ਪੰਜਾਬ ਨੂੰ ਈਸਟ ਇੰਡੀਆ ਕੰਪਨੀ ਦੀ ਅਧੀਨਗੀ ਹੇਠ ਲੈਣ ਦੀ ਵਿਉਂਤ ਦੇ ਪਹਿਲੇ ਪੜਾਅ ਵਜੋਂ ਲਾਹੌਰ ਦਰਬਾਰ ਦੀ ਫ਼ੌਜ ਨੂੰ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਹਰਾ ਕੇ ਅੰਗਰੇਜ਼ ਹਾਕਮਾਂ ਨੇ ਲਾਹੌਰ ਵਿਚ ਪੈਰ ਰੱਖਣ ਦੀ ਥਾਂ ਬਣਾ ਲਈ ਤਾਂ ਇਸ ਦਿਨ ਤੋਂ ਹੀ ਪੰਜਾਬੀਆਂ ਨੇ ਵਿਦੇਸ਼ੀ ਸਰਕਾਰ ਦੀ ਗ਼ੁਲਾਮੀ ਤੋਂ ਮੁਕਤੀ ਬਾਰੇ ਸੰਘਰਸ਼ ਆਰੰਭ ਦਿੱਤਾ। ਅਜਿਹੇ ਮੋਢੀ ਦੇਸ਼ ਭਗਤਾਂ ਵਿਚ ਭਾਈ ਮਹਾਰਾਜ ਸਿੰਘ ਦਾ ਨਾਂਅ ਪ੍ਰਮੁੱਖ ਹੈ ਜਿਸ ਨੇ ਆਪਣੀਆਂ ਕਾਰਵਾਈਆਂ ਨਾਲ ਦੋ ਢਾਈ ਸਾਲ ਪੰਜਾਬ ਦੇ ਅੰਗਰੇਜ਼ ਹਾਕਮਾਂ ਨੂੰ ਵਖ਼ਤ ਪਾਈ ਰੱਖਿਆ। ਅੰਗਰੇਜ਼ਾਂ ਨੂੰ ਸੁਖ ਦਾ ਸਾਹ ਉਦੋਂ ਮਿਲਿਆ ਜਦ ਭਾਈ ਮਹਾਰਾਜ ਸਿੰਘ ਦੀ 29 ਦਸੰਬਰ 1849 ਨੂੰ ਹੋਈ ਗ੍ਰਿਫ਼ਤਾਰੀ ਉਪਰੰਤ ਉਸ ਨੂੰ ਦੇਸ਼ ਨਿਕਾਲਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ, ਜਿਥੇ ਇਕਲਾਪਾ ਭੋਗਦਿਆਂ ਉਨ੍ਹਾਂ ਨੇ 5 ਜੁਲਾਈ 1856 ਨੂੰ ਅੰਤਿਮ ਸਵਾਸ ਲਏ।
ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਵਿਚ ਅਗਲਾ ਨਾਂਅ ਬਾਬਾ ਰਾਮ ਸਿੰਘ ਦਾ ਹੈ। ਚੜ੍ਹਦੀ ਜਵਾਨੀ ਦੇ ਅੱਠ ਨੌਂ ਵਰ੍ਹੇ ਉਨ੍ਹਾਂ ਲਾਹੌਰ ਦਰਬਾਰ ਦੀ ਸੈਨਾ ਵਿਚ ਬਤੀਤ ਕੀਤੇ ਪਰ ਲਾਹੌਰ ਦਰਬਾਰ ਅਤੇ ਖ਼ਾਲਸਾ ਫ਼ੌਜ ਦੀ ਅੰਦਰੂਨੀ ਹਾਲਤ ਨੂੰ ਵੇਖਦਿਆਂ ਅੰਗਰੇਜ਼ਾਂ ਅਤੇ ਸਿੱਖ-ਸੈਨਾ ਵਿਚਕਾਰ ਪਹਿਲੀ ਜੰਗ ਹੋਣ ਤੋਂ ਪਹਿਲਾਂ ਹੀ ਉਹ ਸੈਨਿਕ ਸੇਵਾ ਨੂੰ ਅਲਵਿਦਾ ਕਹਿ ਕੇ ਆਪਣੇ ਨਗਰ ਭੈਣੀ ਆ ਗਏ। ਸਦੀਆਂ ਦੀ ਗੁਲਾਮੀ ਪਿੱਛੋਂ ਕਾਇਮ ਹੋਇਆ ਸਿੱਖ ਰਾਜ ਥੋੜ੍ਹ-ਚਿਰਾ ਕਿਉਂ ਸਿੱਧ ਹੋਇਆ, ਬਾਬਾ ਰਾਮ ਸਿੰਘ ਨੇ ਇਸ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪੀਰੀ ਤੋਂ ਦੂਰ ਹੋਣ ਵਿਚ ਦੇਖਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸੇਵਕਾਂ ਨੂੰ ਮੀਰੀ ਅਤੇ ਪੀਰੀ ਦੋਵਾਂ ਨੂੰ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ ਸੀ। ਰਣਜੀਤ ਸਿੰਘ ਦਾ ਰਾਜ ਇਸ ਸੰਕਲਪ ਨੂੰ ਅਮਲ ਵਿਚ ਲਿਆਉਣ ਦਾ ਅਵਸਰ ਸੀ ਪਰ ਮਹਾਰਾਜਾ ਅਜਿਹਾ ਕਰਨ ਵਿਚ ਅਸਫ਼ਲ ਰਹੇ। ਬਾਬਾ ਜੀ ਨੇ ਇਸ ਸੰਕਲਪ ਨੂੰ ਵਾਸਤਵਿਕ ਰੂਪ ਦੇਣ ਵਾਸਤੇ 12 ਅਪ੍ਰੈਲ 1857 ਨੂੰ ਕੂਕਾ ਸੰਪਰਦਾ ਦੀ ਸਥਾਪਨਾ ਕੀਤੀ। ਉਦੇਸ਼ ਸੀ ਧਰਮ-ਕਰਮ ਵਿਚ ਪੂਰੇ ਰਹਿਤਵਾਨ ਸਿੱਖ ਸਮਾਜ ਦੀ ਸਿਰਜਣਾ ਕਰਕੇ ਅੰਗਰੇਜ਼ ਸਰਕਾਰ ਨਾਲ ਆਢਾ ਲੈਣਾ। ਸ਼ਾਤਰ ਅੰਗਰੇਜ਼ ਹਕੂਮਤ ਨੇ ਬਾਬਾ ਜੀ ਦੀ ਵਿਉਂਤ ਨੂੰ ਛੇਤੀ ਹੀ ਭਾਂਪ ਲਿਆ ਅਤੇ ਇਸ ਨੂੰ ਠੱਲ੍ਹਣ ਦੀ ਵਿਉਂਤਬੰਦੀ ਹੋਣ ਲੱਗੀ। ਬਾਬਾ ਜੀ ਦੇ ਕੁਝ ਪੈਰੋਕਾਰਾਂ ਦੀਆਂ ਕਾਰਵਾਈਆਂ ਨੇ ਸਰਕਾਰ ਨੂੰ ਮੌਕਾ ਦਿੱਤਾ ਤਾਂ ਜਨਵਰੀ 1872 ਵਿਚ ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਬਰਮਾ ਭੇਜ ਦਿੱਤਾ ਗਿਆ। ਬਿਨਾਂ ਸ਼ੱਕ, ਬਾਬਾ ਜੀ ਦੀ ਗ਼ੈਰ-ਹਾਜ਼ਰੀ ਵਿਚ ਵੀ ਉਨ੍ਹਾਂ ਦੇ ਪੈਰੋਕਾਰ ਅੰਗਰੇਜ਼ ਸਰਕਾਰ ਦੀਆਂ ਅੱਖਾਂ ਦੇ ਰੋੜ ਬਣੇ ਰਹੇ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਅੰਗਰੇਜ਼ੀ ਗ਼ੁਲਾਮੀ ਤੋਂ ਮੁਕਤੀ ਦੇ ਇਹ ਯਤਨ ਖੇਤਰੀ ਪੱਧਰ ਦੇ ਸਨ, ਕਿਉਂਕਿ ਦੇਸ਼-ਵਿਆਪੀ ਰਾਸ਼ਟਰੀ ਭਾਵਨਾ ਅਜੇ ਪਣਪੀ ਨਹੀਂ ਸੀ। ਕੌਮੀ ਪੱਧਰ 'ਤੇ ਕਾਂਗਰਸ ਦੇ ਰੂਪ ਵਿਚ ਜਿਉਂ ਹੀ ਰਾਸ਼ਟਰੀ ਭਾਵਨਾ ਹੋਂਦ ਵਿਚ ਆਈ ਤਾਂ ਪੰਜਾਬ ਇਸ ਨੂੰ ਅਪਨਾਉਣ ਵਾਲਿਆਂ ਵਿਚੋਂ ਮੋਹਰੀਆਂ ਵਿਚ ਸੀ। ਵਿਰੋਧ ਦਾ ਰੂਪ ਵੀ ਬਦਲ ਗਿਆ, ਹਥਿਆਰਬੰਦ ਸੰਘਰਸ਼ ਦੀ ਥਾਂ ਅਰਜ਼ੀ-ਪਰਚਿਆਂ ਨੇ ਲੈ ਲਈ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਪੰਜਾਬ ਨੇ ਅਰਜ਼ੀ-ਪਰਚਿਆਂ ਦਾ ਨਵਾਂ ਬਦਲ ਜਨਤਕ ਲਾਮਬੰਦੀ ਦੇ ਰੂਪ ਵਿਚ ਪੇਸ਼ ਕੀਤਾ। ਮੌਕਾ ਸੀ 1907 ਦਾ ਕਿਸਾਨ ਅੰਦੋਲਨ ਜਿਸ ਦੀ ਅਗਵਾਈ ਪ੍ਰਸਿੱਧ ਦੇਸ਼ ਭਗਤ ਬਾਲ ਗੰਗਾਧਰ ਤਿਲਕ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸ. ਅਜੀਤ ਸਿੰਘ ਨੇ ਕੀਤੀ। ਹੋਇਆ ਇਉਂ ਕਿ 1906-07 ਵਿਚ ਪੰਜਾਬ ਸਰਕਾਰ ਨੇ ਦੋ ਅਜਿਹੇ ਕਾਨੂੰਨ ਬਣਾਏ ਜਿਨ੍ਹਾਂ ਦਾ ਸਿੱਧਾ ਸੰਬੰਧ ਕਿਸਾਨੀ ਨਾਲ ਸੀ। ਪਹਿਲਾ ਸੀ 'ਆਬਾਦਕਾਰੀ ਐਕਟ' ਜੋ ਮੱਧ ਪੰਜਾਬ ਦੇ ਜ਼ਿਲ੍ਹਿਆਂ ਵਿਚੋਂ ਬਾਰ ਦੇ ਇਲਾਕੇ ਵਿਚ ਜਾ ਕੇ ਬੰਜਰ ਅਤੇ ਜੰਗਲੀ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਲੇ ਕਿਸਾਨਾਂ ਦੇ ਮਾਲਕੀ ਹੱਕਾਂ ਨੂੰ ਖੋਰਾ ਲਾਉਂਦਾ ਸੀ। ਦੂਜੇ ਕਾਨੂੰਨ ਦੁਆਰਾ ਬਾਰੀ ਦੁਆਬ ਨਹਿਰ ਦੇ ਪਾਣੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਲਈ ਮਾਲੀਏ ਦੀਆਂ ਨਵੀਆਂ ਵਧਾਈਆਂ ਹੋਈਆਂ ਦਰਾਂ ਲਾਗੂ ਕੀਤੀਆਂ ਗਈਆਂ ਸਨ। ਮਾਝੇ ਅਤੇ ਬਾਰ ਦਾ ਇਲਾਕਾ ਦੋਵਾਂ ਕਾਨੂੰਨਾਂ ਦੀ ਮਾਰ ਹੇਠ ਆਉਂਦਾ ਸੀ। ਸ. ਅਜੀਤ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਵਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਤੋਂ ਜਾਣੂੰ ਕਰਵਾਉਣ ਲਈ ਇਸ ਖੇਤਰ ਦਾ ਚੱਪਾ-ਚੱਪਾ ਗਾਹਿਆ। ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਨੇ ਸ. ਅਜੀਤ ਸਿੰਘ ਨੂੰ ਇਕ ਮਸੀਹੇ ਦੇ ਰੂਪ ਵਿਚ ਦੇਖਿਆ। ਥਾਂ-ਥਾਂ ਕਿਸਾਨ ਕਾਨਫ਼ਰੰਸਾਂ ਹੋਣ ਲੱਗੀਆਂ ਜਿਥੇ ਮੁੱਖ ਬੁਲਾਰੇ ਵਜੋਂ ਸ. ਅਜੀਤ ਸਿੰਘ ਨੂੰ ਸੱਦਾ ਦਿੱਤਾ ਜਾਂਦਾ। ਸ. ਅਜੀਤ ਸਿੰਘ ਆਪਣੇ ਨਾਲ ਹੋਰ ਆਗੂਆਂ ਵਿਸ਼ੇਸ਼ ਕਰਕੇ ਲਾਲਾ ਲਾਜਪਤ ਰਾਇ ਨੂੰ ਵੀ ਲੈ ਕੇ ਜਾਂਦੇ। 22 ਮਾਰਚ 1907 ਨੂੰ ਲਾਇਲਪੁਰ ਵਿਚ ਹੋਈ ਅਜਿਹੀ ਇਕ ਕਾਨਫ਼ਰੰਸ ਵਿਚ ਹੀ ਨੌਜਵਾਨ ਬਾਂਕੇ ਲਾਲ ਨੇ ''ਪਗੜੀ ਸੰਭਾਲ ਜੱਟਾ'' ਵਾਲਾ ਗੀਤ ਗਾਇਆ। ਇਸ ਗੀਤ ਵਿਚ ਕਿਸਾਨਾਂ ਦੀ ਤਰਸਯੋਗ ਹਾਲਤ ਦਾ ਢੁੱਕਵੇਂ ਸ਼ਬਦਾਂ ਵਿਚ ਬਿਆਨ ਹੋਣ ਕਾਰਨ ਇਹ ਗੀਤ ਲਹਿਰ ਦਾ ਮੁੱਖ ਤਰਾਨਾ ਬਣ ਗਿਆ। ਪੰਜਾਬ ਸਰਕਾਰ ਵਲੋਂ 30 ਅਪ੍ਰੈਲ, 1907 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿਚ ਦੱਸਿਆ ਗਿਆ, 'ਸਥਿਤੀ ਦਾ ਸਭ ਤੋਂ ਖ਼ਤਰਨਾਕ ਪੱਖ ਪਿੰਡਾਂ ਵਿਚ ਕਿਸਾਨੀ ਵਲੋਂ ਅੰਦੋਲਨਕਾਰੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ, ਉਨ੍ਹਾਂ ਦੇ ਉਪਦੇਸ਼ ਵਿਚ ਭਰੋਸਾ ਕਰਨਾ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਵਿਵਹਾਰ ਕਰਨਾ ਹੈ। ਅੰਦੋਲਨਕਾਰੀਆਂ ਦੀ ਸਰਗਰਮੀ ਰੋਜ਼ਾਨਾ ਵਧ ਰਹੀ ਹੈ, ਪਿੰਡਾਂ ਅਤੇ ਸ਼ਹਿਰਾਂ ਵਿਚ, ਦੋਵੇਂ ਥਾਈਂ ਅੰਗਰੇਜ਼ ਵਿਰੋਧੀ ਭਾਵਨਾ ਬਲਵਾਨ ਹੋ ਰਹੀ ਹੈ।' ਇਸ ਸਥਿਤੀ ਵਿਚ ਸਰਕਾਰ ਕੋਲ ਦੋਵੇਂ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਾ ਰਿਹਾ। ਇਸ ਜਨ ਅੰਦੋਲਨ ਦੇ ਦੋ ਲਾਭ ਹੋਏ। ਇਕ ਤਾਂ ਜਿੱਤ ਦੇ ਰੂਪ ਵਿਚ ਖ਼ਤਮ ਹੋਏ ਅੰਦੋਲਨ ਕਾਰਨ ਜਨਤਾ ਦਾ ਜਥੇਬੰਦਕ ਸ਼ਕਤੀ ਵਿਚ ਵਿਸ਼ਵਾਸ ਬਣਿਆ ਅਤੇ ਦੂਜੇ ਇਸ ਅੰਦੋਲਨ ਨੇ ਰਾਮ ਸਰਨ ਦਾਸ ਕਪੂਰਥਲਾ, ਲਾਲਾ ਪਿੰਡੀ ਦਾਸ ਗੁੱਜਰਾਂਵਾਲਾ, ਪੰਡਤ ਰਾਮ ਭਜ ਦੱਤ, ਲਾਲਾ ਦੁਨੀਂ ਚੰਦ, ਬਖਸ਼ੀ ਟੇਕ ਚੰਦ, ਲਾਲਾ ਅਮੋਲਕ ਰਾਮ ਵਕੀਲ ਰਾਵਲਪਿੰਡੀ, ਪ੍ਰਭ ਦਿਆਲ ਉਰਫ਼ ਬਾਂਕੇ ਦਿਆਲ, ਮਹਿਤਾ ਅਨੰਦ ਕਿਸ਼ੋਰ ਲਾਹੌਰ, ਲਾਲ ਚੰਦ 'ਫਲਕ', ਰਾਮ ਚੰਦ ਪਿਸ਼ਾਵਰੀਆ, ਗਿਆਨੀ ਭਗਵਾਨ ਸਿੰਘ 'ਪ੍ਰੀਤਮ' ਆਦਿ ਦੇ ਮਨ ਵਿਚ ਅਜਿਹੀ ਅੰਗਰੇਜ਼ ਵਿਰੋਧੀ ਚੇਟਕ ਲਾਈ ਕਿ ਉਹ ਇਸ ਪਿੱਛੋਂ ਗ਼ਦਰ ਲਹਿਰ, ਹੋਮ ਰੂਲ ਲੀਗ, ਰੋਲਟ ਐਕਟ ਵਿਰੋਧੀ ਅੰਦੋਲਨ ਦੌਰਾਨ ਵੀ ਸਰਗਰਮ ਰਹੇ।
ਜਥੇਬੰਦਕ ਸ਼ਕਤੀ ਵਿਚ ਵਿਸ਼ਵਾਸ ਦੇ ਧਾਰਨੀ ਪੰਜਾਬੀਆਂ ਨੇ ਮਹਾਤਮਾ ਗਾਂਧੀ ਦੇ ਸੱਦੇ ਉੱਤੇ ਵੱਡੀ ਪੱਧਰ ਉੱਤੇ ਰੋਲਟ ਐਕਟ ਦਾ ਵਿਰੋਧ ਕੀਤਾ ਜਿਸ ਨੂੰ ਕਾਬੂ ਵਿਚ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿਚ ਬਿਨਾਂ ਕੋਈ ਐਲਾਨ ਕੀਤਿਆਂ 10 ਅਪ੍ਰੈਲ ਦੇ ਵੱਡੇ ਤੜਕੇ ਡਾ. ਕਿਚਲੂ ਅਤੇ ਡਾ. ਸਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਜਦ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਇਕ ਜਥਾ ਬਣਾ ਕੇ ਆਪਣੇ ਆਗੂਆਂ ਦੇ ਥਾਂ ਟਿਕਾਣੇ ਦਾ ਥਹੁ-ਪਤਾ ਪੁੱਛਣ ਵਾਸਤੇ ਡਿਪਟੀ ਕਮਿਸ਼ਨਰ ਦੀ ਕੋਠੀ ਵੱਲ ਚੱਲ ਪਏ। ਜਨ-ਸਮੂਹ ਪੁਲਿਸ ਦੇ ਰੋਕਿਆਂ ਨਾ ਰੁਕਿਆ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਅੱਠ ਦਸ ਵਿਅਕਤੀ ਮਾਰੇ ਗਏ। ਰੋਸ ਵਿਚ ਬੇਮੁਹਾਰੇ ਹੋਏ ਹਜ਼ੂਮ ਨੇ ਕਈ ਸਰਕਾਰੀ ਇਮਾਰਤਾਂ ਨੂੰ ਅੱਗ ਲਾਈ ਅਤੇ ਕੁਝ ਗੋਰੇ ਮਾਰੇ ਜਾਂ ਜ਼ਖ਼ਮੀ ਕੀਤੇ। 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿਚ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਮਿਲੀਭੁਗਤ ਨਾਲ ਜਨਰਲ ਡਾਇਰ ਵਲੋਂ ਕਈ ਸੈਂਕੜੇ ਸ਼ਾਂਤਮਈ ਨਿਹੱਥੇ ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਕਰੂਰ ਕਾਰਵਾਈ ਅਤੇ ਉਸ ਪਿੱਛੋਂ ਕੇਂਦਰੀ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਮਾਰਸ਼ਲ ਲਾਅ ਲਾ ਕੇ ਅੰਨ੍ਹੇਵਾਹ ਕੀਤੀਆਂ ਗ੍ਰਿਫ਼ਤਾਰੀਆਂ ਅਤੇ ਹੋਰ ਅਮਾਨਵੀ ਕਾਰਵਾਈਆਂ ਪੰਜਾਬੀਆਂ ਨੂੰ ਸਬਕ ਸਿਖਾਉਣ ਦੀ ਨੀਤ ਨਾਲ ਕੀਤੀਆਂ ਗਈਆਂ ਸਨ। ਇਹ ਅੰਗਰੇਜ਼ੀ ਸਰਕਾਰ ਦੇ ਮੂੰਹ ਉੱਤੇ ਅਜਿਹਾ ਕਾਲਾ ਧੱਬਾ ਬਣੀਆਂ ਜਿਸ ਦੀ ਮਿਸਾਲ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ। ਪੰਜਾਬ ਵਿਚ ਵਾਪਰੇ ਇਸ ਦੁਖਾਂਤ ਨੇ ਗਾਂਧੀ ਜੀ ਨੂੰ ਪੰਜਾਬ ਨਾਲ ਜੋੜਿਆ ਜਿਸ ਨਾਲ ਭਾਰਤੀ ਰਾਜਨੀਤੀ ਨੂੰ ਨਵੀਂ ਦਿਸ਼ਾ ਮਿਲੀ। ਅਗਲੇ ਲਗਭਗ ਢਾਈ ਦਹਾਕਿਆਂ ਦੌਰਾਨ ਗਾਂਧੀ ਜੀ ਨੇ ਤਿੰਨ ਵਾਰ - 1921 ਵਿਚ ਨਾ-ਮਿਲਵਰਤਨ ਲਹਿਰ, 1931 ਵਿਚ ਸਿਵਲ ਨਾ-ਫਰਮਾਨੀ ਲਹਿਰ ਚਲਾਈ ਅਤੇ 1942 ਵਿਚ 'ਅੰਗਰੇਜ਼ੋ ਭਾਰਤ ਛੱਡੋ' ਅੰਦੋਲਨ ਦੇ ਰੂਪ ਵਿਚ ਸਮੂਹ ਦੇਸ਼ ਵਾਸੀਆਂ ਨੂੰ ਅੰਗਰੇਜ਼ ਵਿਰੁੱਧ ਲਾਮਬੰਦ ਕੀਤਾ। ਪੰਜਾਬੀਆਂ ਨੇ ਹਰ ਵਾਰ ਗਾਂਧੀ ਜੀ ਦੇ ਸੱਦੇ ਦਾ ਜ਼ੋਰਦਾਰ ਹੁੰਗਾਰਾ ਭਰਿਆ।
ਸਮੂਹ ਦੇਸ਼ਵਾਸੀਆਂ ਵਲੋਂ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਮਾਤ ਭੂਮੀ ਦੀ ਬੰਦ-ਖ਼ਲਾਸੀ ਵਾਸਤੇ ਕੌਮੀ ਪੱਧਰ 'ਤੇ ਲੜੇ ਗਏ ਘੋਲਾਂ ਵਿਚ ਸਰਗਰਮ ਹਿੱਸਾ ਪਾਉਣ ਦੇ ਨਾਲ ਨਾਲ ਪੰਜਾਬੀਆਂ ਨੇ ਪ੍ਰਾਂਤਕ ਪੱਧਰ ਉੱਤੇ ਵੀ ਅੰਗਰੇਜ਼ ਸਰਕਾਰ ਦਾ ਨੱਕ ਵਿਚ ਦਮ ਕਰੀ ਰੱਖਿਆ। ਇਸ ਦਾ ਆਰੰਭ ਪਹਿਲੀ ਸੰਸਾਰ ਜੰਗ ਸਮੇਂ ਅਗਰੇਜ਼ਾਂ ਨੂੰ ਔਖੀ ਸਥਿਤੀ ਵਿਚ ਫਸੇ ਵੇਖ ਕੇ ਹਥਿਆਰਬੰਦ ਬਗ਼ਾਵਤ ਕਰਨ ਲਈ 1914-15 ਵਿਚ ਵਿਦੇਸ਼ਾਂ, ਖ਼ਾਸ ਕਰਕੇ ਅਮਰੀਕਾ ਅਤੇ ਕੈਨੇਡਾ ਤੋਂ ਪੰਜਾਬ ਪੁੱਜੇ ਗ਼ਦਰੀਆਂ ਨੇ ਕੀਤਾ। ਗ਼ਦਰੀ ਆਗੂ ਕਰਤਾਰ ਸਿੰਘ ਸਰਾਭਾ ਨੇ ਤਿੰਨ ਕੁ ਮਹੀਨਿਆਂ ਦੇ ਅੰਦਰ ਬੰਗਾਲੀ ਇਨਕਲਾਬੀਆਂ ਨਾਲ ਰਾਬਤਾ ਵੀ ਬਣਾ ਲਿਆ ਅਤੇ ਅੰਗਰੇਜ਼ਾਂ ਦੀਆਂ ਫ਼ੌਜੀ ਛਾਉਣੀਆਂ ਵਿਚ ਵੀ ਆਪਣੇ ਹਮਦਰਦ ਪੈਦਾ ਕਰ ਲਏ। ਗ਼ਦਰੀਆਂ ਵਿਚ ਸ਼ਾਮਿਲ ਹੋਏ ਸਰਕਾਰੀ ਸੂਹੀਏ ਵਲੋਂ ਭੇਤ ਦੇ ਦੇਣ ਕਾਰਨ ਗ਼ਦਰ ਦੀ ਯੋਜਨਾ ਸਫਲ ਨਾ ਹੋਈ। ਇਸ ਯੋਜਨਾ ਦੀ ਵਿਆਪਕਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਇਸ ਬਗ਼ਾਵਤ ਵਿਚ ਸ਼ਾਮਿਲ ਹੋਣ ਦਾ ਦੋਸ਼ ਲਾ ਕੇ 14 ਮੁਕੱਦਮੇ ਦਰਜ ਕੀਤੇ ਜਿਨ੍ਹਾਂ ਵਿਚ ਨਾਮਜ਼ਦ 218 ਮੁਲਜ਼ਮਾਂ ਵਿਚੋਂ 39 ਨੂੰ ਫ਼ਾਂਸੀ, 62 ਨੂੰ ਕਾਲੇਪਾਣੀ ਉਮਰ ਕੈਦ ਅਤੇ 88 ਨੂੰ ਵੱਡੀ ਛੋਟੀ ਕੈਦ ਦੀ ਸਜ਼ਾ ਦਿੱਤੀ ਗਈ।
ਅੰਗਰੇਜ਼ੀ ਸਰਕਾਰ ਲਈ ਪੰਜਾਬ ਵਿਚ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ 1920 ਤੋਂ 1925 ਤੱਕ ਦਾ ਸਮਾਂ ਅਕਾਲੀ ਦਲ ਦੀਆਂ ਸਰਗਰਮੀਆਂ ਕਾਰਨ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਿਹਾ। ਅਕਾਲੀ ਲਹਿਰ ਦਾ ਮਨੋਰਥ ਗੁਰਦੁਆਰਿਆਂ ਦਾ ਪ੍ਰਬੰਧ ਇਨ੍ਹਾਂ ਉੱਤੇ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਅਤੇ ਇਨ੍ਹਾਂ ਦੀ ਆਮਦਨ ਨੂੰ ਧਰਮ ਪ੍ਰਚਾਰ ਦੀ ਥਾਂ ਐਸ਼-ਪ੍ਰਸਤੀ ਅਤੇ ਨਿੱਜੀ ਸੁਖ ਸੁਵਿਧਾਵਾਂ ਦੀ ਪ੍ਰਾਪਤੀ ਲਈ ਵਰਤ ਰਹੇ ਮਹੰਤਾਂ ਦੇ ਹੱਥੋਂ ਖੋਹ ਕੇ ਸਿੱਖ ਸੰਗਤ ਦੇ ਚੁਣੇ ਪ੍ਰਤੀਨਿਧਾਂ ਦੇ ਹੱਥਾਂ ਵਿਚ ਲਿਆਉਣਾ ਸੀ ਪਰ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਠੋਕਣ ਕਾਰਨ ਇਸ ਅੰਦੋਲਨ ਨੇ ਅੰਗਰੇਜ਼ ਸਰਕਾਰ ਵਿਰੋਧੀ ਅੰਦੋਲਨ ਦਾ ਰੂਪ ਲੈ ਲਿਆ। ਅਕਾਲੀ ਦਲ ਨੂੰ ਨੀਵਾਂ ਦਿਖਾਉਣ ਵਾਸਤੇ 1921 ਵਿਚ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ਾਖ਼ਾਨਾ ਦੀਆਂ ਚਾਬੀਆਂ ਆਪਣੇ ਹੱਥ ਲੈ ਲਈਆਂ, 1922 ਵਿਚ ਗੁਦੁਆਰਾ ਗੁਰੂ ਕਾ ਬਾਗ਼ ਦੇ ਬਦਚਲਣ ਮਹੰਤ ਵਿਰੁੱਧ ਸ਼ੁਰੂ ਹੋਏ ਅੰਦੋਲਨ ਨੂੰ ਅਮਾਨਵੀ ਤਸ਼ੱਦਦ ਨਾਲ ਅਸਫਲ ਕਰਨ ਦੀ ਕੋਸ਼ਸ਼ ਕੀਤੀ ਅਤੇ 1924 ਵਿਚ ਜੈਤੋ ਦੇ ਗੁਰਦੁਆਰੇ ਗੰਗਸਰ ਵਿਚ ਖੰਡਿਤ ਅਖੰਡ ਪਾਠ ਦੇ ਮੁੜ ਸ਼ੁਰੂ ਕਰਨ ਵਿਚ ਅੜਿੱਕਾ ਡਾਹਿਆ ਪਰ ਹਰ ਵਾਰ ਮਹੰਤਾਂ ਤੇ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ। ਜਨਤਾ ਨੇ ਇਨ੍ਹਾਂ ਸੰਘਰਸ਼ਾਂ ਨੂੰ ਅਕਾਲੀਆਂ ਦੀ ਜਿੱਤ ਦੇ ਰੂਪ ਵਿਚ ਲਿਆ। 1926 ਵਿਚ ਗੁਰਦੁਆਰਾ ਐਕਟ ਉੱਤੇ ਅਮਲ ਹੋਣ ਪਿੱਛੋਂ ਬਹੁਤੇ ਅਕਾਲੀ ਮੁਖੀਆਂ ਨੇ ਆਪਣੀਆਂ ਸਰਗਰਮੀਆਂ ਗੁਰਦੁਆਰਾ ਪ੍ਰਬੰਧ ਸੁਧਾਰ ਤੱਕ ਸੀਮਤ ਕਰ ਲਈਆਂ ਪਰ ਜਿਹੜੇ ਆਗੂਆਂ ਨੇ ਅਕਾਲੀਆਂ ਦੀ ਫ਼ਤਹਿ ਨੂੰ ਆਜ਼ਾਦੀ ਦੀ ਮੰਜ਼ਿਲ ਤੱਕ ਪੁੱਜਣ ਦੇ ਰਾਹ ਦਾ ਇਕ ਪੜਾਅ ਮੰਨਿਆ ਉਨ੍ਹਾਂ ਨੇ ਆਪਣੀਆਂ ਅੰਗਰੇਜ਼ ਵਿਰੋਧੀ ਸਰਗਰਮੀਆਂ ਜਾਰੀ ਰੱਖੀਆਂ। ਬਾਬਾ ਖੜਕ ਸਿੰਘ, ਗਿਆਨੀ ਗੁਰਮੁਖ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਆਦਿ ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਰਲ ਗਏ ਅਤੇ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਦੇਸ਼ਭਗਤ ਗਿਆਨੀ ਹੀਰਾ ਸਿੰਘ 'ਦਰਦ', ਸੋਹਨ ਸਿੰਘ 'ਜੋਸ਼', ਸਰਦਾਰਾ ਸਿੰਘ 'ਯੂਥਪ' ਆਦਿ ਨੇ ਭਾਈ ਸੰਤੋਖ ਸਿੰਘ ਨਾਲ ਰਲ ਕੇ ਕਿਰਤੀ-ਕਿਸਾਨਾਂ ਨੂੰ ਜਥੇਬੰਦ ਕਰਨ ਵਾਸਤੇ 'ਕਿਰਤੀ ਪਾਰਟੀ' ਦੇ ਨਾਂਅ ਹੇਠ ਨਵਾਂ ਸੰਗਠਨ ਖੜ੍ਹਾ ਕਰ ਲਿਆ। ਸ. ਭਗਤ ਸਿੰਘ ਦੀ ਅਗਵਾਈ ਹੇਠਲੀ ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਿਅਲਿਸਟ ਰੀਪਬਲੀਕਨ ਐਸੋਸੀਏਸ਼ਨ ਦੀ ਵਿਚਾਰਧਾਰਿਕ ਸਾਂਝ ਵੀ ਇਨ੍ਹਾਂ ਨਾਲ ਸੀ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੌਜਵਾਨ ਵਰਗ ਨੂੰ ਸਾਮਰਾਜ ਵਿਰੋਧੀ ਸੋਚ ਨਾਲ ਜੋੜਨ ਲਈ ਵੱਡੀ ਪ੍ਰੇਰਿਕ ਬਣੀ।
ਉਪਰੋਕਤ ਤੋਂ ਬਿਨਾਂ ਸ਼ੰਘਾਈ, ਹਾਂਗਕਾਂਗ ਆਦਿ ਪੂਰਬੀ ਟਾਪੂਆਂ ਵਿਚ ਰਹਿ ਰਹੇ ਪੰਜਾਬੀਆਂ ਵਲੋਂ ਦੇਸ਼ ਦੀ ਆਜ਼ਾਦੀ ਲਈ ਵਿਅਕਤੀਗਤ ਸੁਖੀ ਅਤੇ ਖ਼ੁਸ਼ਹਾਲ ਜੀਵਨ ਨੂੰ ਠੁਕਰਾਉਣਾ, ਆਜ਼ਾਦ ਹਿੰਦ ਫ਼ੌਜ ਦੇ ਪੰਜਾਬੀ ਸੈਨਿਕਾਂ ਅਤੇ ਦੂਜੀ ਸੰਸਾਰ ਜੰਗ ਮੌਕੇ ਅੰਗਰੇਜ਼ ਸਾਮਰਾਜ ਦੇ ਪੱਖ ਵਿਚ ਲੜਨ ਤੋਂ ਇਨਕਾਰ ਕਰਨ ਦੇ ਨਤੀਜੇ ਵਜੋਂ ਫਾਂਸੀ, ਕਾਲੇਪਾਣੀ ਅਤੇ ਹੋਰ ਸਜ਼ਾਵਾਂ ਸਹਿਣ ਵਾਲੇ ਪੰਜਾਬੀ ਸੈਨਿਕਾਂ ਦੀ ਕੁਰਬਾਨੀ ਵੀ ਸੁਤੰਤਰਤਾ ਅੰਦੋਲਨ ਦਾ ਮਾਣ ਕਰਨਯੋਗ ਅਧਆਇ ਹੈ।
ਪੰਜਾਬੀਆਂ ਵੱਲੋਂ ਲੜੇ ਗਏ ਇਸ ਸੰਘਰਸ਼ ਵਿਚ ਸਿਰ ਤਲੀ ਉੱਤੇ ਰੱਖ ਕੇ ਜੂਝਣ ਵਾਲੇ ਬਹੁਤ ਥੋੜ੍ਹੇ ਸੰਗਰਾਮੀਆਂ ਬਾਰੇ ਸਾਨੂੰ ਜਾਣਕਾਰੀ ਹੈ। ਸੈਂਕੜੇ ਜੋਧੇ ਅਜਿਹੇ ਹਨ ਜਿਨ੍ਹਾਂ ਦੇ ਨਾਂਅ ਅੰਗਰੇਜ਼ੀ ਰਾਜ ਸਮੇਂ ਦੀਆਂ ਫਾਈਲਾਂ ਵਿਚ ਛੁਪੇ ਪਏ ਹਨ। ਕਿੰਨਾ ਚੰਗਾ ਹੋਵੇ ਜੇ ਪੰਜਾਬ ਸਰਕਾਰ ਸਮੇਂ ਦੀ ਧੂੜ ਵਿਚ ਗੁਆਚ ਚੁੱਕੇ ਇਨ੍ਹਾਂ ਸੂਰਬੀਰਾਂ ਦੀਆਂ ਕਰਨੀਆਂ ਦੀ ਜਾਣਕਾਰੀ ਉਜਾਗਰ ਕਰਨ ਵਾਸਤੇ ਕੋਈ ਵਿਉਂਤ ਬਣਾਵੇ।
-ਮੋਬਾਈਲ : 9417049417