21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੰਦਰੁਸਤ ਬੁਢਾਪਾ

Ad Position 21
No active advertisement
ਅਜੀਤ ਡੈਸਕ 07-09-2025

ਹਰ ਵਿਅਕਤੀ ਦੀ ਇੱਛਾ ਅਤੇ ਕੋਸ਼ਿਸ਼ ਹਮੇਸ਼ਾ ਜਵਾਨ ਬਣੇ ਰਹਿਣ ਦੀ ਹੁੰਦੀ ਹੈ ਪਰ ਸਮੇਂ ਦੇ ਹਿਸਾਬ ਨਾਲ ਹਰ ਵਿਅਕਤੀ ਦੀ ਜ਼ਿੰਦਗੀ ਬਦਲਦੀ ਰਹਿੰਦੀ ਹੈ ਅਤੇ ਹੌਲੀ-ਹੌਲੀ ਹਰ ਮਨੁੱਖ ਆਪਣੇ ਇਕ ਪੜਾਅ ਤੋਂ ਦੂਜੇ ਪੜ੍ਹਾਅ ਵੱਲ ਵਧਦਾ ਰਹਿੰਦਾ ਹੈ। ਜੇਕਰ ਜ਼ਿੰਦਗੀ ਦੀ ਅਸਲੀਅਤ ਨੂੰ ਸਹੀ ਤਰੀਕੇ ਨਾਲ ਸਵੀਕਾਰ ਕੀਤਾ ਜਾਵੇ ਤਾਂ ਫਿਰ ਸੱਚ ਨਾ ਕੌੜਾ ਸਵੀਕਾਰ ਲਗਦਾ ਹੈ ਅਤੇ ਨਾ ਕਠੋਰ। ਉਮੀਦ ਜਿੰਨੀ ਛੋਟੀ ਹੁੰਦੀ ਹੈ, ਸ਼ਾਂਤੀ ਓਨੀ ਹੀ ਵੱਡੀ ਹੁੰਦੀ ਹੈ। ਸਬਰ ਜਿੰਨਾ ਵੀ ਛੋਟਾ ਹੁੰਦਾ ਹੈ, ਪ੍ਰੇਸ਼ਾਨੀ ਓਨੀ ਹੀ ਵੱਡੀ ਹੁੰਦੀ ਹੈ। ਸਮੇਂ ਦੇ ਹਿਸਾਬ ਨਾਲ ਜ਼ਰੂਰਤਾਂ ਸਿਰਫ਼ ਤਬਦੀਲ ਹੀ ਨਹੀਂ ਹੁੰਦੀਆਂ ਬਲਕਿ ਇਹ ਸੀਮਤ ਵੀ ਹੋ ਜਾਂਦੀਆਂ ਹਨ। ਲਗਭਗ 60 ਸਾਲ ਦੀ ਉਮਰ ਤੱਕ ਪਹੁੰਚਦਿਆਂ ਬਹੁਤ ਸਾਰੀਆਂ ਤਬਦੀਲੀਆਂ, ਉਮੀਦਾਂ, ਜ਼ਰੂਰਤਾਂ, ਲੋੜਾਂ ਅਤੇ ਜ਼ਿੰਮੇਵਾਰੀਆਂ ਨੂੰ ਜੇਕਰ ਸਹੀ ਤਰੀਕੇ ਨਾਲ ਸਮਝ ਕੇ ਆਪਣੀ ਜ਼ਿੰਦਗੀ 'ਤੇ ਲਾਗੂ ਕਰੀਏ ਤਾਂ ਇਹ ਜ਼ਿੰਦਗੀ ਕਦੇ ਵੀ ਬੋਝ ਜਾਂ ਉਦਾਸ ਨਹੀਂ ਜਾਪੇਗੀ। 60 ਸਾਲ ਤੋਂ ਉੱਪਰ ਜਾਂਦਿਆਂ ਕੁਝ ਅਜਿਹੀਆਂ ਗ਼ੈਰ-ਜ਼ਰੂਰੀ, ਆਪਣੀ ਸਮਰੱਥਾ ਤੋਂ ਵੱਡੀਆਂ ਚੀਜ਼ਾਂ ਜਾਂ ਲਾਲਚ ਜਾਂ ਮੋਹ-ਤਿਆਗਣਾ ਬਹੁਤ ਜ਼ਰੂਰੀ ਹੁੰਦਾ ਹੈ। ਮੰਨਿਆ ਕਿ ਤੁਸੀਂ ਆਪਣੀ ਜਵਾਨੀ ਵਿਚ ਬਹੁਤ ਸੰਘਰਸ਼ ਕੀਤਾ, ਮਿਹਨਤ ਕੀਤੀ, ਕਮਾਈ ਕੀਤੀ। ਇਸ ਦੇ ਨਾਲ ਸਮਾਜਿਕ ਰਿਸ਼ਤਿਆਂ ਪ੍ਰਤੀ ਬਣਦੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਇਆ ਪਰ ਹੌਲੀ-ਹੌਲੀ ਤੁਸੀਂ ਆਪਣੇ ਕੰਮਾਂ ਦੇ ਬੋਝ ਨੂੰ ਹਲਕਾ ਕਰਨਾ ਸ਼ੁਰੂ ਕਰੋ। ਆਪਣੀ ਬਦਲ ਰਹੀ ਸਥਿਤੀ ਨੂੰ ਸਮਝੋ। ਉਮਰ ਦੇ ਇਕ ਪੜਾਅ 'ਤੇ ਆ ਕੇ ਤੁਸੀਂ ਆਪਣੀ ਗੱਡੀ ਦੀ ਡਰਾਈਵਿੰਗ ਸੀਟ 'ਤੇ ਬੈਠਣ ਦਾ ਸਮਾਂ ਘਟਾਓ ਅਤੇ ਇਹ ਜ਼ਿੰਮੇਵਾਰੀ ਕੁਝ ਸਮੇਂ ਲਈ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦਿਓ। ਜਿਵੇਂ, ਤੁਸੀਂ ਚੀਜ਼ਾਂ ਵੰਡਦੇ ਹੋ, ਘਰ ਵੰਡਦੇ ਹੋ, ਕਮਰੇ ਅਤੇ ਜਾਇਦਾਦ ਵੰਡਦੇ, ਕਾਰੋਬਾਰ ਅਤੇ ਦੌਲਤ ਦੀ ਵੰਡ ਕਰਦੇ ਹੋ, ਉਸੇ ਤਰੀਕੇ ਨਾਲ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ, ਆਪਣੀ ਜ਼ਿੰਦਗੀ ਦੇ ਤਜਰਬੇ ਅਤੇ ਅਨੁਭਵ ਵੀ ਵੰਡੋ। ਇਹ ਯਾਦ ਰੱਖੋ ਕਿ ਬੁਢਾਪਾ ਕਦੇ ਵੀ ਤੁਹਾਡੇ ਕੋਲੋਂ ਕੁਝ ਖੋਹਣ ਜਾਂ ਘੱਟ ਕਰਨ ਲਈ ਨਹੀਂ ਆਉਂਦਾ ਬਲਕਿ ਇਹ ਕੁਝ ਬਦਲਾਅ ਲਿਆਉਣ ਲਈ ਆਉਂਦਾ ਹੈ। ਆਪਣੀ ਭੱਜ-ਨੱਸ ਵਾਲੀਆਂ ਜ਼ਿੰਮੇਵਾਰੀਆਂ ਤੋਂ ਛੁਟਕਾਰਾ ਪਾ ਕੇ ਸਾਹਿਜਤਾ, ਸਰਲਤਾ, ਠੰਢੇ ਦਿਮਾਗ਼ ਨਾਲ ਕੀਤੇ ਜਾਣ ਵਾਲੇ ਬਹੁਤ ਸਾਰੇ ਕੰਮ ਇਸੇ ਅਵਸਥਾ ਵਿਚ ਹੀ ਸੰਭਵ ਹੁੰਦੇ ਹਨ।
ਜਿੰਨਾ ਵੀ, ਹੋ ਸਕੇ, ਆਪਣੀਆਂ ਜ਼ਰੂਰਤਾਂ ਲਈ ਕਿਸੇ 'ਤੇ ਬੋਝ ਨਾ ਬਣੋ। ਸੱਚ ਹੈ ਕਿ ਸਮੇਂ ਦੇ ਹਿਸਾਬ ਨਾਲ ਬੰਦੇ ਦੀ ਕੀਮਤ ਘਟਦੀ ਹੈ, ਪਰ ਜ਼ਿੰਦਗੀ ਨੂੰ ਹਮੇਸ਼ਾ ਕੀਮਤ ਨਾਲ ਨਹੀਂ, ਸਗੋਂ ਇਸ ਦੀ ਉਪਭੋਗਤਾ ਨਾਲ ਜੋੜ ਕੇ ਵੇਖੋ। ਇਕ ਚੰਗਾ ਅਤੇ ਵਧੀਆ ਖਿਡਾਰੀ ਹੋਣ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਕਿ ਉਹ ਆਪਣੀ ਖੇਡ ਦੀ ਸੇਵਾਮੁਕਤੀ ਤੋਂ ਬਾਅਦ ਇਕ ਚੰਗਾ ਕੋਚ, ਸਲਾਹਕਾਰ, ਖੇਡ ਦੀ ਕੁਮੈਂਟਰੀ ਕਰਨ ਵਾਲਾ ਬਣ ਸਕਦਾ ਹੈ। ਅਸੀਂ ਵੇਖਦੇ ਹਾਂ ਕਿ ਵੱਖ-ਵੱਖ ਖੇਡਾਂ ਵਿਚ ਆਪਣੀ ਟੀਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਕੋਚ ਬੇਸ਼ੱਕ ਉਮਰ ਵਿਚ ਬਹੁਤ ਵੱਡੇ ਹੁੰਦੇ ਹਨ, ਪਰ ਖੇਡ ਪ੍ਰਤੀ ਉਨ੍ਹਾਂ ਦਾ ਤਜਰਬਾ, ਅਨੁਭਵ ਟੀਮ ਦੇ ਖਿਡਾਰੀਆਂ ਦੇ ਕਿੰਨਾ ਕੰਮ ਆਉਂਦਾ ਹੈ। ਤਜਰਬਾ ਜਾਂ ਅਨੁਭਵ ਜਿਵੇਂ-ਜਿਵੇਂ ਘਸਦਾ ਜਾਂਦਾ ਹੈ, ਉਵੇਂ-ਉਵੇਂ ਉਹ ਵਧਦਾ ਚਮਕਦਾ ਹੈ। ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ ਮੈਂ ਵਿਸ਼ਵ ਚੈਂਪੀਅਨ ਬਣਦੇ ਦੇਖਿਆ ਹੈ ਅਤੇ ਉਨ੍ਹਾਂ ਟੀਮਾਂ ਦੇ ਕੋਚ ਆਮ ਕਰਕੇ 60 ਸਾਲ ਤੋਂ ਉਪਰ ਹੁੰਦੇ ਹਨ।
ਇਕ ਚੰਗਾ ਤਜਰਬਾ, ਚੰਗਾ ਅਨੁਭਵ, ਉਸਾਰੂ ਸੋਚ, ਚੰਗਾ ਸੁਭਾਅ, ਚੰਗਾ ਵਰਤਾਓ, ਸਬਰ, ਸ਼ੁਕਰ, ਸਹਿਣਸ਼ੀਲਤਾ ਅਤੇ ਚੰਗਾ ਰਵੱਈਆ ਕਦੇ ਵੀ ਬੁੱਢਾ ਨਹੀਂ ਹੁੰਦਾ ਅਤੇ ਨਾ ਇਹ ਤੁਹਾਡੇ ਹੌਸਲੇ, ਇਰਾਦੇ ਅਤੇ ਸਿਆਣਪ ਨੂੰ ਬੁੱਢਾ ਹੋਣ ਦਿੰਦਾ ਹੈ। ਜੇਕਰ ਤੁਸੀਂ ਸਮਝਦਾਰ ਅਤੇ ਚੰਗੇ ਇਨਸਾਨ ਹੋ ਤਾਂ ਬੁਢਾਪੇ ਵਿਚ ਤੁਹਾਡਾ ਸਤਿਕਾਰ, ਇੱਜ਼ਤ ਅਤੇ ਪੁੱਛ-ਪ੍ਰਤੀਤ ਵਧ ਜਾਂਦੀ ਹੈ। ਤੁਸੀਂ ਆਪਣੀ ਜ਼ਿੰਦਗੀ ਜਿਊਣ ਦਾ ਆਨੰਦ ਲਵੋ ਅਤੇ ਦੂਜਿਆਂ ਦੀ ਜ਼ਿੰਦਗੀ ਵਿਚ, ਕੰਮਾਂ ਵਿਚ ਦਖ਼ਲਅੰਦਾਜ਼ੀ ਘਟ ਕਰੋ।
ਕਈ ਵਿਅਕਤੀਆਂ ਨੂੰ ਨੁਕਸ ਕੱਢਣ ਦੀ ਆਦਤ ਹੁੰਦੀ ਹੈ ਅਤੇ ਬੁਢਾਪੇ ਵਿਚ ਜਾ ਕੇ ਵੀ ਉਹ ਦਖ਼ਲਅੰਦਾਜ਼ੀ ਕਰਨ ਤੋਂ ਟਲਦੇ ਨਹੀਂ। ਇਹ ਮੈਂ ਕੀਤਾ, ਇਹ ਮੈਂ ਹੀ ਕਰ ਸਕਦਾ ਹਾਂ, ਤੁਹਾਨੂੰ ਅਕਲ ਨਹੀਂ, ਤੁਸੀਂ ਨੁਕਸਾਨ ਕਰਦੇ ਹੋ, ਆਦਿ ਅਜਿਹੀਆਂ ਆਦਤਾਂ ਹਨ, ਜਿਹੜੀਆਂ ਬੁਢਾਪੇ ਵਿਚ ਨਾ ਕੇਵਲ, ਤੁਹਾਨੂੰ ਆਪਣੀ ਜ਼ਿੰਦਗੀ ਨੂੰ ਬਲਕਿ ਘਰ ਦੇ ਸਾਰੇ ਮਾਹੌਲ ਨੂੰ ਖ਼ਰਾਬ ਕਰਦੀਆਂ ਹਨ। ਕਈ ਵਿਅਕਤੀ, ਸਾਰੀ ਜ਼ਿੰਦਗੀ ਕਿਸੇ ਨਾਲ ਚਿਪਕੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਯਾਦ ਰੱਖੋ, ਸਾਡਾ ਲਾਲਚ ਹੀ ਇਕ ਦਿਨ ਸਾਨੂੰ ਜ਼ਲੀਲ ਕਰਦਾ ਹੈ। ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ ਪਰ ਅਸੀਂ ਖੁਦ ਮਾਲਕੀਅਤ ਨੂੰ ਤਿਆਗਣਾ ਨਹੀਂ ਚਾਹੁੰਦੇ ਹੁੰਦੇ। ਸਹੀ ਅਰਥਾਂ ਵਿਚ ਇਹ ਜ਼ਿੰਦਗੀ ਰਿਲੇਅ ਦੌੜ ਵਰਗੀ ਹੈ। ਤੁਸੀਂ ਪੂਰੀ ਰਫ਼ਤਾਰ ਨਾਲ ਦੌੜਦੇ ਹੋਏ ਆਪਣੀ ਪੂਰੀ ਹੋਣ 'ਤੇ ਡੰਡਾ ਆਪਣੇ ਦੂਜੇ ਖਿਡਾਰੀ ਨੂੰ ਫੜਾ ਦਿੰਦੇ ਹਨ। ਉਸ ਤੋਂ ਬਾਅਦ ਵੀ ਅਸੀਂ ਦੌੜ ਸਕਦੇ ਹਾਂ ਪਰ ਇਸ ਦੌੜ ਵਿਚ ਜੇਤੂ ਹੋਣ ਲਈ ਜ਼ਰੂਰੀ ਹੁੰਦਾ ਹੈ ਕਿ ਆਪਣੀ ਮੰਜ਼ਿਲ ਆਉਣ 'ਤੇ ਇਹ ਡੰਡਾ ਦੂਜੇ ਦੇ ਹੱਥ ਸੌਂਪ ਦੇਵਾਂ। ਇਹ ਸਿਧਾਂਤ ਲਾਗੂ ਹੁੰਦਾ ਹੈ। ਦੂਜੇ ਦੇ ਹੱਥ ਡੰਡਾ ਫੜਾਉਣ ਨਾਲ ਤੁਹਾਡੀ ਖੇਡ ਜਾਂ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ, ਬਸ ਉਸ ਸਮੇਂ ਤੁਹਾਡੀ ਰਫ਼ਤਾਰ ਘੱਟ ਹੋ ਜਾਂਦੀ ਹੈ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 94179-49079

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੋਕ ਗਾਇਕੀ ਦਾ ਧਰੂ ਤਾਰਾ : ਆਲਮ ਲੁਹਾਰ ਅਗਲੀ ਖ਼ਬਰ ਇਤਿਹਾਸਕ ਸਮਝੌਤੇ ਵਾਲਾ ਸ਼ਹਿਰ ਤਾਸ਼ਕੰਦ
Ad Position 24