ਨਵੀਂ ਦਿੱਲੀ, 1 ਨਵੰਬਰ (ਮਿਸਰਦੀਪ ਭਾਟੀਆ)-ਦੇਸ਼ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਮੇਨ 2026 ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਬੀ.ਟੈਕ ਅਤੇ ਬੀ.ਆਰਕ ਕੋਰਸਾਂ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ | ਐਨ.ਟੀ.ਏ. ਜੇ.ਈ.ਈ. ਮੇਨ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ | ਜੇ.ਈ.ਈ. ਮੇਨ 2026 ਲਈ 27 ਨਵੰਬਰ 2025 ਤੱਕ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ | ਜੇ.ਈ.ਈ. ਮੇਨ 2026 ਸੈਸ਼ਨ-1 ਦੀਆਂ ਪ੍ਰੀਖਿਆਵਾਂ 21 ਤੋਂ 30 ਜਨਵਰੀ 2026 ਅਤੇ ਸੈਸ਼ਨ-2 ਦੀਆਂ ਪ੍ਰੀਖਿਆਵਾਂ 2 ਤੋਂ 9 ਅਪ੍ਰੈਲ 2026 ਤੱਕ ਹੋਣਗੀਆਂ | ਜੇ.ਈ.ਈ. ਮੇਨ 2026 ਲਈ ਅਰਜ਼ੀ ਦੇਣ ਲਈ ਕੋਈ ਉਮਰ ਸੀਮਾ ਨਹੀਂ ਹੈ | ਜੇ.ਈ.ਈ. ਉਮੀਦਵਾਰ ਜਿਨ੍ਹਾਂ ਨੇ 2024 ਜਾਂ 2025 ਵਿਚ 12ਵੀਂ ਜਮਾਤ ਪਾਸ ਕੀਤੀ ਹੈ ਜਾਂ 2026 ਵਿਚ ਪ੍ਰੀਖਿਆ ਦੇ ਰਹੇ ਹਨ, ਉਹ ਅਰਜ਼ੀ ਦੇ ਸਕਦੇ ਹਨ |