05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹੋਰ ਪੀਡੇ ਹੁੰਦੇ ਸੰਬੰਧ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਦੋ ਦਿਨ ਦੀ ਸੰਖੇਪ ਭਾਰਤ ਯਾਤਰਾ ਬੇਹੱਦ ਮਹੱਤਵਪੂਰਨ ਰਹੀ ਹੈ। ਇਸ ਤੋਂ ਪਹਿਲਾਂ ਪੁਤਿਨ ਦਸੰਬਰ, 2021 ਵਿਚ ਭਾਰਤ ਆਏ ਸਨ। ਉਸ ਤੋਂ ਬਾਅਦ 2 ਫਰਵਰੀ, 2022 ਵਿਚ ਰੂਸ ਅਤੇ ਯੂਕਰੇਨ ਦੀ ਜੰਗ ਸ਼ੁਰੂ ਹੋ ਗਈ। ਇਹ ਤਬਾਹਕੁੰਨ ਜੰਗ ਹਾਲੇ ਤੱਕ ਜਾਰੀ ਹੈ। ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਸਾਲਾਨਾ ਮਿਲਣੀ ਹੁੰਦੀ ਹੈ, ਜਿਸ ਵਿਚ ਅਹਿਮ ਆਪਸੀ ਅਤੇ ਕੌਮਾਂਤਰੀ ਮਸਲਿਆਂ 'ਤੇ ਵਿਚਾਰ-ਵਟਾਂਦਰਾ ਹੁੰਦਾ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਗਏ ਸਨ। ਇਸ ਵਾਰ 23ਵੀਂ ਸਾਲਾਨਾ ਮਿਲਣੀ ਲਈ ਪੁਤਿਨ ਦਾ ਭਾਰਤ ਆਉਣਾ ਵਿਸ਼ੇਸ਼ ਮਹੱਤਵ ਰੱਖਦਾ ਹੈ।
ਇਸ ਸਮੇਂ ਰੂਸ ਨੂੰ ਵੀ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰਪੀਅਨ ਯੂਨੀਅਨ ਦੇ ਅਨੇਕਾਂ ਹੀ ਦੇਸ਼ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਯੂਕਰੇਨ ਦੀ ਮਦਦ ਕਰ ਰਹੇ ਹਨ। ਚਾਹੇ ਯੂਕਰੇਨ ਹਾਲੇ ਤੱਕ ਅਮਰੀਕਾ ਤੇ ਯੂਰਪੀਅਨ ਸੰਘ ਦੇ ਫ਼ੌਜੀ ਗਠਜੋੜ ਨਾਟੋ ਦਾ ਮੈਂਬਰ ਤਾਂ ਨਹੀਂ ਬਣ ਸਕਿਆ ਪਰ ਜੇਕਰ ਯੂਕਰੇਨ ਇੰਨੇ ਲੰਬੇ ਅਰਸੇ ਤੱਕ ਰੂਸ ਵਰਗੀ ਮਹਾਂਸ਼ਕਤੀ ਨਾਲ ਲੜਾਈ ਲੜਦਾ ਆ ਰਿਹਾ ਹੈ ਤਾਂ ਇਹ ਨਾਟੋ ਦੇਸ਼ਾਂ ਅਤੇ ਅਮਰੀਕਾ ਦੀ ਮਦਦ ਕਰਕੇ ਹੀ ਸੰਭਵ ਹੋ ਸਕਿਆ ਹੈ। ਭਾਰਤ ਲਈ ਵੀ ਇਹ ਸਥਿਤੀ ਬੇਹੱਦ ਮੁਸ਼ਕਿਲ ਅਤੇ ਤਲਵਾਰ ਦੀ ਧਾਰ 'ਤੇ ਤੁਰਨ ਵਰਗੀ ਹੈ।
1947 ਵਿਚ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਸੋਵੀਅਤ ਯੂਨੀਅਨ ਜਿਸ ਵਿਚ ਮੁੱਖ ਭਾਗੀਦਾਰ ਰੂਸ ਹੀ ਸੀ, ਨੇ ਹਰ ਮਸਲੇ 'ਤੇ ਭਾਰਤ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ ਸੀ। ਲੋੜਵੰਦ ਭਾਰਤ ਲਈ ਉਸ ਨੇ ਅਨੇਕਾਂ ਮੌਕੇ ਮੁਹੱਈਆ ਕਰਵਾਏ ਅਤੇ ਕਸ਼ਮੀਰ ਵਰਗੇ ਮੁੱਦੇ 'ਤੇ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦਾ ਡਟ ਕੇ ਸਾਥ ਦਿੱਤਾ ਸੀ। ਉਸ ਸਮੇਂ ਅਮਰੀਕਾ ਇਸ ਲਈ ਪਾਕਿਸਤਾਨ ਪੱਖੀ ਸੀ ਕਿਉਂਕਿ ਪਾਕਿਸਤਾਨ ਨੂੰ ਹਰ ਤਰ੍ਹਾਂ ਨਾਲ ਵੱਡੀ ਸਹਾਇਤਾ ਦੀ ਲੋੜ ਸੀ। ਇਸ ਦੀ ਪੂਰਤੀ ਲਈ ਇਹ ਇਕ ਤਰ੍ਹਾਂ ਨਾਲ ਅਮਰੀਕਾ ਦੀ ਝੋਲੀ ਵਿਚ ਹੀ ਡਿੱਗ ਚੁੱਕਾ ਸੀ। ਇਸ ਮਸਲੇ 'ਤੇ ਪਿਛਲੇ 78 ਸਾਲਾਂ ਵਿਚ ਭਾਰਤ ਤੇ ਪਾਕਿਸਤਾਨ ਦੀਆਂ ਆਪਸੀ ਲੜਾਈਆਂ ਵਿਚ ਸੋਵੀਅਤ ਯੂਨੀਅਨ ਨੇ ਹਮੇਸ਼ਾ ਭਾਰਤ ਨਾਲ ਖੜ੍ਹੇ ਹੋਣ ਨੂੰ ਹੀ ਤਰਜੀਹ ਦਿੱਤੀ ਹੈ। ਇੱਥੋਂ ਤੱਕ ਕਿ ਸਾਲ 1962 ਵਿਚ ਕਮਿਊਨਿਸਟ ਦੇਸ਼ ਚੀਨ ਤੇ ਭਾਰਤ ਵਿਚਲੇ ਹੋਈ ਜੰਗ ਵਿਚ ਵੀ ਰੂਸ ਨੇ ਆਪਣੇ ਕਮਿਊਨਿਸਟ ਸਾਥੀ ਦੇਸ਼ ਦਾ ਸਾਥ ਦੇਣ ਦੀ ਬਜਾਏ ਇਕ ਤਰ੍ਹਾਂ ਨਾਲ ਨਿਰਪੱਖ ਹੋਣ ਦਾ ਸਬੂਤ ਹੀ ਦਿੱਤਾ ਸੀ। ਇੱਥੇ ਹੀ ਬਸ ਨਹੀਂ, ਉਸ ਨੇ ਭਾਰਤ ਦੇ ਮੁੱਢਲੇ ਢਾਂਚੇ ਨੂੰ ਨਵਿਆਉਣ ਅਤੇ ਮਜ਼ਬੂਤ ਕਰਨ ਲਈ ਅਨੇਕਾਂ ਕਾਰਖਾਨੇ ਇੱਥੇ ਲਗਾਏ। ਇਸ ਦੇ ਨਾਲ-ਨਾਲ ਹਰ ਤਰ੍ਹਾਂ ਦਾ ਫ਼ੌਜੀ ਸਾਮਾਨ ਵੀ ਸੋਵੀਅਤ ਯੂਨੀਅਨ ਭਾਰਤ ਨੂੰ ਦਿੰਦਾ ਰਿਹਾ। ਇਸੇ ਸਮੇਂ ਵਿਚ ਉਸ ਨੇ ਪੁਲਾੜ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ। ਪਰ ਨਾਲ-ਨਾਲ ਉਹ ਇਸ ਖੇਤਰ ਵਿਚ ਵੀ ਭਾਰਤ ਦੀ ਪੁਲਾੜ ਖੋਜ ਸੰਸਥਾ ਇਸਰੋ ਦੀ ਵੀ ਮਦਦ ਕਰਦਾ ਰਿਹਾ। ਅੱਜ ਤੱਕ ਵੀ ਭਾਰਤ ਆਪਣੇ ਫ਼ੌਜੀ ਹਥਿਆਰਾਂ ਦੇ ਕਲ-ਪੁਰਜ਼ਿਆਂ ਲਈ ਵੱਡੀ ਹੱਦ ਤੱਕ ਰੂਸ ਵੱਲ ਹੀ ਵੇਖਦਾ ਰਿਹਾ ਹੈ। ਚਾਹੇ ਸੋਵੀਅਤ ਯੂਨੀਅਨ ਬਿਖਰ ਗਿਆ ਪਰ ਉਸ ਦਾ ਵੱਡਾ ਪ੍ਰਤੀਨਿਧ ਸੂਬਾ ਰੂਸ ਹੀ ਸੀ, ਜਿਸ ਦੇ ਆਗੂਆਂ ਨੇ ਭਾਰਤ ਵੱਲ ਦੋਸਤੀ ਤੇ ਸਹਿਯੋਗ ਦੀ ਪਹਿਲੀ ਨੀਤੀ ਨੂੰ ਹੀ ਜਾਰੀ ਰੱਖਿਆ।
ਵਲਾਦੀਮੀਰ ਪੁਤਿਨ ਲਗਭਗ 25 ਸਾਲ ਤੋਂ ਰੂਸ ਦਾ ਪ੍ਰਸ਼ਾਸਨ ਚਲਾ ਰਹੇ ਹਨ। ਉਨ੍ਹਾਂ ਨੇ ਵੀ ਭਾਰਤ ਪ੍ਰਤੀ ਅਪਣਾਈ ਪਹਿਲੀ ਨੀਤੀ 'ਤੇ ਹੀ ਪਹਿਰਾ ਦਿੱਤਾ ਅਤੇ ਹਰ ਔਖੇ ਸਮੇਂ ਭਾਰਤ ਦੀ ਮਦਦ ਲਈ ਸਹਾਈ ਹੋਇਆ। ਬਿਨਾਂ ਸ਼ੱਕ ਕੌਮਾਂਤਰੀ ਪੱਧਰ 'ਤੇ ਬਣੇ ਅਜੋਕੇ ਸਖ਼ਤ ਟਕਰਾਅ ਵਾਲੇ ਦੌਰ ਵਿਚ ਭਾਰਤ ਵਲੋਂ ਯੂਰਪੀਅਨ ਦੇਸ਼ਾਂ, ਅਮਰੀਕਾ ਦੇ ਨਾਲ-ਨਾਲ ਰੂਸ ਨਾਲ ਵੀ ਆਪਣੇ ਸੁਖਾਵੇਂ ਸੰਬੰਧਾਂ ਨੂੰ ਬਣਾਈ ਰੱਖਣਾ ਇਸ ਦੀ ਵਿਦੇਸ਼ ਨੀਤੀ ਦੀ ਵੱਡੀ ਸਫ਼ਲਤਾ ਮੰਨੀ ਜਾ ਸਕਦੀ ਹੈ। ਭਾਰਤ ਤੇ ਰੂਸ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਵਾਰੋ-ਵਾਰੀ ਦੋਵਾਂ ਦੇਸ਼ਾਂ ਵਿਚ ਸਾਲਾਨਾ ਮੀਟਿੰਗ ਹੁੰਦੀ ਹੈ, ਜਿਸ ਦੀ ਨਿਰੰਤਰਤਾ ਬਣੀ ਰਹੀ ਹੈ।
ਅੱਜ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਲਈ ਭਾਰਤ ਨਾਲ ਨਰਾਜ਼ ਹੈ, ਕਿਉਂਕਿ ਭਾਰਤ ਨੇ ਆਪਣੀ ਊਰਜਾ ਪੂਰਤੀ ਲਈ ਪਿਛਲੇ ਸਾਲਾਂ ਵਿਚ ਰੂਸ ਤੋਂ ਵੱਡੀ ਮਾਤਰਾ ਵਿਚ ਤੇਲ ਖਰੀਦਿਆ ਹੈ। ਇਸ ਕਾਰਨ ਟਰੰਪ ਪ੍ਰਸ਼ਾਸਨ ਨੇ ਭਾਰਤ ਤੋਂ ਆਪਣੇ ਮੁਲਕ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਵਸਤਾਂ 'ਤੇ ਵੱਡੇ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਉਹ ਅੱਜ ਵੀ ਨਿੱਤ ਦਿਨ ਭਾਰਤ ਨੂੰ ਅਨੇਕਾਂ ਤਰ੍ਹਾਂ ਦੀਆਂ ਧਮਕੀਆਂ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਭਾਰਤ ਨੇ ਰੂਸ ਦੇ ਸਹਿਯੋਗ ਅਤੇ ਮਿੱਤਰਤਾ ਪ੍ਰਤੀ ਆਪਣੀ ਸਪੱਸ਼ਟ ਨੀਤੀ 'ਤੇ ਲਗਾਤਾਰ ਪਹਿਰਾ ਦਿੱਤਾ ਹੈ। ਭਾਰਤ ਨੂੰ ਰੂਸ ਨਾਲ ਆਪਸੀ ਵਪਾਰ ਵਿਚ ਅਸੰਤੁਲਨ ਬੇਹੱਦ ਰੜਕਦਾ ਰਿਹਾ ਹੈ। ਇਸ ਲਈ ਪੁਤਿਨ ਨੇ ਆਪਣੀ ਯਾਤਰਾ ਦੌਰਾਨ ਕੀਤੇ ਵੱਡੇ ਕਰਾਰਾਂ ਵਿਚ ਇਸ ਵਪਾਰਕ ਅਸੰਤੁਲਨ ਨੂੰ ਯੋਜਨਾਬੱਧ ਢੰਗ ਨਾਲ ਘਟਾਉਣ ਦਾ ਯਤਨ ਜ਼ਰੂਰ ਕੀਤਾ ਹੈ। ਦੋਹਾਂ ਦੇਸ਼ਾਂ ਨੇ ਆਪਸੀ ਵਪਾਰ ਦਾ 2030 ਤੱਕ 100 ਅਰਬ ਡਾਲਰ ਭਾਵ 9000 ਅਰਬ ਰੁਪਏ ਦਾ ਟੀਚਾ ਮਿੱਥਿਆ ਹੈ। ਇਸ ਵਿਚ ਸੁਰੱਖਿਆ, ਊਰਜਾ ਅਤੇ ਆਪਸੀ ਵਪਾਰ ਦੀਆਂ ਮੱਦਾਂ ਨੂੰ ਵਿਸਥਾਰਪੂਰਵਕ ਵਿਚਾਰਿਆ ਗਿਆ ਹੈ।
ਬਿਨਾਂ ਸ਼ੱਕ ਅਜਿਹਾ ਆਪਸੀ ਮਿਲਵਰਤਣ ਦੋਹਾਂ ਦੇਸ਼ਾਂ ਵਿਚ ਪਿਛਲੇ 78 ਸਾਲ ਤੋਂ ਚਲੀ ਆ ਰਹੀ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਨ ਵਿਚ ਸਹਾਈ ਹੋਵੇਗਾ। ਇਸ ਲਈ ਰੂਸ ਦੇ ਰਾਸ਼ਟਰਪਤੀ ਦੀ ਇਹ ਸੰਖੇਪ ਫੇਰੀ ਇਤਿਹਾਸਕ ਬਣੀ ਨਜ਼ਰ ਆਉਂਦੀ ਹੈ।

-ਬਰਜਿੰਦਰ ਸਿੰਘ ਹਮਦਰਦ

 

 

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦਾ ਹੋਵੇ ਆਪਣਾ ਕਾਡਰ ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ
Ad Position 24