ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2024

ਦਸਤਾਰ ਦਿਵਸ 'ਤੇ ਵਿਸ਼ੇਸ਼-ਸਿੱਖ ਗੌਰਵਤਾ ਦੀ ਪ੍ਰਤੀਕ-ਦਸਤਾਰ

Ad Position 21
No active advertisement
ਅਜੀਤ ਡੈਸਕ 13-04-2024

'ਦਸਤਾਰ' ਜਿੱਥੇ ਸਿਰ ਦਾ ਸ਼ਿੰਗਾਰ ਬਣ ਕੇ ਵੱਡੇਪਣ ਦੀ ਨਿਸ਼ਾਨੀ ਹੈ, ਉੱਥੇ ਹੀ ਉੱਚਤਾ-ਸੁੱਚਤਾ, ਇਨਸਾਫ-ਪਸੰਦੀ ਤੇ ਚੰਗਿਆਈ ਦੀ ਪ੍ਰਤੀਕ ਹੈ। ਮਨੁੱਖਤਾ ਦੀ ਪਹਿਚਾਣ 'ਦਸਤਾਰ' ਤੋਂ ਕੀਤੀ ਜਾ ਸਕਦੀ ਹੈ। 'ਦਸਤਾਰ' ਲਈ ਸੰਘਰਸ਼ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸੰਘਰਸ਼ ਸਿੱਖਾਂ ਨੇ ਹੀ ਕੀਤਾ ਹੈ ਅਤੇ ਕਰ ਰਹੇ ਹਨ। 'ਦਸਤਾਰ' ਲਈ ਸਭ ਤੋਂ ਪਹਿਲਾ ਸੰਘਰਸ਼ ਮੁਗ਼ਲ ਰਾਜ ਨਾਲ ਸੀ, ਉਨ੍ਹਾਂ ਅਨੁਸਾਰ ਰਾਜ ਕਰਨ ਵਾਲੀ ਕੌਮ ਹੀ ਪੱਗ ਬੰਨ੍ਹਣ ਦੀ ਅਧਿਕਾਰੀ ਸੀ ਪਰ ਸਿੱਖ ਗੁਰੂ ਸਾਹਿਬਾਨ ਨੇ ਉਨ੍ਹਾਂ ਦਾ ਭਰਮ ਤੋੜ ਦਿੱਤਾ, ਜਿਸ ਲਈ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਮੁਗ਼ਲਾਂ ਦੇ ਗ਼ੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਦਸਤਾਰ ਸਿੱਖ ਦੀ ਪਹਿਚਾਣ ਦਾ ਅਹਿਮ ਹਿੱਸਾ ਬਣ ਗਈ ਸੀ। ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ 'ਦਸਤਾਰ' ਦਾ ਮਹੱਤਵ ਤੇ ਮਾਣ-ਵਡਿਆਈ 'ਚ ਹੋਰ ਵੀ ਵਾਧਾ ਹੋਇਆ। ਛੇਵੇਂ ਪਾਤਸ਼ਾਹ ਜੀ ਦੇ ਦਰਬਾਰੀ ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇ ਆਪਣੇ ਸਮਕਾਲੀ ਦੁਨਿਆਵੀ ਬਾਦਸ਼ਾਹ ਜਹਾਂਗੀਰ ਦੇ ਮੁਕਾਬਲੇ ਸੱਚੇ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਜਾਈ ਸੁੰਦਰ 'ਦਸਤਾਰ' ਨੂੰ 'ਪੱਗ ਤੇਰੀ, ਕੀ ਜਹਾਂਗੀਰ ਦੀ' ਕਹਿ ਕੇ ਵਡਿਆਇਆ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਨ 1699 ਨੂੰ ਵੈਸਾਖੀ 'ਤੇ 'ਖ਼ਾਲਸਾ' ਪ੍ਰਗਟ ਕਰਨ ਸਮੇਂ 'ਕੇਸ' ਅਤੇ 'ਦਸਤਾਰ' ਸਿੱਖ ਦੀ ਜੀਵਨ-ਜਾਚ ਦਾ ਹਿੱਸਾ ਬਣਾਈ ਗਈ।
ਸੰਸਾਰ-ਭਰ 'ਚ ਹਮੇਸ਼ਾ 'ਦਸਤਾਰ' ਦਾ ਸਤਿਕਾਰ ਰਿਹਾ ਹੈ। ਬਾਦਸ਼ਾਹ ਦੀ ਪੱਗ ਦਾ ਢੰਗ ਤੇ ਧਾਰਮਿਕ ਵਿਅਕਤੀ ਦੀ ਪੱਗ ਬੰਨ੍ਹਣ ਦਾ ਤਰੀਕਾ ਵੱਖ-ਵੱਖ ਹੈ। ਸਿੱਖਾਂ ਦੇ 'ਦਸਤਾਰ' ਸਜਾਉਣ ਦੇ ਕਈ ਤਰੀਕੇ ਹਨ। ਸਿੱਖ ਦੇ 'ਦਸਤਾਰ' ਸਜਾਉਣ ਤੋਂ ਉਹ ਕਿਸ ਇਲਾਕੇ ਦਾ ਰਹਿਣ ਵਾਲਾ ਹੈ, ਕਿਸ ਸੰਪਰਦਾ ਨੂੰ ਮੰਨਣ ਵਾਲਾ ਹੈ, ਦਾ ਬਾਖ਼ੂਬੀ ਪਤਾ ਲੱਗ ਜਾਂਦਾ ਹੈ। ਸਧਾਰਨ ਸਿੱਖ, ਫ਼ੌਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ ਅਤੇ ਟਕਸਾਲੀ ਸਿੰਘਾਂ ਦੇ ਦਸਤਾਰ ਸਜਾਉਣ ਦੇ ਵੱਖ-ਵੱਖ ਅੰਦਾਜ਼ ਹਨ। 'ਨਿਹੰਗ ਸਿੰਘਾਂ' ਦਾ ਦਸਤਾਰਾ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਫੁੱਟ ਕੁ ਉੱਚਾ ਹੁੰਦਾ ਹੈ। ਆਮ ਤੌਰ 'ਤੇ ਗੋਲ ਤੇ ਨੁੱਕਰ ਰਹਿਤ ਹੁੰਦਾ ਹੈ। ਪੰਜ ਆਮ ਪੱਗਾਂ ਦੀ ਲੰਬਾਈ ਜਿੱਡਾ 'ਦਸਤਾਰਾ' ਹੁੰਦਾ ਹੈ। ਰੰਗ ਨੀਲਾ, ਕਾਲਾ, ਪੀਲਾ ਜਾਂ ਚਿੱਟਾ ਜਾਂ ਇਨ੍ਹਾਂ ਰੰਗਾਂ ਦਾ ਰਲਿਆ-ਮਿਲਿਆ ਹੁੰਦਾ ਹੈ। ਇਸ ਦਸਤਾਰ ਦੇ ਉੱਪਰਲੇ ਸਿਰੇ 'ਤੇ ਦੁਮਾਲਾ (ਇਕ ਤਰ੍ਹਾਂ ਦਾ ਫਹਰਾ ਜੋ ਕਲਗੀ ਦਾ ਪ੍ਰਤੀਕ ਦਿਖਦਾ ਹੈ) ਹੁੰਦਾ ਹੈ। ਜੰਗ ਸਮੇਂ ਦੁਸ਼ਮਣ ਦੇ ਵਾਰ ਤੋਂ ਸੁਰੱਖਿਅਤ ਰਹਿਣ ਲਈ ਨਿਹੰਗ ਸਿੰਘਾਂ ਨੇ ਆਪਣੀ ਦਸਤਾਰ ਸਭ ਪਾਸਿਆਂ ਤੋਂ ਲੋਹੇ ਦੀ ਬਣੀ ਬਾਰੀਕ ਜੰਜ਼ੀਰ ਨਾਲ ਕੱਸੀ ਹੁੰਦੀ ਹੈ। ਇਸ ਉੱਤੇ ਦੋ ਜਾਂ ਚਾਰ ਚੱਕਰ ਥੋੜ੍ਹੀ-ਥੋੜ੍ਹੀ ਵਿੱਥ 'ਤੇ ਟਿਕਾਏ ਹੁੰਦੇ ਹਨ। ਬਾਬਾ ਖੜਕ ਸਿੰਘ ਜੀ ਨੂੰ ਜੇਲ੍ਹ ਅੰਦਰ ਵੀ ਦਸਤਾਰ ਲਈ ਸਮੇਂ ਦੀ ਅੰਗਰੇਜ਼ ਸਰਕਾਰ ਨਾਲ ਸੰਘਰਸ਼ ਕਰਨਾ ਪਿਆ ਸੀ। ਵਿਦੇਸ਼ਾਂ 'ਚ ਵੀ ਸਿੱਖਾਂ ਨੂੰ ਦਸਤਾਰ ਲਈ ਕਈ ਮੋਰਚੇ ਲਾਉਣੇ ਪਏ। ਸਿੱਖਾਂ ਨੇ ਹਰ ਵਕਤ ਆਪਣੀ ਸ਼ਾਨ ਦੀ ਪ੍ਰਤੀਕ ਦਸਤਾਰ ਨੂੰ ਉੱਚੀ ਅਤੇ ਸੁੱਚੀ ਰੱਖਿਆ। ਵਿਦੇਸ਼ਾਂ 'ਚ ਸਕੂਲਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਕੰਮ-ਕਾਰ ਕਰਨ ਵਾਲਿਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਭਾਵੇਂ ਮੌਤ ਦੇ ਮੂੰਹ 'ਚ ਕਿਉਂ ਨਾ ਖੜ੍ਹਾ ਹੋਵੇ, ਉਹ ਦਸਤਾਰ ਨੂੰ ਆਪਣੇ ਨਾਲੋਂ ਵੱਖ ਨਹੀਂ ਕਰ ਸਕਦਾ। ਯੁੱਧ ਦੌਰਾਨ ਬਰਤਾਨਵੀ ਫ਼ੌਜ ਨੇ ਫ਼ੌਜੀਆਂ ਲਈ ਲੋਹ-ਟੋਪ ਪਾਉਣਾ ਜ਼ਰੂਰੀ ਕਰ ਦਿੱਤਾ ਪਰ ਸਿੱਖਾਂ ਨੇ ਆਪਣੀ ਆਜ਼ਾਦ ਨਿਸ਼ਾਨੀ ਤੇ ਸਿਰ ਦੇ ਤਾਜ, 'ਦਸਤਾਰ' ਉੱਪਰ ਕਿਸੇ ਤਰ੍ਹਾਂ ਦਾ ਲੋਹ-ਟੋਪ ਪਹਿਨਣ ਤੋਂ ਇਨਕਾਰ ਕਰ ਦਿੱਤਾ। ਕੈਨੇਡਾ 'ਚ ਇਕ ਸਿੱਖ ਨੇ ਪੁਲਿਸ ਭਰਤੀ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਉਸ ਨੂੰ ਵਰਦੀ ਪਾਉਣ ਲਈ ਦਿੱਤੀ ਤਾਂ ਉਸ ਨੇ ਟੋਪੀ ਦੀ ਥਾਂ ਦਸਤਾਰ ਦੀ ਮੰਗ ਕੀਤੀ। ਕੈਨੇਡਾ ਸਰਕਾਰ ਨੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਟੋਪੀ ਦੀ ਥਾਂ ਦਸਤਾਰ ਦੇਣ ਦੇ ਹੁਕਮ ਜਾਰੀ ਕੀਤੇ। ਮੌਜੂਦਾ ਸਮੇਂ 'ਚ ਸਾਡੇ ਕੁਝ ਨੌਜਵਾਨ ਦਸਤਾਰ ਦੇ ਮਹੱਤਵ ਨੂੰ ਅਣਗੌਲਿਆਂ ਕਰਕੇ ਕੁਰਬਾਨੀਆਂ ਭਰਪੂਰ ਵਿਰਾਸਤ ਤੋਂ ਕੋਹਾਂ ਦੂਰ ਹੋ ਰਹੇ ਹਨ। ਕੇਸਾਂ ਦੀ ਸੰਭਾਲ ਕਰਨ ਦੀ ਬਜਾਏ ਕੇਸ ਕਟਾਉਣ ਅਤੇ 'ਦਸਤਾਰ' ਦੀ ਥਾਂ ਟੋਪੀ ਨੂੰ ਪਹਿਲ ਦੇ ਰਹੇ ਹਨ।
'ਦਸਤਾਰ' ਸਿੱਖ ਦੀ ਸ਼ਾਨ ਹੈ ਅਤੇ ਉੱਚੇ ਮਾਣ-ਸਨਮਾਨ ਅਤੇ ਗੌਰਵਤਾ ਦੀ ਪ੍ਰਤੀਕ ਹੈ। ਆਮ ਤੌਰ 'ਤੇ ਇਹ ਵੀ ਕਿਹਾ ਜਾਂਦਾ ਹੈ ਕਿ 'ਦੇਖੀਂ ਕਿਤੇ ਮੇਰੀ ਪੱਗ ਨੂੰ ਦਾਗ਼ ਨਾ ਲੱਗੇ'। ਸੁਨਹਿਰੀ ਵਿਰਾਸਤ ਨੂੰ ਛੱਡ ਕੇ ਬਾਹਰਲਿਆਂ ਦੀ ਨਕਲ ਕਰਕੇ ਮਾਣ ਮਹਿਸੂਸ ਕਰਨਾ ਗ਼ੁਲਾਮੀ ਦੀ ਨਿਸ਼ਾਨੀ ਹੈ। ਜਦੋਂ ਵੀ ਪਰਿਵਾਰ ਦੇ ਕਿਸੇ ਮੋਹਰੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਚਿੱਟੀ ਦਸਤਾਰ, ਮਰਨ ਵਾਲੇ ਦੇ ਵਾਰਿਸ ਦੇ ਸਿਰ ਬੰਨ੍ਹੀ ਜਾਂਦੀ ਹੈ, ਇਸ ਤਰ੍ਹਾਂ ਉਸ ਨੂੰ ਘਰ ਦੇ ਮੁਖੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ। 'ਦਸਤਾਰ' ਸੱਭਿਆਚਾਰ ਦੀ ਬਹੁਤ ਵੱਡੀ ਨਿਸ਼ਾਨੀ ਹੈ, ਜੇਕਰ ਕਿਸੇ ਲੜਾਈ-ਝਗੜੇ 'ਚ ਕਿਸੇ ਦੀ ਦਸਤਾਰ ਉੱਤਰ ਜਾਵੇ ਤਾਂ ਉਸ ਦੀ ਬੇਇਜ਼ਤੀ ਸਮਝੀ ਜਾਂਦੀ ਹੈ। ਇਕ ਪਿਤਾ ਆਪਣੇ ਧੀ-ਪੁੱਤਰ ਨੂੰ ਹਮੇਸ਼ਾ ਹੀ ਕਹਿੰਦਾ ਹੈ ਕਿ 'ਮੇਰੀ ਪੱਗ ਦੀ ਲਾਜ ਰੱਖਣਾ'। ਇੱਥੋਂ ਤੀਕ ਕਿਸੇ ਨੂੰ ਮਿੱਤਰ ਬਣਾਉਣਾ ਹੋਵੇ ਤਾਂ ਉਸ ਨਾਲ 'ਪੱਗ ਵਟਾਉਣ' ਦੀ ਰਸਮ ਵੀ ਕੀਤੀ ਜਾਂਦੀ ਹੈ।
ਸਿੱਖ ਆਪਣੀ 'ਦਸਤਾਰ' ਸਦਕਾ ਹਜ਼ਾਰਾਂ ਦੀ ਗਿਣਤੀ 'ਚ ਦਸਤਾਰਧਾਰੀ ਸਿੱਖ ਵੱਖਰਾ ਨਜ਼ਰ ਆਉਂਦਾ ਹੈ। ਸਿੱਖ ਧਰਮ 'ਚ ਜਿੱਥੇ ਮਰਦ ਦਸਤਾਰ ਬੰਨ੍ਹਦੇ ਹਨ, ਉੱਥੇ ਇਸਤਰੀਆਂ ਵੀ ਦਸਤਾਰ ਬੰਨ੍ਹਣ 'ਚ ਪਿੱਛੇ ਨਹੀਂ ਹਨ। ਸਿੱਖ ਇਤਿਹਾਸ 'ਚ ਇਹ ਵਿਸ਼ੇਸ਼ ਤੌਰ 'ਤੇ ਇਸਤਰੀਆਂ ਅਤੇ ਮਰਦ ਦੋਵਾਂ ਨੂੰ ਬਰਾਬਰ ਦਾ ਦਰਜਾ ਹੈ। ਅੱਜ ਸਾਨੂੰ ਆਪਣੇ ਹੀ ਦੇਸ਼ 'ਚ 'ਦਸਤਾਰ' ਲਈ ਕਈ ਵਾਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਿੱਖਾਂ ਦੀ ਆਜ਼ਾਦ ਹਸਤੀ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸਿੱਖਾਂ ਨੂੰ ਆਪਣੀ ਗੌਰਵਮਈ ਵਿਰਸੇ ਤੋਂ ਦੂਰ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਾਜਿਸ਼ ਤਹਿਤ ਹੀ ਬੰਦਿਆਂ ਨੂੰ ਸਿੱਖ ਇਤਿਹਾਸ ਤੋਂ ਦੂਰ ਕਰਕੇ ਭਵਿੱਖ ਦੇ ਸੁਨਹਿਰੀ ਸੁਪਨੇ ਵਿਖਾ ਕੇ, ਫ਼ਿਲਮਾਂ ਅਤੇ ਸੀਰੀਅਲਜ਼ 'ਚ ਦਸਤਾਰ ਵਾਲਿਆਂ ਨੂੰ ਘਟੀਆ ਕਿਰਦਾਰ 'ਚ ਦਿਖਾ ਕੇ, ਸੋਸ਼ਲ ਮੀਡੀਆ 'ਚ ਗ਼ਲਤ ਢੰਗ ਨਾਲ ਪ੍ਰਚਾਰ ਕੇ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਤੋਂ ਦੂਰ ਕਰਨ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਮੌਜੂਦਾ ਸਮੇਂ 'ਚ ਕੁਝ ਸਭਾ-ਸੁਸਾਇਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਸਤਾਰ ਦੀ ਮਹੱਤਤਾ ਨੂੰ ਨੌਜਵਾਨ ਪੀੜ੍ਹੀ ਤੀਕ ਪਹੁੰਚਾਉਣ ਲਈ ਦਸਤਾਰ-ਬੰਦੀ ਮੁਕਾਬਲੇ ਕਰਵਾ ਰਹੀਆਂ ਹਨ ਅਤੇ ਸਿਖਲਾਈ ਕੇਂਦਰ ਖੋਲ੍ਹ ਰਹੀਆਂ ਹਨ। ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਵੀ ਬਹੁਤ ਵੱਡੇ ਪੱਧਰ 'ਤੇ ਸਕੂਲੀ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਆਕਰਸ਼ਕ ਇਨਾਮ ਦੇ ਕੇ ਜਾਗ੍ਰਤੀ ਪੈਦਾ ਕਰਨ ਦਾ ਹੰਭਲਾ ਮਾਰਿਆ ਜਾ ਰਿਹਾ ਹੈ। 'ਦਸਤਾਰ' ਪੰਜਾਬੀਆਂ ਦੇ ਸੱਭਿਆਚਾਰ ਅਤੇ ਵਿਰਸੇ ਦਾ ਅਹਿਮ ਅੰਗ ਹੁੰਦੀ ਹੋਈ ਵਿਲੱਖਣ ਸ਼ਾਨ ਦੀ ਪ੍ਰਤੀਕ ਹੈ। 'ਦਸਤਾਰ' ਦੇ ਸੁਨਹਿਰੀ ਇਤਿਹਾਸ ਤੋਂ ਸੇਧ ਲੈ ਕੇ ਅਜੋਕੀ ਨੌਜਵਾਨ ਪੀੜ੍ਹੀ ਦਸਤਾਰਧਾਰੀ ਹੋਣ 'ਚ ਮਾਣ ਮਹਿਸੂਸ ਕਰ ਸਕਦੀ ਹੈ।

-ਸਾਬਕਾ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ।
ਮੋਬਾਈਲ: 98143-56133

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦਮਦਮਾ ਸਾਹਿਬ ਦੀ ਅਗਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਦੀਆਂ ਕੰਧਾਂ 'ਤੇ ਅੱਜ ਵੀ ਮੌਜੂਦ ਨੇ ਸਾਕੇ ਦੇ ਨਿਸ਼ਾਨ
Ad Position 24
No active advertisement