ਸੰਗੀਤ ਦੇ ਖੇਤਰ ਵਿਚ 'ਭਾਰਤ ਦੀ ਕੋਇਲ', 'ਸੁਰਾਂ ਦੀ ਰਾਣੀ', 'ਵਾਇਸ ਆਫ਼ ਦਾ ਨੇਸ਼ਨ', 'ਵਾਇਸ ਆਫ਼ ਦਾ ਮਿਲੇਨੀਅਮ' ਵਜੋਂ ਜਾਣੀ ਜਾਂਦੀ ਲਤਾ ਮੰਗੇਸ਼ਕਰ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਹੈ। 36 ਭਾਸ਼ਾਵਾਂ ਵਿਚ 25 ਹਜ਼ਾਰ ਤੋਂ ਵੱਧ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੀ ਉਹ ਦੇਸ਼ ਦੀ ਇਕਲੌਤੀ ਗਾਇਕਾ ਅਤੇ ਐਮ.ਐਸ. ਸੁਬਾਲਕਸ਼ਮੀ ਤੋਂ ਬਾਅਦ ਦੇਸ਼ ਦਾ ਸਰਬਉੱਚ ਨਾਗਰਿਕ ਪੁਰਸਕਾਰ 'ਭਾਰਤ ਰਤਨ' ਪ੍ਰਾਪਤ ਕਰਨ ਵਾਲੀ ਉਹ ਦੂਜੀ ਗਾਇਕਾ ਹੈ। ਉਸ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਇਕ ਵਾਰ ਸ਼ਾਸਤਰੀ ਗਾਇਕ ਬੜੇ ਗੁਲਾਮ ਅਲੀ ਖ਼ਾਂ ਨੇ ਕਿਹਾ ਸੀ ਕਿ 'ਕੰਬਖ਼ਤ ਕਭੀ ਬੇਸੁਰੀ ਹੀ ਨਹੀਂ ਹੋਤੀ'। ਸਟਾਰ ਕਲਾਕਾਰ ਹੋਣ ਦੇ ਬਾਵਜੂਦ ਉਹ ਸਾਰੀ ਉਮਰ ਵਿਆਹ, ਮੇਕਅਪ ਅਤੇ ਕੈਮਰੇ ਦੀ ਅੱਖ ਤੋਂ ਬਚਦੀ ਰਹੀ।
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਇਕ ਸਿੱਖ ਮੁਹੱਲੇ ਵਿਚ ਗੁਰਦੁਆਰੇ ਦੇ ਨਜ਼ਦੀਕ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਅਤੇ ਮਾਤਾ ਸ਼ਿਵਾਂਤੀ (ਸੁਧਾਮਤੀ) ਦੇ ਘਰ ਹੋਇਆ। ਮੁਢਲਾ ਨਾਂਅ ਹੇਮਾ ਰੱਖਿਆ ਗਿਆ। ਦੀਨਾਨਾਥ ਨੇ ਆਪਣੇ ਇਕ ਨਾਟਕ 'ਚ ਲਤਿਕਾ ਨਾਂਅ ਦੀ ਔਰਤ ਪਾਤਰ ਤੋਂ ਪ੍ਰਭਾਵਿਤ ਹੋ ਕੇ ਲਤਾ ਰੱਖ ਦਿੱਤਾ ਸੀ। ਦੀਨਾਨਾਥ ਨੇ ਪਹਿਲੀ ਪਤਨੀ ਨਰਮਦਾ ਦੀ ਮੌਤ ਉਪਰੰਤ ਉਸ ਦੀ ਛੋਟੀ ਭੈਣ ਸ਼ਿਵਾਂਤੀ ਨਾਲ ਸ਼ਾਦੀ ਕਰ ਲਈ ਸੀ। ਲਤਾ ਦੇ ਦਾਦਾ ਸ੍ਰੀ ਗਣੇਸ਼ ਭੱਟ ਨਵਾਤੇ ਹਾਰਡੀਕਰ ਇਕ ਪੁਜਾਰੀ ਅਤੇ ਦਾਦੀ ਯੇਸੂਬਾਈ ਰਾਣੇ ਮਰਾਠਾ ਸਮਾਜ ਨਾਲ ਸੰਬੰਧ ਰੱਖਦੇ ਸਨ। ਨਾਨਾ ਸੇਠ ਹਰੀਦਾਸ ਵਿਉਪਾਰੀ ਸਨ। ਬਚਪਨ ਵਿਚ ਹੀ ਲਤਾ ਨੂੰ ਆਪਣੀ ਨਾਨੀ ਕੋਲੋਂ ਗੁਜਰਾਤੀ ਲੋਕ ਗੀਤ ਲੋਰੀਆਂ ਦੇ ਰੂਪ ਵਿਚ ਸਿੱਖਣ ਨੂੰ ਮਿਲੇ। ਚਾਰ ਭੈਣ-ਭਰਾਵਾਂ ਹਿਰਦੇਨਾਥ ਮੰਗੇਸ਼ਕਰ (ਭਰਾ), ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ (ਭੈਣਾਂ) ਵਿਚੋਂ ਸਭ ਤੋਂ ਵੱਡੀ ਹੋਣ ਕਰਕੇ ਪਰਿਵਾਰਿਕ ਜ਼ਿੰਮੇਵਾਰੀਆਂ ਦਾ ਬੋਝ ਵੀ ਉਸ ਨੇ ਬਾਖੂਬੀ ਨਿਭਾਇਆ। ਭਰਾ ਹਿਰਦੇਨਾਥ ਮੰਗੇਸ਼ਕਰ ਨਾਲ ਜਿਥੇ ਲਤਾ ਨੇ ਕੁਝ ਮਰਾਠੀ ਗੀਤ ਵੀ ਗਾਏ, ਉਥੇ ਬਾਕੀ ਭੈਣਾਂ ਨੇ ਵੀ ਸੰਗੀਤ ਦੇ ਖੇਤਰ ਵਿਚ ਖੂਬ ਨਾਂਅ ਕਮਾਇਆ।
ਦੀਨਾਨਾਥ ਸ਼ਾਸਤਰੀ ਗਾਇਕ ਤੇ ਰੰਗਮੰਚ ਦੇ ਕਲਾਕਾਰ ਸਨ ਤੇ 'ਬਲਵੰਤ ਨਾਟਕ ਮੰਡਲੀ' ਨਾਂਅ ਦੀ ਨਾਟਕ ਮੰਡਲੀ ਚਲਾਉਂਦੇ ਸਨ। 5 ਸਾਲ ਦੀ ਉਮਰ ਵਿਚ ਹੀ ਲਤਾ ਨੇ ਆਪਣੇ ਪਿਤਾ ਦੇ ਮਰਾਠੀ ਭਾਸ਼ਾ ਦੇ ਨਾਟਕਾਂ ਵਿਚ ਕੰਮ ਕਰਦਿਆਂ 'ਗੁਰੂਕੁਲ' ਨਾਟਕ 'ਚ ਕ੍ਰਿਸ਼ਨਾ ਦਾ ਰੋਲ ਨਿਭਾ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਬਤੌਰ ਅਦਾਕਾਰਾ ਲਤਾ ਨੇ ਮਾਂਝੇ ਬਾਲ, ਚਿਮੁਕਲਾ ਸੰਸਾਰ (1943), ਗਜਾਭਾਊ (1944), ਬੜੀ ਮਾਂ (1945), ਜੀਵਨ ਯਾਤਰਾ (1946), ਮੰਦਿਰ (1947), ਮਾਦ (1948), ਛਤਰਪਤੀ ਸ਼ਿਵਾਜੀ ਵਿਚ ਵੀ ਕੰਮ ਕੀਤਾ। ਸੰਨ 1942 ਵਿਚ ਪਿਤਾ ਦੀਨਾਨਾਥ ਦੀ ਮੌਤ ਉਪਰੰਤ ਪਰਿਵਾਰ ਦੇ ਨੇੜੇ ਦੇ ਸਾਥੀ ਮਾਸਟਰ ਵਿਨਾਇਕ ਦਮੋਦਰ ਕਰਨਾਟਕੀ ਨੇ ਲਤਾ ਨੂੰ ਗਾਇਕਾ ਅਤੇ ਅਦਾਕਾਰਾ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਲਈ ਹੱਲਾਸ਼ੇਰੀ ਦਿੱਤੀ। 13 ਸਾਲ ਦੀ ਲਤਾ ਨੇ ਪਹਿਲੀ ਵਾਰ ਮਰਾਠੀ ਫ਼ਿਲਮ 'ਪਹਿਲੀ ਮੰਗਲਾਗੌਰ' ਫ਼ਿਲਮ ਲਈ ਗਾਇਆ। ਸੰਨ 1945 ਵਿਚ ਉਹ ਮੁੰਬਈ ਆ ਗਈ, ਜਿਥੇ ਮਾਸਟਰ ਵਿਨਾਇਕ ਦਮੋਦਰ ਦੀ ਹਿੰਦੀ ਫ਼ਿਲਮ 'ਬੜੀ ਮਾਂ' ਵਿਚ ਉਸ ਨੇ ਆਪਣੀ ਭੈਣ ਆਸ਼ਾ ਭੌਂਸਲੇ ਨਾਲ ਛੋਟਾ ਜਿਹਾ ਰੋਲ ਕਰਦਿਆਂ ਇਕ ਭਜਨ 'ਮਾਤਾ ਤੇਰੇ ਚਰਨੋਂ ਮੇਂ' ਵੀ ਗਾਇਆ। ਸੰਨ 1947 ਵਿਚ ਮਾਸਟਰ ਵਿਨਾਇਕ ਦੀ ਮੌਤ ਹੋਣ ਉਪਰੰਤ ਡਰਾਮਾ ਕੰਪਨੀ ਪ੍ਰਫੁੱਲ ਪਿਕਚਰਜ਼ ਬੰਦ ਹੋ ਗਈ ਤੇ ਲਤਾ ਨੇ ਪਿੱਠਵਰਤੀ ਗਾਇਕਾ ਵਜੋਂ ਗਾਉਣਾ ਸ਼ੁਰੂ ਕਰ ਦਿੱਤਾ। 60-70 ਰੁਪਏ ਦਿਹਾੜੀ ਨਾਲ ਉਹ ਪਰਿਵਾਰਿਕ ਲੋੜਾਂ ਪੂਰੀਆਂ ਕਰਦੀ ਰਹੀ। ਸੰਨ 1947 ਵਿਚ ਫ਼ਿਲਮ 'ਆਪ ਕੀ ਸੇਵਾ' ਰਾਹੀਂ ਉਸ ਨੇ ਹਿੰਦੀ ਫ਼ਿਲਮਾਂ ਵਿਚ ਪੈਰ ਧਰਿਆ। 18 ਸਾਲ ਦੀ ਲਤਾ ਨੂੰ ਸੰਗੀਤਕਾਰ ਗੁਲਾਮ ਹੈਦਰ ਨੇ ਫ਼ਿਲਮ ਨਿਰਮਾਤਾ ਸ਼ਸ਼ਧਰ ਮੁਖਰਜੀ ਨਾਲ ਮਿਲਵਾਇਆ। ਸ਼ਸ਼ਧਰ ਜੀ ਨੇ ਕਿਹਾ ਕਿ ਇਸ ਲੜਕੀ ਦੀ ਤਾਂ ਆਵਾਜ਼ ਬਹੁਤ ਪਤਲੀ ਹੈ ਤੇ ਫ਼ਿਲਮਾਂ ਵਿਚ ਨਹੀਂ ਚੱਲੇਗੀ। ਇਸ ਉਪਰੰਤ ਗੁਲਾਮ ਹੈਦਰ ਜੀ ਨੇ 'ਮਜਬੂਰ' ਫ਼ਿਲਮ ਦੇ ਗੀਤ 'ਅੰਗਰੇਜ਼ੀ ਛੋਰਾ ਚਲਾ ਗਿਆ' ਅਤੇ 'ਦਿਲ ਮੇਰਾ ਤੋੜਾ ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ', 'ਚ ਲਤਾ ਨੂੰ ਗਾਇਕ ਮੁਕੇਸ਼ ਨਾਲ ਗਵਾਇਆ। ਇਨ੍ਹਾਂ ਗੀਤਾਂ ਨੇ ਲਤਾ ਨੂੰ ਫ਼ਿਲਮ ਇੰਡਸਟਰੀ ਵਿਚ ਵੱਡੀ ਬ੍ਰੇਕ ਦਿੱਤੀ। ਬਾਅਦ ਵਿਚ ਸ਼ਸ਼ਧਰ ਜੀ ਨੇ ਆਪਣੀ ਗ਼ਲਤੀ ਕਬੂਲਦਿਆਂ ਲਤਾ ਜੀ ਕੋਲੋਂ 'ਅਨਾਰਕਲੀ' ਅਤੇ 'ਜ਼ਿੱਦੀ' ਫ਼ਿਲਮਾਂ ਵਿਚ ਗੀਤ ਗਵਾਏ ਜੋ ਹਿੱਟ ਰਹੇ। ਸੰਨ 1949 ਵਿਚ ਫ਼ਿਲਮ 'ਮਹਿਲ' ਵਿਚ ਮਧੂਬਾਲਾ ਤੇ ਫ਼ਿਲਮਾਇਆ ਗਿਆ ਗੀਤ 'ਆਏਗਾ-ਆਏਗਾ ਆਨੇ ਵਾਲਾ' ਯਾਦਗਾਰੀ ਹੋ ਨਿਬੜਿਆ, ਜਿਸ ਉਪਰੰਤ ਫ਼ਿਲਮੀ ਦੁਨੀਆ ਵਿਚ ਲਤਾ ਦੀ ਮੰਗ ਵਧਣ ਲੱਗੀ। ਇਸ ਉਪਰੰਤ ਉਸ ਦੇ ਬਹੁਤ ਸਾਰੀਆਂ ਫ਼ਿਲਮਾਂ ਵਿਚ ਗੀਤ ਰਿਕਾਰਡ ਹੋਏ।
ਲਤਾ ਦੀ ਆਵਾਜ਼ ਵਿਚ ਗੁਰਬਾਣੀ ਦੇ ਕਈ ਸ਼ਬਦ ਰਿਕਾਰਡ ਹੋਏ ਜਿਵੇਂ 'ਸਤਿਗੁਰ ਨਾਨਕ ਪ੍ਰਗਟਿਆ, ਮਿਲੁ ਮੇਰੇ ਪ੍ਰੀਤਮਾ ਜੀਉ, ਦੇਹ ਸਿਵਾ ਬਰ ਮੋਹਿ ਇਹੈ, ਮੂ ਲਾਲਨ ਸਿਉ ਪ੍ਰਤਿ ਬਨੀ, ਵੈਦੁ ਬੁਲਾਇਆ ਵੇਦਗੀ, ਭਿੰਨੀ ਰੈਨੜੀਐ ਚਾਮਕਨਿ ਤਾਰੇ, ਹਰ ਜੁਗੁ ਜੁਗੁ ਭਗਤ ਉਪਾਇਆ, ਜਪਿ ਮਨ ਸਤਿਨਾਮੁ' ਆਦਿ।
ਪਿੱਠਵਰਤੀ ਗਾਇਕਾ, ਮਿਊਜ਼ਿਕ ਡਾਇਰੈਕਟਰ, ਪ੍ਰੋਡਿਊਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਸ ਨੇ ਅਣਗਿਣਤ ਹਿੱਟ ਗੀਤ ਗਾਏ ਜਿਵੇਂ ਪਿਆਰ ਕੀਆ ਤੋ ਡਰਨਾ ਕਿਆ, ਅੱਛਾ ਤੋ ਹਮ ਚਲਤੇ ਹੈਂ, ਡਫਲੀ ਵਾਲੇ, ਯੇ ਗਲੀਆਂ ਯੇ ਚੁਬਾਰੇ, ਤੂੰ ਕਿਤਨੀ ਅੱਛੀ ਹੈ, ਸ਼ੀਸ਼ਾ ਹੋ ਜਾ ਦਿਲ, ਰਾਮ ਤੇਰੀ ਗੰਗਾ ਮੈਲੀ ਹੋ ਗਈ, ਜ਼ਿੰਦਗੀ ਪਿਆਰ ਕਾ ਗੀਤ ਹੈ, ਪ੍ਰਦੇਸ ਜਾ ਕੇ ਪ੍ਰਦੇਸੀਆ, ਸੁਨ ਸਾਹਿਬਾ ਸੁਨ, ਮੈਂ ਹੂੰ ਖੁਸ਼ਰੰਗ ਹਿਨਾ, ਦਿਲ ਤੋ ਪਾਗਲ ਹੈ, ਆਪ ਕੀ ਨਜ਼ਰੋਂ ਨੇ ਸਮਝਾ, ਨੈਨਾ ਬਰਸੇ ਰਿਮਝਿਮ, ਤੇਰੇ ਬਿਨਾਂ ਜ਼ਿੰਦਗੀ ਮੇਂ ਕੋਈ, ਤੇਰੀ ਬਿੰਦੀਆ ਰੇ, ਮੈਂ ਤੇਰੀ ਦੁਸ਼ਮਨ, ਲੁਕਾ ਛੁਪੀ, ਦੀਦੀ ਤੇਰਾ ਦੇਵਰ ਦੀਵਾਨਾ, ਮੇਰੇ ਖਾਬੋਂ ਮੇਂ ਜੋ ਆਏ, ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਐ ਮੇਰੇ ਵਤਨ ਕੇ ਲੋਗੋ, ਕਬੂਤਰ ਜਾ ਜਾ ਜਾ, ਜਬ ਪਿਆਰ ਕੀਆ ਤੋ ਡਰਨਾ ਕਿਆ, ਜਬ ਹਮ ਜਵਾਂ ਹੋਂਗੇ, ਲਗ ਜਾ ਗਲੇ, ਮੋਹੇ ਪਨਘਟ ਪੇ, ਸਤਿਯਮ ਸ਼ਿਵਮ ਸੁੰਦਰਮ, ਅਜੀਬ ਦਾਸਤਾਨ ਹੈ, ਹੋਠੋ ਮੇਂ ਐਸੀ ਬਾਤ ਆਦਿ। ਭਾਰਤ-ਚੀਨ ਦੀ ਜੰਗ ਉਪਰੰਤ ਸੰਨ 1963 ਵਿਚ ਲਤਾ ਦੇ ਗਾਏ ਗੀਤ 'ਐ ਮੇਰੇ ਵਤਨ ਕੇ ਲੋਗੋ' ਨੇ ਲਤਾ ਨੂੰ ਦੇਸ਼ ਵਾਸੀਆਂ ਵਿਚ ਹਰਮਨ ਪਿਆਰੀ ਗਾਇਕਾ ਬਣਾ ਦਿੱਤਾ।
ਲਤਾ ਮੰਗੇਸ਼ਕਰ ਨੇ ਅਨੇਕ ਪੰਜਾਬੀ ਫ਼ਿਲਮੀ ਗੀਤਾਂ ਨੂੰ ਵੀ ਆਵਾਜ਼ ਦਿੱਤੀ ਜਿਵੇਂ 'ਰਾਹੇ ਰਾਹੇ ਜਾਂਦਿਆਂ, ਗਲੀਆਂ 'ਚ ਫਿਰਦੇ ਢੋਲਾ ਨਿੱਕੇ-ਨਿੱਕੇ ਬਾਲ ਵੇ', (ਫ਼ਿਲਮ ਚਮਨ, ਸੰਨ 1948), 'ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹੁਨੀਆਂ ਆ, ਨਾਲੇ ਲੰਮੀ ਤੇ ਨਾਲੇ ਕਾਲੀ', (ਲੱਛੀ, ਸੰਨ 1949, ਮੁਹੰਮਦ ਰਫੀ ਨਾਲ), 'ਚੱਲਾਂ ਮੋਰਨੀ ਦੀ ਚਾਲ, ਚੱਲ ਆ ਬਾਗਾਂ ਵਿਚ ਨੱਚੀਏ', (ਭਾਈਆ ਜੀ, ਸੰਨ 1950, ਮੁਹੰਮਦ ਰਫੀ ਨਾਲ), 'ਹਾਏ ਨੀ ਮੇਰਾ ਬਾਲਮ', (ਫ਼ਿਲਮ ਦੋ ਲੱਛੀਆਂ, ਸੰਨ 1960), ਟੱਪ ਨੀ ਜਵਾਨੀ ਆਈ ਟੱਪ ਟੱਪ', (ਪਗੜੀ ਸੰਭਾਲ ਜੱਟਾ, 1960) 'ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ' (ਫ਼ਿਲਮ ਗੁੱਡੀ, ਸੰਨ 1961, ਮੁਹੰਮਦ ਰਫੀ ਨਾਲ), 'ਲਾਈਏ ਤੇ ਤੋੜ ਨਿਭਾਈਏ', (ਮਹਿੰਦਰ ਕਪੂਰ ਨਾਲ)', (ਫ਼ਿਲਮ ਪਿੰਡ ਦੀ ਕੁੜੀ, ਸੰਨ 1963), 'ਕਿੰਨਾ ਸੋਹਣਾ ਦੇਸ ਹੈ ਮੇਰਾ', (ਫ਼ਿਲਮ ਵੀਰਜਾਰਾ, ਸੰਨ 2004) ਆਦਿ।
ਲਤਾ ਮੰਗੇਸ਼ਕਰ ਦੇ ਕਈ ਸਟਾਰ ਕਲਾਕਾਰਾਂ ਨਾਲ ਡਿਊਟ ਗੀਤ ਵੀ ਰਿਕਾਰਡ ਹੋਏ, ਜਿਨ੍ਹਾਂ ਵਿਚੋਂ ਮੁੁਹੰਮਦ ਰਫੀ, ਸ਼ਮਸ਼ਾਦ ਬੇਗਮ, ਆਸ਼ਾ ਭੌਂਸਲੇ, ਊਸ਼ਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਸੁਰੱਈਆ, ਮੰਨਾ ਡੇ, ਮੁਕੇਸ਼, ਕੇ.ਐਲ. ਸਹਿਗਲ, ਹੇਮੰਤ ਕੁਮਾਰ, ਤਲਤ ਮਹਿਮੂਦ, ਮਹਿੰਦਰ ਕਪੂਰ, ਜੀ.ਐਸ.ਦੁਰਾਨੀ, ਸ਼ਬੀਰ ਕੁਮਾਰ, ਨਿਤਿਨ ਕੁਮਾਰ, ਮਨਹਰ ਉਦਾਸ, ਸ਼ੈਲੇਦਰ ਸਿੰਘ, ਮੁਹੰਮਦ ਅਜ਼ੀਜ਼, ਅਮਿਤ ਕੁਮਾਰ, ਕੁਮਾਰ ਸ਼ਾਨੂੰ, ਵਿਨੋਦ ਰਾਠੌਰ, ਅਭਿਜੀਤ ਭੱਟਾਚਾਰੀਆ, ਉਦਿਤ ਨਾਰਾਇਣ, ਅਦਨਾਨ ਸਾਮੀ, ਸੋਨੂੰ ਨਿਗਮ, ਜਗਜੀਤ ਸਿੰਘ, ਏ.ਆਰ. ਰਹਿਮਾਨ, ਗੁਰਦਾਸ ਮਾਨ, ਰੂਪ ਕੁਮਾਰ ਰਾਠੌਰ ਆਦਿ ਜ਼ਿਕਰਯੋਗ ਹਨ।
ਚਿੱਟੀ ਸਾੜ੍ਹੀ ਪਹਿਨਣ ਦੀ ਸ਼ੌਕੀਨ ਲਤਾ ਨੂੰ ਦੇਸ਼ ਦੇ ਸਰਬਉਚ ਪੁਰਸਕਾਰ ਸਮੇਤ ਅਨੇਕ ਸਨਮਾਨ ਮਿਲੇ ਜਿਵੇਂ ਫ਼ਿਲਮ ਫੇਅਰ ਪੁਰਸਕਾਰ (1958, 1962, 1965, 1969, 1993, 1994), ਨੈਸ਼ਨਲ ਪੁਰਸਕਾਰ (1972, 1975, 1990), ਪਦਮ ਭੂਸ਼ਣ (1969), ਦਾਦਾ ਸਾਹਿਬ ਫਾਲਕੇ ਪੁਰਸਕਾਰ (1989), ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ (1993), ਪਦਮ ਵਿਭੂਸ਼ਣ, ਜੀ ਸਿਨੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ (1999), ਆਈਫਾ ਦਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ (2000), ਭਾਰਤ ਰਤਨ, ਸਟਾਰਡਸਟ ਦਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਆਦਿ। ਦੇਸ਼ ਦੀ ਧੀ ਲਤਾ ਮੰਗੇਸ਼ਕਰ ਸੰਨ 1999-2005 ਤੱਕ ਰਾਜ ਸਭਾ ਮੈਂਬਰ ਵਜੋਂ ਸੇਵਾਵਾਂ ਦਿੰਦੀ ਰਹੀ।
ਜ਼ਿੰਦਗੀ ਦੇ ਅੱਠ ਦਹਾਕੇ ਗਾਇਕੀ ਨੂੰ ਸਮਰਪਿਤ ਕਰਨ ਵਾਲੀ ਲਤਾ ਮੰਗੇਸ਼ਕਰ ਨੂੰ ਕੋਰੋਨਾ ਦੇ ਲੱਛਣਾਂ ਉਪਰੰਤ 8 ਜਨਵਰੀ, 2022 ਨੂੰ ਬੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ 6 ਫਰਵਰੀ, 2022 ਨੂੰ 92 ਸਾਲ ਦੀ ਉਮਰ ਵਿਚ ਉਸ ਨੇ ਸਵੇਰੇ 8.12 ਮਿੰਟ ਤੇ ਆਖਰੀ ਸਾਹ ਲਿਆ। ਇਸੇ ਦਿਨ ਹੀ ਸਰਕਾਰੀ ਸਨਮਾਨਾਂ ਸਹਿਤ (ਤਿੰਨਾਂ ਸੈਨਾਵਾਂ ਵਲੋਂ ਸਲਾਮੀ) ਲਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। 'ਰਹੇਂ ਨਾ ਰਹੇਂ ਹਮ ਮਹਿਕਾ ਕਰੇਂਗੇ' ਗੀਤ ਨੂੰ ਸੁਰੀਲੀ ਆਵਾਜ਼ ਵਿਚ ਗਾਉਣ ਵਾਲੀ ਦੇਸ਼ ਦੀ ਧੀ ਲਤਾ ਮੰਗੇਸ਼ਕਰ ਦੇ ਗਾਏ ਗੀਤ ਰਹਿੰਦੀ ਦੁਨੀਆ ਤੱਕ ਆਪਣੀਆਂ ਸੰਗੀਤਕ ਮਹਿਕਾਂ ਬਿਖੇਰਦੇ ਰਹਿਣਗੇ।
-ਪ੍ਰਿੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98554-53539