ਅਕਸਰ ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ, ਲਿਖਤਾਂ ਤਾਂ ਬਹੁਤ ਲਿਖੀਆਂ ਜਾਂਦੀਆਂ ਨੇ, ਨਾਅਰੇ ਵੀ ਬਹੁਤ ਲਗਾਏ ਜਾਂਦੇ ਨੇ, ਬੇਟੀਆਂ ਦੇ ਹੱਕ ਵਿਚ, ਨਾਰੀ ਸ਼ਕਤੀ ਲਈ, ਬੇਟੀਆਂ ਨੂੰ ਬੇਟਿਆਂ ਬਰਾਬਰ ਹੱਕ ਦੇਣ ਲਈ ਪਰ ਅਜੇ ਵੀ ਬਹੁਤੇ ਥਾਈਂ ਜ਼ਮੀਨੀ ਹਕੀਕਤਾਂ ਇਨ੍ਹਾਂ ਸਭ ਗੱਲਾਂ ਨਾਲ ਮੇਲ ਨਹੀਂ ਖਾਂਦੀਆਂ।
ਪਰ ਅੱਜ ਇਸ ਲੇਖ ਰਾਹੀਂ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਹਟ ਕੇ ਕੁਝ ਹੋਰ ਖ਼ਾਸ ਗੱਲ ਕਰਨੀ ਚਾਹੁੰਦੇ ਹਾਂ। ਅੱਜ ਦਾ ਲੇਖ ਉਨ੍ਹਾਂ ਸਾਰੀਆਂ ਬੇਟੀਆਂ ਨੂੰ ਸਮਰਪਿਤ ਹੈ ਜੋ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦੀਆਂ ਨੇ ਤੇ ਨਾਲ ਹੀ ਇਹ ਲੇਖ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਵੀ ਸਮਰਪਿਤ ਹੈ, ਜੋ ਬੇਟੀ ਦੀ ਸ਼ਕਤੀ, ਉਹਦੀ ਅਹਿਮੀਅਤ ਨੂੰ ਆਪਣੀ ਜ਼ਿੰਦਗੀ ਵਿਚ ਸੱਚਮੁੱਚ ਮਾਣ ਦਿੰਦੇੇ ਨੇ।
'ਕੌਮੀ ਬੇਟੀ ਦਿਵਸ' ਮਨਾਉਣ ਦਾ ਮਕਸਦ ਹੈ ਮਾਤਾ-ਪਿਤਾ ਤੇ ਬੇਟੀਆਂ ਵਿਚਕਾਰ ਖ਼ਾਸ ਸਾਂਝ ਨੂੰ ਉਜਾਗਰ ਕਰਨਾ, ਬੇਟੀਆਂ ਦੀ ਹੋਂਦ ਦਾ ਜਸ਼ਨ ਮਨਾਉਣਾ, ਉਨ੍ਹਾਂ ਪ੍ਰਤੀ ਪਿਆਰ ਨੂੰ ਜ਼ਾਹਿਰ ਕਰਨਾ ਤੇ ਜੋ ਖ਼ੁਸ਼ੀ, ਉਹ ਸਾਰਿਆਂ ਦੀ ਜ਼ਿੰਦਗੀ ਵਿਚ ਲਿਆਉਂਦੀਆਂ ਨੇ ਉਹ ਖ਼ੁਸ਼ੀ ਉਨ੍ਹਾਂ ਨੂੰ ਵਾਪਸ ਦੇਣ ਲਈ ਉਪਰਾਲੇ ਕਰਨਾ।
ਇਕ ਬੇਟੀ ਅਸਲ ਵਿਚ ਆਪਣੇ ਪਰਿਵਾਰ ਲਈ ਥੰਮ੍ਹ ਦਾ ਕੰਮ ਕਰਦੀ ਹੈ। ਉਹ ਪਰਿਵਾਰ ਲਈ ਭਾਵਨਾਤਮਿਕ ਥੰਮ੍ਹ ਬਣ ਕੇ ਉੱਭਰਦੀ ਹੈ। ਇਕ ਬੇਟੀ ਬਚਪਨ ਤੋਂ ਆਪਣੀ ਗੱਲ ਜੋ ਸਾਰਿਆਂ ਦੇ ਹਿੱਤ ਵਿਚ ਹੁੰਦੀ ਹੈ, ਪੂਰੇ ਹੱਕ ਤੇ ਜ਼ੋਰ ਨਾਲ ਪਰਿਵਾਰ ਸਾਹਮਣੇ ਰੱਖਦੀ ਹੈ। ਉਸ ਦੀ ਜ਼ਿਦ ਵਿਚ ਉਸ ਦਾ ਗੱਲ ਪੂਰੀ ਕਰਵਾਉਣ ਵਿਚ ਕੋਈ ਵੀ ਸੁਆਰਥ ਜਾਂ ਨਿੱਜੀ ਮਕਸਦ ਨਹੀਂ ਹੁੰਦਾ। ਉਹ ਸਿਰਫ਼ ਤੇ ਸਿਰਫ਼ ਆਪਣਿਆਂ ਲਈ ਇਕ ਤਾਕਤ ਵਾਂਗ ਉਭਰਨ ਦੀ ਕੋਸ਼ਿਸ਼ ਕਰਦੀ ਹੈ।
ਪਰਿਵਾਰਾਂ ਵਿਚ ਬੇਟੀਆਂ ਸ਼ਾਂਤੀ ਦੂਤ ਦਾ ਰੋਲ ਬਾਖੂਬੀ ਨਿਭਾਉਂਦੀਆਂ ਨੇ। ਆਪਸੀ ਮਨਮੁਟਾਵਾਂ ਨੂੰ ਖ਼ਤਮ ਕਰਨ ਲਈ ਹਰ ਵੇਲੇ ਤਤਪਰ ਰਹਿੰਦੀਆਂ ਨੇ ਤੇ ਇਨ੍ਹਾਂ ਨੂੰ ਬੜੀ ਖ਼ੂਬੀ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਦੀਆਂ ਨੇ।
ਅਕਸਰ ਸੁਣਦੇ ਹਾਂ ਲੜਕੇ ਕੁੱਲ ਨੂੰ ਅੱਗੇ ਚਲਾਉਂਦੇ ਨੇ, ਪਰ ਇਹ ਸੋਚ ਹੁਣ ਉਨ੍ਹਾਂ ਪਰਿਵਾਰਾਂ ਦੀ ਨਹੀਂ ਰਹੀ ਜੋ ਇਸ ਹਕੀਕਤ ਨੂੰ ਮੰਨ ਚੁੱਕੇ ਨੇ ਕਿ ਬੇਟੀ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਦੀ ਹੈ। ਪਰਿਵਾਰ ਦੀਆਂ ਰਵਾਇਤਾਂ ਦੀ ਪਾਲਣਾ ਕਰਕੇ, ਉਨ੍ਹਾਂ ਨੂੰ ਸਾਂਭਣ ਦਾ ਰੋਲ ਇਕ ਬੇਟੀ ਬਾਖੂਬੀ ਨਿਭਾਉਂਦੀ ਹੈ। ਇਕ ਬੇਟਾ ਤੇ ਬੇਟੀ ਦੀ ਮਨੋਭਾਵਨਾ, ਘਰਦਿਆਂ ਲਈ ਪਹੁੰਚ ਵੱਖਰੇ ਜ਼ਰੂਰ ਹੁੰਦੇ ਨੇ ਪਰ ਦੋਵੇਂ ਹੀ ਆਪਣੀ-ਆਪਣੀ ਜਗ੍ਹਾ ਬਾਖੂਬੀ ਰੋਲ ਨਿਭਾਉਂਦੇ ਨੇ, ਪਰ ਬੇਟੀ ਭਾਵਨਾਵਾਂ ਦਾ ਪ੍ਰਗਟਾਵਾ ਖੁੱਲ੍ਹ ਕੇ ਕਰਦੀ ਹੈ ਤੇ ਜ਼ਿਆਦਾ ਆਪਸੀ ਸਾਂਝ ਬਣਾਉਣ ਵਾਲੀ ਹੁੰਦੀ ਹੈ।
ਇਕ ਔਰਤ ਹਮੇਸ਼ਾ ਚਾਹੇਗੀ ਕਿ ਉਸ ਦੀ ਇਕ ਬੇਟੀ ਜ਼ਰੂਰ ਹੋਵੇ, ਕਿਉਂਕਿ ਜੋ ਉਸ ਨੇ ਖ਼ੁਦ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਆਪਣੇ ਪਰਿਵਾਰ ਖ਼ਾਸ ਕਰਕੇ ਮਾਂ-ਬਾਪ ਲਈ ਮਹਿਸੂਸ ਕੀਤਾ ਹੁੰਦਾ ਹੈ, ਉਹ ਸਾਰਾ ਕੁਝ ਉਹ ਆਪਣੇ ਲਈ ਵੀ ਚਾਹੁੰਦੀ ਹੈ। ਉਹ ਇਕ ਲੜਕੀ ਦੇ ਅੰਦਰਲੀ ਭਾਵਨਾਤਮਿਕਤਾ ਦੀ ਅਸਲੀ ਧੜਕਨ ਤੋਂ ਜਾਣੂ ਹੁੰਦੀ ਹੈ ਤੇ ਹਮੇਸ਼ਾ ਚਾਹੁੰਦੀ ਹੈ ਕਿ ਆਪਣੀ ਬੇਟੀ ਰਾਹੀਂ ਉਹ ਇਸ ਨੂੰ ਮਹਿਸੂਸ ਕਰੇ, ਉਸ ਨੂੰ ਆਪਣੀ ਬੇਟੀ ਤੋਂ ਉਹੀ ਮਾਣ ਮਿਲੇ ਜੋ ਆਪਣੇ ਵੱਡਿਆਂ ਲਈ ਉਹ ਰੱਖਦੀ ਆਈ ਹੈ।
ਬੇਟੀਆਂ ਬਹੁਤ ਛੇਤੀ ਤੇ ਛੋਟੀ ਉਮਰ ਵਿਚ ਸਿਆਣੀਆਂ ਹੋ ਜਾਂਦੀਆਂ ਨੇ। ਅੱਜ ਤੇਜ਼ ਵਧਦੇ ਸਮੇਂ ਨਾਲ ਬੱਚੇ ਬਹੁਤ ਜਾਗਰੂਕ ਹੋ ਗਏ ਨੇ, ਇਕ ਬੇਟੀ ਜੇਕਰ ਹੋਰ ਕੁਝ ਨਾ ਵੀ ਕਰੇ ਪਰ ਮੁਸ਼ਕਿਲ ਸਮੇਂ ਦੀ ਘੜੀ ਵਿਚ ਜਦ ਹਰ ਗੱਲ ਸਮਝ ਕੇ ਮਾਨਸਿਕ ਆਸਰਾ ਦੇਵੇ ਤਾਂ ਉਸ ਵੇਲੇ ਮਾਤਾ-ਪਿਤਾ, ਖ਼ਾਸ ਕਰਕੇ ਇਕ ਮਾਂ, ਦਾ ਜੀਵਨ ਸਫਲ ਹੋ ਜਾਂਦਾ ਹੈ ਤੇ ਔਖੀ ਘੜੀ ਵਿਚੋਂ ਲੰਘਣ ਦਾ ਰਾਹ ਆਸਾਨ ਹੋ ਜਾਂਦਾ ਹੈ। ਬੇਟੀਆਂ ਇਕੱਲੇ ਪਰਿਵਾਰ ਹੀ ਨਹੀਂ ਸਮਾਜ, ਦੇਸ਼ ਦੀ ਤਰੱਕੀ ਤੇ ਉੱਨਤੀ ਵਿਚ ਵੀ ਬਹੁਤ ਰੋਲ ਨਿਭਾਅ ਰਹੀਆਂ ਨੇ।
ਇਕ ਬੇਟੀ ਪੜ੍ਹ-ਲਿਖ ਕੇ ਹਮੇਸ਼ਾ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ ਤੇ ਹਮੇਸ਼ਾ ਇਕ ਖਿਆਲ ਉਸ ਦੇ ਜ਼ਿਹਨ ਵਿਚ ਰਹਿੰਦਾ ਹੈ ਕਿ, ਚਾਹੇ ਉਹ ਨੌਕਰੀਸ਼ੁਦਾ ਹੋਵੇ ਜਾਂ ਘਰ ਦੀ ਦੇਖਭਾਲ ਕਰਨ ਵਾਲੀ ਹੋਵੇ, ਉਹ ਹਰ ਕੰਮ ਨੂੰ ਬਹੁਤ ਹੀ ਸੰਪੂਰਨਤਾ ਨਾਲ ਕਰਨ ਦੀ ਇੱਛਾ ਰੱਖਦੀ ਹੈ। ਹਰ ਵੇਲੇ ਆਪਣੇ ਮਾਤਾ-ਪਿਤਾ ਵਲੋਂ ਕੀਤੀਆਂ ਕੁਰਬਾਨੀਆਂ ਤੇ ਯਤਨਾਂ ਪ੍ਰਤੀ ਸ਼ੁਕਰਾਨਾ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਮੇਸ਼ਾ ਕੁਝ ਕਰ ਦਿਖਾਉਣ ਦਾ ਜਜ਼ਬਾ ਰੱਖਦੀ ਹੈ। ਇਸ ਕਰਕੇ ਅੱਜ ਦੇਸ਼ ਦੀਆਂ ਬੇਟੀਆਂ ਬਹੁਤ ਉੱਚੇ ਮੁਕਾਮਾਂ 'ਤੇ ਪਹੁੰਚ ਗਈਆਂ ਨੇ, ਵੱਡੇ ਅਹੁਦੇ ਸੰਭਾਲ ਰਹੀਆਂ ਨੇ ਤੇ ਦੇਸ਼ ਦਾ ਮਾਣ ਵਧਾ ਰਹੀਆਂ ਨੇ।
ਬੇਟੀ ਉਹ ਸ਼ਕਤੀ ਹੈ ਜੋ ਮਾਂ, ਭੈਣ, ਪਿਤਾ ਤੇ ਭਰਾ ਦਾ ਵੀ ਰੋਲ ਲੋੜ ਪੈਣ 'ਤੇ ਨਿਭਾਅ ਸਕਦੀ ਹੈ। ਉਸ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪਰਿਵਾਰ ਵਿਚ ਸਭ ਠੀਕ ਰਹੇ ਤੇ ਉਹ ਅਖੀਰ ਤੱਕ ਸਭ ਨੂੰ ਜੋੜ ਕੇ ਰੱਖਣ ਦੀ ਇੱਛਾ ਰੱਖਦੀ ਹੈ। ਜਿਵੇਂ ਕਿ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ, ਇਹ ਲੇਖ ਕਿਨ੍ਹਾਂ ਪਰਿਵਾਰਾਂ ਤੇ ਬੇਟੀਆਂ ਨੂੰ ਸਮਰਪਿਤ ਹੈ-ਇਕ ਵਾਰ ਫੇਰ ਹਰ ਉਸ ਮਾਤਾ, ਪਿਤਾ ਤੇ ਪਰਿਵਾਰ ਜਿਨ੍ਹਾਂ ਨੂੰ ਬੇਟੀ ਨਸੀਬ ਹੋਈ ਹੈ, ਨੂੰ ਅਪੀਲ ਹੈ ਕਿ ਉਸ ਦੀ ਹੋਂਦ ਦੀ ਕਦਰ ਕਰੋ, ਬੇਟੀ ਸਿਰਫ਼ ਇਕ ਪਰੀ ਬਣ ਕੇ ਜ਼ਿੰਦਗੀਆਂ ਰੁਸ਼ਨਾਉਣ ਲਈ ਰੱਬ ਵਲੋਂ ਨਹੀਂ ਭੇਜੀ ਗਈ, ਸਗੋਂ ਉਹ ਇਕ ਅਜਿਹੀ ਗੂੰਦ ਦਾ ਕੰਮ ਵੀ ਕਰਦੀ ਹੈ, ਜੋ ਪਰਿਵਾਰ ਦੇ ਦਿਲ ਦੀ ਧੜਕਨ ਨੂੰ ਇਕ ਬਣਾ ਕੇ ਆਪਸ ਵਿਚ ਜੋੜ ਕੇ ਰੱਖਦੀ ਹੈ। ਸੋ, ਕੌਮੀ ਬੇਟੀ ਦਿਵਸ ਦੇ ਮੌਕੇ 'ਤੇ ਰੱਬ ਦਾ ਸ਼ੁਕਰਾਨਾ ਕਰੀਏ ਤੇ ਆਪਣੇ-ਆਪ ਨੂੰ ਕਿਸਮਤ ਦਾ ਧਨੀ ਮੰਨੀਏ ਕਿ ਸਾਨੂੰ ਬੇਟੀ ਦੀ ਦਾਤ ਮਿਲੀ ਹੈ ਕਿਉਂਕਿ ਇਹ ਉਹ ਹੀਰਾ ਹੈ ਜਿਸ ਦਾ ਮੁੱਲ ਸਾਨੂੰ ਜ਼ਿੰਦਗੀ ਦੇ ਹਰ ਬੀਤਦੇ ਦਿਨ ਨਾਲ ਪਤਾ ਲਗਦਾ ਰਹਿੰਦਾ ਹੈ। ਹੇਠ ਲਿਖੀਆਂ ਸਤਰਾਂ ਵਿਚ ਬਹੁਤ ਸਚਾਈ ਛੁਪੀ ਹੈ, ਗੱਲ ਸਿਰਫ਼ ਸਮਝਣ ਤੇ ਮੰਨਣ ਦੀ ਹੈ।
* ਬੇਟੀ-ਰੱਬ ਵਲੋਂ ਭੇਜਿਆ ਉਹ ਤੋਹਫ਼ਾ ਹੈ, ਜੋ ਉਮਰ ਭਰ ਦੇ ਦੋਸਤ ਵਾਂਗ ਸਾਡੀ ਤਾਕਤ ਬਣਦੀ ਹੈ।
* ਧੀਆਂ ਤੋਂ ਬਿਨਾਂ
ਨਾ ਵਿਹੜੇ ਸਹਾਉਂਦੇ ਨੇ
ਧੀਆਂ ਨਾਲ ਹੀ
ਘਰ 'ਚ ਬਹਾਰ ਹੁੰਦੀ
ਇਹ ਤਾਂ
ਦੁੱਖ ਵੰਡਾਉਣਾ ਜਾਣਦੀਆਂ ਨੇ
ਮੂਰਖ ਨੇ
ਲੋਕ ਜਿਹੜੇ ਕਹਿੰਦੇ
ਧੀ ਭਾਰ ਹੁੰਦੀ।
ਹੁੰਦੀ ਦੁਨੀਆ ਉਸੇ ਤੋਂ ਸ਼ੁਰੂ ਬੇਟੀ ਰੱਬ ਦਾ ਵਰਦਾਨ ਹੈ
ਅਜੀਤ ਡੈਸਕ
28-09-2025