ਇਹ ਗੱਲ ਸੋਲ੍ਹਾਂ ਆਨੇ ਖਰ੍ਹੀ ਹੈ ਕਿ ਦਿਲ ਸਾਡੇ ਸਰੀਰ ਦਾ ਇਕ ਅਹਿਮ ਅੰਗ ਹੈ। ਇਹ ਮਾਂ ਦੇ ਗਰਭ ਤੋਂ ਲੈ ਕੇ ਸਾਡੇ ਆਖ਼ਰੀ ਸਾਹਾਂ ਤੱਕ ਸਾਡਾ ਸਾਥ ਨਿਭਾਉਂਦਾ ਹੈ। ਸਾਡੇ ਸਮੁੱਚੇ ਜੀਵਨ ਕਾਲ ਦੌਰਾਨ ਸਾਡੇ ਸਰੀਰ ਦੇ ਹੋਰ ਸਾਰੇ ਅੰਗ ਭਾਵੇਂ ਕਿਧਰੇ ਘੜੀ ਪਲ ਲਈ ਆਰਾਮ ਕਰ ਲੈਂਦੇ ਹੋਣ ਪਰ ਵਿਚਾਰੇ ਦਿਲ ਨੂੰ ਇਕ ਵੀ ਪਲ ਆਰਾਮ ਦਾ ਨਹੀਂ ਮਿਲਦਾ ਹੈ। ਇਹ ਵਿਚਾਰਾ ਦਿਨ-ਰਾਤ, ਹਫ਼ਤੇ, ਮਹੀਨੇ ਅਤੇ ਸਾਲ ਦਰ ਸਾਲ ਨਿਰੰਤਰ ਧੜਕਦਾ ਰਹਿੰਦਾ ਹੈ ਤੇ ਫਿਰ ਜਿਸ ਦਿਨ ਇਹ ਰੁਕਦਾ ਹੈ, ਸਾਡੀ ਜ਼ਿੰਦਗੀ ਦੀ ਗੱਡੀ ਦੇ ਪਹੀਆਂ ਨੂੰ ਵਿਰਾਮ ਲੱਗ ਜਾਂਦਾ ਹੈ। ਸ਼ਾਇਰਾਂ ਅਤੇ ਪ੍ਰੇਮੀਆਂ ਲਈ ਤਾਂ 'ਦਿਲ ਲੈਣਾ' ਜਾਂ 'ਦਿਲ ਦੇਣਾ' ਭਾਵੇਂ 'ਸੌਦਾ ਇੱਕੋ ਜਿਹਾ' ਲੱਗਦਾ ਹੋਵੇ ਪਰ ਇਕ ਹਾਰਟ ਸਰਜਨ ਲਈ 'ਕਿਸੇ ਦਾ ਦਿਲ ਲੈਣਾ' ਅਤੇ 'ਕਿਸੇ ਨੂੰ ਦਿਲ ਦੇਣਾ' ਭਾਰੀ ਮੁਸ਼ੱਕਤ ਦਾ ਕੰਮ ਹੁੰਦਾ ਹੈ। ਕਿਸੇ ਗੱਭਰੂ ਦਾ ਦਿਲ ਜਦੋਂ ਕਿਸੇ ਮੁਟਿਆਰ 'ਤੇ ਆ ਜਾਂਦਾ ਹੈ ਤਾਂ ਫਿਰ ਉਸ ਦਾ ਦਿਲ ਕਿਸੇ ਕੰਮ 'ਚ ਨਹੀਂ ਲੱਗਦਾ ਹੈ। ਉਸ ਨੂੰ ਭੁੱਖ-ਪਿਆਸ, ਦੁੱਖ-ਸੁੱਖ, ਰਿਸ਼ਤੇ-ਨਾਤੇ ਸਭ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਉਹ ਵਿਚਾਰਾ ਪ੍ਰੇਮੀ 'ਕਿਸੇ ਕੰਮ ਦਾ ਨਹੀਂ ਰਹਿੰਦਾ' ਹੈ। ਖ਼ੈਰ, ਅੱਜ ਅਸੀਂ ਸ਼ਾਇਰਾਂ ਜਾਂ ਪ੍ਰੇਮੀਆਂ ਦੇ ਉਸ ਕਾਲਪਨਿਕ ਦਿਲ ਦੀ ਗੱਲ ਨਹੀਂ ਕਰਾਂਗੇ, ਜੋ ਬੜੀ ਹੀ ਆਸਾਨੀ ਨਾਲ ਲਿਆ ਜਾਂ ਦਿੱਤਾ ਜਾਂਦਾ ਹੈ ਤੇ ਸੰਬੰਧਾਂ ਵਿਚ ਤਣਾਅ ਆ ਜਾਣ 'ਤੇ ਕਦੇ-ਕਦੇ 'ਟੁੱਟ' ਕੇ ਚੂਰੋ-ਚੂਰ ਵੀ ਹੋ ਜਾਂਦਾ ਹੈ, ਸਗੋਂ ਅੱਜ ਅਸੀਂ ਉਸ ਦਿਲ ਦੀ ਗੱਲ ਕਰਾਂਗੇ, ਜੋ ਸਾਰੀ ਉਮਰ ਸਾਡੇ ਸੀਨੇ ਵਿਚ ਧੜਕਦਾ ਹੈ ਤੇ ਸਾਡੀ 'ਅਣਥੱਕ ਸੇਵਾ' ਵਿਚ ਲੀਨ ਰਹਿੰਦਾ ਹੈ।
ਦਰਅਸਲ ਸਾਡਾ ਦਿਲ ਸਾਡੇ ਸਰੀਰ ਦਾ ਇਕ ਬੜਾ ਹੀ ਕੋਮਲ ਅਤੇ ਮਹੱਤਵਪੂਰਨ ਅੰਗ ਹੈ। ਇਹ ਸਾਡੀ ਛਾਤੀ ਦੇ ਕੇਂਦਰ ਤੋਂ ਰਤਾ ਖੱਬੇ ਪਾਸੇ ਵੱਲ ਨੂੰ ਪਾਇਆ ਜਾਂਦਾ ਹੈ। ਮਨੁੱਖੀ ਦਿਲ ਦੇ ਮੋਟੇ ਤੌਰ 'ਤੇ ਚਾਰ ਹਿੱਸੇ ਜਾਂ ਕਮਰੇ ਹੁੰਦੇ ਹਨ ਜਿਨ੍ਹਾਂ ਵਿਚੋਂ ਦੋ ਉੱਪਰ ਤੇ ਦੋ ਹੇਠਾਂ ਹੁੰਦੇ ਹਨ। ਉੱਪਰ ਵਾਲੇ ਦੋ ਕਮਰਿਆਂ ਨੂੰ 'ਆਟਰੀਆ' ਤੇ ਹੇਠਲੇ ਦੋ ਕਮਰਿਆ ਨੂੰ 'ਵੈਂਟਰੀਕਲਜ਼' ਆਖਿਆ ਜਾਂਦਾ ਹੈ। ਦਿਲ ਦਾ ਮੁੱਖ ਕਾਰਜ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਆਕਸੀਜਨ ਭਰਪੂਰ ਲਹੂ ਪਹੁੰਚਾਉਣਾ ਹੈ। ਇਸ ਦਿਲ ਦਾ ਸੱਜਾ ਪਾਸਾ ਘੱਟ ਆਕਸੀਜਨ ਵਾਲੇ ਲਹੂ ਨੂੰ ਫ਼ੇਫ਼ੜਿਆਂ ਵੱਲ ਨੂੰ ਪੰਪ ਕਰਦਾ ਹੈ, ਜਦੋਂ ਕਿ ਇਸ ਦਾ ਖੱਬਾ ਪਾਸਾ ਸਰੀਰ ਦੇ ਬਾਕੀ ਸਾਰੇ ਭਾਗਾਂ ਨੂੰ ਆਕਸੀਜਨ ਭਰਪੂਰ ਲਹੂ ਪ੍ਰਦਾਨ ਕਰਦਾ ਹੈ। ਸਾਡੇ ਇਸ ਨਿਮਾਣੇ ਜਿਹੇ ਦਿਲ ਦਾ ਆਕਾਰ ਇਕ ਬਾਲਗ ਸ਼ਖ਼ਸ ਦੀ ਮੁੱਠੀ ਦੇ ਬਰਾਬਰ ਹੁੰਦਾ ਹੈ ਤੇ ਆਮ ਕਰਕੇ ਇਹ ਇਕ ਮਿੰਟ ਵਿਚ 72 ਵਾਰ ਧੜਕਦਾ ਹੈ। ਅਸੀਂ ਕਦੇ ਸੋਚਿਆ ਵੀ ਨਹੀਂ ਹੈ ਕਿ ਸਾਡਾ ਦਿਲ ਇਕ ਦਿਨ ਵਿਚ ਲਗਪਗ ਇਕ ਲੱਖ ਵਾਰ ਅਤੇ ਇਕ ਔਸਤ ਜੀਵਨ ਕਾਲ ਵਿਚ ਤਕਰੀਬਨ 250 ਕਰੋੜ ਤੋਂ 300 ਕਰੋੜ ਵਾਰ ਧੜਕਦਾ ਹੈ। ਸਾਡੇ ਦਿਲ ਦੀ ਧੜਕਣ ਦੀ ਆਵਾਜ਼ ਦਿਲ ਦੇ ਵਾਲ (ਵਾਲਵ ) ਦੇ ਵਾਰ-ਵਾਰ ਖੁੱਲ੍ਹਣ ਅਤੇ ਬੰਦ ਹੋਣ ਕਰਕੇ ਆਉਂਦੀ ਹੈ। ਸਾਡਾ ਇਹ ਦਿਲ ਕੁਦਰਤ ਦੀ ਬਣਾਇਆ ਕਿੰਨਾ ਬਚਿੱਤਰ ਕ੍ਰਿਸ਼ਮਾ ਹੈ ਕਿ ਜੇਕਰ ਦਿਲ ਨੂੰ ਸਰੀਰ ਨਾਲੋਂ ਵੱਖ ਵੀ ਕਰ ਦਿੱਤਾ ਜਾਵੇ ਤਾਂ ਵੀ ਇਹ ਕੁਝ ਦੇਰ ਤੱਕ ਧੜਕਦਾ ਰਹਿੰਦਾ ਹੈ।
ਸਾਡੇ ਦਿਲ ਦਾ ਮੁੱਖ ਕਾਰਜ ਸਾਡੇ ਲਹੂ ਨੂੰ ਪੰਪ ਕਰਨਾ ਹੁੰਦਾ ਹੈ ਤੇ ਇਹ ਵਿਚਾਰਾ ਕਰੜੀ ਮਿਹਨਤ ਕਰਦਿਆਂ ਹੋਇਆਂ ਇਕ ਮਿੰਟ ਵਿਚ ਲਗਪਗ 5.5 ਲੀਟਰ ਅਤੇ ਇਕ ਪੂਰੇ ਦਿਨ ਵਿਚ 7500 ਲੀਟਰ ਤੋਂ ਵੱਧ ਲਹੂ ਨੂੰ ਪੰਪ ਕਰਦਾ ਹੈ। ਇਹ ਐਨੀ ਤਾਕਤ ਨਾਲ ਲਹੂ ਨੂੰ ਧੱਕਦਾ ਹੈ ਕਿ ਸਾਡਾ ਲਹੂ 30 ਫੁੱਟ ਦੂਰ ਤੱਕ ਜਾ ਕੇ ਡਿੱਗ ਸਕਦਾ ਹੈ। ਸਾਡੇ ਸਰੀਰ ਵਿਚਲੇ ਲਹੂ ਨੂੰ ਦਿਲ ਤੱਕ ਪਹੁੰਚਾਉਣ ਵਾਲੀਆਂ ਨਾੜੀਆਂ ਦੀ ਲੰਬਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਦੀ ਕੁੱਲ ਲੰਬਾਈ 60, 000 ਮੀਲ ਭਾਵ 100000 ਕਿਲੋਮੀਟਰ ਦੇ ਕਰੀਬ ਬਣਦੀ ਹੈ। ਕੁਝ ਵਿਦਵਾਨਾਂ ਨੇ ਤਾਂ ਉਦਾਹਰਨ ਸਹਿਤ ਸਮਝਾਉਂਦਿਆਂ ਇਥੋਂ ਤੱਕ ਵੀ ਆਖ਼ ਦਿੱਤਾ ਹੈ ਕਿ ਇਸ ਲੰਬਾਈ ਨਾਲ ਸਾਡੇ ਗ੍ਰਹਿ ਪ੍ਰਿਥਵੀ ਨੂੰ ਢਾਈ ਵਾਰ ਤੱਕ ਲਪੇਟਿਆ ਜਾ ਸਕਦਾ ਹੈ। ਮਨੁੱਖੀ ਦਿਲ ਦਾ ਭਾਰ ਆਮ ਕਰਕੇ ਇਕ ਪੌਂਡ ਭਾਵ 450 ਗ੍ਰਾਮ ਤੋਂ ਘੱਟ ਜਾਂ ਇਸ ਦੇ ਆਸਪਾਸ ਹੁੰਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਅਕਸਰ ਹੀ ਕਿਸੇ ਪੁਰਸ਼ ਦਾ ਦਿਲ ਕਿਸੇ ਔਰਤ ਦੇ ਦਿਲ ਤੋਂ 2 ਆਊਂਸ ਭਾਵ 56 ਕੁ ਗ੍ਰਾਮ ਵੱਧ ਭਾਰਾ ਹੁੰਦਾ ਹੈ।
ਦਿਲ ਦੇ ਬਾਰੇ ਇਕ ਬੜੀ ਹੀ ਦਿਲਚਸਪ ਗੱਲ ਇਹ ਵੀ ਹੈ ਕਿ ਸਾਡੇ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚਲਾਉਣ ਵਾਲਾ ਸਾਡਾ ਦਿਮਾਗ, ਸਾਡੇ ਦਿਲ ਦੀ ਧੜਕਣ ਦੀ ਤਾਲ ਜਾਂ ਲੈਅ ਨੂੰ ਤੈਅ ਨਹੀਂ ਕਰਦਾ ਹੈ, ਸਗੋਂ ਆਪਣੀ ਧੜਕਣ ਦੀ ਲੈਅ ਨੂੰ ਸਾਡਾ ਦਿਲ ਆਪਣੀ ਹੀ ਇਕ ਬਿਜਲਈ ਵਿਵਸਥਾ ਨਾਲ ਕੰਟ੍ਰੋਲ ਕਰਦਾ ਹੈ। ਸਾਡੇ ਦਿਲ ਦੀ ਧੜਕਣ ਨੂੰ ਲੈਅਬੱਧ ਕਰਨ ਹਿਤ ਪਰਮਾਤਮਾ ਨੇ ਸਾਡੇ ਸਰੀਰ ਵਿਚ ਇਕ ਕੁਦਰਤੀ 'ਪੇਸਮੇਕਰ' ਪਾਇਆ ਹੋਇਆ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ 'ਸਾਈਨੋਆਟਰਿਅਲ ਨੋਡ' ਕਿਹਾ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਮਾਸਪੇਸ਼ੀਆਂ ਦੇ ਰੇਸ਼ਿਆਂ ਦਾ ਇਕ ਸਮੂਹ ਹੁੰਦਾ ਹੈ, ਜੋ ਦਿਲ ਦੀ ਧੜਕਣ ਨੂੰ ਚਾਲੂ ਕਰਨ ਤੇ ਚਾਲੂ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਕ ਬਾਲਗ ਉਮਰ ਦੇ ਵਿਅਕਤੀ ਦਾ ਦਿਲ ਆਮ ਕਰਕੇ 60 ਵਾਰ ਤੋਂ ਲੈ ਕੇ 100 ਵਾਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਧੜਕਦਾ ਹੈ, ਜਦੋਂ ਕਿ ਇਕ ਨਵਜੰਮੇ ਬਾਲ ਦੇ ਦਿਲ ਦੀ ਧੜਕਣ ਦੀ ਗਤੀ 120 ਤੋਂ 160 ਵਾਰ ਪ੍ਰਤੀ ਮਿੰਟ ਦੇ ਹਿਸਾਬ ਨਾਲ ਚੱਲਦੀ ਹੈ।
ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਇਸ਼ਕ-ਮੁਹੱਬਤ ਦੇ ਕਿੱਸਿਆਂ ਵਿਚ ਅਕਸਰ 'ਦਿਲ ਦੇ ਟੁੱਟ ਜਾਣ' ਦੀ ਗੱਲ ਆਉਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਕੀਕਤ ਵਿਚ ਮੈਡੀਕਲ ਸਾਇੰਸ ਵਾਲੇ ਵੀ 'ਦਿਲ ਦੇ ਟੁੱਟ ਜਾਣ' ਦੀ ਗੱਲ ਤਸਲੀਮ ਭਾਵ ਸਵੀਕਾਰ ਕਰਦੇ ਹਨ। ਮੈਡੀਕਲ ਮਾਹਿਰਾਂ ਅਨੁਸਾਰ ਜਦੋਂ ਕੋਈ ਵੀ ਵਿਅਕਤੀ ਵੱਡੇ ਤਣਾਅ ਦੇ ਹਾਲਾਤ ਵਿੱਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਸ ਦੇ ਤਣਾਅ ਦਾ ਵਧਦਾ ਪੱਧਰ ਉਸ ਦੇ ਅੰਦਰ 'ਬ੍ਰੋਕਨ ਹਾਰਟ ਸਿੰਡਰੋਮ' ਨਾਮਕ ਰੋਗ ਪੈਦਾ ਕਰ ਦਿੰਦਾ ਹੈ, ਜੋ ਕਿ ਦਿਲ ਦੇ ਦੌਰੇ ਵਰਗੇ ਲੱਛਣ ਹੀ ਦਰਸਾਉਂਦਾ ਹੈ। ਇਸ 'ਬ੍ਰੋਕਨ ਹਾਰਟ ਸਿੰਡਰੋਮ' ਰੋਗ ਨਾਲ ਮਰੀਜ਼ ਦੀ ਮੌਤ ਹੋਣ ਦੀ ਸੰਭਾਵਨਾ ਹੋ ਤਾਂ ਸਕਦੀ ਹੈ ਪਰ ਅਜਿਹਾ ਵਾਪਰਦਾ ਬਹੁਤ ਹੀ ਘੱਟ ਹੈ। ਇਹ ਰੋਗ ਉਸ ਵੇਲੇ ਆਪਣਾ ਸਿਰ ਚੁੱਕਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਸਰੀਰਕ ਜਾਂ ਭਾਵਨਾਤਮਕ ਤਣਾਅ 'ਚੋਂ ਗੁਜ਼ਰ ਰਿਹਾ ਹੁੰਦਾ ਹੈ।
ਇਕ ਬਹੁਤ ਹੀ ਹੈਰਾਨੀਜਨਕ ਅਤੇ ਰੌਚਿਕ ਜਾਣਕਾਰੀ ਇਹ ਵੀ ਹੈ ਕਿ ਦਿਲ ਦਾ ਕੈਂਸਰ ਹੋਣ ਦੀ ਸੰਭਾਵਨਾ ਲਗਪਗ ਨਾਮਾਤਰ ਹੁੰਦੀ ਹੈ। ਅਜਿਹਾ ਇਸ ਕਰਕੇ ਹੈ, ਕਿਉਂਕਿ ਮਨੁੱਖ ਦੀ ਛੋਟੀ ਉਮਰ ਵੇਲੇ ਹੀ ਦਿਲ ਦੇ ਸੈੱਲਾਂ ਦੇ ਵੰਡੇ ਜਾਣ ਦੀ ਪ੍ਰਕਿਰਿਆ ਬੰਦ ਹੋ ਚੁੱਕੀ ਹੁੰਦੀ ਹੈ। ਵਿਦਵਾਨਾਂ ਦਾ ਮਤ ਹੈ ਕਿ ਸਾਡੇ ਦਿਲ ਦੀ ਸ਼ਕਲ ਦਾ ਜੋ ਸੁੰਦਰ ਤੇ ਆਕਰਸ਼ਕ ਚਿੱਤਰ ਸਾਡੇ ਸਾਹਮਣੇ ਹੁਣ ਤੱਕ ਪੇਸ਼ ਕੀਤਾ ਗਿਆ ਹੈ, ਉਹ ਪ੍ਰੇਮ ਦਾ, ਮੁਹੱਬਤ ਦਾ ਪ੍ਰਤੀਕ ਬਣ ਚੁੱਕਾ ਹੈ। ਸਾਡੇ ਦਿਲ ਦਾ ਇਹ ਸੱਚਮੁੱਚ ਹੀ 'ਦਿਲ ਨੂੰ ਛੂਹ ਜਾਣ ਵਾਲਾ' ਆਕਾਰ ਦਰਅਸਲ ਪ੍ਰਾਚੀਨ ਕਾਲ ਨਾਲ ਸੰਬੰਧਿਤ 'ਸਿਲਫ਼ੀਅਮ' ਨਾਮਕ ਪੌਦੇ ਦੇ ਬੀਜਾਂ ਦੀ ਸ਼ਕਲ ਨਾਲ ਮੇਲ ਖਾਂਦਾ ਹੈ। ਪ੍ਰਾਚੀਨ ਯੂਨਾਨ ਅਤੇ ਰੋਮ ਵਿਖੇ ਇਸ ਪੌਦੇ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ਵੱਖ-ਵੱਖ ਰੋਗਾਂ ਦੀਆਂ ਦਵਾਈਆਂ ਦੇ ਰੂਪ ਵਿਚ ਜਾਂ ਭੋਜਨ ਪਕਾਉਣ ਦੌਰਾਨ ਕੀਤੀ ਜਾਂਦੀ ਸੀ। ਇਸ ਪੌਦੇ ਵਿਚ ਗਰਭ ਨਿਰੋਧਕ ਹੋਣ ਦੇ ਗੁਣ ਪਾਏ ਜਾਂਦੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97816-46008