ਅਤੇ ਕਾਮਰੇਡ ਚੇਤਲੇ ਦੀ ਅਗਵਾਈ ਅਧੀਨ ਚਾਰ-ਚਾਰ ਦੀਆਂ ਕਤਾਰਾਂ ਬਣਾ ਕੇ ਗੋਆ ਦੀ ਹੱਦ ਵਿਚ ਦਾਖ਼ਲ ਹੋਣ ਲੱਗ ਗਏ | ਉਸ ਵੇਲੇ ਸੈਂਕੜੇ ਲੋਕਾਂ ਦਾ ਇਕੱਠ ਉਨ੍ਹਾਂ ਦੇ ਨਾਲ ਚੱਲ ਰਿਹਾ ਸੀ, ਜਿਨ੍ਹਾਂ ਵਿਚ ਵਿਦੇਸ਼ੀ ਪੱਤਰਕਾਰ ਵੀ ਸਨ | ਜਦੋਂ ਨਿਹੱਥੇ ਸੱਤਿਆਗ੍ਰਹੀ ਅੱਗੇ ਵਧ ਰਹੇ ਸਨ ਤਾਂ ਪੁਰਤਗਾਲੀ ਫ਼ੌਜ ਨੇ ਬਿਨਾਂ ਚਿਤਾਵਨੀ ਦੇ ਹੀ 5 ਪਾਸਿਓਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ |
ਪੁਰਤਗਾਲੀ ਸਿਪਾਹੀਆਂ ਦੀਆਂ ਗੋਲੀਆਂ ਕਾਮਰੇਡ ਚੇਤਲੇ ਅਤੇ ਮਧੁਕਰ ਚੌਧਰੀ ਨੂੰ ਲੱਗੀਆਂ | ਇਕ ਗੋਲੀ ਸਾਹੋਦਰਾ ਦੇਵੀ ਨੂੰ ਵੀ ਲੱਗੀ | ਜਦੋਂ ਕੌਮੀ ਤਿਰੰਗਾ ਝੰਡਾ ਕਾਮਰੇਡ ਚੇਤਲੇ ਦੇ ਹੱਥੋਂ ਡਿਗਣ ਹੀ ਲੱਗਾ ਸੀ ਕਿ ਕਰਨੈਲ ਸਿੰਘ ਨੇ ਅੱਗੇ ਵਧ ਕੇ ਝੰਡਾ ਆਪਣੇ ਹੱਥਾਂ ਵਿਚ ਫੜ ਲਿਆ | ਕਰਨੈਲ ਸਿੰਘ ਨੂੰ ਵੀ ਦੋ ਗੋਲੀਆਂ ਵੱਜੀਆਂ ਅਤੇ ਉਹ 'ਇਨਕਲਾਬ ਜ਼ਿੰਦਾਬਾਦ', 'ਭਾਰਤ ਮਾਤਾ ਦੀ ਜੈ' ਅਤੇ 'ਬੋਲੇ ਸੋ ਨਿਹਾਲ' ਦੇ ਨਾਅਰੇ ਮਾਰਦਾ ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋ ਗਿਆ | ਇਨ੍ਹਾਂ ਦਾ ਸਸਕਾਰ ਪੂਨੇ ਵਿਚ ਹੀ ਕੀਤਾ ਗਿਆ |
ਉਦੋਂ ਤੋਂ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ 'ਤੇ ਪਿੰਡ ਈਸੜੂ ਵਿਚ ਸ਼ਹੀਦ ਕਰਨੈਲ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਇਆ ਜਾਂਦਾ ਹੈ | ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਇਸ ਦਿਨ ਬੜੀ ਸ਼ਰਧਾ ਨਾਲ ਇਕੱਠ ਕਰਦੀਆਂ ਹਨ ਅਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੀਆਂ ਹਨ | ਗ਼ੌਰਤਲਬ ਹੈ ਕਿ ਜਿੱਥੇ ਸ਼ਹੀਦ ਕਰਨੈਲ ਸਿੰਘ ਦਾ ਇਕ ਬੁੱਤ ਉਨ੍ਹਾਂ ਦੇ ਪਿੰਡ ਈਸੜੂ ਵਿਚ ਲਾਇਆ ਗਿਆ ਹੈ ਉੱਥੇ ਇਕ ਬੁੱਤ ਗੋਆ ਦੇ ਪਿੰਡ ਪਿਤਰਾਦੇਵੀ ਵਿਚ ਵੀ ਸਾਲ 2015 ਵਿਚ ਲਗਾਇਆ ਗਿਆ ਹੈ | ਖੰਨਾ ਦੇ ਕਈ ਲੋਕਾਂ ਦਾ ਵਿਚਾਰ ਹੈ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕੋਈ ਵੱਡੀ ਯਾਦਗਾਰ ਨਹੀਂ ਬਣਾਈ ਗਈ | ਇਸ ਲਈ ਖੰਨਾ ਦਾ ਨਾਂਅ ਸ਼ਹੀਦ ਕਰਨੈਲ ਸਿੰਘ ਨਗਰ ਰੱਖ ਕੇ ਇਸ ਨੂੰ ਜ਼ਿਲ੍ਹਾ ਬਣਾਇਆ ਜਾਵੇ |
ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ,
ਤਕਦੀਰ ਬਦਲਦੀ ਕੌਮਾਂ ਦੀ |
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ
ਤਸਵੀਰ ਬਦਲਦੀ ਕੌਮਾਂ ਦੀ |
ਗੋਆ ਕਿਵੇਂ ਹੋਇਆ ਆਜ਼ਾਦ
ਸ਼ਹੀਦ ਕਰਨੈਲ ਸਿੰਘ ਦੀ ਸ਼ਹੀਦੀ ਦੇ ਨਾਲ ਹੀ ਗੋਆ ਆਜ਼ਾਦ ਨਹੀਂ ਹੋ ਗਿਆ, ਸਗੋਂ ਇਹ ਆਜ਼ਾਦੀ ਦਸੰਬਰ 1961 ਵਿਚ ਹੀ ਮਿਲ ਸਕੀ | ਗੋਆ ਦੀ ਆਜ਼ਾਦੀ ਤੋਂ ਪਹਿਲਾਂ ਗੋਆ ਵਾਸੀਆਂ ਨੇ ਕਰੀਬ 451 ਸਾਲ ਪੁਰਤਗਾਲੀਆਂ ਦੀ ਗੁਲਾਮੀ ਸਹੀ | ਪੁਰਤਗਾਲ ਦਾ ਸਮੁੰਦਰੀ ਜਹਾਜ਼ਾਂ ਦਾ ਪ੍ਰਸਿੱਧ ਕਮਾਂਡਰ ਵਾਸਕੋ ਡੀ ਗਾਮਾ 'ਕੇਪ ਆਫ ਗੁਡਹੋਪ' ਜਹਾਜ਼ ਰਾਹੀਂ 1498 ਵਿਚ ਗੋਆ ਪਹੁੰਚਿਆ ਸੀ ਅਤੇ 12 ਸਾਲਾਂ ਵਿਚ ਹੀ ਪੁਰਤਗਾਲੀ ਗੋਆ ਉੱਤੇ ਕਬਜ਼ਾ ਕਰਕੇ ਹੁਕਮਰਾਨ ਬਣ ਗਏ ਸਨ | 1955 ਵਿਚ ਸ਼ਹੀਦ ਕਰਨੈਲ ਸਿੰਘ ਦੇ ਸਾਥੀਆਂ ਦੀ ਸ਼ਹੀਦੀ ਤੋਂ 6 ਸਾਲ ਬਾਅਦ 1961 ਵਿਚ, 19 ਦਸੰਬਰ ਨੂੰ ਗੋਆ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ | ਇਹ ਆਜ਼ਾਦੀ ਦੀ ਲੜਾਈ ਸੌਖੀ ਨਹੀਂ ਸੀ ਕਿਉਂਕਿ ਕਾਂਗਰਸ ਅਤੇ ਦੇਸ਼ ਦੇ ਵੱਡੇ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਗੋਆ ਦੀ ਆਜ਼ਾਦੀ ਵੱਲ ਧਿਆਨ ਨਹੀਂ ਦੇ ਰਹੇ ਸਨ | ਪੁਰਤਗਾਲ ਗੋਆ ਨੂੰ ਆਸਾਨੀ ਨਾਲ ਛੱਡਣ ਦੇ ਮੂਡ ਵਿਚ ਨਹੀਂ ਸੀ | ਉਹ 'ਨਾਟੋ' (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਦਾ ਮੈਂਬਰ ਸੀ ਅਤੇ ਨਹਿਰੂ ਫ਼ੌਜੀ ਟਕਰਾਅ ਤੋਂ ਝਿਜਕਦੇ ਸਨ | ਪਰ ਨਵੰਬਰ 1961 'ਚ ਪੁਰਤਗਾਲੀ ਫ਼ੌਜੀਆਂ ਨੇ ਗੋਆ ਦੇ ਮਛੇਰਿਆਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਮਾਰਿਆ ਗਿਆ | ਇਸ ਤੋਂ ਬਾਅਦ ਭਾਰਤ ਨੂੰ ਮੌਕਾ ਮਿਲ ਗਿਆ | ਭਾਰਤ ਦੇ ਤਤਕਾਲੀ ਰੱਖਿਆ ਮੰਤਰੀ ਕੇ. ਵੀ. ਕਿ੍ਸ਼ਨਾ ਮੈਨਨ ਅਤੇ ਨਹਿਰੂ ਨੇ ਸਲਾਹ ਕਰਕੇ 17 ਦਸੰਬਰ ਨੂੰ ਭਾਰਤ ਨੇ ਆਪਰੇਸ਼ਨ 'ਵਿਜੇ' ਅਧੀਨ ਗੋਆ ਵਿਚ 30 ਹਜ਼ਾਰ ਦੀ ਜ਼ਮੀਨੀ, ਹਵਾਈ ਅਤੇ ਜਲ ਸੈਨਾ ਭੇਜ ਦਿੱਤੀ | ਪੁਰਤਗਾਲੀ ਸਿਰਫ਼ 36 ਘੰਟੇ ਹੀ ਮੁਕਾਬਲਾ ਕਰ ਸਕੇ | ਪੁਰਤਗਾਲ ਨੇ ਗੋਆ ਤੋਂ ਕਬਜ਼ਾ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਗੋਆ ਆਜ਼ਾਦ ਹੋ ਗਿਆ |
-1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ-141401,
ਫ਼ੋਨ ਨੰਬਰ- 92168-60000