ਉਂਜ ਤਾਂ ਇਨ੍ਹਾਂ ਦੀ ਗਿਣਤੀ ਕਰੀਬ ਦੋ ਦਰਜਨ ਤੋਂ ਵੀ ਵੱਧ ਹੈ, ਪਰ ਧਰਤੀ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪੰਜ ਅਜਿਹੇ ਵੱਡੇ ਅਤੇ ਲੋਕਪ੍ਰਿਯ ਰੰਗਾਂ ਦੇ ਤਿਉਹਾਰ (ਕਲਰ ਫੈਸਟੀਵਲ) ਮਨਾਏ ਜਾਂਦੇ ਹਨ, ਜੋ ਬਿਲਕੁਲ ਹੋਲੀ ਵਰਗੇ ਹਨ। ਆਓ, ਇਨ੍ਹਾਂ 'ਤੇ ਇਕ ਨਜ਼ਰ ਮਾਰਦੇ ਹਾਂ ਕਿ ਭਾਰਤ ਦੇ ਬਾਹਰ ਵੀ ਅਜਿਹੇ ਇਹ ਕਿਹੜੇ ਤਿਉਹਾਰ ਹਨ, ਜਿਨ੍ਹਾਂ ਨੂੰ ਅਸੀਂ ਹੋਲੀ ਦੇ ਨੇੜੇ ਵੇਖਦੇ ਹਾਂ।
ਹੋਲੀ ਵਰਗਾ 'ਮੈਲਨ ਫੈਸਟੀਵਲ'
ਆਸਟ੍ਰੇਲੀਆ ਦੇ ਕਵੀਨਜ਼ਲੈਂਡ 'ਚ ਇਹ ਬਿਲਕੁਲ ਹੋਲੀ ਵਰਗਾ ਮਸਤੀ ਭਰਿਆ ਤਿਉਹਾਰ ਖ਼ੂਬ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਕਵੀਨਜ਼ਲੈਂਡ ਨੂੰ ਆਸਟ੍ਰੇਲੀਆ ਦੀ 'ਮੈਲਨ ਕੈਪੀਟਲ' (ਤਰਬੂਜ਼ ਦੀ ਰਾਜਧਾਨੀ) ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ 'ਚ ਸਟਰੀਟ ਪਰੇਡ ਹੁੰਦੀ ਹੈ, ਜਿਸ 'ਚ ਲੋਕ ਇਕ-ਦੂਜੇ 'ਤੇ ਮੈਲਨ ਭਾਵ ਤਰਬੂਜ਼ ਦਾ ਗੁੱਦਾ ਕੱਢ ਕੇ ਮਸਤੀ 'ਚ ਸੁੱਟਦੇ ਹਨ। ਲੋਕ ਤਰਬੂਜ਼ ਦੇ ਜੂਸ ਨੂੰ ਵੀ ਕੱਢ ਕੇ ਇਸ ਨੂੰ ਬੋਤਲਾਂ 'ਚ ਭਰ ਲੈਂਦੇ ਹਨ ਅਤੇ ਜਿਵੇਂ ਅਸੀਂ ਹੋਲੀ 'ਚ ਇਕ-ਦੂਜੇ 'ਤੇ ਰੰਗ ਪਾਉਂਦੇ ਹਾਂ, ਉਵੇਂ ਹੀ ਇਹ ਜੂਸ ਪਾਇਆ ਜਾਂਦਾ ਹੈ। ਕਈ ਨੌਜਵਾਨ ਮਿਲ ਕੇ ਇਕ ਸਮੂਹ ਬਣਾਉਂਦੇ ਹਨ ਅਤੇ ਤਰਬੂਜ਼ ਦੇ ਗੁੱਦੇ ਦੇ ਢੇਰ ਉੱਪਰ ਨੱਚਦੇ ਅਤੇ ਖ਼ੂਬ ਮਸਤੀ ਕਰਦੇ ਹਨ ਜਾਂ ਕੁਝ ਨੌਜਵਾਨ ਇਕ ਘੇਰਾ ਬਣਾ ਕੇ ਵਾਰੋ-ਵਾਰੀ ਉਸ 'ਚ ਨੱਚਦੇ ਹਨ।
ਦੱਖਣੀ ਕੋਰੀਆ ਦਾ 'ਮਡ ਫੈਸਟੀਵਲ'
ਆਸਟ੍ਰੇਲੀਆ ਦੇ 'ਮੈਲਨ ਫੈਸਟੀਵਲ' ਵਾਂਗ ਦੱਖਣੀ ਕੋਰੀਆ ਦੇ ਬੋਰਿਓਂਗ ਸ਼ਹਿਰ 'ਚ ਖ਼ਾਸ ਤੌਰ 'ਤੇ ਪੂਰੀ ਦੁਨੀਆ 'ਚ ਪ੍ਰਸਿੱਧ 'ਮਡ ਫੈਸਟੀਵਲ' (ਚਿੱਕੜ ਦਾ ਤਿਉਹਾਰ) ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਇਕ ਜ਼ਮਾਨੇ 'ਚ ਮਿਨਰਲਜ਼ ਨਾਲ ਭਰੀ ਬੋਰਿਯਾਓਂਗ ਦੀ ਮਿੱਟੀ ਨੂੰ ਕਾਸਮੈਟਿਕ ਦੇ ਰੂਪ 'ਚ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਇਸ ਤਿਉਹਾਰ ਨੂੰ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ। ਪਰ ਅੱਜ ਇਹ ਦੋ ਹਫ਼ਤਿਆਂ ਤੱਕ ਚੱਲਣ ਵਾਲਾ 'ਮਡ ਫੈਸਟੀਵਲ' ਨਾ ਸਿਰਫ਼ ਦੱਖਣ ਕੋਰਿਆਈ ਨੌਜਵਾਨਾਂ ਦਾ ਪਸੰਦੀਦਾ ਅਤੇ ਮਸਤੀ ਭਰਿਆ ਤਿਉਹਾਰ ਹੈ, ਸਗੋਂ ਇਸ 'ਚ ਹਿੱਸਾ ਲੈਣ ਲਈ ਪੂਰੀ ਦੁਨੀਆ ਤੋਂ ਨੌਜਵਾਨ ਪਹੁੰਚਦੇ ਹਨ। ਇਸ ਤਿਉਹਾਰ 'ਚ ਵੀ ਖ਼ੂਬ ਨੱਚਦੇ-ਟੱਪਦੇ ਤੇ ਗਾਣੇ ਗਾਉਂਦੇ, ਮਸਤੀ 'ਚ ਇਕ-ਦੂਜੇ 'ਤੇ ਗਿੱਲੀ ਮਿੱਟੀ ਨੂੰ ਸੁੱਟਦੇ ਅਤੇ ਮਲਣ ਵਰਗੀਆਂ ਹਰਕਤਾਂ ਹੁੰਦੀਆਂ ਹਨ, ਠੀਕ ਉਵੇਂ ਹੀ ਜਿਵੇਂ ਅਸੀਂ ਹੋਲੀ 'ਚ ਕਰਦੇ ਹਾਂ।
ਸਪੇਨ ਦਾ 'ਹੈਰੋਵਿਨ ਫੈਸਟੀਵਲ'
ਸਪੇਨ ਦਾ 'ਹੈਰੋਵਿਨ ਫੈਸਟੀਵਲ' ਵੀ ਬਿਲਕੁਲ ਹੋਲੀ ਵਰਗਾ ਹੈ, ਇਸ 'ਚ ਨੌਜਵਾਨ ਆਪਸ 'ਚ 'ਵਾਈਨ ਬੈਟਲ' ਤੋਂ ਲੈ ਕੇ 'ਬੁੱਲ ਫਾਈਟਸ' ਤੱਕ ਕਰਦੇ ਹਨ ਅਤੇ ਇਹ ਫੈਸਟੀਵਲ ਹਰ ਸਾਲ 29 ਜੂਨ ਨੂੰ ਪੈਟ੍ਰਨ ਸੇਂਟ, ਸੇਨ ਪੈਡਰੋ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 'ਵਾਈਨ ਬੈਟਲ' ਨਾਲ ਹੁੰਦੀ ਹੈ, ਜਿਸ 'ਚ ਕਿਸੇ 'ਤੇ ਉਦੋਂ ਤੱਕ ਸ਼ਰਾਬ ਪਾਈ ਜਾਂਦੀ ਹੈ, ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਨਾਲ ਨਹਾ ਨਾ ਲਵੇ ਅਤੇ ਉਸ ਦੇ ਕੱਪੜੇ ਇਸ ਸ਼ਰਾਬ ਦੇ ਅਸਰ ਨਾਲ 'ਪਰਪਲ' (ਜਾਮਨੀ) ਰੰਗ ਦੇ ਨਾ ਹੋ ਜਾਣ। ਇਸ ਤਿਉਹਾਰ 'ਚ ਵੀ ਲੋਕ ਇਕ-ਦੂਜੇ 'ਤੇ ਉਵੇਂ ਹੀ ਸ਼ਰਾਬ ਪਾਉਂਦੇ ਹਨ, ਜਿਵੇਂ ਭਾਰਤ 'ਚ ਹੋਲੀ ਮੌਕੇ ਲੋਕ ਇਕ-ਦੂਜੇ 'ਤੇ ਪਿਚਕਾਰੀਆਂ ਨਾਲ ਰੰਗ ਪਾਉਂਦੇ ਹਨ।
ਥਾਈਲੈਂਡ ਦਾ 'ਸੋਂਗਕਰਨ ਫੈਸਟੀਵਲ'
ਇਹ ਵੀ ਬਿਲਕੁਲ ਹੋਲੀ ਵਰਗਾ ਪਾਣੀ ਨਾਲ ਮਨਾਇਆ ਜਾਣਾ ਵਾਲਾ ਤਿਉਹਾਰ ਹੈ ਅਤੇ ਇਸ ਦੀ ਸ਼ੁਰੂਆਤ ਆਮ ਤੌਰ 'ਤੇ 13 ਤੋਂ 15 ਅਪ੍ਰੈਲ 'ਚ ਹੁੰਦੀ ਹੈ। ਥਾਈਲੈਂਡ 'ਚ ਇਸ ਤਿਉਹਾਰ ਦੇ ਨਾਲ ਹੀ ਥਾਈਲੈਂਡ ਦੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਤਿਉਹਾਰ 'ਚ ਵੀ ਆਮ ਤੌਰ 'ਤੇ ਨੌਜਵਾਨ ਖ਼ੂਬ ਮਸਤੀ ਕਰਦੇ ਹਨ, ਉਹ ਇਕ-ਦੂਜੇ 'ਤੇ ਹੋਲੀ ਵਾਂਗ ਹੀ ਰੰਗਲਾ ਪਾਣੀ ਸੁੱਟਦੇ ਹਨ, ਨੱਚਦੇ ਹਨ। ਇਸ ਮਸਤੀ ਭਰੇ ਮਾਹੌਲ 'ਚ ਨੌਜਵਾਨ ਆਪਣਾ ਜੀਵਨਸਾਥੀ ਚੁਣਦੇ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਮਿਲ ਕੇ ਮਸਤੀ ਭਰਿਆ 'ਵਾਟਰ ਫੈਸਟੀਵਲ' ਮਨਾਉਂਦੇ ਹਨ।
ਇਟਲੀ ਦਾ 'ਸੰਤਰਾ ਫੈਸਟੀਵਲ'
ਉੱਤਰੀ ਇਟਲੀ ਦੇ ਇਵੇਰੀਆ ਸ਼ਹਿਰ 'ਚ ਮਨਾਇਆ ਜਾਣ ਵਾਲਾ ਸੰਤਰੇ ਦਾ ਤਿਉਹਾਰ ਵੀ ਸਾਡੇ ਦੇਸ਼ ਦੇ ਹੋਲੀ ਵਰਗਾ ਹੀ ਤਿਉਹਾਰ ਹੁੰਦਾ ਹੈ। ਇਸ ਨੂੰ 'ਫੂਡ ਫਾਈਟ' ਵੀ ਕਹਿੰਦੇ ਹਨ। ਇਸ ਤਿਉਹਾਰ 'ਚ ਮਸਤੀ ਕਰਨ ਲਈ ਨੌਜਵਾਨ ਆਪਣੇ ਆਪ ਨੂੰ ਦੋ ਵੱਖ-ਵੱਖ ਟੋਲੀਆਂ 'ਚ ਵੰਡ ਲੈਂਦੇ ਹਨ ਅਤੇ ਫਿਰ ਇਕ-ਦੂਜੇ 'ਤੇ ਖ਼ੂਬ ਜਮ ਕੇ ਸਾਬਤ ਸੰਤਰਿਆਂ ਅਤੇ ਸੰਤਰਿਆਂ ਦੇ ਗੁੱਦਿਆਂ ਆਦਿ ਨਾਲ ਹਮਲਾ ਕਰਦੇ ਹਨ। ਇਸ ਤਿਉਹਾਰ ਦੌਰਾਨ ਨੌਜਵਾਨ ਖ਼ੂਬ ਖਾਂਦੇ-ਪੀਂਦੇ ਤੇ ਮਸਤੀ ਕਰਦੇ ਹਨ ਅਤੇ ਜਿਵੇਂ ਕਿ ਅਜਿਹੇ ਦੂਜੇ ਤਿਉਹਾਰਾਂ ਨਾਲ ਹੁੰਦਾ ਹੈ, ਉਵੇਂ ਹੀ ਨੌਜਵਾਨ ਆਪਣੇ ਲਈ ਜੀਵਨਸਾਥੀ ਵੀ ਲੱਭਦੇ ਹਨ।
ਦੁਨੀਆ ਭਰ 'ਚ ਮਨਾਏ ਜਾਂਦੇ ਹੋਲੀ ਵਰਗੇ ਹੋਰ ਤਿਉਹਾਰ
ਅਜੀਤ ਡੈਸਕ
25-03-2024