21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਇਤਿਹਾਸਕ ਸਮਝੌਤੇ ਵਾਲਾ ਸ਼ਹਿਰ ਤਾਸ਼ਕੰਦ

Ad Position 21
No active advertisement
ਅਜੀਤ ਡੈਸਕ 07-09-2025

10 ਜਨਵਰੀ, 1966 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ 'ਤਾਸ਼ਕੰਦ ਸਮਝੌਤੇ' ਤੋਂ ਅਗਲੇ ਹੀ ਦਿਨ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ ਰਹੱਸਮਈ ਹਾਲਾਤਾਂ ਵਿਚ ਇੰਤਕਾਲ ਹੋ ਜਾਂਦਾ ਹੈ। ਸਾਰਾ ਭਾਰਤ ਦੇਸ਼ ਅਤੇ ਵਿਸ਼ਵ ਇਸ ਰਹੱਸਮਈ ਮੌਤ ਉੱਪਰ ਹੈਰਾਨ ਰਹਿ ਗਿਆ। ਉਨ੍ਹਾਂ ਦੀ ਯਾਦ ਵਿਚ ਤਾਸ਼ਕੰਦ ਸ਼ਹਿਰ ਵਿਚ ਬਣੇ ਲਾਲ ਬਹਾਦਰ ਸ਼ਾਸਤਰੀ ਸਮਾਰਕ ਉੱਤੇ ਮੈਨੂੰ ਕੁਝ ਮਹੀਨੇ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਜਾਣ ਦਾ ਮੌਕਾ ਮਿਲਿਆ। ਦਿੱਲੀ ਤੋਂ 3-4 ਘੰਟੇ ਦਾ ਹਵਾਈ ਸਫ਼ਰ ਤੈਅ ਕਰ ਕੇ ਅਸੀਂ ਅਤਿਅੰਤ ਖ਼ੂਬਸੂਰਤ ਉਜਬੇਕਿਸਤਾਨ ਦੀ ਧਰਤੀ ਤੇ ਵੱਸਦੇ ਸ਼ਹਿਰ ਤਾਸ਼ਕੰਦ ਪਹੁੰਚੇ। ਉਸ ਸ਼ਹਿਰ ਦੇ ਸਕੂਨ ਭਰੇ ਵਾਤਾਵਰਨ ਨੇ ਸਾਡਾ ਦਿਲ ਮੋਹ ਲਿਆ। ਤਾਸ਼ਕੰਦ ਸ਼ਹਿਰ ਘੁੰਮਣ ਲਈ ਅਤੇ ਉਥੋਂ ਦੇ ਸੱਭਿਆਚਾਰ ਨੂੰ ਬੇਹਤਰ ਤਰੀਕੇ ਨਾਲ ਸਮਝਣ ਲਈ ਅਸੀਂ ਇਕ ਗਾਈਡ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਨੇ ਸਾਡੀ ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਅਹਿਮ ਯੋਗਦਾਨ ਦਿੱਤਾ। ਸਾਡੇ ਗਾਈਡ ਮਿਸਟਰ ਸ਼ੋਵਕਤ ਨੇ ਭਾਸ਼ਾ ਦੇ ਵੱਖਰੇਵੇਂ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦਿੱਤਾ। ਉਸ ਨੇ ਸਾਨੂੰ ਉਜਬੇਕਿਸਤਾਨ ਦੇ ਲੋਕਾਂ ਦੇ ਪਰਿਵਾਰਕ ਤਾਣੇ-ਬਾਣੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਿਹੜੀ ਬਹੁਤ ਹੱਦ ਤੱਕ ਭਾਰਤੀ ਸੱਭਿਆਚਾਰ ਨਾਲ ਮਿਲਦੀ ਜੁਲਦੀ ਹੈ। ਪਹਿਲੇ ਦਿਨ ਦੀ ਯਾਤਰਾ ਦੀ ਸ਼ੁਰੂਆਤ ਅਸੀਂ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਸਮਾਰਕ ਤੋਂ ਕੀਤੀ। ਸਾਡੇ ਗਾਈਡ ਦੇ ਦੱਸਣ ਅਨੁਸਾਰ, ਤਾਸ਼ਕੰਦ ਸ਼ਹਿਰ ਵਿਚ ਅਪ੍ਰੈਲ 1966 ਨੂੰ ਆਏ ਭਿਅੰਕਰ ਭੁਚਾਲ ਨਾਲ ਭਿਆਨਕ ਨੁਕਸਾਨ ਹੋਇਆ। ਪੁਰਾਣੀਆਂ ਇਤਿਹਾਸਕ ਇਮਾਰਤਾਂ ਤਹਿਸ-ਨਹਿਸ ਹੋ ਗਈਆਂ ਅਤੇ 40-50 ਹਜ਼ਾਰ ਲੋਕ ਘਰੋਂ-ਬੇਘਰ ਹੋ ਗਏ ਸਨ। ਉਥੋਂ ਦੇ ਸਥਾਨਕ ਲੋਕ ਇਸ ਭੁਚਾਲ ਨੂੰ ਇਕ ਸਰਾਪ ਮੰਨਦੇ ਸਨ ਜੋ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਕਾਰਨ ਆਇਆ ਸੀ। ਕੁਝ ਸਮਾਂ ਉਸ ਸਮਾਰਕ ਅਤੇ ਉਸਦੇ ਆਸ-ਪਾਸ ਪਾਰਕ ਵਿਚ ਬਤੀਤ ਕਰਨ ਉਪਰੰਤ ਅਸੀਂ ਮਸ਼ਹੂਰ 'ਹੋਟਲ ਉਜ਼ਬੇਕਿਸਤਾਨ' ਦੇਖਿਆ ਜੋ ਕਿ ਰੂਸੀ ਇਮਾਰਤਸਾਜ਼ੀ ਦਾ ਇਕ ਨਮੂਨਾ ਹੈ ਜਿਸ ਨੂੰ ਦੇਖਣ ਲਈ ਅਨੇਕਾਂ ਸੈਲਾਨੀ ਆਉਂਦੇ ਹਨ। ਇਸ ਹੋਟਲ ਤੋਂ ਕੁਝ ਦੂਰੀ 'ਤੇ ਸਥਿਤ 'ਆਮਿਰ ਤੈਮੁਰ ਸਕੁਏਅਰ' (ਚੌਕ) ਹੈ ਜਿੱਥੇ ਘੁੰਮਣ ਆਏ ਲੋਕ ਉਸ ਜੰਗਜੂ ਦੇ ਬੁੱਤ ਸਾਹਮਣੇ ਯਾਦਗਾਰੀ ਫੋਟੋਆਂ ਖਿਚਾਉਂਦੇ ਹਨ। ਸ਼ਾਮ ਦੇ ਸਮੇਂ ਅਸੀਂ 'ਇੰਡੀਪੈਂਡਸ ਸਕੁਏਅਰ' ਗਏ। ਜਿੱਥੇ 'ਆਰਚ-ਆਫ਼-ਇੰਡੀਪੈਂਡਸ' ਬਣਿਆ ਹੋਇਆ ਹੈ। ਦੇਸ਼ ਦੇ ਕੁਝ ਪ੍ਰਮੁੱਖ ਦਿਨਾਂ 'ਤੇ ਮਿਲਟਰੀ ਵਲੋਂ ਇਸ ਜਗ੍ਹਾ ਉੱਪਰ ਪਰੇਡ ਕੀਤੀ ਜਾਂਦੀ ਹੈ। ਜਿਵੇਂ ਕਿ ਭਾਰਤ ਵਿਚ 26 ਜਨਵਰੀ ਨੂੰ ਹੁੰਦੀ ਹੈ। ਇਸ ਦੇ ਕੁਝ ਦੂਰ ਹੀ 'ਦ ਸਕੁਏਅਰ ਆਫ਼ ਮੈਮਰੀ' ਬਣਿਆ ਹੋਇਆ ਹੈ ਜੋ ਕਿ ਵਿਸ਼ਵ ਜੰਗਾਂ ਦੇ ਸ਼ਹੀਦਾਂ ਦੀ ਯਾਦ ਵਿਚ 1999 ਵਿਚ ਬਣਾਇਆ ਗਿਆ ਸੀ। ਇੱਥੇ ਇਕ 'ਰੁਦਨ ਕਰਦੀ ਮਾਂ' ਦਾ ਇਕ ਬੁੱਤ ਬਣਿਆ ਹੋਇਆ ਹੈ ਜਿਸ ਦੇ ਸਾਹਮਣੇ ਦਿਨ-ਰਾਤ ਬਲਦੀ ਲਾਟ ਲੋਕਾਂ ਨੂੰ ਅਹਿਸਾਸ ਕਰਾਉਂਦੀ ਹੈ ਕਿ ਜੰਗ ਕਿੰਨੀ ਭਿਆਨਕ ਹੁੰਦੀ ਹੈ। ਵਿਸ਼ਵ ਜੰਗਾਂ ਦੌਰਾਨ ਉਜ਼ਬੇਕਿਸਤਾਨ ਦਾ ਕੋਈ ਵੀ ਘਰ ਇਸ ਤੋਂ ਅਛੂਤਾ ਨਹੀਂ ਰਿਹਾ। ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਜੰਗੀ ਸ਼ਹੀਦਾਂ ਦੀ ਯਾਦ ਵਿਚ ਇਕ ਲੰਬਾ ਵਰਾਂਡਾ ਬਣਿਆ ਹੋਇਆ ਹੈ ਜਿਸ ਵਿਚ ਧਾਤ ਦੀਆਂ ਬਣੀਆ ਵੱਡੀਆਂ-ਵੱਡੀਆਂ ਕਿਤਾਬਾਂ ਉੱਪਰ ਸ਼ਹੀਦਾਂ ਦੇ ਬੈਚ ਨੰਬਰ ਤੇ ਨਾਂਅ ਉਕਰੇ ਹੋਏ ਹਨ। ਉਹ ਸਾਰਾ ਮਾਹੌਲ ਮਨ ਨੂੰ ਉਦਾਸ ਕਰਨ ਵਾਲਾ ਸੀ।
ਰਾਤ ਦੇ ਸਮੇਂ ਅਸੀਂ 'ਤਾਸ਼ਕੰਦ ਸਿਟੀ ਪਾਰਕ' ਵਿਚ ਫਾਊਂਟੇਨ ਸ਼ੋਅ ਦਾ ਆਨੰਦ ਮਾਣਿਆ। ਵੱਖ-ਵੱਖ ਭਾਰਤੀ ਗਾਣਿਆਂ ਦੀਆਂ ਧੁਨਾਂ ਉੱਪਰ ਰੰਗ ਬਿਰੰਗੀਆਂ ਰੌਸ਼ਨੀਆਂ ਵਿਚ ਚੱਲ ਰਹੇ ਫੁਹਾਰੇ ਮਨ ਨੂੰ ਮੰਤਰ-ਮੁਗਧ ਕਰਦੇ ਸਨ। ਰਾਤ ਦੇ ਭੋਜਨ ਦਾ ਪ੍ਰਬੰਧ ਸਾਡੇ ਗਾਈਡ ਨੇ ਪ੍ਰਸਿੱਧ 'ਸਿਮ-ਸਿਮ ਰੈਸਟੋਰੈਂਟ' ਵਿਚ ਕਰਵਾਇਆ ਜਿੱਥੇ ਅਸੀਂ ਸ਼ਾਕਾਹਰੀ ਭੋਜਨ ਖਾ ਕੇ ਤ੍ਰਿਪਤੀ ਕੀਤੀ। ਵਰਨਣ ਯੋਗ ਹੈ ਕਿ ਉਜ਼ਬੇਕਿਸਤਾਨ ਦੀ ਕਰੰਸੀ 'ਸੋਮ' ਭਾਰਤੀ ਰੁਪਈਏ ਦੇ ਮੁਕਾਬਲੇ ਕਾਫੀ ਥੱਲੇ ਵਾਲੇ ਦਰ 'ਤੇ ਹੈ। ਜਿਸ ਕਰਕੇ ਕਰੰਸੀ ਬਦਲੇ ਜਾਣ ਤੋਂ ਬਾਅਦ ਅਸੀਂ ਲੱਖਪਤੀ ਬਣ ਕੇ ਫਿਰ ਰਹੇ ਸੀ ਅਤੇ ਪੈਸੇ ਖਰਚਦੇ ਸਮੇਂ ਔਖੇ ਹੀ ਹਿਸਾਬ ਆਉਂਦਾ ਸੀ। ਦੂਸਰੇ ਦਿਨ ਦੀ ਸਵੇਰ ਸਾਡੇ ਹੋਟਲ ਦੇ ਬਾਹਰ ਸਾਡਾ ਗਾਈਡ ਸਾਨੂੰ ਲੈਣ ਲਈ ਪਹੁੰਚ ਗਿਆ ਸੀ। ਨਾਸ਼ਤਾ ਕਰਨ ਤੋਂ ਬਾਅਦ ਅਸੀਂ ਸ਼ਹਿਰ ਤੋ 65 ਕਿੱਲੋਮੀਟਰ ਪੂਰਬ ਵੱਲ ਸਥਿਤ ਚਿਮਗਨ ਪਹਾੜੀਆਂ ਵੱਲ ਚੱਲ ਪਏ। ਜਿੱਥੇ 'ਆਮਿਰਸੋਏ ਮਾਊਟੇਂਨ' ਰਿਜ਼ੋਰਟ ਦੇ ਨਾਂਅ ਨਾਲ ਪ੍ਰਸਿੱਧ ਇਕ ਸੈਲਾਨੀ ਖਿੱਚ ਦਾ ਕੇਂਦਰ ਹੈ। ਇਹ ਸਥਾਨ ਸਰਦ ਰੁੱਤ ਦੀਆਂ ਖੇਡਾਂ ਲਈ ਕਾਫ਼ੀ ਮਸ਼ਹੂਰ ਹੈ। ਸਰਦੀਆਂ ਵਿਚ ਸਾਰੇ ਪਹਾੜਾਂ ਦਾ ਬਰਫ਼ ਨਾਲ ਢੱਕੇ ਹੋਣ ਕਾਰਨ ਸੈਲਾਨੀ ਅਤੇ ਸਥਾਨਕ ਲੋਕ ਇਥੇ ਸਕੀਇੰਗ ਅਤੇ ਹੋਰ ਬਰਫ਼ੀਲੀਆਂ ਖੇਡਾਂ ਦਾ ਮਜ਼ਾ ਲੈਂਦੇ ਹਨ। ਅਸੀਂ ਇੱਥੇ ਕੇਬਲ ਕਾਰ ਰਾਹੀਂ ਕੋਈ ਸਵਾ ਦੋ ਕਿੱਲੋਮੀਟਰ ਦੀ ਦੂਰੀ ਤੈਅ ਕਰ ਕੇ ਸਭ ਤੋ ਉੱਚੇ ਪਹਾੜ ਉੱਪਰ ਪਹੁੰਚੇ। ਬੱਦਲਾਂ ਨੂੰ ਪਾਰ ਕਰਕੇ ਪਹਾੜ ਦੀ ਚੋਟੀ ਉੱਪਰ ਠੰਢ ਦਾ ਅਹਿਸਾਸ ਹੋਇਆ। ਉੱਥੇ ਵੱਡੇ ਰੈਸਟੋਰੈਂਟ ਵਿਚ ਸੈਲਾਨੀ ਗਰਮਾ-ਗਰਮ ਕਾਫੀ ਅਤੇ ਖਾਣ-ਪੀਣ ਦਾ ਆਨੰਦ ਲੈ ਰਹੇ ਸਨ। ਅਸੀਂ ਵੀ ਹੌਟ-ਚਾਕਲੇਟ ਪੀਤਾ ਅਤੇ ਕੁਦਰਤੀ ਨਜ਼ਾਰਿਆ ਦੀਆਂ ਫੋਟੋਆਂ ਖਿੱਚੀਆਂ ਅਤੇ ਕੁਝ ਸਮਾਂ ਉੱਥੇ ਬਿਤਾਉਣ ਤੋਂ ਬਾਅਦ ਪਹਾੜਾਂ ਤੋਂ ਹੇਠਾਂ ਆ ਗਏ।
ਤਾਸ਼ਕੰਦ ਵੱਲ ਪਰਤਦੇ ਹੋਏ ਰਸਤੇ ਵਿਚ 'ਚੈਰਾਵਕ ਜਲਗਾਹ' ਕੋਲ ਰੁਕੇ। ਇਹ ਰਮਣੀਕ ਸਥਾਨ ਪਹਾੜਾਂ ਵਿਚ ਘਿਰਿਆ ਹੋਇਆ ਹੈ ਜਿਸ ਕਾਰਨ ਜਦੋਂ ਬਰਫ਼ ਪਿਘਲਦੀ ਹੈ ਤਾਂ ਉਸ ਦਾ ਪਾਣੀ ਇਸ ਝੀਲ ਵਿਚ ਜਾਂਦਾ ਹੈ। ਤਾਸ਼ਕੰਦ ਸ਼ਹਿਰ ਦੇ ਪਾਣੀ ਦੀ ਲੋੜ ਦੀ ਪੂਰਤੀ ਕਰਨ ਵਿਚ ਇਸ ਝੀਲ ਦਾ ਅਹਿਮ ਯੋਗਦਾਨ ਹੈ। ਅਸੀਂ ਇਸ ਦੇ ਨਜ਼ਦੀਕ ਬਣੇ ਰੈਸਟੋਰੈਂਟ ਵਿਚ ਖਾਣਾ ਖਾਧਾ ਅਤੇ ਵਾਪਸੀ ਲਈ ਚਾਲੇ ਪਾ ਦਿੱਤੇ। ਰਸਤੇ ਦਾ ਸਾਰਾ ਸਫ਼ਰ ਬਹੁਤ ਹੀ ਸੁਹਾਵਣਾ ਸੀ। ਵਿਸ਼ਾਲ ਪਹਾੜ, ਸੋਹਣੇ ਪਿੰਡ-ਸ਼ਹਿਰ, ਖੇਤਾਂ ਵਿਚ ਕੰਮ ਕਰਦੇ ਲੋਕ, ਵੱਡੀਆਂ ਸੜਕਾਂ ਉੱਪਰ ਤੇਜ਼ ਭੱਜਦੀਆਂ ਕਾਰਾਂ ਅਤੇ ਆਲੇ-ਦੁਆਲੇ ਦਾ ਆਨੰਦ ਮਾਣਦੇ ਹੋਏ ਅਸੀਂ ਵਾਪਸ ਤਾਸ਼ਕੰਦ ਪਹੁੰਚ ਗਏ। ਰਸਤੇ ਦਾ ਸਫ਼ਰ ਲੰਬਾ ਜ਼ਰੂਰ ਸੀ ਪਰ ਬਿਲਕੁਲ ਵੀ ਥਕਾਵਟ ਵਾਲਾ ਨਹੀਂ ਸੀ। ਸਾਡੇ ਗਾਈਡ ਨੇ ਸਾਨੂੰ ਉਜ਼ਬੇਕਿਸਤਾਨ ਬਾਰੇ ਬਹੁਤ ਜਾਣਕਾਰੀ ਦਿੱਤੀ। ਉਸ ਦੇਸ਼ ਦੀ ਨੈਸ਼ਨਲ ਡਿਸ਼ ਪਿਲਾਫ (ਪੁਲਾਓ) ਹੈ ਅਤੇ ਫ਼ਲ ਅਨਾਰ ਹੈ। ਬਜ਼ਾਰਾਂ ਵਿਚ ਸੁਵੀਨਰ ਖਰੀਦਦੇ ਸਮੇਂ ਅਨਾਰ ਅਤੇ ਪਿਲਾਫ਼ ਦੀਆਂ ਫੋਟੋਆਂ ਵਾਲੀਆਂ ਅਨੇਕਾਂ ਵਸਤਾਂ ਦਿਖ ਜਾਂਦੀਆਂ ਹਨ। ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਸਾਮਾਨ ਦੀ ਖਰੀਦੋ ਫ਼ਰੋਖਤ ਲਈ ਪ੍ਰਸਿੱਧ ਸਥਾਨ, 'ਚੋਰਸੂ ਬਾਜ਼ਾਰ' ਹੈ। ਸਾਡੇ ਗਾਈਡ ਨੇ ਸਾਨੂੰ ਸਾਰਾ ਬਜ਼ਾਰ ਘੁੰਮਾਇਆ। ਅਸੀਂ ਵੱਡੇ-ਵੱਡੇ ਤੰਦੂਰਾਂ ਵਿਚ ਬਰੈੱਡ ਬਣਦੀ ਦੇਖੀ। ਵੱਖ-ਵੱਖ ਆਕਾਰਾਂ ਵਿਚ ਬਣਦੀ ਗਰਮਾ ਗਰਮ ਬਰੈੱਡ ਦੀ ਖ਼ੁਸ਼ਬੂ ਨਾਲ ਭੁੱਖ ਜਾਗੀ। ਗਾਈਡ ਦੇ ਦੱਸਣ ਅਨੁਸਾਰ ਬਰੈੱਡ ਉਥੋਂ ਦੇ ਲੋਕਾਂ ਦਾ ਪਸੰਦੀਦਾ ਭੋਜਨ ਹੈ। ਕਿਸੇ ਦੋਸਤ-ਰਿਸ਼ਤੇਦਾਰ ਦੇ ਘਰ ਜਾਣ ਸਮੇਂ ਬਰੈੱਡ ਲੈ ਕੇ ਜਾਣਾ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਵੇਂ ਕਿ ਅਸੀਂ ਫ਼ਲ ਜਾਂ ਮਿੱਠਾ ਲੈ ਕੇ ਜਾਂਦੇ ਹਾਂ।
ਬਾਜ਼ਾਰ ਦਾ ਇਕ ਵੱਡਾ ਹਿੱਸਾ ਮਾਸ-ਮੀਟ ਨਾਲ ਭਰਿਆ ਹੋਇਆ ਸੀ ਉੱਥੇ ਬੈਠੇ ਰੈਸਟੋਰੈਂਟਾ ਵਿਚ ਲੋਕ ਖਾਣਾ ਖ਼ਾ ਰਹੇ ਸਨ। ਗੁਬੰਦ ਨੁਮਾ ਇਸ ਬਾਜ਼ਾਰ ਦੀ ਇਕ ਮੰਜ਼ਿਲ ਉੱਪਰ ਹੀ ਵਿੰਭਿਨ ਪ੍ਰਕਾਰ ਦੇ ਸੁੱਕੇ ਮੇਵੇ ਵਿਕਦੇ ਹਨ। ਵੱਡੀ ਗਿਣਤੀ ਵਿਚ ਸੈਲਾਨੀ ਵੀ ਮੇਵੇ ਖਰੀਦਦੇ ਹਨ। ਅਸੀਂ ਕਈ ਕੱਪੜਿਆ ਦੀਆਂ ਦੁਕਾਨਾਂ ਵੀ ਘੁੰਮੇ। ਇੱਥੇ ਸਿਲਕ ਬਹੁਤ ਵਧੀਆ ਮਿਲਦੀ ਹੈ ਕਿਉਂਕਿ ਇਹ ਦੇਸ਼ ਪੁਰਾਤਨ ਸਮੇਂ ਦੇ ਮਸ਼ਹੂਰ 'ਸਿਲਕ ਰੂਟ' ਉੱਪਰ ਪੈਂਦਾ ਹੈ। ਜਿਸ ਰਾਹੀਂ ਵਪਾਰੀ ਵਪਾਰ ਕਰਦੇ ਸਨ। ਅਸੀਂ ਵੀ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਤੋਹਫ਼ੇ ਵਜੋਂ ਦੇਣ ਲਈ ਕੁਝ ਸਾਮਾਨ ਖ਼ਰੀਦਿਆ। ਆਪਣੀ ਯਾਤਰਾ ਦੇ ਅਖੀਰਲੇ ਦਿਨ ਅਸੀਂ ਚਿੱਟੇ ਮਾਰਬਲ ਦੀ ਬਣੀ ਹੋਈ ਮੌਸਕ (ਮਸਜਿਦ) ਦੇਖਣ ਗਏ। ਜਿੱਥੇ ਅਸੀਂ ਤਜ਼ਾਕਿਸਤਾਨ ਅਤੇ ਤੁਰਕੀਏ ਤੋਂ ਆਏ ਸੈਲਾਨੀਆਂ ਨੂੰ ਦੇਖਿਆ। ਉਹ ਸਾਨੂੰ ਬੜੇ ਹੀ ਤਪਾਕ ਨਾਲ ਮਿਲੇ ਅਤੇ ਫੋਟੋ ਖਿਚਵਾਉਣ ਲੱਗੇ। ਉਥੋਂ ਦੀਆਂ ਬੀਬੀਆਂ ਦਾ ਪਹਿਰਾਵਾ ਭਾਰਤੀ ਪਹਿਰਾਵੇ ਨਾਲ ਮਿਲਦਾ-ਜੁਲਦਾ ਸੀ। ਫਿਰ ਅਸੀਂ 'ਸ਼ਾਹੀਦਲਾਰ ਮੌਨੂਮੈਂਟ' ਪਹੁੰਚੇ ਜੋ ਕਿ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿਚ ਬਣਾਇਆ ਗਿਆ ਸੀ। ਸਾਡੇ ਗਾਈਡ ਨੇ ਦੱਸਿਆ ਕਿ ਕਿਵੇਂ ਹਰੇਕ ਘਰ ਵਿਚੋਂ ਜਵਾਨ ਲੜਕੀਆਂ ਅਤੇ ਮਰਦਾਂ ਨੂੰ ਜ਼ਬਰਦਸਤੀ ਜੰਗ ਵਿਚ ਭੇਜਿਆ ਜਾਂਦਾ ਸੀ ਅਤੇ ਯਾਤਨਾਵਾਂ ਦਿੱਤੀਆਂ ਜਾਂਦੀਆਂ ਸੀ , ਜਿਸ ਦੌਰਾਨ ਲੱਖਾਂ ਹੀ ਜਾਨਾਂ ਗਈਆਂ। ਇਹ ਸਭ ਵਰਤਾਰਾ ਸੁਣ ਕੇ ਸਾਡੇ ਸਾਰਿਆਂ ਦੀਆਂ ਅੱਖਾਂ ਨਮ ਹੋਣੋ ਨਾ ਰਹਿ ਸਕੀਆਂ। ਇਹ ਯਾਦਗਾਰੀ ਸਮਾਰਕ ਸੰਨ 2000 ਵਿਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਬਣਵਾਇਆ ਗਿਆ ਸੀ। ਇਸ ਬਗੀਚੇ ਦੇ ਨੇੜੇ ਹੀ 'ਮੱਧ ਏਸ਼ੀਆ' ਦਾ ਸਭ ਤੋਂ ਉੱਚਾ ਟੀ.ਵੀ. ਟਾਵਰ ਹੈ ਜਿਹੜਾ ਕਿ 375 ਮੀਟਰ ਉੱਚਾ ਹੈ ਇਸ ਨੂੰ ਸੰਨ 1978 ਵਿਚ ਬਣਾਉਣਾ ਸ਼ੁਰੂ ਕੀਤਾ ਗਿਆ ਅਤੇ 1988 ਵਿਚ ਇਹ ਮੁਕੰਮਲ ਹੋਇਆ। ਸਾਰੇ ਉਜ਼ਬੇਕਿਸਤਾਨ ਨੂੰ ਰੇਡੀਓ ਅਤੇ ਟੀ.ਵੀ. ਸਿਗਨਲ ਭੇਜਣ ਵਾਲਾ ਇਹ ਟੀ.ਵੀ. ਟਾਵਰ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। ਇਸ ਦੇ ਉੱਪਰ ਬਣੇ ਰੈਸਟੋਰੈਂਟ ਵਿਚ ਬੈਠ ਕੇ ਲੋਕ ਸਾਰੇ ਤਾਸ਼ਕੰਦ ਸ਼ਹਿਰ ਦਾ ਨਜ਼ਾਰਾ ਲੈ ਸਕਦੇ ਹਨ। ਇਹ ਟਾਵਰ 9.0 ਰਿਕਟਰ ਸਕੇਲ ਦੀ ਤੀਬਰਤਾ ਤੱਕ ਦੇ ਭੁਚਾਲ ਨੂੰ ਵੀ ਝੱਲ ਸਕਦਾ ਹੈ। ਬਹੁਤ ਹੀ ਹਰੇ-ਭਰੇ ਤਾਸ਼ਕੰਦ ਸ਼ਹਿਰ ਨੂੰ ਘੁੰਮਦੇ ਹੋਏ ਅਸੀਂ ਸ਼ਾਮ ਨੂੰ 'ਹੋਟਲ ਕਾਰਵਾਂ' ਵਿਚ ਆਪਣਾ ਖਾਣਾ ਖਾਧਾ ਅਤੇ ਏਅਰਪੋਰਟ ਵੱਲ ਚਾਲੇ ਪਾ ਦਿੱਤੇ। ਸਾਡੇ ਗਾਈਡ ਮਿਸਟਰ ਸੋਵਕਤ ਨੇ ਆਪਣੀ ਕੰਪਨੀ 'ਸਟੈਨ ਐਡਵੈਂਚਰ' ਵਲੋਂ ਸਾਨੂੰ ਛੋਟੇ -ਛੋਟੇ ਸੈਰਾਮਿਕ ਦੇ ਬਣੇ ਬੁੱਤ ਦਿੱਤੇ ਜਿਨ੍ਹਾਂ ਦੇ ਦੋਵਾਂ ਹੱਥਾਂ ਵਿਚ ਬਰੈੱਡ ਫੜੀ ਹੋਈ ਹੈ। ਅੱਜ ਵੀ ਇਨ੍ਹਾਂ ਤੋਹਫ਼ਿਆਂ ਨੂੰ ਦੇਖ ਕੇ ਤਾਸ਼ਕੰਦ ਵਿਚ ਬਿਤਾਏ ਪਲ ਚੇਤੇ ਆਉਂਦੇ ਹਨ ਅਤੇ ਉਥੋਂ ਦੇ ਲੋਕਾਂ ਦੇ ਮਿਲਾਪੜੇ ਸੁਭਾਅ ਨੂੰ ਯਾਦ ਕਰ ਕੇ ਮਨ ਗਦ-ਗਦ ਹੋ ਉੱਠਦਾ ਹੈ।

-ਪਿੰਡ ਮਾਣਕੀ, ਤਹਿਸੀਲ ਸਮਰਾਲਾ (ਲੁਧਿਆਣਾ)
ਮੋਬਾਈਲ : 98154-22011

Ad Position 22
No active advertisement
ਪਿਛਲੀ ਖ਼ਬਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੰਦਰੁਸਤ ਬੁਢਾਪਾ ਅਗਲੀ ਖ਼ਬਰ ਸਥਾਈ ਹੱਲ ਦੀ ਜ਼ਰੂਰਤ
Ad Position 24