ਪੰਜਾਬੀ ਸੰਗੀਤ ਦੇ ਖੇਤਰ ਵਿਚ ਚਰਨਜੀਤ ਆਹੂਜਾ ਨੂੰ 'ਸੰਗੀਤ ਸਮਰਾਟ' ਕਰਕੇ ਜਾਣਿਆ ਜਾਂਦਾ ਹੈ ਤੇ ਜਾਣਿਆ ਜਾਂਦਾ ਰਹੇਗਾ। ਸਾਡੇ ਸਮਾਜ ਵਿਚ ਜਿਸ ਕੰਮ ਨੂੰ ਕੁਝ ਲੋਕ ਪਹਿਲਾਂ ਭੰਡਦੇ ਤੇ ਨਿੰਦਦੇ ਸਨ ਉਸ ਕੰਮ ਨੂੰ ਚਰਨਜੀਤ ਆਹੂਜਾ ਨੇ ਇੱਜਤ ਮਾਣ ਤੇ ਸਤਿਕਾਰ ਹੀ ਨਹੀਂ ਦਿਵਾਇਆ ਸਗੋਂ ਪੰਜਾਬੀ ਗਾਇਕੀ ਨੂੰ ਇਕ ਨਵੀਂ ਸਿਖਰ ਦਿੱਤੀ। ਪੰਜਾਬੀ ਗਾਇਕਾਂ ਨੂੰ ਖਾਣ ਪੀਣ, ਪਹਿਨਣ, ਵਿਚਰਨ, ਕਮਾਉਣ ਅਤੇ ਆਪਣਾ ਤੇ ਆਪਣੀ ਕਲਾ ਦਾ ਮੁੱਲ ਪਾਉਣ ਦਾ ਹੁਨਰ ਵੀ ਲੈ ਕੇ ਦਿੱਤਾ। ਵਰਤਮਾਨ ਹਾਲਾਤ ਵਿਚ ਸੰਗੀਤ ਦੀ ਦਿਸ਼ਾ ਤੇ ਦਸ਼ਾ ਕੁਝ ਵੀ ਹੋ ਗਈ ਹੋਵੇ ਪਰ ਇਸ ਗੱਲ ਨੂੰ ਹਮੇਸ਼ਾ ਸਵੀਕਾਰ ਕੀਤਾ ਜਾਂਦਾ ਰਹੇਗਾ ਕਿ ਚਰਨਜੀਤ ਆਹੂਜਾ ਦੀ ਥਾਂ ਕੋਈ ਵੀ ਨਹੀਂ ਲੈ ਸਕੇਗਾ। ਠੀਕ ਹੈ ਉਹਦੇ ਪੁੱਤਰ ਸਚਿਨ, ਪੰਕਜ, ਲਵ ਤੇ ਕੁਸ਼ ਇਸੇ ਖੇਤਰ ਨਾਲ ਜੁੜੇ ਹੋਏ ਹਨ। ਚਰਨਜੀਤ ਆਹੂਜਾ ਦੇ ਆਲੋਚਕ ਸ਼ਾਇਦ ਬਹੁਤ ਘੱਟ ਹੋਣਗੇ। ਉਸ ਨੂੰ ਇਕ ਮਤ ਹੋ ਕੇ ਇਹ ਮਾਣ ਮਿਲਦਾ ਹੀ ਰਹੇਗਾ ਕਿ ਜਿਸ ਦੌਰ 'ਚ ਚਰਨਜੀਤ ਨੇ ਪੰਜਾਬੀ ਗਾਇਕੀ ਲਈ ਬਹੁਤ ਕੁਝ ਕੀਤਾ, ਉਸ ਦੌਰ ਦੀ ਸ਼ਾਇਰੀ, ਉਸ ਦੌਰ ਦਾ ਸੰਗੀਤ ਤੇ ਪੰਜਾਬੀ ਗਾਇਕੀ ਸੰਭਾਲਣਯੋਗ, ਉਦਾਹਰਨਯੋਗ ਤੇ ਜ਼ਿਕਰਯੋਗ ਰਹੇਗੀ। ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਜਿਸ ਹਸਤੀ ਨੂੰ ਸੰਗੀਤ ਸਮਰਾਟ ਕਹਿੰਦੇ ਹਨ ਉਸ ਨਾਲ ਮੈਂ ਚਾਰ ਦਹਾਕਿਆਂ ਤੋਂ ਵੱਧ ਸਮਾਂ ਵਿਚਰਿਆ ਹਾਂ। ਜ਼ਰਾ ਗੌਰ ਨਾਲ ਦੇਖਿਓ ਕਿ ਸੰਗੀਤਕਾਰ ਪੰਨਾ ਲਾਲ ਦੇ ਜਿਸ ਪੁੱਤਰ ਜੈ ਦੇਵ ਕੁਮਾਰ ਦੀ ਮੁੰਬਈ ਦੇ ਫਿਲਮ ਸੰਗੀਤ 'ਚ ਪੂਰੀ ਚੜ੍ਹਾਈ ਹੋਈ ਉਹ ਕਿਸੇ ਵੇਲੇ ਚਰਨਜੀਤ ਆਹੂਜਾ ਨਾਲ ਪਹਿਲਾਂ ਸਪੈਨਿਸ਼ ਵਾਦਕ ਰਿਹਾ, ਫਿਰ ਸੰਗੀਤ ਅਰੇਂਜਰ ਵਜੋਂ ਕੰਮ ਕੀਤਾ, ਉਹ ਨੇੜਲਾ ਸਹਿਯੋਗੀ ਸੀ। 'ਸਾਗਾ' ਕੰਪਨੀ ਹੋਂਦ ਵਿਚ ਆਉਣ ਤੇ ਉਸ ਤੋਂ ਪਹਿਲਾਂ 'ਮਿਊਜ਼ਿਕ ਬੈਂਕ' ਦੀ ਬੁਲੰਦੀ ਵੇਲੇ ਜੈਦੇਵ ਕੁਮਾਰ ਹੋਰਾਂ ਦਾ ਇਕ ਆਪਣਾ ਵੱਖਰਾ ਤੇ ਚੰਗਾ ਸੰਗੀਤ ਕੱਦ ਬਣਿਆ ਤੇ ਉਹਦੇ ਪੱਲੇ ਪਾਇਆ ਆਹੂਜਾ ਦਾ ਸੰਗੀਤਕ ਪਰਾਗਾ ਵੀ ਸੀ।
ਸਿਹਤ ਨਾ ਠੀਕ ਹੋਣ ਕਰਕੇ ਪਿਛਲੇ ਡੇਢ ਦਹਾਕੇ 'ਚ ਚਰਨਜੀਤ ਆਹੂਜਾ ਦੀ ਸੰਗੀਤਕ ਸਰਗਰਮੀ ਭਾਵੇਂ ਘੱਟ ਰਹੀ ਹੋਵੇ ਪਰ ਸੁਹਿਰਦਤਾ ਕਦੇ ਵੀ ਨਹੀਂ ਗਈ। ਉਹ ਕਈ ਵਾਰੀ ਆਪਣੇ ਸੁਭਾਅ ਮੁਤਾਬਿਕ ਗੁੱਸੇ ਹੋ ਜਾਂਦਾ ਸੀ ਕਿ ਪੰਜਾਬੀ ਗਾਇਕੀ ਦਾ ਬਹੁਤਾ ਲਾਣਾ ਹੁਣ ਕੁਰਾਹੇ ਪੈ ਚੁੱਕਾ ਹੈ, ਜਦੋਂ ਵੀ ਕਿਸੇ ਖੇਤਰ ਵਿਚ ਕੋਈ ਵਿਧੀ-ਵਿਧਾਨ ਤੇ ਕਾਬੂ ਨਾ ਰਹੇ ਤਾਂ ਉਸ ਖੇਤਰ 'ਚ ਨੁਕਸਾਨ ਵਧੇਰੇ ਹੋਣੇ ਸੁਭਾਵਿਕ ਹੁੰਦੇ ਹਨ। ਪੰਨਾ ਲਾਲ, ਸੋਹਨ ਲਾਲ, ਜਸਵੰਤ ਸਿੰਘ ਭੰਵਰਾ, ਕੇਸਰ ਸਿੰਘ ਨਰੂਲਾ, ਵੇਦ ਸੇਠੀ ਕੁਝ ਐਸੇ ਨਾਂ ਨੇ ਜਿਨਾਂ ਤੋਂ ਬਾਅਦ ਪੰਜਾਬੀ ਸੰਗੀਤ ਵਿਚ ਇਨਕਲਾਬ ਲਿਆਉਣ ਦਾ ਝੰਡਾ ਚਰਨਜੀਤ ਦੇ ਹੱਥ ਰਿਹਾ ਹੈ। ਐਚ ਐਮ ਵੀ (ਹਿਜ਼ ਮਾਸਟਰਜ਼ ਵੁਆਇਸ) ਜਿਹੜੇ 1970 ਤੋਂ ਸਾਲ 2000 ਤੱਕ ਇਸ ਕੰਪਨੀ ਦੇ ਇਤਿਹਾਸ ਨੂੰ ਸਮਝਦੇ ਤੇ ਜਾਣਦੇ ਨੇ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਨਾਂਅ-ਸੰਗੀਤਕਾਰ ਚਰਨਜੀਤ ਆਹੂਜਾ, ਇੰਜੀਨੀਅਰ ਦਾਦਾ, ਕਵਰ ਡਿਜ਼ਾਈਨਰ ਅਮਲੇਸ਼ ਦੇਵ, ਤਬਲਾ ਵਾਦਕ ਸੋਹਣ ਲਾਲ ਤੇ ਬਸੰਤੀ, ਢੋਲਕ 'ਤੇ ਯੂਸਫ, ਸਪੈਨਿਸ਼, ਮੈਡੋਲੀਅਨ ਤੇ ਜਸਵੰਤ ਸਿੰਘ, ਫਲਿਊਟ 'ਤੇ ਪੰਮ ਪੰਮ, ਮੈਨੇਜਰ ਜ਼ਹੀਰ ਅਹਿਮਦ ਇਹ ਐਸੇ ਨਾਂ ਨੇ ਜਿਹੜੇ ਚਰਨਜੀਤ ਦੇ ਇਰਦ ਗਿਰਦ ਘੁੰਮਦੇ ਰਹੇ ਹਨ। ਕਿਉਂਕਿ ਇਕ ਟਾਈਮ ਸੀ ਜਦੋਂ ਕੁੱਤਾ ਮਾਰਕਾ ਕੰਪਨੀ ਐਚ ਐਮ ਵੀ ਦੀ ਸਰਦਾਰੀ ਸੀ ਤੇ ਇਸ ਕੰਪਨੀ ਦਾ ਪੰਜਾਬੀ ਸੰਗੀਤਕ ਕਾਰੋਬਾਰ ਬਹੁਤ ਕਰਕੇ ਇਨ੍ਹਾਂ ਨਾਵਾਂ ਦੁਆਲੇ ਹੀ ਘੁੰਮਦਾ ਸੀ। ਸੰਗੀਤ ਸਮਰਾਟ ਕਹਾਉਣਾ ਸੌਖਾ ਨਹੀਂ ਹੈ। ਜ਼ਰਾ ਇਕਾਗਰ ਚਿੱਤ ਹੋ ਕੇ ਦੇਖਿਓ ਕਿ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਜਦੋਂ ਗੁਰਦਾਸ ਮਾਨ ਨੇ ਗਾਇਆ 'ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ', ਸੁਰਿੰਦਰ ਸ਼ਿੰਦੇ ਦਾ 'ਜਿਉਣਾ ਮੌੜ, ਜੱਟ ਮਿਰਜ਼ਾ ਖਰਲਾਂ ਦਾ, ਸ਼ਹੀਦ ਭਗਤ ਸਿੰਘ, ਹਰਭਜਨ ਮਾਨ ਦਾ 'ਚਿੱਠੀਏ ਨੀ ਚਿੱਠੀਏ..ਜੱਗ ਜਿਊਂਦਿਆਂ ਦੇ ਮੇਲੇ' ਚਮਕੀਲੇ ਦੇ ਹਿੱਟ ਗੀਤ ਤੇ ਸਤਵਿੰਦਰ ਬੁੱਗੇ ਦਾ 'ਨੀ ਤੂੰ ਵਿਛੜਨ ਵਿਛੜਨ ਕਰਦੀ ਏਂ ਜਦੋਂ ਵਿਛੜੇਂਗੀ ਪਤਾ ਲੱਗ ਜੂ 'ਗਾ...', 'ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾਹ', ਕਮਲਜੀਤ ਨੀਰੂ ਦਾ 'ਲੁਧਿਆਣੇ ਜੱਟੀ ਨੱਚੇ', ਦੁਰਗੇ ਰੰਗੀਲੇ ਦਾ 'ਸੁਣਿਆ ਤੂੰ ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇ...', 'ਨੂਰ ਤੇਰੇ ਨੈਣਾਂ ਦਾ' ਸਰਦੂਲ ਸਿਕੰਦਰ ਦਾ 'ਹੁਸਨਾਂ ਦੇ ਮਾਲਕੋ ਸਤਾਇਆ ਨਾ ਕਰੋ', 'ਪੱਟੇ ਗਏ ਨੀ ਮੁੰਡੇ ਤੇਰੇ ਨੀ ਪਿਆਰ ਦੇ...', 'ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ', ਸੁਖਵਿੰਦਰ ਦਾ 'ਮੁੰਡਾ ਸਾਊਥ ਹਾਲ ਦਾ', ਹੰਸ ਰਾਜ ਦਾ 'ਤੇਰਾ ਮੇਰਾ ਪਿਆਰ', × 'ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਓ...', 'ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ' ਸਾਬਰ ਕੋਟੀ ਦਾ 'ਇਹੋ ਜਿਹਾ ਨਜ਼ਾਰਾ ਮਿੱਤਰੋ' ਪੰਜਾਬੀਆਂ ਦੀ ਜ਼ੁਬਾਨ 'ਤੇ ਚੜ੍ਹੇ ਇਹ ਸਦਾ ਬਹਾਰ ਗੀਤ ਗਾਇਕਾਂ ਨਾਲੋਂ ਆਹੂਜਾ ਦਾ ਵੱਧ ਸਰਮਾਇਆ ਨੇ ਤੇ ਇਨ੍ਹਾਂ ਦੇ ਗਾਇਕਾਂ ਨੂੰ ਰਿਜ਼ਕ ਦੀ ਸਿਖਰ ਤੇ ਸੰਗੀਤ ਦੀ ਵੱਡੀ ਪ੍ਰਾਪਤੀ ਦੇ ਸਮਰੱਥ ਬਣਾਉਣ ਵਿਚ ਚਰਨਜੀਤ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਗੱਲ ਨੂੰ ਵੀ ਮੰਨਣਾ ਪਏਗਾ ਕਿ ਦੇਬੀ ਨੂੰ ਦੇਬੀ ਮਖਸੂਸਪੁਰੀ ਬਣਾਉਣ, ਦਵਿੰਦਰ ਨੂੰ ਦਵਿੰਦਰ ਖਾਨੇ ਵਾਲਾ, ਸੰਜੀਵ ਮਾਛੀਵਾੜਾ ਨੂੰ ਸੰਜੀਵ ਆਨੰਦ ਨੂੰ ਤੇ ਜਸਵੀਰ ਗੁਣਾਚੌਰੀਆ, ਸਵਰਨ ਸੀਵੀਆ ਤੋਂ ਲੈ ਕੇ ਲਾਲ ਅਠੌਲੀ ਵਾਲੇ ਤੱਕ ਗੀਤਕਾਰ ਚਰਨਜੀਤ ਨੇ ਹੀ ਚਮਕਾਏ ਨੇ। ਅਸਲ ਵਿਚ ਚਰਨਜੀਤ ਆਹੂਜਾ ਨੇ ਪੰਜਾਬੀ ਸੰਗੀਤ ਦੇ ਖੇਤਰ ਵਿਚ ਸੁਹਿਰਦਤਾ ਨਾਲ ਕੰਮ ਹੀ ਨਹੀਂ ਕੀਤਾ, ਇਸ਼ਕ ਨਾਲ ਕੰਮ ਕੀਤਾ ਹੈ, ਪਾਗਲਪਨ ਦੀ ਹੱਦ ਤੱਕ ਲਗਨ ਨਾਲ ਕੰਮ ਕੀਤਾ ਹੈ, ਰਾਤਾਂ ਜਾਗ ਕੇ ਕੰਮ ਕੀਤਾ ਹੈ ਸਮਝੌਤੇ ਨਹੀਂ ਕੀਤੇ। ਚਰਨਜੀਤ ਆਹੂਜਾ ਦੇ ਸੰਗੀਤ ਹੇਠ ਜਿੰਨੇ ਵੀ ਗੀਤ ਰਿਕਾਰਡ ਹੋਏ, ਤੁਸੀਂ ਗੌਰ ਨਾਲ ਵੇਖਿਓ ਕਿ ਉਨ੍ਹਾਂ ਵਿਚ ਸਾਹਿਤਕ ਤੇ ਵਿਰਾਸਤੀ ਰੰਗ ਫਿੱਕੇ ਨਹੀਂ ਪਏ, ਸ਼ਬਦਾਵਲੀ ਗੀਤਾਂ 'ਚੋਂ ਮਨਫ਼ੀ ਨਹੀਂ ਹੋਈ, ਅਰਥ ਬੌਣੇ ਨਹੀਂ ਹੋਏ ਤੇ ਇਸੇ ਕਰਕੇ ਹੁਣ ਤੱਕ ਚਰਨਜੀਤ ਆਹੂਜਾ ਕਹਿੰਦਾ ਰਿਹਾ ਕਿ ਅੱਜ ਦੇ ਗੀਤਾਂ ਨੂੰ ਸੁਣੀਏ ਤਾਂ ਕੀ ਸੁਣੀਏ ਇਨ੍ਹਾਂ ਵਿਚ ਬਚਿਆ ਕੀ ਹੈ ਜਾਂ ਛੱਡਿਆ ਹੀ ਕੀ ਹੈ?
ਜਦੋਂ ਮੈਂ ਪਹਿਲੀ ਵਾਰੀ ਚਰਨਜੀਤ ਆਹੂਜਾ ਨੂੰ ਮਿਲਿਆ। ਮੈਂ ਉਹਨੂੰ ਇਕ ਸੰਗੀਤਕਾਰ ਦੇ ਤੌਰ 'ਤੇ ਦਿੱਲੀ ਦਰੀਆ ਗੰਜ, ਭਰਤ ਰਾਮ ਰੋਡ 'ਤੇ ਐਚ ਐਮ ਵੀ ਦੇ ਅੱਧਾ ਟਰੈਕ ਸਟੂਡੀਓ 'ਚ ਹੀ ਮਿਲਿਆ ਤੇ ਜਾਨਣ ਲੱਗਾ। ਇੱਥੇ ਹੀ ਚਰਨਜੀਤ ਆਹੂਜਾ, ਕੇਸਰ ਸਿੰਘ ਨਰੂਲਾ, ਵੇਦ ਸੇਠੀ ਤੇ ਸੋਹਣ ਲਾਲ ਵਰਗੇ ਮਿਊਜ਼ਿਕ ਡਾਇਰੈਕਟਰ ਮੇਰੇ ਸੰਪਰਕ ਵਿਚ ਰਹੇ। ਗੱਲ ਇਹ ਵੀ ਦਰੁਸਤ ਹੈ ਕਿ ਚਰਨਜੀਤ ਦੇ ਮਿਊਜ਼ਿਕ 'ਚ ਗਾਉਣ ਦਾ ਸੁਪਨਾ ਤਾਂ ਬਹੁਤ ਸਾਰੇ ਲੋਕਾਂ ਦਾ ਸੀ ਪਰ ਇਹ ਪੂਰਾ ਹੋਣਾ ਏਨਾ ਆਸਾਨ ਨਹੀਂ ਸੀ। ਤੁਸੀਂ 200 ਗੀਤ ਉਹਦੇ ਕੋਲ ਲੈ ਕੇ ਜਾਓ ਤਾਂ ਉਹ ਇਕ ਜਾਂ ਦੋ ਗੀਤਾਂ ਦੀ ਚੋਣ ਕਰਦਾ ਸੀ। ਉਹਦੀਆਂ ਬਣਾਈਆਂ ਧੁਨਾਂ 'ਚ ਆਮ ਗਵੱਈਆ ਨਿਭ ਹੀ ਨਹੀਂ ਸਕਦਾ ਸੀ। ਸਮਝੌਤਾ ਉਹਨੇ ਕਦੇ ਕੀਤਾ ਹੀ ਨਹੀਂ ਸੀ। ਯਾਦ ਹੋਵੇਗਾ ਕਿ ਸਰਦੂਲ ਸਿਕੰਦਰ ਦੇ ਗਲ਼ੇ 'ਚ ਖਰਾਸ਼ ਆ ਜਾਂਦੀ ਸੀ ਤੇ ਚਰਨਜੀਤ ਉਹਦੀ ਰਿਕਾਰਡਿੰਗ ਛੇ ਛੇ ਮਹੀਨੇ ਲੇਟ ਕਰ ਦੇਂਦਾ ਸੀ। ਇਕ ਉਹ ਵੀ ਦਿਨ ਸਨ ਜਦੋਂ ਕੁਲਦੀਪ ਮਾਣਕ ਵਰਗੇ ਗਾਇਕ ਪਿੰਡਾਂ ਦੇ ਅਖਾੜਿਆਂ 'ਚ ਲੋਕਾਂ ਨੂੰ ਚਿੱਠੀ ਵਿਖਾ ਕੇ ਮਾਣ ਨਾਲ ਦੱਸਦੇ ਸਨ ਕਿ ਇਹ ਐਚ ਐਮ ਵੀ ਦੀ ਚਿੱਠੀ ਹੈ ਚਰਨਜੀਤ ਆਹੂਜਾ ਦੇ ਸੰਗੀਤ 'ਚ ਨਵੇਂ ਗੀਤ ਰਿਕਾਰਡਿੰਗ ਕਰਨ ਦੀ। ਲੋਕ ਤਾੜੀਆਂ ਮਾਰਿਆ ਕਰਦੇ ਸਨ। ਪੰਜਾਬੀ ਫ਼ਿਲਮਾਂ 'ਚ ਚਰਨਜੀਤ ਆਹੂਜਾ ਦੀ ਪਕੜ ਜਿੰਨੀ ਕੁ ਵੀ ਉਹ ਚਾਹੁੰਦਾ ਸੀ ਬਣੀ ਰਹੀ ਹੈ। 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ..' ਸ਼ਾਇਦ ਕਿਸੇ ਨੂੰ ਵੀ ਨਹੀਂ ਭੁੱਲੇਗਾ। ਸ਼ਿੰਦਾ ਤੇ ਚਰਨਜੀਤ ਦੋਵੇਂ ਯਾਦ ਰਹਿਣਗੇ। ਜਿਨ੍ਹਾਂ ਨੇ 'ਜਿਉਣਾ ਮੌੜ', 'ਜੱਟ ਮਿਰਜ਼ਾ ਖਰਲਾਂ ਦਾ', 'ਸ਼ਹੀਦ ਭਗਤ ਸਿੰਘ' ਦੇ ਐਲ ਪੀ ਰਿਕਾਰਡ ਤੇ ਕੁਲਦੀਪ ਮਾਣਕ ਦੀ ਐਲਬਮ 'ਵੀਰ ਹੁੰਦੇ ਰੱਬ ਵਰਗੇ' ਧਿਆਨ ਨਾਲ ਸੁਣੇ ਨੇ ਉਨ੍ਹਾਂ ਨੂੰ ਪਤਾ ਹੈ ਕਿ ਜੈਸਵਨ ਜੱਸੀ ਨਾਂਅ ਦਾ ਕਮੈਂਟੇਟਰ ਲੱਭ ਕੇ ਲਿਆਉਣ ਵਾਲਾ ਵੀ ਚਰਨਜੀਤ ਆਹੂਜਾ ਸੀ। ਕਿਉਂਕਿ ਗੀਤਾਂ ਨਾਲੋਂ ਜੱਸੀ ਦੇ ਬੋਲਾਂ ਨੂੰ ਵੀ ਬਹੁਤ ਪਿਆਰ ਦਿੱਤਾ ਗਿਆ ਸੀ। ਦੇਵ ਥਰੀਕੇ ਵਾਲਾ ਕਹਿੰਦਾ ਹੁੰਦਾ ਸੀ ਚਰਨਜੀਤ ਵਰਗਾ ਕੋਈ ਨੀ, ਬਾਬੂ ਸਿੰਘ ਮਾਨ ਕਹਿੰਦਾ ਸੀ ਚਰਨਜੀਤ ਹੋਰ ਨਹੀਂ ਪੈਦਾ ਹੋਵੇਗਾ, ਜਸਵੰਤ ਸਿੰਘ ਭੰਵਰੇ ਨੇ ਬਹੁਤ ਵਾਰ ਕਿਹਾ ਕਿ ਜਿਹੜੀ ਥਾਂ ਚਰਨਜੀਤ ਨੇ ਬਣਾਈ ਹੈ ਉਹ ਥਾਂ ਲੈਣਾ ਮਾੜੇ ਧੀੜੇ ਸੰਗੀਤਕਾਰ ਦੇ ਵੱਸ ਦਾ ਰੋਗ ਹੀ ਨਹੀਂ। ਜਿੰਨੀ ਚਰਨਜੀਤ ਮਿਹਨਤ ਕਰਦਾ ਹੈ ਉਨੀ ਅੱਜ ਦੇ ਯੁੱਗ 'ਚ ਕੋਈ ਕਰ ਹੀ ਨਹੀਂ ਸਕਦਾ।
1994 'ਚ ਸ਼ੌਕੀ ਮੇਲਾ ਮਾਹਿਲਪੁਰ ਦੀ ਸਿਖਰ ਸੀ। ਇਕ ਇਹ ਕਿ ਗੁਰਦਾਸ ਤੋਂ ਸਿਵਾ ਚਰਨਜੀਤ ਆਹੂਜਾ ਸਮੇਤ ਪੰਜਾਬ ਦਾ ਹਰ ਗਾਇਕ ਹਾਜ਼ਰ ਸੀ ਤੇ ਦੂਜਾ ਇਸੇ ਸਾਲ ਪਹਿਲੀ ਵਾਰ ਜੈਂਜ਼ੀ ਬੀ ਤੇ ਮਨਮੋਹਨ ਵਾਰਿਸ ਦਾ ਇਸੇ ਮੇਲੇ ਨੇ ਤੁਆਰਫ ਕਰਵਾਇਆ ਸੀ। ਐਚ ਐਮ ਵੀ, ਸੋਨੋਟੋਨ, ਐਸ ਕਲਿਆਣੀ ਤਿੰਨ ਕੁ ਸਟੂਡੀਓ ਸੀ ਦਿੱਲੀ ਚ ਜਿੱਥੇ ਮੈਂ ਚਰਨਜੀਤ ਨੂੰ ਮਿਲਦਾ ਰਿਹਾ। ਉਹਨੇ ਆਪਣੇ ਇਸ ਕਥਨ ਨੂੰ ਸੱਚ ਕਰਕੇ ਦਿਖਾਇਆ ਕਿ ਜੇ ਮੈਂ ਪੰਜਾਬੀ ਸੰਗੀਤ 'ਚ ਜੀਵਿਆਂ ਹਾਂ ਤਾਂ ਆਖਰੀ ਸਾਹ ਵੀ ਪੰਜਾਬ 'ਚ ਲਵਾਂਗਾ ਤੇ ਉਹ ਪੰਜਾਬ 'ਚ ਆ ਕੇ ਪਰਿਵਾਰ ਸਮੇਤ ਵਸਿਆ। ਉਹ ਇਸ ਗੱਲ ਨੂੰ ਮੰਨਦਾ ਰਿਹਾ ਕਿ ਮੇਰੀ ਪਤਨੀ ਸੰਗੀਤਾ ਨੇ ਜਿੰਨਾ ਮੇਰਾ ਸਾਥ ਜ਼ਿੰਦਗੀ 'ਚ ਦਿੱਤਾ ਓਨਾ ਹੀ ਪੰਜਾਬੀਆਂ ਤੇ ਪੰਜਾਬੀ ਸੰਗੀਤ ਦੇ ਨੇੜੇ ਹੋਣ ਲਈ ਹੇਜ ਪੈਦਾ ਕਰਕੇ ਦਿੱਤਾ ਹੈ ਉਹਦਾ ਮੈਂ ਮੁੱਲ ਦੇ ਨਹੀਂ ਸਕਦਾ।
ਰੋਹਤਕ 'ਚ 29 ਜਨਵਰੀ, 1953 ਨੂੰ ਚਰਨਜੀਤ ਆਹੂਜਾ ਵੀਰਭਾਨ ਦੇ ਘਰ ਪੈਦਾ ਹੋਇਆ ਤੇ ਘਰ ਦੇ ਮਾਹੌਲ ਨੇ ਉਹਨੂੰ ਸੰਗੀਤ ਦੇ ਪਾਸੇ ਤੋਰਿਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਚਰਨਜੀਤ ਆਹੂਜਾ ਗਾਇਕ ਬਣਨਾ ਚਾਹੁੰਦਾ ਸੀ ਤੇ ਉਹਨੂੰ ਸੰਗੀਤਕਾਰ ਬਣਨ ਦਾ ਕੋਈ ਸੁਪਨਾ ਵੀ ਨਹੀਂ ਕਦੇ ਆਇਆ ਸੀ ਪਰ ਉਹ ਇਕ ਸਮਰੱਥ ਸੰਗੀਤਕਾਰ ਬਣਿਆ ਤੇ ਉਹਨੇ ਮੈਂਡੋਲੀਅਨ ਵਾਦਕ ਸੁਰਜੀਤ ਸਿੰਘ ਨੂੰ ਆਪਣਾ ਉਸਤਾਦ ਬਣਾਇਆ। ਬਹੁਤ ਸਾਰੇ ਗਾਇਕਾਂ ਦੀਆਂ ਧੁਨਾਂ ਚਰਨਜੀਤ ਨੇ ਬਣਾਈਆਂ ਤੇ ਕਈ ਇੰਨੀਆਂ ਕਠਿਨ ਬਣਾਈਆਂ ਨੇ ਕਿ ਇਨ੍ਹਾਂ ਤੇ ਨਿਭਣਾ ਔਖਾ ਬਹੁਤ ਹੁੰਦਾ ਸੀ ਪਰ ਉਹ ਇਕ ਗੱਲ ਕਹਿੰਦਾ ਰਿਹਾ ਕਿ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਦੀ ਖਾਸ ਗੱਲ ਇਹ ਸੀ ਕਿ ਉਹ ਰੀਟੇਕ ਬਹੁਤ ਘੱਟ ਕਰਦੇ ਸਨ। ਸ਼ਾਇਦ ਚਮਕੀਲੇ ਤੇ ਅਮਰਜੋਤ ਵਰਗੇ ਮਿੱਠੇ ਤੇ ਖੁੱਲ੍ਹੇ -ਖਲਾਸ ਗਲ਼ੇ ਵੀ ਪੰਜਾਬੀ ਗਾਇਕੀ ਨੂੰ ਕਦੇ ਨਸੀਬ ਨਾ ਹੋਣ। ਸਰਦੂਲ ਸਿਕੰਦਰ ਦੇ ਵਿਆਹ ਦੀ ਪਾਰਟੀ ਵੇਲੇ ਖੰਨੇ 'ਚ ਚਰਨਜੀਤ ਆਹੂਜਾ ਨੇ ਗੀਤ ਗਾਇਆ ਸੀ 'ਦੁਨੀਆ 'ਤੇ ਜੁੱਗ ਜੁੱਗ ਜਿਉਣ ਭਾਬੀਆਂ' ਉਦੋਂ ਦਰਜਨਾਂ ਗਵੱਈਆ 'ਚ ਚਰਨਜੀਤ ਲਈ ਸ਼ਾਇਦ ਸਭ ਤੋਂ ਵੱਧ ਤਾਲੀਆਂ ਵੱਜੀਆਂ ਸਨ। 'ਸੁਣਿਆ ਨੀ ਤੇਰੇ ਹੋ ਗਏ ਅੜੀਏ ਉੱਚੇ ਘਰ ਵਿਚ ਮੰਗਣੇ ਨੀ× , ਚੋਟ ਸੱਜਰੀ ਲੱਗੀ ਆ ਹਾਲੇ ਤਾਂ ਕਰਕੇ...' ਮੰਗਲ ਨੂੰ ਮੰਗਲ ਬਣਾਉਣ ਵਿਚ ਵੀ ਚਰਨਜੀਤ ਦੀ ਵੱਡੀ ਦੇਣ ਤੇ ਪ੍ਰਾਪਤੀ ਸੀ। 'ਕਾਹਨੂੰ ਸਾਨੂੰ ਚਾਹ ਪੁੱਛਦਾਂ',× 'ਪੱਟੇ ਗਏ ਮੁੰਡੇ ਤੇਰੇ ਨੀ ਪਿਆਰ ਦੇ...', 'ਚੌਂਕ ਵਿਚ ਖੋਲ੍ਹੀ ਬੈਠਾ ਰੀਲਾਂ ਦੀ ਦੁਕਾਨ...', 'ਸੋਰੀ ਰੋਂਗ ਨੰਬਰ' ਤੇ ਹੰਸ ਦਾ ਸਭ ਤੋਂ ਪਹਿਲਾਂ ਐਲਪੀ ਰਿਕਾਰਡ 'ਜੋਗੀਆਂ ਦੇ ਕੰਨਾਂ ਵਿਚ' ਚਰਨਜੀਤ ਨੇ ਰਿਕਾਰਡ ਕੀਤਾ ਸੀ ਸਾਹਨੀ ਰੇਡੀਓ ਵਾਲਿਆਂ ਦੇ ਯਤਨਾਂ ਨਾਲ। ਇਹਦੇ ਚੋਂ ਦੋ ਗੀਤ 'ਅਸੀਂ 'ਕੱਲੇ ਰਹਿ ਗਏ ਤੇਰਾ ਨੀ ਵਿਆਹ ਹੋ ਗਿਆ', 'ਸੱਸੀ ਸੁਤੀ ਨਾਲ ਪਾ ਗਿਓਂ ਜੁਦਾਈ ਪੁੰਨਣਾਂ...' ਆਲ ਇੰਡੀਆ ਰੇਡੀਓ 'ਤੇ ਬਹੁਤ ਵੱਜੇ ਸਨ। ਉਸ ਤੋਂ ਬਾਅਦ ਜੇ ਹੰਸ ਰਾਜ ਦੀ ਪ੍ਰਾਪਤੀ ਦਾ ਜੋ ਵੱਡਾ ਸਤੰਭ ਖੜ੍ਹਾ ਹੋਇਆ ਤੇ ਉਹਦੇ 'ਚ ਚਰਨਜੀਤ ਆਹੂਜਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਪੰਜਾਬੀ ਸੰਗੀਤ ਉਦਯੋਗ ਚ ਇਸ ਗੱਲ ਨੂੰ ਸਵੀਕਾਰ ਕੀਤਾ ਜਾਂਦਾ ਰਿਹਾ ਹੈ ਕਿ ਜਿਸ ਵੀ ਗਵੱਈਏ ਨੂੰ ਚਰਨਜੀਤ ਨੇ ਰਿਕਾਰਡ ਕੀਤਾ, ਉਸ ਦਾ ਹਿੱਟ ਹੋਣਾ ਤੇ ਚੱਲਣਾ ਇਹ ਗਰੰਟੀ ਹੁੰਦੀ ਸੀ। ਕਮਾਲ ਇਹ ਵੀ ਦੇਖੋ ਕਿ ਸਾਜਨ ਰਾਏਕੋਟੀ ਦਾ ਲਿਖਿਆ ਤੇ ਗਾਇਆ ਇਕ ਗੀਤ ਬਹੁਤ ਚਿਰ ਪਹਿਲਾਂ ਵੀ ਰਿਕਾਰਡ ਹੋ ਗਿਆ ਸੀ ਪਰ ਇਸ ਗੀਤ ਨੂੰ ਮੁੜ ਕੇ ਸਰਦੂਲ ਸਿਕੰਦਰ ਦੀ ਆਵਾਜ਼ 'ਚ ਚਰਨਜੀਤ ਨੇ ਰਿਕਾਰਡ ਕੀਤਾ ਤਾਂ ਹਿੱਟ ਹੋਣ ਦਾ ਨਵਾਂ ਰਿਕਾਰਡ ਪੈਦਾ ਹੋਇਆ। 'ਸਿੱਖ ਲੈ ਕਲੈਹਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ' ਤਾਂ ਚਰਨਜੀਤ ਨੇ ਇਸ ਗੀਤ 'ਚ ਮੋਰ ਨੂੰ ਆਪਣੇ ਸੰਗੀਤ ਜ਼ਰੀਏ ਤੁਰਦਾ ਦਿਖਾਇਆ ਤੇ ਪੈਲਾਂ ਪਾਉਂਦਾ ਵੀ। ਇਹ ਕ੍ਰਿਸ਼ਮਾ ਆਹੂਜਾ ਹੀ ਵਿਖਾ ਸਕਦਾ ਸੀ। ਜਿਨ੍ਹਾਂ ਨੇ ਕੁਲਦੀਪ ਮਾਣਕ ਦਾ ਗੀਤ 'ਇਹ ਦੁਨੀਆ ਧੋਖੇਬਾਜ਼ਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ' ਸੁਣਿਆ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਇਹਦੇ ਵਿਚ ਹਰਮੋਨੀਅਮ ਵਾਦਕ ਖਾਨੀ ਤੋਂ ਜਿਹੜੇ ਪੋਟੇ ਆਹੂਜਾ ਨੇ ਲਵਾਏ ਸਨ ਸ਼ਾਇਦ ਉਹ ਮੁੜ ਕੇ ਕਿਸੇ ਤੋਂ ਲਗਾਉਣੇ ਸੰਭਵ ਹੀ ਨਾ ਹੋ ਸਕਣ।
ਨਾ ਮੁਰਾਦ ਬਿਮਾਰੀ ਕੈਂਸਰ ਨਾਲ ਚਰਨਜੀਤ ਆਹੂਜਾ 30 ਕੁ ਸਾਲ ਪਹਿਲਾਂ ਵੀ ਉਲਝ ਗਿਆ ਸੀ ਪਰ ਉਦੋਂ ਉਹਨੇ ਇਸ ਬਿਮਾਰੀ ਨੂੰ ਢਾਅ ਲਿਆ। ਰੋਹਤਕ 'ਚ ਚੜ੍ਹਿਆ ਸੰਗੀਤ ਦਾ ਇਹ ਚੰਨ 21 ਸਤੰਬਰ ਨੂੰ ਮੁਹਾਲੀ 'ਚ ਅਸਤ ਹੋ ਗਿਆ ਤੇ ਪੰਜਾਬੀ ਸੰਗੀਤ ਦਾ ਇਹ ਮਹਾਨ ਵਾਰਿਸ ਸਾਥੋਂ ਸਦਾ ਲਈ ਵਿੱਛੜ ਗਿਆ। ਚਰਨਜੀਤ ਦਾ ਤੁਰ ਜਾਣਾ ਸੰਗੀਤ ਜਗਤ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ashokbhaura@gmail.com