ਆਰਾਮਪ੍ਰਸਤੀ ਨਾਲ ਵਧਦੀ ਹੈ ਸ਼ੂਗਰ
ਸ਼ਹਿਰੀ ਅਤੇ ਅਰਧ ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੀ ਆਬਾਦੀ ਦੀਆਂ ਰੋਜ਼ਮਰ੍ਹਾ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਆਰਾਮਪ੍ਰਸਤ ਜੀਵਨਸ਼ੈਲੀ ਵਾਲੇ ਕਾਰੋਬਾਰੀਆਂ ਲਈ ਹੀ ਸ਼ੂਗਰ ਅਤੇ ਦਿਲ ਰੋਗ ਦਾ ਕਾਰਨ ਨਹੀਂ ਰਹਿ ਗਿਆ ਹੈ ਸਗੋਂ ਹੁਣ ਇਹ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ।
ਮਾਹਿਰਾਂ ਅਨੁਸਾਰ ਅੱਜ ਦੇ ਭੋਜਨ ਵਿਚ ਫਾਈਬਰ ਦੀ ਮਾਤਰਾ ਤਾਂ ਘਟੀ ਹੈ ਅਤੇ ਕੈਲੋਰੀ ਤੇ ਚਰਬੀ ਦੀ ਮਾਤਰਾ ਵਧ ਗਈ ਹੈ। ਸ਼ਹਿਰੀ ਜੀਵਨਸ਼ੈਲੀ ਵਿਚ ਜਿਥੇ ਸਵਾਦੀ ਪਕਵਾਨ ਖਾਣ ਦੇ ਨਾਲ-ਨਾਲ ਜ਼ਿਆਦਾ ਮਾਤਰਾ ਵਿਚ ਕੈਲੋਰੀਜ਼ ਵੀ ਪਰੋਸੀ ਜਾਣ ਲੱਗੀ ਹੈ, ਉਥੇ ਇਸ ਕੈਲੋਰੀਜ਼ ਨੂੰ ਸਾੜਨ ਲਈ ਜ਼ਰੂਰੀ ਸਰੀਰਕ ਮਿਹਨਤ ਦੀ ਆਦਤ ਘਟ ਗਈ ਹੈ। ਮਸ਼ੀਨੀਕਰਨ ਵਧਣ ਕਾਰਨ ਲੋਕਾਂ ਵਿਚ ਹੁਣ ਸਰੀਰਕ ਆਰਾਮ ਦੀ ਆਦਤ ਵਧ ਗਈ ਹੈ ਅਤੇ ਇਹ ਪੂਰੀ ਸਥਿਤੀ ਬੇਹੱਦ ਖ਼ਤਰਨਾਕ ਸਾਬਤ ਹੋ ਰਹੀ ਹੈ।
ਸਰੀਰਕ ਸੰਤੁਲਨ ਬਚਾਉਂਦਾ ਹੈ ਜੋੜਾਂ ਦੇ ਦਰਦ ਤੋਂ
ਇਕ ਅੰਦਾਜ਼ੇ ਅਨੁਸਾਰ ਸੰਸਾਰ ਦੀ ਕਰੀਬ 40 ਫ਼ੀਸਦੀ ਆਬਾਦੀ ਜੋੜਾਂ ਦੇ ਕਿਸੇ ਨਾ ਕਿਸੇ ਦਰਦ ਤੋਂ ਪ੍ਰੇਸ਼ਾਨ ਹੈ। ਇਸ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਗਠੀਆ ਨਾਮੀ ਬਿਮਾਰੀ ਦੀ ਲਪੇਟ ਵਿਚ ਹੁਣ ਘੱਟ ਉਮਰ ਦੇ ਲੋਕ ਵੀ ਆਉਣ ਲੱਗੇ ਹਨ। ਉਮਰ ਵਧਣ ਦੇ ਨਾਲ ਸਰੀਰ ਦੇ ਅੰਖਾਂ ਵਿਚ ਸ਼ਿਥਿਲਤਾ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਲਚੀਲਾਪਨ ਘੱਟ ਹੁੰਦਾ ਜਾਂਦਾ ਹੈ। ਇਸ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਭੋਜਨ ਖਾਣ, ਵਜ਼ਨ ਚੁੱਕਣ ਅਤੇ ਸਹੀ ਢੰਗ ਨਾਲ ਨਾ ਬੈਠਣ ਵਾਲੇ ਗਠੀਆ ਦੇ ਮਰੀਜ਼ ਬਣ ਜਾਂਦੇ ਹਨ। ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਾ ਲੈਣ 'ਤੇ ਜੋੜ ਘਿਸ ਕੇ ਹੌਲੀ-ਹੌਲੀ ਵਿਗੜਨ ਲਗਦੇ ਹਨ। ਇਸ ਤੋਂ ਪੀੜਤ ਰੋਗੀ ਦਰਦ ਮਹਿਸੂਸ ਕਰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਠੰਢੇ ਵਾਤਾਵਰਨ ਭਾਵ ਤਾਪਮਾਨ ਵਿਚ ਗਿਰਾਵਟ ਹੋਣ 'ਤੇ ਖੂਨ ਨਾੜੀਆਂ ਸੁੰਗੜਨ ਨਾਲ ਖੂਨ ਪ੍ਰਵਾਹ ਘੱਟ ਹੋਣ ਨਾਲ ਜੋੜਾਂ ਵਿਚ ਅਕੜਾਹਟ ਵਧ ਜਾਂਦੀ ਹੈ।
ਦਮੇ ਤੋਂ ਬਚਾਉਂਦਾ ਹੈ ਪਾਣੀ
ਇਹ ਦੇਖਿਆ ਗਿਆ ਹੈ ਕਿ ਦਮੇ ਦੇ ਰੋਗੀਆਂ ਨੂੰ ਖ਼ੁਸ਼ਕ ਹਵਾ ਵਿਚ ਸਾਹ ਲੈਣ ਵਿਚ ਜ਼ਿਆਦਾ ਮੁਸ਼ਕਿਲ ਪੇਸ਼ ਹੁੰਦੀ ਹੈ। ਉਨ੍ਹਾਂ ਦੀ ਇਹ ਸਥਿਤੀ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋਵੇ। ਇਸ ਦੇ ਨਾਲ ਹੀ ਪਾਣੀ ਘੱਟ ਪੀਣ ਨਾਲ ਸਿਹਤਮੰਦ ਮਨੁੱਖ ਨੂੰ ਵੀ ਸਰਦੀ ਛੇਤੀ ਹੀ ਫੜ ਲੈਂਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਨੱਕ ਵਿਚ ਮੌਜੂਦ ਕੋਸ਼ਿਕਾਵਾਂ ਸੁੱਕ ਜਾਂਦੀਆਂ ਹਨ ਜਿਸ ਨਾਲ ਬੈਕਟੀਰੀਆ ਅਤੇ ਵਾਇਰਸ ਤੋਂ ਬਚਾਅ ਨਹੀਂ ਹੋ ਪਾਉਂਦਾ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਪਾਣੀ ਖ਼ੂਬ ਪੀਣਾ ਚਾਹੀਦਾ ਹੈ।
ਸਿਹਤ ਖ਼ਬਰਨਾਮਾ
ਅਜੀਤ ਡੈਸਕ
26-12-2025