ਸਾਡੇ ਦੇਸ਼ ਦੀ ਧਰਤੀ ਨਿਵੇਕਲੇ ਤਿਉਹਾਰਾਂ ਤੇ ਮੇਲਿਆਂ ਦੇ ਰੰਗ-ਬਰੰਗੇ ਫੁੱਲਾਂ ਨਾਲ ਲੱਦੀ ਪਈ ਹੈ। ਵਿਸ਼ਾਲ ਦੇਸ਼ 'ਚ ਹਰ ਦਿਨ ਹੀ ਕਿਤੇ ਨਾ ਕਿਤੇ ਕੋਈ ਤਿਉਹਾਰ ਜਾਂ ਮੇਲਾ ਲੋਕ ਜੀਵਨ 'ਚ ਖੁਸ਼ੀਆਂ, ਮੇਲ-ਮਿਲਾਪ ਤੇ ਭਾਈਚਾਰਕ ਸਾਂਝ ਦੇ ਸੂਹੇ ਗੁਲਾਬਾਂ ਦੀ ਮਹਿਕ ਬਿਖੇਰਦਾ ਨਜ਼ਰ ਆਉਂਦਾ ਹੈ। ਬਹੁਤੇ ਤਿਉਹਾਰ ਕਿਸੇ ਨਾ ਕਿਸੇ ਰੁੱਤ ਨਾਲ ਜੁੜੇ ਹੋਏ ਹਨ। ਤਿਉਹਾਰਾਂ ਦੇ ਖ਼ੂਬਸੂਰਤ ਗੁਲਦਸਤੇ 'ਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ। ਇਹ ਤਿਉਹਾਰ ਸਾਰੇ ਦੇਸ਼ 'ਚ ਹੀ ਮਨਾਇਆ ਜਾਂਦਾ ਹੈ।
ਅਸਲ 'ਚ ਹੋਲੀ ਦਾ ਤਿਉਹਾਰ ਮਿਥਿਹਾਸਕ ਤੇ ਪੌਰਾਣਿਕ ਤਿਉਹਾਰ ਹੈ। ਇਸ ਦਾ ਸੰਬੰਧ ਉਸ ਸਮੇਂ ਦੇ ਸਮਾਜ 'ਚ ਪ੍ਰਚੱਲਿਤ ਬ੍ਰਾਹਮਣੀਵਰਣ-ਵੰਡ ਨਾਲ ਹੈ। ਉਸ ਸਮੇਂ ਦਾ ਸਮਾਜ ਬਹੁਤ ਹੀ ਬੁਰੀ ਤਰ੍ਹਾਂ ਵਰਣਾਂ 'ਚ ਵੰਡਿਆ ਹੋਇਆ ਸੀ। ਅਖੌਤੀ ਉੱਚ ਸ਼੍ਰੇਣੀਆਂ ਦੇ ਲੋਕ ਸਮਾਜ ਦੇ ਕੁਝ ਵਰਗਾਂ ਨਾਲ ਇਸ ਆਧਾਰ 'ਤੇ ਨਫ਼ਰਤ ਕਰਦੇ ਸਨ ਕਿ ਉਹ ਕਿਸੇ ਨੀਵੀਂ ਕਹੀ ਜਾਂਦੀ ਜਾਤ ਨਾਲ ਸੰਬੰਧਿਤ ਹਨ। ਸਮਾਜਿਕ ਜੀਵਨ 'ਚ ਸਭ ਤੋਂ ਹੇਠਲੀ ਸ਼੍ਰੇਣੀ ਦੇ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਨੂੰ ਅਜਿਹੇ ਕਈ ਦਰਦ ਸਹਿਣ ਲਈ ਮਜਬੂਰ ਹੋਣਾ ਪੈਂਦਾ ਸੀ, ਇਹ ਸਥਿਤੀ ਇੰਨੀ ਬਦਤਰ ਹੋ ਚੁੱਕੀ ਸੀ ਕਿ ਤਿਉਹਾਰਾਂ ਨੂੰ ਵੀ ਵਰਣਾਂ ਅਨੁਸਾਰ ਵੰਡ ਦਿੱਤਾ ਗਿਆ ਸੀ। ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਵਿਸਾਖੀ ਬ੍ਰਾਹਮਣਾਂ ਦੀ, ਦੁਸਹਿਰਾ ਕਸ਼ੱਤਰੀਆਂ ਦਾ, ਦੀਵਾਲੀ ਵੈਸ਼ਾਂ ਦੀ ਅਤੇ ਹੋਲੀ ਸ਼ੂਦਰਾਂ ਦੀ। ਇਸ ਕਾਰਨ ਹੀ ਹੋਲੀ ਸਮੇਂ ਇਕ-ਦੂਜੇ ਉੱਤੇ ਗੰਦ-ਮੰਦ ਸੁੱਟਣਾ ਪ੍ਰਚੱਲਿਤ ਸੀ। ਇਹ ਲੋਕ ਨਾ ਸਿਰ 'ਤੇ ਪਗੜੀ ਸਜਾ ਸਕਦੇ ਸਨ ਤੇ ਕੋਈ ਹਥਿਆਰ ਰੱਖਣਾ ਤਾਂ ਦੂਰ ਦੀ ਗੱਲ ਸੀ। ਇਸ ਤਰ੍ਹਾਂ ਭਾਰਤੀ ਲੋਕਾਂ ਅੰਦਰ ਜੂਝਣ ਤੇ ਆਪਣੀ ਇਜ਼ਤ ਪੱਤ ਦੀ ਰਾਖੀ ਕਰਨ ਦੀ ਜੁਰਅਤ ਤੇ ਸ਼ਕਤੀ ਅਲੋਪ ਹੋ ਚੁੱਕੀ ਸੀ। ਸਾਹ-ਸਤਹੀਣ ਹੋਈ ਭਾਰਤੀ ਕੌਮ 'ਚ ਨਵੀਂ ਸ਼ਕਤੀ ਤੇ ਜ਼ੁਲਮ-ਜਬਰ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਹੀ ਗੁਰੂੁ ਸਾਹਿਬਾਨ ਨੇ ਹੋਲੀ ਵਰਗੇ ਨਿਰਾਦਰ ਤੇ ਗਲਾਜ਼ਤ ਭਰੇ ਤਿਉਹਾਰ ਦੀ ਥਾਂ ਗ਼ੈਰਤਹੀਣ ਹੋ ਚੁੱਕੇ ਲੋਕਾਂ 'ਚ ਨਵਾਂ ਜੋਸ਼ ਤੇ ਅਣਖ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ। ਹੋਲਾ ਅਰਬੀ ਭਾਸ਼ਾ ਦੇ ਸ਼ਬਦ 'ਹੂਲ' ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਦੂਜਿਆਂ ਦੀ ਭਲਾਈ ਕਰਨ ਦੇ ਕੰਮਾਂ ਲਈ ਜੂਝਣਾ ਤੇ ਜ਼ੁਲਮ ਦਾ ਮੁਕਾਬਲਾ ਕਰਨਾ।
ਮਹੱਲੇ ਦਾ ਅਰਥ ਹੈ ਜਿੱਥੇ ਮੁਹਿੰਮ ਫ਼ਤਹਿ ਕਰਨ ਉਪਰੰਤ ਟਿਕਾਣਾ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਹੋਲੇ-ਮਹੱਲੇ ਦਾ ਮੁੱਢ ਬੰਨ੍ਹਿਆ। ਅਸਲ 'ਚ ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਦੇ ਇਤਿਹਾਸਕ ਅਮਲ ਤੋਂ ਪਹਿਲਾਂ ਹੀ ਸਿੱਖਾਂ 'ਚ ਜੂਝਣ ਦੀ ਚੇਤਨਾ ਪੈਦਾ ਕਰਨ ਅਤੇ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਡਟਣ ਦਾ ਸੰਕਲਪ ਪੈਦਾ ਕਰਨ ਲਈ, ਹੋਲੇ-ਮਹੱਲੇ ਦੇ ਪੁਰਬ 'ਤੇ ਸਿੱਖਾਂ 'ਚ ਸ਼ਸਤਰ ਅਭਿਆਸ ਕਰਾਉਣੇ ਆਰੰਭ ਕਰ ਦਿੱਤੇ ਸਨ। ਇਸ ਸੰਬੰਧੀ ਦਸਮ ਗ੍ਰੰਥ 'ਚ ਵੀ ਹਵਾਲਾ ਮਿਲਦਾ ਹੈ-'ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ'। ਇਸ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ ਵੀ ਪੰਥ ਨੂੰ ਸ਼ਸਤਰਧਾਰੀ ਕੀਤਾ ਅਤੇ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਪ੍ਰਮਾਣ ਦਿੰਦਿਆਂ ਸਮੇਂ ਦੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ ਫ਼ਤਹਿ ਦੇ ਡੰਕੇ ਵਜਾਏ। ਖ਼ਾਲਸੇ ਦੀ ਸਿਰਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਨੂੰ ਪੰਜ ਕਕਾਰਾਂ 'ਚ ਸ਼ਾਮਿਲ ਕਰਕੇ ਖ਼ਾਲਸੇ ਨੂੰ ਹਮੇਸ਼ਾ ਲਈ ਨਿਮਾਣਿਆਂ ਤੇ ਨਿਤਾਣਿਆਂ ਦੀ ਰੱਖਿਆ ਦਾ ਜ਼ਾਮਨ ਬਣਾ ਦਿੱਤਾ।
ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਤੇ ਨਵੇਂ ਸੰਕਲਪਾਂ ਦੀ ਸਥਾਪਨਾ ਦੇ ਮਕਸਦ ਨਾਲ ਗੁਰੂ ਸਾਹਿਬਾਨ ਨੇ ਪ੍ਰਚੱਲਿਤ ਤਿਉਹਾਰ ਦੀ ਥਾਂ ਹੋਲੇ ਮਹੱਲੇ ਦਾ ਮੁੱਢ ਬੰਨ੍ਹਿਆ। ਸਰੀਰਕ, ਮਾਨਸਿਕ ਤੇ ਆਤਮਿਕ ਤੌਰ 'ਤੇ ਕਮਜ਼ੋਰ ਤੇ ਬਲਹੀਣ ਹੋ ਚੁੱਕੀ ਕੌਮ 'ਚ ਨਵੀਂ ਰੂਹ ਫੂਕੀ। ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ ਤੇ ਹੋਰ ਵਿਤਕਰਿਆਂ ਨੂੰ ਦੂਰ ਕਰਕੇ ਸਾਹ-ਸਤਹੀਣ ਹੋਈ ਕੌਮ ਦੇ ਮਨੋਬਲ ਨੂੰ ਉੱਚਿਆਂ ਚੁੱਕਣ ਦੇ ਉਪਰਾਲੇ ਕੀਤੇ। ਖ਼ਾਲਸਾਈ ਫ਼ੌਜਾਂ ਨੂੰ ਦੋ ਦਲਾਂ 'ਚ ਵੰਡ ਕੇ ਮੈਦਾਨੇ-ਜੰਗ ਦਾ ਦ੍ਰਿਸ਼ ਸਿਰਜਿਆ ਜਾਂਦਾ ਸੀ। ਸ਼ਸਤਰਧਾਰੀ ਗਰੁੱਪਾਂ ਦੇ ਦੋ ਦਲ ਬਣਾ ਕੇ ਜੰਗੀ ਮੁਕਾਬਲੇ ਕਰਾਏ ਜਾਂਦੇ ਸਨ। ਗਤਕਾ, ਘੋੜ ਸਵਾਰੀ ਤੇ ਸ਼ਸਤਰਾਂ ਦੀ ਮੁਹਾਰਤ ਨੇ ਖ਼ਾਲਸੇ 'ਚ ਨਵਾਂ ਜੋਸ਼ ਤੇ ਜਜ਼ਬਾ ਪੈਦਾ ਕੀਤਾ। ਜਦੋਂ ਸੁੱਤੀ ਹੋਈ ਅਣਖ ਤੇ ਗ਼ੈਰਤ ਨੂੰ ਵੰਗਾਰਿਆ ਤਾਂ ਨਿਤਾਣੇ ਮਨੁੱਖ ਵੀ ਜੂਝਣ ਲਈ ਤਿਆਰ ਹੋ ਗਏ। ਗੁਰਮਤਿ ਵਿਚਾਰਧਾਰਾ ਨੇ ਕਈ ਨਵੇਂ ਆਦਰਸ਼ ਪੈਦਾ ਕੀਤੇ। ਸ਼ਸਤਰ ਨੂੰ ਵੀ ਮਾੜੇ ਤੇ ਮਜ਼ਲੂਮ ਦੀ ਰਾਖੀ ਲਈ ਵਰਤੇ ਜਾਣ ਦੀ ਤਾਕੀਦ ਕੀਤੀ ਗਈ। ਹੱਕ, ਸੱਚ ਤੇ ਇਨਸਾਫ ਦੀ ਖਾਤਰ ਜੇ ਆਪਾ ਕੁਰਬਾਨ ਵੀ ਕਰਨਾ ਪਵੇ ਤਾਂ ਮੈਦਾਨੇ-ਜੰਗ ਵਿਚ ਪਿੱਠ ਨਹੀਂ ਦਿਖਾਉਣੀ। ਕਿਸੇ ਨਿਹੱਥੇ ਉੱਤੇ ਵਾਰ ਨਹੀਂ ਕਰਨਾ। ਸਿੱਖ ਇਤਿਹਾਸ 'ਚ ਜਬਰ ਵਿਰੁੱਧ ਲੜੀਆਂ, ਜਿਨ੍ਹਾਂ ਜੰਗਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ 'ਚ ਸਿੱਖ ਸੂਰਬੀਰਾਂ ਦੀ ਬਹਾਦਰੀ ਤੇ ਵੱਡੀਆਂ ਫ਼ੌਜਾਂ ਦਾ ਮੁਕਾਬਲਾ ਕਰਕੇ ਫ਼ਤਹਿ ਹਾਸਿਲ ਕਰਨੀ ਅਜਿਹੀ ਭਾਵਨਾ ਦਾ ਹੀ ਪ੍ਰਗਟਾਵਾ ਸੀ। ਔਰਤਾਂ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨੀ ਖ਼ਾਲਸੇ ਦਾ ਪਰਮ ਧਰਮ ਹੈ।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਤੇ ਵਿਲੱਖਣ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੈ। ਹਰ ਸਾਲ ਹੀ ਹੋਲਾ-ਮਹੱਲਾ ਦਾ ਪੁਰਬ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਪਾਰ ਸ਼ਰਧਾ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਉਣ ਦੀ ਪਰੰਪਰਾ ਵਰ੍ਹਿਆਂ ਤੋਂ ਬਾਦਸਤੂਰ ਜਾਰੀ ਹੈ। ਭਾਵੇਂ ਹੋਰ ਸਥਾਨਾਂ ਉੱਤੇ ਵੀ ਇਸ ਪੁਰਬ ਦੀਆਂ ਰੌਣਕਾਂ ਹੁੰਦੀਆਂ ਹਨ, ਪਰ ਇਹ ਮੁੱਖ ਰੂਪ 'ਚ ਜੋੜ-ਮੇਲੇ ਦੇ ਰੂਪ 'ਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੀ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਇਸ ਨਿਰਾਲੇ ਪੁਰਬ ਨੂੰ ਦੇਖਣ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਦਾ ਸੈਲਾਬ ਆ ਜੁੜਦਾ ਹੈ। ਇਸ ਨਿਵੇਕਲੇ ਤਿਉਹਾਰ ਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਮਾਣਨ ਲਈ ਵਿਦੇਸ਼ੀ ਸੈਲਾਨੀ ਵੀ ਹਰ ਸਾਲ ਵੱਡੀ ਗਿਣਤੀ 'ਚ ਹਾਜ਼ਰ ਹੁੰਦੇ ਹਨ। ਸਾਰੇ ਪੰਜਾਬ 'ਚ ਹੀ ਥਾਂ-ਥਾਂ 'ਤੇ ਅਨੰਦਪੁਰ ਜਾ ਰਹੀ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ। ਸੰਗਤਾਂ ਦੀ ਇਹ ਨਿਰਸਵਾਰਥ ਸੇਵਾ ਭਾਵਨਾ ਦੇਖਿਆਂ ਹੀ ਬਣਦੀ ਹੈ।
ਹੋਲੇ ਮਹੱਲੇ 'ਤੇ ਗੁਰੂੁ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜ੍ਹਤ ਵੀ ਵੱਖਰਾ ਹੀ ਨਜ਼ਾਰਾ ਬੰਨ੍ਹਦੀ ਹੈ। ਨਿਹੰਗ ਸਿੰਘਾਂ ਦੇ ਜਲੌਅ ਦੀ ਆਭਾ ਹੋਲੇ ਮਹੱਲੇ ਨੂੰ ਰਵਾਇਤੀ ਖ਼ਾਲਸਾਈ ਰੰਗਤ ਬਖਸ਼ਦੀ ਹੈ। ਉੱਚੇ ਦੁਮਾਲੇ ਸਜਾਈ, ਰਵਾਇਤੀ ਸ਼ਸਤਰਾਂ 'ਚ ਸਜੇ ਇਹ ਗੁਰੂ ਦੇ ਖ਼ਾਲਸੇ, ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ 'ਤੇ ਸਵਾਰ ਹੋ ਹਰ ਇਕ ਦਾ ਧਿਆਨ ਖਿੱਚਦੇ ਹਨ ਅਤੇ ਮੇਲੇ 'ਚ ਨਿਵੇਕਲਾ ਰੰਗ ਭਰਦੇ ਹਨ। ਵਿਸ਼ੇਸ਼ ਸਮਾਗਮਾਂ 'ਚ ਰਾਗੀ, ਢਾਡੀ ਤੇ ਕਥਾਵਾਚਕ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਬੀਰਰਸੀ ਵਾਰਾਂ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਗੁਰਮਤਿ ਦੁਆਰਾ ਸਥਾਪਿਤ ਮਾਨਵੀ ਕਦਰਾਂ-ਕੀਮਤਾਂ ਸਾਡੇ ਮਨਾਂ 'ਚੋਂ ਵਿਸਰਦੀਆਂ ਜਾ ਰਹੀਆਂ ਹਨ। ਬਾਹਰੀ ਸਰਗਰਮੀਆਂ ਤੇ ਅਡੰਬਰਾਂ 'ਚ ਤਾਂ ਜ਼ਰੂਰ ਵਾਧਾ ਹੋਇਆ ਹੈ, ਪਰ ਅੰਦਰੂਨੀ ਰੂਪ 'ਚ ਅਸੀਂ ਖੋਖਲੇ ਹੁੰਦੇ ਜਾ ਰਹੇ ਹਾਂ। ਸਿੱਖ ਕੌਮ ਨੇ ਉਨ੍ਹਾਂ ਮਹਾਨ ਆਦਰਸ਼ਾਂ ਨੂੰ ਪਿੱਠ ਦੇ ਦਿੱਤੀ ਹੈ, ਜਿਹੜੇ ਅਸਲ ਅਰਥਾਂ 'ਚ ਇਸ ਦੀ ਪਛਾਣ ਸਨ, ਜਿਸ ਜਾਤ-ਪਾਤ ਜਿਹੇ ਘਿਨੌਉਣੇ ਵਰਤਾਰੇ ਖ਼ਿਲਾਫ਼ ਗੁਰੂੁ ਸਾਹਿਬਾਨ ਨੇ ਆਵਾਜ਼ ਹੀ ਨਹੀਂ ਉਠਾਈ, ਸਗੋਂ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਅਜੇ ਵੀ ਜਾਤ-ਪਾਤ ਦੇ ਅਖੌਤੀ ਦਾਅਵੇਦਾਰ ਆਪਣੀ ਹਉਮੈ ਦਾ ਪ੍ਰਗਟਾਵਾ ਕਰਕੇ, ਗੁਰੂ ਸਾਹਿਬਾਨ ਵਲੋਂ ਦਿੱਤੇ ਆਦਰਸ਼ਾਂ ਨੂੰ ਰੋਲ ਰਹੇ ਹਨ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗ਼ੁਲਾਮ ਹੁੰਦੀ ਜਾ ਰਹੀ ਹੈ, ਪਰ ਸਿਆਸੀ ਨੇਤਾ ਇਸ ਮਸਲੇ ਦੇ ਹੱਲ ਲਈ ਵੀ ਗੰਭੀਰ ਨਹੀਂ ਹਨ। ਅੱਜ ਪੰਜਾਬ ਕਿਸੇ ਅੰਨ੍ਹੀ ਗਲੀ ਵੱਲ ਵਧਦਾ ਜਾ ਰਿਹਾ ਹੈ ਅਤੇ ਹਰ ਪੱਖ ਤੋਂ ਹੀ ਨਿਘਾਰ ਦਾ ਬੋਲਬਾਲਾ ਹੈ। ਹਉਮੈ ਦਾ ਵਰਤਾਰਾ ਇਸ ਕਦਰ ਭਾਰੂ ਹੈ ਕਿ ਕੌੜੇ ਬੋਲਾਂ ਨਾਲ ਇਕ-ਦੂਜੇ ਨੂੰ ਜਿਚ ਕਰਨ ਦਾ ਕੋਈ ਮੌਕਾ ਨਹੀਂ ਗਵਾਇਆ ਜਾਂਦਾ। ਗ਼ਰੀਬਾਂ ਤੇ ਨਿਤਾਣਿਆਂ ਦੀ ਰਾਖੀ ਕਰਨ ਵਾਲੀ ਕਿਰਪਾਨ ਹੁਣ ਮਾੜਿਆਂ 'ਤੇ ਹੀ ਵਾਰ ਕਰਕੇ ਮਾਣ ਮਹਿਸੂਸ ਕਰਦੀ ਹੈ। ਸਚਾਈ ਦੇ ਰਾਹ 'ਤੇ ਤੁਰਨ ਵਾਲਿਆਂ ਨੂੰ, ਇਨਸਾਫ਼ ਦੀ ਖਾਤਰ ਜੂਝਣ ਵਾਲਿਆਂ ਨੂੰ ਅੱਜ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨ ਨੇ ਅਣਖ ਤੇ ਗ਼ੈਰਤ ਨਾਲ ਜੀਵਨ ਜਿਊਣ ਤੇ ਦੂਜਿਆਂ ਨੂੰ ਜਿਊਣ ਦੇਣ ਦੇ ਆਦਰਸ਼ਾਂ ਦੀ ਸਥਾਪਨਾ ਕੀਤੀ ਸੀ। ਅੱਜ ਪੰਜਾਬ ਦੀ ਦਿਸ਼ਾ ਤੇ ਦਸ਼ਾ ਨਿਘਾਰ ਦੀ ਚਰਮ-ਸੀਮਾ 'ਤੇ ਹੈ। ਖ਼ੁਦਕੁਸ਼ੀ ਦੀਆਂ ਹਿਰਦੇਵੇਧਕ ਘਟਨਾਵਾਂ ਦਾ ਵਾਪਰਨਾ ਇਹ ਦਰਸਾਉਂਦਾ ਹੈ ਕਿ ਅਸੀਂ ਮਹਾਨ ਆਦਰਸ਼ਾਂ ਵੱਲ ਪਿੱਠ ਕਰ ਲਈ ਹੈ। ਹੋਲੇ ਮਹੱਲੇ ਵਰਗੇ ਪੁਰਬ ਸਾਨੂੰ ਉਨ੍ਹਾਂ ਆਦਰਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਸਾਡਾ ਗੌਰਵਸ਼ਾਲੀ ਇਤਿਹਾਸ ਸਾਡੇ ਲਈ ਰਾਹ-ਦਸੇਰਾ ਤੇ ਪ੍ਰੇਰਨਾ ਦਾ ਬਹੁਤ ਵਡਮੁੱਲਾ ਸੋਮਾ ਹੈ।
-ਮੋਬਾਈਲ: 98153-56086