ਰਾਮ ਤੀਰਥ, 27 ਦਸੰਬਰ (ਧਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਅੱਡਾ ਬਾਉਲੀ ਵਿਖੇ ਕੀਤਾ ਗਿਆ | ਭਾਈ ਅਮਨਦੀਪ ਸਿੰਘ ਵਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਗੁਰੂ ਵਾਲੇ ਬਣ ਦਾ ਸੁਨੇਹਾ ਦਿੱਤਾ | ਉਨ੍ਹਾਂ ਬਾਬਾ ਦੀਪ ਸਿੰਘ ਹੈਲਥਕੇਅਰ ਚੈਰੀਟੇਬਲ ਹਸਪਤਾਲ ਵਿਖੇ 21 ਦਸੰਬਰ ਤੋਂ ਚੱਲ ਰਹੇ ਵਿਸ਼ਾਲ ਸਰਜਰੀ ਕੈਂਪ ਬਾਰੇ ਵੀ ਜ਼ਿਕਰ ਕੀਤਾ, ਜਿੱਥੇ ਲੋੜਵੰਦਾਂ ਦਾ ਲਾਗਤ ਮੁੱਲ 'ਤੇ ਇਲਾਜ ਅਤੇ ਸਰਜਰੀਆਂ ਹੋ ਰਹੀਆਂ ਹਨ ਅਤੇ ਅਨੇਕਾਂ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ਤੋਂ ਲਾਭ ਲਿਆ ਹੈ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਸਰਜਰੀ ਕੈਂਪ 10 ਜਨਵਰੀ ਤੱਕ ਚੱਲਣਾ ਹੈ, ਜਿਸ ਲੋੜਵੰਦ ਮਰੀਜ਼ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਹੈ, ਉਹ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਨਾਲ ਸੰਪਰਕ ਕਰਕੇ ਸਮਾਂ ਲੈ ਕੇ ਆਉਣ ਜਿੱਥੇ ਮਰੀਜ਼ਾਂ ਨੂੰ ਇਲਾਜ ਮਿਲ ਰਿਹਾ, ਉੱਥੇ ਹੀ ਗੁਰੂ ਨਾਨਕ ਦੀ ਰਸੋਈ ਤੋਂ ਲੰਗਰ ਦਾ ਵੀ ਪ੍ਰਬੰਧ ਖਾਸ ਕੀਤਾ ਗਿਆ ਹੈ | ਇਸ ਸਮਾਗਮ 'ਚ ਹਾਜ਼ਰੀ ਭਰਦੇ ਹੋਏ ਭਾਈ ਅਮਨਦੀਪ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ, ਕਥਾਵਾਚਕ ਭਾਈ ਗੁਰਚਰਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |