ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ਼ਾਮ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਏ ਜਾ ਰਹੇ 19ਵੇਂ ਪਾਈਟੈਕਸ ਮੇਲੇ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਆਪਣੇ ਸੰਬੋਧਨ 'ਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰ ਗਾਣ 'ਚ ਵੀ ਪੰਜਾਬ ਸਭ ਤੋਂ ਪਹਿਲਾਂ ਆਉਂਦਾ ਹੈ | ਬ੍ਰੈੱਡ ਬਾਸਕਟ ਆਫ਼ ਇੰਡੀਆ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਬਦਲ ਰਿਹਾ ਹੈ | ਇੱਥੇ ਖੇਤੀਬਾੜੀ ਵਿਭਿੰਨਤਾ ਨਵਾਂ ਰੂਪ ਧਾਰਨ ਕਰ ਰਹੀ ਹੈ | ਪੰਜਾਬ ਅੱਜ ਐੱਮ. ਐੱਸ. ਐੱਮ. ਈ., ਤਕਨਾਲੋਜੀ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਦੇ ਖੇਤਰ 'ਚ ਪਾਵਰ ਹੱਬ ਬਣਦਾ ਜਾ ਰਿਹਾ ਹੈ | ਇਸ ਦਾ ਸਿਹਰਾ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਜਾਂਦਾ ਹੈ | ਰਾਮਨਾਥ ਕੋਵਿੰਦ ਨੇ ਕਿਹਾ ਕਿ ਪੰਜਾਬ ਹਿੰਮਤ, ਕੁਰਬਾਨੀ ਅਤੇ ਉੱਦਮ ਦੀ ਜਿਉਂਦੀ ਜਾਗਦੀ ਮਿਸਾਲ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕ ਰੌਸ਼ਨੀ ਦੁਨੀਆ ਭਰ 'ਚ ਸ਼ਾਂਤੀ ਅਤੇ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ | ਪੰਜਾਬ ਦੀ ਵਿਰਾਸਤ ਡੂੰਘੀ ਅਤੇ ਪ੍ਰੇਰਨਾਦਾਇਕ ਹੈ | ਸਾਬਕਾ ਰਾਸ਼ਟਰਪਤੀ ਨੇ ਪੀ. ਐੱਚ. ਡੀ. ਸੀ. ਸੀ. ਆਈ. ਪ੍ਰਬੰਧਨ ਨੂੰ 19ਵੇਂ ਪਾਈਟੈਕਸ ਲਈ ਵਧਾਈ ਦਿੰਦਿਆਂ ਕਿ ਉਹ ਇਸ ਦਾ ਵਿਸਥਾਰ ਪੰਜਾਬ ਤੋਂ ਬਾਹਰ ਕਰਨ | ਪਾਈਟੈਕਸ ਦੇ ਨਾਮ 'ਤੇ ਅਜਿਹਾ ਪ੍ਰੋਗਰਾਮ ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਯੋਜਿਤ ਕੀਤਾ ਜਾਵੇ ਤਾਂ ਇਹ ਕੌਮਾਂਤਰੀ ਪੱਧਰ 'ਤੇ ਫ਼ੈਲ ਜਾਵੇਗਾ | ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਪਾਈਟੈਕਸ ਪਹੁੰਚਣ 'ਤੇ ਪੀ. ਐੱਚ. ਡੀ. ਸੀ. ਸੀ. ਆਈ. ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ | ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੂੰਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ੀ ਦੌਰੇ 'ਤੇ ਹਨ | ਪੰਜਾਬ 'ਚ ਸਾਲ 2022 ਤੋਂ ਲੈ ਕੇ ਹੁਣ ਤੱਕ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ | ਇਸ ਮੌਕੇ 'ਤੇ ਸਾਬਕਾ ਰਾਸ਼ਟਰਪਤੀ ਨੇ ਚੈਂਬਰ ਦੇ ਸਕੱਤਰ ਜਨਰਲ ਨਵੀਨ ਸੇਠ, ਸਾਬਕਾ ਪ੍ਰਧਾਨ ਅਸ਼ੋਕ ਖੰਨਾ, ਆਸ਼ੀਸ਼ ਬਰਗੋਡੀਆ, ਟੈਕਸ ਅਤੇ ਟੈਕ ਫੋਰਮ ਦੀ ਰੀਜ਼ਨਲ ਚੇਅਰ ਹਿਮਾਨੀ ਅਰੋੜਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ | ਇਸ ਮੌਕੇ 'ਤੇ ਪੀ. ਐੱਚ. ਡੀ. ਸੀ. ਸੀ. ਆਈ. ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਖੇਤਰੀ ਕੋਆਰਡੀਨੇਟਰ ਜੈਦੀਪ ਸਿੰਘ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਸਮੇਤ ਕਈ ਪਤਵੰਤੇ ਮੌਜੂਦ ਸਨ |