ਮਨੁੱਖੀ ਇਤਿਹਾਸ ਵੱਲ ਜੇਕਰ ਝਾਤ ਮਾਰੀਏ ਤਾਂ ਸਮਾਜ ਵਿਚ ਊਚ-ਨੀਚ ਆਧਾਰਿਤ ਵੰਡੀਆਂ ਮੁੱਢ ਕਦੀਮ ਤੋਂ ਹਨ | ਦਾਸ-ਦਾਸੀਆਂ ਦੀ ਪ੍ਰਥਾ ਦੀ ਚਰਚਾ ਤਾਂ ਮੁਢਲੇ ਧਾਰਮਿਕ ਗ੍ਰਥਾਂ ਵਿਚ ਵੀ ਕੀਤੀ ਗਈ ਹੈ | ਪੰਦ੍ਹਰਵੀਂ ਸਦੀ ਤਕ ਭਾਰਤ ਵਿਚ ਕੰਮਕਾਜੀ ਵੰਡੀਆਂ ਨੇ ਸਮਾਜ ਨੂੰ ਪੱਕੇ ਤੌਰ 'ਤੇ ਜਕੜ ਲਿਆ ਸੀ | ਹੱਥੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਦਲਿਤ ਜਾਂ ਅਛੂਤ ਕਰਕੇ ਜਾਣਿਆ ਜਾਂਦਾ ਸੀ | ਵਸੋਂ ਦੀ ਬਹੁ-ਗਿਣਤੀ ਦਾ ਜੀਵਨ ਪਸ਼ੂਆਂ ਤੋਂ ਵੀ ਭੈੜਾ ਸੀ | ਉੱਚੀ ਜਾਤੀ ਦੇ ਲੋਕ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਦੂਰ ਰਹਿੰਦੇ ਸਨ | ਇਸ ਦੇ ਨਾਲ ਹੀ ਰਾਜਸੀ ਅਤੇ ਧਾਰਮਿਕ ਜ਼ੁਲਮ ਵੀ ਆਪਣੀ ਸਿਖਰ ਉਤੇ ਸੀ | ਵਿਦੇਸ਼ੀ ਹਮਲਿਆਂ ਨੇ ਇਥੋਂ ਦੇ ਲੋਕਾਂ ਵਿਚੋਂ ਆਤਮ ਵਿਸ਼ਵਾਸ ਖਤਮ ਹੀ ਕਰ ਦਿੱਤਾ ਸੀ | ਉਹ ਗੁਲਾਮੀ ਦਾ ਜੀਵਨ ਜਿਊਣ ਲਈ ਮਜਬੂਰ ਸਨ | ਦੇਸ਼ ਵਿਚ ਫੈਲੇ ਜ਼ੁਲਮ ਅਤੇ ਊਚ-ਨੀਚ ਦੇ ਘੋਰ ਹਨੇਰੇ ਵਿਚ ਗੁਰੂ ਨਾਨਕ ਸਾਹਿਬ ਨੇ ਦੱਬੇ ਕੁੱਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਤਿਆਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਜਾਲਮਾਂ ਨੂੰ ਫਿਟਕਾਰਿਆ ਤੇ ਮਜ਼ਲੂਮਾਂ ਨੂੰ ਵੰਗਾਰਿਆ | ਗੁਰੂ ਸਾਹਿਬਾਨ ਵਲੋਂ ਦੋ ਸਦੀਆਂ ਦੀ ਘਾਲਣਾ ਨਾਲ ਨਿਮਾਣੇ ਸਮਝੇ ਜਾਂਦੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਤਿਆਰ ਕੀਤਾ | ਲੋਕਾਂ ਵਿਚ ਮੌਤ ਦੇ ਭੈਅ ਨੂੰ ਦੂਰ ਕਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਦੋ ਗੁਰੂ ਸਾਹਿਬਾਨ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੇ ਪੋਤਰੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀਆਂ ਦਿੱਤੀਆਂ |
ਇਸ ਨਾਬਰਾਬਰੀ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਵਲੋਂ ਵਿੱਢੀ ਮੁਹਿੰਮ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਲੀ ਰੂਪ ਦੇਣ ਲਈ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ ਵਿਚੋਂ ਮਨੁੱਖੀ ਵਿਤਕਰਿਆਂ ਨੂੰ ਮੇਟ ਸਭਨਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ | ਉਨ੍ਹਾਂ ਆਪਣੇ ਕਥਨ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਨੂੰ ਅਮਲੀ ਰੂਪ ਦਿੱਤਾ | ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇਕੋ ਝਟਕੇ ਨਾਲ ਤੋੜ ਸਭਨਾਂ ਨੂੰ ਇਕੋ ਨਾਮ ਅਤੇ ਸਰੂਪ ਦੀ ਬਖ਼ਸ਼ਿਸ਼ ਕੀਤੀ | ਉਨ੍ਹਾਂ ਕੇਵਲ ਸਮਾਜਿਕ ਬਰਾਬਰੀ ਹੀ ਸਥਾਪਿਤ ਨਹੀਂ ਕੀਤੀ ਸਗੋਂ ਅੰਮਿ੍ਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਪ੍ਰਦਾਨ ਕੀਤੀ | ਜਿਹੜੇ ਲੋਕ ਆਪਣੇ ਆਪ ਨੂੰ ਨਿਮਾਣੇ, ਨਿਤਾਣੇ ਅਤੇ ਲਿਤਾੜੇ ਹੋਏ ਸਮਝ ਨਰਕ ਦਾ ਜੀਵਨ ਜੀਅ ਰਹੇ ਸਨ ਉਨ੍ਹਾਂ ਨੇ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਕੇ ਸੱਚ ਤੇ ਹੱਕ ਦੀ ਲੜਾਈ ਲਈ ਆਪਣੇ-ਆਪ ਨੂੰ ਤਿਆਰ ਕੀਤਾ | ਇਨ੍ਹਾਂ ਕਿਰਤੀਆਂ ਨੇ ਜਦੋਂ ਹਥਿਆਰ ਚੁੱਕੇ ਤਾਂ ਉਸ ਵੇਲੇ ਦੀ ਸਭ ਤੋਂ ਵੱਡੀ ਜਾਲਿਮ ਹਕੂਮਤ ਦਾ ਤਖ਼ਤਾ ਪਲਟ ਕੇ ਰੱਖ ਦਿੱਤਾ | ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜੇ ਲੋਕੀਂ ਸੰਤ ਸਿਪਾਹੀ ਦਾ ਰੂਪ ਬਣੇ ਜਿਹੜੇ ਗ੍ਰਹਿਸਥੀ ਜੀਵਨ ਵਿਚ ਸੰਤ ਵਾਲਾ ਜੀਵਨ ਜਿਊਾਦੇ ਸਨ ਪਰ ਜ਼ੁਲਮ ਵਿਰੁੱਧ ਲੜਣ ਅਤੇ ਮਜਲੂਮਾਂ ਦੀ ਰਾਖੀ ਕਰਨ ਸਮੇਂ ਸਿਪਾਹੀ ਦਾ ਰੂਪ ਧਾਰ ਲੈਂਦੇ ਸਨ |
1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਣਾ ਇਕ ਨਵੇਂ ਇਨਕਲਾਬ ਦਾ ਆਰੰਭ ਸੀ | ਇੰਝ ਦਸਮੇਸ਼ ਪਿਤਾ ਜੀ ਨੇ ਵਿਸਾਖੀ ਵਾਲੇ ਦਿਨ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਇਨਕਲਾਬ ਸਿਰਜਿਆ |
ਗੁਰੂ ਸਾਹਿਬ ਸਮੇਂ ਵੀ ਔਰਤ ਨੂੰ ਸਮਾਜ ਵਿਚ ਬਰਾਬਰੀ ਨਹੀਂ ਸੀ | ਉਨ੍ਹਾਂ ਹੁਕਮ ਜਾਰੀ ਕੀਤਾ ਕਿ ਜਿਹੜਾ ਕੁੜੀ ਦੀ ਹੱਤਿਆ ਕਰਦਾ ਹੈ ਉਹ ਮੇਰਾ ਸਿੰਘ ਨਹੀਂ ਹੋ ਸਕਦਾ | ਇਥੋਂ ਤੱਕ ਕਿ ਉਨ੍ਹਾਂ ਆਪਣੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਕੁੜੀ ਮਾਰਨ ਵਾਲੇ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਨਾ ਰੱਖਿਆ ਜਾਵੇ | ਸੱਚ ਤੇ ਹੱਕ ਦੀ ਕਮਾਈ ਖਾਣ ਵਾਲਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਹੀ ਗੁਰੂ ਜੀ ਦਾ ਸਿੰਘ ਹੋ ਸਕਦਾ ਹੈ | ਗੁਰੂ ਜੀ ਵਲੋਂ ਬਖ਼ਸ਼ੀ ਸ਼ਕਤੀ ਹੀ ਸੀ ਜਿਸ ਨੇ ਬੀਬੀਆਂ ਵਿਚ ਦਲੇਰੀ ਭਰੀ | ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸ਼ਾਹੀ ਫ਼ੌਜ ਦੇ ਘੇਰੇ ਨੂੰ ਤੋੜ ਸਸਕਾਰ ਕਰਨ ਵਾਲੀ ਬੀਬੀ ਸਰਨ ਕੌਰ ਹੀ ਸੀ | ਮੁਕਤਸਰ ਦੇ ਮੈਦਾਨ ਵਿਚ ਲੋਕ ਸ਼ਕਤੀ ਦੀ ਹੋਈ ਜਿੱਤ ਵਿਚ ਮਾਈ ਭਾਗ ਕੌਰ ਦੀ ਅਹਿਮ ਭੂਮਿਕਾ ਸੀ |
ਗੁਰੂ ਜੀ ਨੇ ਜਿਥੇ ਯੁਗ ਪਲਟਾਇਆ, ਸਮਾਜ ਬਦਲਿਆ, ਸਮਾਜ ਨੂੰ ਲੋਕਰਾਜ ਤੇ ਬਰਾਬਰੀ ਦੀ ਬਖ਼ਸ਼ਿਸ਼ ਕੀਤੀ ਉਥੇ ਗੁਰੂ-ਚੇਲੇ ਦੇ ਅੰਤਰ ਨੂੰ ਵੀ ਮੇੇਟਿਆ | ਗੁਰੂ ਜੀ ਨੇ ਕਈ ਭਾਸ਼ਾਵਾਂ ਵਿਚ ਬਾਣੀ ਦੀ ਰਚਨਾ ਕੀਤੀ | ਉਨ੍ਹਾਂ ਦੀ ਬਾਣੀ 'ਜਾਪ ਸਾਹਿਬ' ਨੂੰ ਪ੍ਰਮਾਤਮਾ ਦੀ ਉਸਤੁਤ ਦਾ ਸਭ ਤੋਂ ਵੱਡਾ ਖਜਾਨਾ ਮੰਨਿਆ ਜਾਂਦਾ ਹੈ | ਅਜਿਹੀ ਸੰਪੂਰਨ ਪਰਿਭਾਸ਼ਾ ਅੱਜ ਤੱਕ ਕਿਸੇ ਨਹੀਂ ਦਿੱਤੀ ਤੇ ਸ਼ਾਇਦ ਹੋਰ ਕੋਈ ਦੇ ਵੀ ਨਾ ਸਕੇ | ਫ਼ਾਰਸੀ ਵਿਚ ਔਰੰਗਜ਼ੇਬ ਨੂੰ ਲਿਖੇ 'ਜਫ਼ਰਨਾਮੇ' ਨੇ ਉਸ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਇਆ ਤੇ ਉਸ ਆਪਣੀ ਭੁੱਲ ਬਖ਼ਸ਼ਾਉਣ ਲਈ ਗੁਰੂ ਜੀ ਦੇ ਦਰਸ਼ਨਾਂ ਲਈ ਬੇਨਤੀ ਕੀਤੀ | ਚਾਰ ਦਹਾਕਿਆਂ ਦੀ ਉਮਰ ਵਿਚ ਜਿੰਨੇ ਮਹਾਨ ਕਾਰਜ ਗੁਰੂ ਜੀ ਨੇ ਕੀਤੇ ਅੱਜ ਤੱਕ ਸੰਸਾਰ ਵਿਚ ਨਾ ਕੋਈ ਕਰ ਸਕਿਆ ਹੈ ਅਤੇ ਨਾ ਹੀ ਸ਼ਾਇਦ ਕਰ ਸਕੇਗਾ | ਸਾਰੇ ਸੰਸਾਰ ਦੇ ਚਿੰਤਕ ਅਤੇ ਵਿਗਿਆਨੀ ਹੈਰਾਨ ਹਨ ਕਿ ਇਹ ਸਭ ਕਿਵੇਂ ਹੋਇਆ | ਧੰਨ ਹਨ ਦਸਮੇਸ਼ ਪਿਤਾ ਜਿਨ੍ਹਾਂ ਹਮੇਸ਼ਾ ਆਪਣੇ-ਆਪ ਨੂੰ ਪਰਮਾਤਮਾ ਦਾ ਦਾਸ ਅਤੇ ਸਿੰਘਾਂ ਨੂੰ ਆਪਣੀ ਸ਼ਕਤੀ ਆਖਿਆ | ਗੁਰੂ ਜੀ ਵਲੋਂ ਸਮਾਜਿਕ ਬਰਾਬਰੀ ਲਈ ਚਲਾਈ ਮੁਹਿੰਮ ਨੂੰ ਖਤਮ ਕਰਨ ਲਈ ਸਮੇਂ ਦੀ ਹਕੂਮਤ ਨੇ 14 ਵਾਰ ਹਮਲਾ ਕੀਤਾ | ਗੁਰੂ ਦੇ ਸਿੰਘਾਂ ਨੇ ਕਦੇ ਵੀ ਜੰਗ ਦੇ ਮੈਦਾਨ ਵਿਚ ਪਿੱਠ ਨਾ ਵਿਖਾਈ ਤੇ ਸਾਰੀਆਂ ਲੜਾਈਆਂ ਵਿਚ ਖ਼ਾਲਸੇ ਦੀ ਫ਼ਤਹਿ ਹੋਈ | ਗੁਰੂ ਸਾਹਿਬ ਨੇ ਮਨੁੱਖੀ ਬਰਾਬਰੀ ਦੇ ਨਾਲੋ-ਨਾਲ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ |
ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਦੀਵੀ ਗੁਰੂ ਥਾਪ ਗਏ | ਇੰਜ ਸ਼ਬਦ ਨੂੰ ਗੁਰੂ ਥਾਪ ਉਨ੍ਹਾਂ ਸੰਸਾਰ ਵਿਚ ਲਾਸਾਨੀ ਤੇ ਅਨੋਖੀ ਪਿਰਤ ਸਥਾਪਿਤ ਕੀਤੀ | ਵਿਸਾਖੀ ਦੇ ਦਿਨ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਸੰਯੁਕਤ ਰਾਸ਼ਟਰ ਨੂੰ ਇਹ ਦਿਨ ਵਿਸ਼ਵ ਮਨੁੱਖੀ ਬਰਾਬਰੀ ਅਤੇ ਲੋਕਰਾਜ ਦਿਵਸ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ |
ਮਨੁੱਖੀ ਬਰਾਬਰੀ ਅਤੇ ਲੋਕਰਾਜ ਸਿਰਜਣਾ ਦਿਵਸ-ਵਿਸਾਖੀ <br/>
ਅਜੀਤ ਡੈਸਕ
13-04-2025