03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਥਾਪਨਾ ਦਿਵਸ 'ਤੇ ਵਿਸ਼ੇਸ਼-ਆਧੁਨਿਕ ਭਾਰਤ ਦਾ ਨਵੀਨ ਮੰਦਰ 'ਭਾਖੜਾ ਡੈਮ'

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

ਭਾਖੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਇਕ ਛੋਟਾ ਜਿਹਾ ਪਿੰਡ ਹੈ, ਜਿੱਥੇ ਸੰਸਾਰ ਦੇ ਸਭ ਤੋਂ ਵੱਧ ਉਚਾਈ ਵਾਲੇ ਬੰਨ੍ਹਾਂ 'ਚੋਂ ਇਕ ਭਾਖੜਾ ਡੈਮ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਆਜ਼ਾਦੀ ਤੋਂ ਬਾਅਦ 1948 'ਚ ਸ਼ੁਰੂ ਹੋਇਆ ਸੀ ਅਤੇ ਇਹ 1963 ਤੱਕ ਚੱਲਦਾ ਰਿਹਾ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਨੰਗਲ-ਭਾਖੜਾ ਪ੍ਰਾਜੈਕਟ 'ਚ ਅਥਾਹ ਦਿਲਚਸਪੀ ਲਈ ਅਤੇ ਉਹ 1948-1963 ਦੌਰਾਨ 13 ਵਾਰ ਨੰਗਲ ਆਏ। ਪੰਡਿਤ ਨਹਿਰੂ ਨੇ ਭਾਖੜਾ ਡੈਮ ਨੂੰ ਆਧੁਨਿਕ ਭਾਰਤ ਦਾ 'ਨਵੀਨ ਮੰਦਰ' ਕਿਹਾ ਸੀ। ਦਿੱਲੀ ਦੇ ਕੁਤਬਮੀਨਾਰ ਤੋਂ ਤਿੰਨ ਗੁਣਾ ਉੱਚੇ ਇਸ ਬੰਨ੍ਹ ਦੀ ਉੱਚਾਈ 225.55 ਮੀਟਰ (740 ਫੁੱਟ) ਹੈ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਵਿਚ ਰੌਸ਼ਨੀ ਬਿਖੇਰਨ ਵਾਲੇ ਨੰਗਲ-ਭਾਖੜਾ ਪ੍ਰਾਜੈਕਟ 'ਤੇ 245.28 ਕਰੋੜ ਰੁਪਏ ਦੀ ਲਾਗਤ ਆਈ ਸੀ।
ਭਾਖੜਾ ਡੈਮ ਦੀ ਬਦੌਲਤ ਪੰਜਾਬ, ਹਰਿਆਣਾ, ਰਾਜਸਥਾਨ ਦੀ ਬੰਜਰ ਭੂਮੀ ਦੀ ਪਿਆਸ ਬੁਝੀ ਤੇ ਦੇਸ਼ 'ਚ ਹਰੀ ਕ੍ਰਾਂਤੀ ਆਈ। ਅਮਰੀਕਨ ਇੰਜੀਨੀਅਰ ਐਮ.ਐੱਚ. ਸਲੋਕਮ ਦੀ ਅਗਵਾਈ 'ਚ 30 ਵਿਦੇਸ਼ੀ ਮਾਹਿਰਾਂ, 300 ਇੰਜੀਨੀਅਰਾਂ ਤੇ 13,000 ਮਜ਼ਦੂਰਾਂ ਨੇ (1948-63) ਦਿਨ-ਰਾਤ ਕੰਮ ਕਰਕੇ ਭਾਖੜਾ ਡੈਮ ਦੀ ਉਸਾਰੀ ਕੀਤੀ। ਭਾਖੜਾ ਡੈਮ ਦੇ ਨਿਰਮਾਣ ਸਮੇਂ ਵਰਤੀ ਗਈ ਕੰਕਰੀਟ ਦੀ ਮਾਤਰਾ ਏਨੀ ਜ਼ਿਆਦਾ ਹੈ ਕਿ ਇਸ ਮਾਤਰਾ ਨਾਲ ਸਮੁੱਚੇ ਸੰਸਾਰ ਦੁਆਲੇ 2.44 ਮੀਟਰ (8 ਫੁੱਟ ਚੌੜੀ ) ਕੰਕਰੀਟ ਦੀ ਸੜਕ ਬਣਾਈ ਜਾ ਸਕਦੀ ਹੈ। ਭਾਖੜਾ ਡੈਮ ਦਾ ਨਿਰਮਾਣ ਕਰਦਿਆਂ 300 ਮਜ਼ਦੂਰ ਸ਼ਹੀਦ ਹੋਏ ਸਨ, ਜਿਨ੍ਹਾਂ ਨੂੰ ਹਰ ਵਰ੍ਹੇ 22 ਅਕਤੂਬਰ ਨੂੰ ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਮੇਂ- ਸਮੇਂ ਦੀ ਗੱਲ ਹੈ। ਅੱਜ ਨੰਗਲ-ਭਾਖੜਾ ਡੈਮ ਤੱਕ ਚੱਲਣ ਵਾਲੀ ਅਨੋਖੀ ਰੇਲ ਜਿਸ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਹੈ, ਸੈਲਾਨੀਆਂ 'ਚ ਕਾਫ਼ੀ ਮਕਬੂਲ ਹੈ। ਇਸ ਰੇਲ 'ਚ ਕਈ ਦਹਾਕੇ ਤੱਕ ਕੀਰਤਨ ਵੀ ਹੁੰਦਾ ਰਿਹਾ। ਭਾਖੜਾ ਡੈਮ ਦੇ ਨਿਰਮਾਣ ਸਮੇਂ ਮਜ਼ਦੂਰ ਰੱਬ ਦਾ ਨਾਂਅ ਲੈਂਦੇ ਹੀ ਜਾਇਆ ਕਰਦੇ ਸਨ, ਕਿਉਂਕਿ ਕੰਮ ਬਹੁਤ ਜੋਖ਼ਮ ਭਰਿਆ ਸੀ ਤੇ ਸੁਰੱਖਿਆ ਸਾਧਨ ਵੀ ਅੱਜ ਵਰਗੇ ਨਹੀਂ ਸਨ। ਭਾਖੜਾ ਡੈਮ ਦੀ ਝੀਲ 'ਗੋਬਿੰਦ ਸਾਗਰ' 168.35 ਵਰਗ ਕਿ.ਮੀ. (65 ਵਰਗ ਮੀਲ) ਖੇਤਰ 'ਚ ਫੈਲੀ ਹੋਈ ਹੈ ਅਤੇ ਇਸ ਵਿਚ 78 ਲੱਖ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। ਭਾਖੜਾ ਡੈਮ 'ਚ ਬਿਜਲੀ ਪੈਦਾ ਕਰਨ ਵਾਲੇ ਦੋ ਪਾਵਰ ਹਾਊਸ ਹਨ। ਪੰਜ-ਪੰਜ ਯੂਨਿਟਾਂ 'ਤੇ ਆਧਾਰਿਤ ਉਕਤ ਪਾਵਰ ਹਾਊਸ ਭਾਖੜਾ ਡੈਮ ਦੇ ਸੱਜੇ ਤੇ ਖੱਬੇ ਕਿਨਾਰੇ 'ਤੇ ਸਥਿਤ ਹਨ। ਆਮ ਬੋਲਚਾਲ ਦੀ ਭਾਸ਼ਾ 'ਚ ਇਨ੍ਹਾਂ ਨੂੰ ਜਪਾਨੀ ਤੇ ਰੂਸੀ ਪਾਵਰ ਹਾਊਸ ਕਿਹਾ ਜਾਂਦਾ ਹੈ, ਜਦਕਿ ਤਕਨੀਕੀ ਭਾਸ਼ਾ 'ਚ ਪੀ.ਪੀ. ਵਨ ਤੇ ਪੀ.ਪੀ. ਟੂ ਕਿਹਾ ਜਾਂਦਾ ਹੈ। ਪੀ.ਪੀ. ਵਨ (ਜਪਾਨੀ ਪਾਵਰ ਹਾਊਸ) ਦੀ ਹਰ ਮਸ਼ੀਨ (ਕੁੱਲ 5) 126 ਮੈਗਾਵਾਟ ਬਿਜਲੀ ਉਤਪਾਦਨ ਕਰਨ ਦੀ ਸਮਰੱਥਾ ਰੱਖਦੀ ਹੈ। ਪੀ.ਪੀ. ਟੂ (ਰਸ਼ੀਅਨ ਪਾਵਰ ਹਾਊਸ) ਦੀ ਹਰ ਮਸ਼ੀਨ ਦੀ ਬਿਜਲੀ ਉਤਪਾਦਨ ਸਮਰੱਥਾ 157 ਮੈਗਾਵਾਟ ਹੈ। ਭਾਖੜਾ ਡੈਮ ਤੋਂ 13 ਕਿ.ਮੀ. ਦੂਰ ਨੰਗਲ ਡੈਮ ਹੈ। 95 ਫੁੱਟ ਉੱਚੇ ਨੰਗਲ ਡੈਮ ਦੇ ਕੁੱਲ 26 ਗੇਟ ਹਨ ਤੇ ਹਰ ਗੇਟ ਦੀ ਚੌੜਾਈ 30 ਫੁੱਟ ਹੈ। ਨੰਗਲ ਡੈਮ 3,50,000 ਕਿਊਸਿਕ ਪਾਣੀ ਨਿਕਾਸ ਕਰਨ ਦੀ ਸਮਰੱਥਾ ਰਖੱਦਾ ਹੈ। ਭਾਖੜਾ ਡੈਮ ਦੀ ਉਮਰ 400 ਸਾਲ ਮਿੱਥੀ ਗਈ ਸੀ ਪਰ ਗਾਰ (ਸਿਲਟ) ਦੀ ਗੰਭੀਰ ਸਮੱਸਿਆ ਕਾਰਨ ਇਹ ਉਮਰ ਲਗਾਤਾਰ ਘਟ ਰਹੀ ਹੈ।
ਗੋਬਿੰਦ ਸਾਗਰ ਦਾ ਖੇਤਰ ਗਾਰ ਕਾਰਨ ਲਗਾਤਾਰ ਘਟ ਰਿਹਾ ਹੈ। ਸਰਕਾਰੀ ਯਤਨਾਂ ਦੇ ਬਾਵਜੂਦ ਨਾ ਸਿਰਫ਼ ਰੁੱਖ ਵੱਢੇ ਜਾ ਰਹੇ ਹਨ, ਸਗੋਂ ਅੰਨ੍ਹੇਵਾਹ ਹੋ ਰਹੇ ਨਿਰਮਾਣ ਕਾਰਜਾਂ ਦਾ ਮਲਬਾ ਵੀ ਝੀਲ 'ਚ ਸੁੱਟਿਆ ਜਾ ਰਿਹਾ ਹੈ। ਸੈਰ-ਸਪਾਟੇ ਦੇ ਨਾਂਅ 'ਤੇ ਹੋ ਰਹੇ ਨਿਰਮਾਣ ਝੀਲ ਦੇ ਸੁਹੱਪਣ ਤੇ ਸਿਹਤ ਲਈ ਖ਼ਤਰੇ ਦੀ ਘੰਟੀ ਹਨ। ਝੀਲ 'ਚੋਂ ਗਾਰ ਕੱਢਣਾ ਵੀ ਸੌਖਾ ਕੰਮ ਨਹੀਂ, ਕਿਉਂਕਿ ਸਵਾਲ ਇਹ ਵੀ ਹੈ ਕਿ ਏਨੇ ਵਰ੍ਹੇ 'ਚ ਜਮ੍ਹਾਂ ਹੋਈ ਗਾਰ ਕੱਢ ਕੇ ਰੱਖਣੀ ਕਿੱਥੇ ਹੈ? ਗਾਰ ਕੱਢਣ ਲਈ ਵੱਡੇ ਪੱਧਰ 'ਤੇ ਖ਼ਾਸ ਯੋਜਨਾਬੰਦੀ ਦੀ ਲੋੜ ਹੋਵੇਗੀ। ਗਾਰ ਕੱਢਣ ਦੇ ਕੰਮ ਲਈ ਸਿਰਫ ਮਾਰਚ, ਅਪ੍ਰੈਲ, ਮਈ ਮਹੀਨੇ ਹੀ ਢੁਕਵੇਂ ਹਨ, ਕਿਉਂਕਿ ਉਸ ਸਮੇਂ ਝੀਲ ਦਾ ਪਾਣੀ ਉਤਰਿਆ ਹੁੰਦਾ ਹੈ। ਅਸਲ 'ਚ ਹਿਮਾਚਲ ਵਰਗੇ ਪਹਾੜੀ ਰਾਜ ਵਿਚ ਵੀ ਪੰਜਾਬ ਵਰਗੇ ਨਿਰਮਾਣ ਹੋ ਰਹੇ ਹਨ, ਜਿਸ ਕਾਰਨ ਚੌਗਿਰਦੇ ਦਾ ਸੰਤੁਲਨ ਵਿਗੜ ਰਿਹਾ ਹੈ। ਸਰਕਾਰੀ ਨਿਯਮ ਹੁੰਦੇ ਤਾਂ ਸਖ਼ਤ ਹਨ ਪਰ ਸਖ਼ਤੀ ਨਾਲ ਲਾਗੂ ਨਹੀਂ ਕੀਤੇ ਜਾਂਦੇ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸਾਬਕਾ ਚੇਅਰਮੈਨ ਸੰਜੇ ਸ੍ਰੀਵਾਸਤਵਾ ਦੀ ਇਹ ਟਿੱਪਣੀ ਵੀ ਵਿਚਾਰਨਯੋਗ ਹੈ 'ਪ੍ਰਾਜੈਕਟ ਤਾਂ ਬਣ ਗਿਆ ਪਰ ਮਗਰੋਂ ਕੁਝ ਖ਼ਾਸ ਨਹੀਂ ਹੋਇਆ।' ਬਹੁਤ ਅਹਿਮ 'ਸਪਿਲ-ਵੇਅ' ਦਾ ਕਾਰਜ 6 ਵਰ੍ਹਿਆਂ ਤੋਂ ਬੰਦ ਹੈ। ਅਸਲ ਵਿਚ ਇਹ ਕਾਰਜ ਕਰਨ ਲਈ 150 ਬੰਦਿਆਂ ਦੀ ਟੀਮ ਦੀ ਲੋੜ ਹੁੰਦੀ ਹੈ, ਜਦਕਿ ਸਰਕਾਰ ਨਵੇਂ ਮੁਲਾਜ਼ਮ ਭਰਤੀ ਨਹੀਂ ਕਰ ਰਹੀ। ਪ੍ਰਾਜੈਕਟ ਵਿਚ ਆਉਟਸੋਰਸਿੰਗ ਦਾ ਬੋਲਬਾਲਾ ਹੈ, ਜੋ ਸੁਰੱਖਿਆ ਪੱਖੋਂ ਵੀ ਠੀਕ ਨਹੀਂ । 'ਸਪਿਲ-ਵੇਅ' ਕਾਰਜ ਬਹੁਤ ਜ਼ਰੂਰੀ ਹੈ, ਇਸ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਭਾਖੜਾ ਡੈਮ ਦੇ ਦੋਵੇਂ ਪਾਸੇ ਵੱਡੇ-ਵੱਡੇ ਪਹਾੜ ਹਨ। ਇਹ ਭਾਖੜਾ ਡੈਮ 'ਤੇ ਨਾ ਡਿਗਣ, ਇਸ ਲਈ ਥਾਂ-ਥਾਂ 'ਗਰੌਟਿੰਗ' ਕਰਕੇ ਪਹਾੜ ਪੱਕੇ ਕੀਤੇ ਗਏ ਹਨ। ਸਥਾਈ ਮੁਲਾਜ਼ਮ ਨਾ ਹੋਣ ਕਾਰਨ 'ਗਰੌਟਿੰਗ' ਦਾ ਕੰਮ ਵੀ ਨਹੀਂ ਹੋ ਰਿਹਾ। ਭਾਖੜਾ-ਬਿਆਸ ਪ੍ਰਬੰਧਨ ਬੋਰਡ ਨੇ ਵਿਸ਼ਵ ਬੈਂਕ ਨੂੰ ਇਕ ਯੋਜਨਾ ਬਣਾ ਕੇ ਭੇਜੀ ਹੈ, ਜਿਸ ਦਾ ਉਦੇਸ਼ 'ਗਰੌਟਿੰਗ' ਕਾਰਜ ਲਈ ਫੰਡ ਪ੍ਰਾਪਤ ਕਰਨਾ ਹੈ। ਇਸ ਯੋਜਨਾ ਲਈ ਭੂ-ਵਿਗਿਆਨੀਆਂ ਦੀ ਸਲਾਹ ਵੀ ਲਈ ਜਾ ਰਹੀ। 2023 ਤੇ 2025 ਵਿਚ ਆਏ ਹੜ੍ਹਾਂ ਕਾਰਨ ਭਾਖੜਾ-ਬਿਆਸ ਪ੍ਰਬੰਧਨ ਬੋਰਡ ਦੀ ਯੋਜਨਾਬੰਦੀ ਅਤੇ ਕਾਰਜ ਪ੍ਰਣਾਲੀ ਦੀ ਹਰ ਪਾਸਿਓਂ ਤਿੱਖੀ ਆਲੋਚਨਾ ਵੀ ਹੋ ਰਹੀ ਹੈ। ਹਰ ਆਮ ਬੰਦਾ ਵੀ ਇਹ ਸਵਾਲ ਕਰ ਰਿਹਾ ਹੈ ਕਿ ਡੈਮ ਤਾਂ ਹੜ੍ਹ ਰੋਕਣ ਲਈ ਹੁੰਦੇ ਹਨ, ਫੇਰ ਵਾਰ-ਵਾਰ ਹੜ੍ਹ ਕਿਉਂ ਆ ਰਹੇ ਹਨ।

-ਭਾਖੜਾ ਰੋਡ, ਨੰਗਲ-140124
ਮੋਬਾਈਲ : 98156-24927

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ ਬਜ਼ੁਰਗ ਅਗਲੀ ਖ਼ਬਰ ਰੂਸ-ਅਮਰੀਕਾ ਵਿਚਕਾਰ ਵਧਦਾ ਟਕਰਾਅ-ਭਾਰਤ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਸੰਤੁਲਨ ਬਣਾਈ ਰੱਖਣਾ
Ad Position 24