ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2024

ਮੇਲਾ ਵਿਸਾਖੀ-ਕਿਹੜੇ ਹੌਸਲੇ ਨਾਲ ਜੱਟ ਦਮਾਮੇ ਮਾਰੇ

Ad Position 21
No active advertisement
ਅਜੀਤ ਡੈਸਕ 13-04-2024

ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਧਰਤੀ ਦੇ ਕਈ ਤਿਉਹਾਰ ਫ਼ਸਲਾਂ ਨਾਲ ਜੁੜੇ ਹੋਏ ਹਨ। ਵਿਸਾਖੀ ਵੀ ਕਣਕ ਦੀ ਵਾਢੀ ਨਾਲ ਜੁੜਿਆ ਰੰਗਲਾ ਤਿਉਹਾਰ ਹੈ। ਇਹ ਦਿਹਾੜਾ ਇਤਿਹਾਸ ਦੇ ਪੰਨਿਆਂ 'ਚ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ, ਜਦੋਂ 1699 ਈ. ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਅਦੁੱਤੀ ਤੇ ਨਿਵੇਕਲੇ ਸੰਕਲਪ ਦਾ ਮੁੱਢ ਬੰਨ੍ਹਿਆ। ਉਨ੍ਹਾਂ ਸਮਿਆਂ 'ਚ ਭਾਰਤੀ ਸਮਾਜ 'ਚ ਪਸਰੀ ਜਾਤਾਂ-ਪਾਤਾਂ, ਵਰਣਾਂ ਤੇ ਹੋਰ ਸਮਾਜਿਕ ਵਲਗਣਾਂ ਦੀ ਬਿਮਾਰ ਮਾਨਸਿਕਤਾ ਨੂੰ ਰੱਦ ਕਰਕੇ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ, ਜਿਸ ਦੀ ਸੋਚ ਤੇ ਦ੍ਰਿਸ਼ਟੀ ਸਰਬਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਪ੍ਰਣਾਈ ਹੋਈ ਸੀ। ਅਜਿਹੇ ਖ਼ਾਲਸੇ ਨੇ ਹੀ ਜਬਰ ਤੇ ਜ਼ੁਲਮ ਵਿਰੁੱਧ ਡਟ ਕੇ ਆਵਾਜ਼ ਉਠਾਈ। ਇਹ ਉਨ੍ਹਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ, ਜਿਸ ਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ, ਜੋ ਅਣਖ ਤੇ ਗ਼ੈਰਤ ਨੂੰ ਪ੍ਰਣਾਇਆ, ਜ਼ੁਲਮ ਤੇ ਜਬਰ ਵਿਰੁੱਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ, ਨਿਰਵੈਰ ਤੇ ਨਿਰਮਾਣਤਾ ਜਿਹੇ ਆਦਰਸ਼ਾਂ ਦਾ ਧਾਰਨੀ ਸੀ ਵਿਸਾਖੀ, ਪੰਜਾਬ 'ਚ ਕਣਕ ਦੀ ਫ਼ਸਲ ਨਾਲ ਜੁੜਿਆ ਤਿਉਹਾਰ ਵੀ ਹੈ। ਉੱਤਰੀ ਭਾਰਤ 'ਚ ਵਰਤੇ ਜਾਂਦੇ ਅਨਾਜ 'ਚੋਂ ਕਣਕ ਪ੍ਰਮੁੱਖ ਹੈ। ਇਸੇ ਕਾਰਨ ਪੰਜਾਬ ਤੇ ਹਰਿਆਣਾ 'ਚ ਕਣਕ ਦੀ ਖੇਤੀ ਵਿਸ਼ਾਲ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬੀ ਲੋਕ ਸਾਹਿਤ 'ਚ ਵੀ ਕਣਕ ਦੀ ਫ਼ਸਲ ਨਾਲ ਜੁੜੇ ਅਨੇਕਾਂ ਲੋਕ-ਗੀਤ ਇਸ ਦੀ ਸਾਡੀ ਜ਼ਿੰਦਗੀ 'ਚ ਮਹੱਤਤਾ ਨੂੰ ਉਜਾਗਰ ਕਰਦੇ ਹਨ। ਇਹ ਨਿੱਤ ਵਰਤੋਂ ਦੀ ਚੀਜ਼ ਹੋਣ ਕਾਰਨ 'ਘਰ ਦੀ ਕੋਠੀ' ਦਾਣਿਆਂ ਨਾਲ ਭਰੀ ਹੋਣੀ ਹਰ ਇਕ ਦੇ ਮਨ ਨੂੰ ਤਸੱਲੀ ਭਰੀ ਖ਼ੁਸ਼ੀ ਹੋਣੀ ਸੁਭਾਵਿਕ ਗੱਲ ਹੈ। ਪੁਰਾਣੇ ਸਮਿਆਂ 'ਚ ਖੇਤੀ ਵਪਾਰਕ ਮੰਤਵ ਲਈ ਨਹੀਂ ਕੀਤੀ ਜਾਂਦੀ ਸੀ, ਸਗੋਂ ਘਰੇਲੂ ਵਰਤੋਂ ਜਾਂ ਅਗਲੀ ਫ਼ਸਲ ਦੇ ਬੀਜ ਆਦਿ ਜੋਗੀ ਹੀ ਕਣਕ ਬੀਜੀ ਜਾਂਦੀ ਸੀ। ਇਹ ਵੱਖਰੀ ਗੱਲ ਹੈ ਕਿ ਕਕਰੀਲੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ 'ਚ ਖ਼ੂਨ-ਪਸੀਨਾ ਇਕ ਕਰਨ ਦੇ ਬਾਵਜੂਦ ਵੀ 'ਅੰਨਦਾਤੇ' ਦੀਆਂ ਆਸਾਂ ਉਮੰਗਾਂ ਕਦੇ ਵੀ ਪੂਰੀਆਂ ਨਹੀਂ ਹੋਈਆਂ। ਇਹ ਉਦੋਂ ਵੀ ਰੁੱਖੀ-ਸੁੱਖੀ ਖਾ ਕੇ ਅਣਹੋਇਆਂ ਦਾ ਜੀਵਨ ਹੰਢਾਉਂਦਾ ਸੀ ਅਤੇ ਬਹੁਤ ਕੁਝ ਬਦਲਣ ਦੇ ਬਾਵਜੂਦ ਅੱਜ ਵੀ ਥੁੜ੍ਹਾਂ ਮਾਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ।
ਮਿਹਨਤੀ ਸੁਭਾਅ, ਖੁੱਲ੍ਹਾ-ਡੁੱਲ੍ਹਾ ਖਾਣ-ਪੀਣ, ਆਪਣਾ ਹੱਕ ਜਤਾਉਣ ਦੀ ਦ੍ਰਿੜ੍ਹਤਾ, ਕਿਸੇ ਲਾਟੀਖਾਨ ਦੀ ਵੀ ਟੈਂਅ ਨਾ ਮੰਨਣੀ ਤੇ ਕਿਸੇ ਦੁਖੀ ਤੇ ਲੋੜਵੰਦ ਪ੍ਰਤੀ ਅੰਤਾਂ ਦੀ ਦਇਆ-ਭਾਵਨਾ ਜਿਹੇ ਗੁਣਾਂ ਨਾਲ ਵਰੋਸਾਏ ਪੰਜਾਬੀ, ਮੇਲਿਆਂ ਦੇ ਸ਼ੌਕੀਨ ਹਨ। ਤਿਉਹਾਰ ਤੇ ਮੇਲੇ ਉਨ੍ਹਾਂ ਦੀ ਅਕੇਵੇਂ ਭਰੀ ਜ਼ਿੰਦਗੀ ਨੂੰ ਨਵਾਂ ਹੁਲਾਸ ਤੇ ਖ਼ੁਸ਼ੀ ਬਖਸ਼ਦੇ ਹਨ। ਮੇਲੇ ਜਾਣ ਦੇ ਚਾਅ 'ਚ ਉਹ ਆਪਣੇ ਕੰਮਾਂ ਨੂੰ ਛੋਹਲੇ ਹੱਥੀਂ ਨਿਬੇੜਦੇ ਹਨ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਮੇਲੇ ਬਾਰੇ ਲਿਖੀ ਕਵਿਤਾ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਉਨ੍ਹਾਂ ਸਮਿਆਂ ਦੇ ਪੰਜਾਬੀ ਕਿਸਾਨ ਦੀ ਮੇਲੇ ਨੂੰ ਚੜ੍ਹਤ ਤੇ ਮਨ ਦੀ ਖ਼ੁਸ਼ੀ ਦੇ ਡੂੰਘੇ ਭਾਵਾਂ ਦਾ ਬਹੁਤ ਹੀ ਵਾਸਤਵਿਕ ਚਿਤਰਨ ਪੇਸ਼ ਕਰਦੀ ਹੈ। ਅਸਲ 'ਚ ਮੇਲਾ ਤਾਂ ਪੰਜਾਬੀ ਬੰਦੇ ਦੇ ਮਨ 'ਚ ਇਸ ਕਦਰ ਸਮਾਇਆ ਹੋਇਆ ਹੈ ਕਿ ਇਸ ਨੂੰ ਪੰਜਾਬੀ ਸੁਭਾਅ 'ਚੋਂ ਵੱਖ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਮੇਲਾ ਉਸ ਦੀ ਰੂਹ ਨੂੰ ਅਗੰਮੀ ਖ਼ੁਸ਼ੀ ਪ੍ਰਦਾਨ ਕਰਨ ਦਾ ਅਵਸਰ ਤਾਂ ਦਿੰਦਾ ਹੀ ਹੈ, ਸਗੋਂ ਉਸ ਦੇ ਅੰਦਰ ਮਘਦੇ ਪੰਜਾਬੀਅਤ ਦੇ ਜਜ਼ਬੇ ਨੂੰ ਪ੍ਰਗਟਾਉਣ ਦਾ ਮੌਕਾ ਵੀ ਦਿੰਦਾ ਹੈ। ਇਸੇ ਕਾਰਨ ਹੀ ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ. ਵਣਜਾਰਾ ਬੇਦੀ ਨੇ ਲਿਖਿਆ ਹੈ, 'ਪੰਜਾਬੀ, ਸੁਭਾਅ ਦੇ ਬੜੇ ਰੰਗੀਲੇ ਤੇ ਦਿਲਾਂ ਦੇ ਬਾਦਸ਼ਾਹ ਹਨ। ਮੇਲਾ, ਬੀਜ ਰੂਪ ਵਿਚ, ਪੰਜਾਬੀ ਚਰਿੱਤਰ 'ਚ ਹੀ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ।'
ਵਿਸਾਖੀ ਦਾ ਮੇਲਾ ਤਾਂ ਹੁਣ ਵੀ ਬਹੁਤ ਭਰਦਾ ਹੈ ਪਰ ਜੀਵਨ ਦੀਆਂ ਲੋੜਾਂ-ਥੁੜ੍ਹਾਂ ਤੇ ਅਨੇਕਾਂ ਦੁਸ਼ਵਾਰੀਆਂ 'ਚ ਫਾਥੇ 'ਧਰਤੀ-ਪੁੱਤਰ' ਨੂੰ ਹੁਣ 'ਦਮਾਮੇ ਮਾਰਦਿਆਂ' ਮੇਲੇ ਜਾਣ ਦਾ ਬਹੁਤਾ ਚਾਅ ਨਹੀਂ ਰਿਹਾ। ਸਾਰੇ ਦੇਸ਼ ਦੇ ਅੰਨ ਭੰਡਾਰ ਨੂੰ ਮਾਲਾਮਾਲ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਦੀਆਂ ਲੋੜਾਂ-ਥੁੜ੍ਹਾਂ ਤੇ ਦੁਸ਼ਵਾਰੀਆਂ ਨਾਲ ਭਰੀ ਪਈ ਹੈ। ਇਸ ਕਾਰਨ ਹੀ ਉਸ ਦੇ ਮਨ ਵਿਚੋਂ ਮੇਲੇ ਜਾਣ ਦਾ ਚਾਅ ਹੀ ਜਿਵੇਂ ਗੁਆਚ ਗਿਆ ਹੈ। ਸਖ਼ਤ ਮਿਹਨਤ ਨਾਲ ਕਿਸਾਨ ਨੇ ਅਨਾਜ ਦੀ ਵਾਧੂ ਪੈਦਾਵਾਰ ਕਰਕੇ ਨਾ ਕੇਵਲ ਆਪਣੀ ਸਗੋਂ ਸਮੁੱਚੇ ਦੇਸ਼ ਦੀ ਭੁੱਖਮਰੀ ਦੀ ਵਿਕਰਾਲ ਸਮੱਸਿਆ ਨੂੰ ਹੱਲ ਕੀਤਾ ਤੇ ਸਰਕਾਰਾਂ ਨੂੰ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ਅਨਾਜ ਮੰਗਾਉਣ ਦੀ ਨਾਮੋਸ਼ੀ ਤੋਂ ਵੀ ਛੁਟਕਾਰਾ ਦਿਵਾਇਆ। ਇਸ ਘਾਲਣਾ ਦੇ ਬਾਵਜੂਦ ਔਖੇ ਵੇਲੇ ਕਿਸੇ ਸਰਕਾਰ ਨੇ ਕਿਸਾਨ ਦੀ ਬਾਂਹ ਨਹੀਂ ਫੜੀ। ਕਈ ਸਾਲਾਂ ਤੋਂ ਹੀ ਕਿਸਾਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ।
ਕਦੇ ਕੁਦਰਤ ਦਾ ਕਹਿਰ ਵਰਤਦਾ ਹੈ ਤਾਂ ਫ਼ਸਲ ਉੱਜੜ ਜਾਂਦੀ ਹੈ, ਕਦੇ ਚਿੱਟਾ ਮੱਛਰ ਜਾਂ ਕੋਈ ਬਿਮਾਰੀ ਆਸਾਂ 'ਤੇ ਪਾਣੀ ਫੇਰ ਦਿੰਦੀ ਹੈ, ਕਦੇ ਨਕਲੀ ਕੀੜੇ ਮਾਰ ਦਵਾਈਆਂ ਕਿਸਾਨ ਦੀ ਮਿਹਨਤ ਨੂੰ ਰੋਲ ਦਿੰਦੀਆਂ ਹਨ। ਕਿਸਾਨ ਦੀਆਂ ਸਾਰੀਆਂ ਆਸਾਂ ਫ਼ਸਲ 'ਤੇ ਹੀ ਟਿਕੀਆਂ ਹੁੰਦੀਆਂ ਹਨ ਅਤੇ ਜੇਕਰ ਫ਼ਸਲ ਨੇਪਰੇ ਹੀ ਨਾ ਚੜ੍ਹੇ ਤਾਂ ਫ਼ਸਲ 'ਤੇ ਕੀਤਾ ਖ਼ਰਚਾ, ਕਰਜ਼ੇ ਦੀਆਂ ਕਿਸ਼ਤਾਂ ਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਅਜਿਹੀ ਸਥਿਤੀ ਦਾ ਮਾਰਿਆ ਹੀ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈਂਦਾ ਹੈ। ਹਕੂਮਤੀ ਧਿਰਾਂ ਏਨੀਆਂ ਅਸੰਵੇਦਨਸ਼ੀਲ ਹੋ ਚੁੱਕੀਆਂ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਪਰਿਵਾਰਾਂ ਦੇ ਕੀਰਨੇ ਸੁਣਾਈ ਨਹੀਂ ਦਿੰਦੇ। ਅੰਨਦਾਤਾ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜਦਿਆਂ ਲੰਮੇ ਸੰਘਰਸ਼ਾਂ 'ਚ ਪਿਆ ਹੋਇਆ ਹੈ, ਪਰ ਸਰਕਾਰਾਂ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਦੀ। ਜਿਹੜੇ ਸੰਘਰਸ਼ੀ ਯੋਧੇ ਸੜਕਾਂ 'ਤੇ ਬੈਠੇ ਆਪਣੇ ਹੱਕਾਂ ਲਈ ਜੂਝ ਰਹੇ ਹਨ, ਉਨ੍ਹਾਂ ਨੂੰ ਵਿਸਾਖੀ ਦੇ ਜਸ਼ਨ ਕਿੱਥੇ ਭਾਉਂਦੇ ਹਨ।
ਇਸ ਵਾਰ ਵੀ ਕੁਦਰਤ ਦੇ ਕਹਿਰ ਨੇ ਸੋਨ-ਰੰਗੀ ਕਣਕ ਨੂੰ ਘਰ ਆਉਣ ਤੋਂ ਪਹਿਲਾਂ ਹੀ ਕਈ ਥਾਈਂ ਬਰਬਾਦ ਕਰ ਦਿੱਤਾ ਹੈ। ਸਭ ਸੁਪਨੇ ਤੇ ਰੀਝਾਂ ਮਿੱਟੀ 'ਚ ਮਿਲ ਗਈਆਂ ਹਨ। ਅਜਿਹੀ ਦਰਦਨਾਕ ਸਥਿਤੀ 'ਚ ਕਿਹੜੇ ਹੌਸਲੇ ਨਾਲ ਕੋਈ ਦਮਾਮੇ ਮਾਰਦਾ ਮੇਲੇ ਜਾਵੇ। ਮੇਲਾ ਤਾਂ ਮਨ ਦੀ ਸਥਿਤੀ ਦਾ ਨਾਂਅ ਹੈ, ਜੇ ਮਨ 'ਚ ਚਿੰਤਾਵਾਂ ਦੇ ਬੱਦਲ ਛਾਏ ਹੋਣ ਤਾਂ ਕੋਈ ਕਿਹੜਾ ਚਾਅ ਲੈ ਕੇ ਮੇਲੇ ਜਾਵੇ। ਸਮਾਜ ਨੂੰ ਵੀ ਅਜਿਹੀ ਬਦਤਰ ਸਥਿਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਕਿਸਾਨਾਂ ਨੂੰ ਵੀ ਇਸ ਪਵਿਤਰ ਦਿਹਾੜੇ 'ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਵੀ ਸੰਕਟ ਦਾ ਮੁਕਾਬਲਾ ਆਪਣੀ ਪਰੰਪਰਾ ਅਨੁਸਾਰ ਦ੍ਰਿੜ੍ਹ ਹੌਸਲੇ ਤੇ ਬਹਾਦਰੀ ਨਾਲ ਹੀ ਕਰਨਗੇ ਨਾ ਕਿ ਖ਼ੁਦਕੁਸ਼ੀ ਦੇ ਰਾਹ ਤੁਰਨਗੇ। ਉਂਜ ਵੀ ਖ਼ੁਦਕਸ਼ੀ ਦਾ ਵਰਤਾਰਾ ਪੰਜਾਬੀ ਸੁਭਾਅ ਦੇ ਉਲਟ ਹੈ। ਇਹ ਤਾਂ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ ਕਿ ਸਾਰਾ ਪੰਜਾਬ ਹੀ ਕਿਸੇ ਨਾ ਕਿਸੇ ਪੱਖ ਤੋਂ ਢਹਿੰਦੀ ਕਲਾ ਦੇ ਰਾਹ ਤੁਰਿਆ ਜਾ ਰਿਹਾ ਹੈ, ਨਹੀਂ ਤਾਂ ਵਿਸਾਖੀ ਦਾ ਤਿਉਹਾਰ ਤਾਂ ਹੌਸਲੇ ਤੇ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲਾ ਹੈ।

-ਪਿੰਡ-ਖਰਲ ਕਲਾਂ, ਜ਼ਿਲ੍ਹਾ ਜਲੰਧਰ।
ਮੋਬਾਈਲ: 98153-56086

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਵਿਸਾਖੀ ਦਮਦਮਾ ਸਾਹਿਬ ਦੀ
Ad Position 24
No active advertisement