ਓਟਾਵਾ, 31 ਅਕਤੂਬਰ (ਪੀ.ਟੀ.ਆਈ.)-ਤਿੰਨ ਸਾਲ ਪੁਰਾਣੇ ਕਤਲ ਦੇ ਮਾਮਲੇ 'ਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੈਨੇਡੀਅਨ ਅਦਾਲਤ ਨੇ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸਿਟੀ ਨਿਊਜ਼ ਦੀ ਰਿਪੋਰਟ ਅਨੁਸਾਰ, ਬਿ੍ਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਇਕ ਜਿਊਰੀ ਨੇ ਮੰਗਲਵਾਰ ਨੂੰ 25 ਸਾਲਾ ਬਲਰਾਜ ਬਸਰਾ ਨੂੰ ਪਹਿਲੀ ਡਿਗਰੀ ਕਤਲ ਤੇ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ | ਸੀ.ਬੀ.ਸੀ. ਨੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਹਵਾਲੇ ਨਾਲ ਦੱਸਿਆ ਕਿ ਬਸਰਾ 17 ਅਕਤੂਬਰ, 2022 ਨੂੰ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਦੀ ਜ਼ਮੀਨ 'ਤੇ ਇਕ ਗੋਲਫ ਕਲੱਬ 'ਚ 38 ਸਾਲਾ ਵਿਸ਼ਾਲ ਵਾਲੀਆ ਦੀ ਹੱਤਿਆ 'ਚ ਸੁਣਾਈ ਗਈ ਸਜ਼ਾ 'ਚ ਤੀਜਾ ਦੋਸ਼ੀ ਹੈ | ਦੋ ਹੋਰ ਦੋਸ਼ੀ, ਇਕਬਾਲ ਕੰਗ (24) ਤੇ ਡੀਐਂਡਰੇ ਬੈਪਟਿਸਟ (21) ਨੂੰ ਪਹਿਲਾਂ ਸਜ਼ਾ ਸੁਣਾਈ ਗਈ ਸੀ | ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਗ ਨੂੰ ਅੱਗਜ਼ਨੀ ਲਈ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਬੈਪਟਿਸਟ ਨੂੰ 17 ਸਾਲਾਂ ਲਈ ਪੈਰੋਲ ਦੀ ਯੋਗਤਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ |