ਸੈਕਰਾਮੈਂਟੋ, 24 ਦਸੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੈਨਸਿਲਵਾਨੀਆ 'ਚ ਫਿਲਾਡੈਲਫੀਆ ਦੇ ਬਾਹਰਵਾਰ ਇਕ ਨਰਸਿੰਗ ਹੋਮ 'ਚ ਜ਼ਬਰਦਸਤ ਧਮਾਕਾ ਹੋਣ ਉਪਰੰਤ ਅੱਗ ਲੱਗ ਗਈ | ਇਸ ਘਟਨਾ 'ਚ 2 ਦੀ ਮੌਤ ਤੇ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਧਮਾਕੇ ਉਪਰੰਤ ਹਫੜਾ ਦਫੜੀ ਮਚ ਗਈ | ਬਿ੍ਸਟਲ ਟਾਊਨਸ਼ਿੱਪ ਪੁਲਿਸ ਲੈਫਟੀਨੈਂਟ ਸੀਨ ਗੋਰਗਰੋਵ ਨੇ ਇਸਦੀ ਜਾਣਕਾਰੀ ਸਾਂਝੀ ਕੀਤੀ | ਮੁੱਢਲੀਆਂ ਰਿਪੋਰਟਾਂ ਅਨੁਸਾਰ ਕੁਝ ਲੋਕ ਅੰਦਰ ਫਸੇ ਹੋ ਸਕਦੇ ਹਨ | ਪੈਨਸਿਲਵਾਨੀਆ ਐਮਰਜੈਂਸੀ ਮੈਨਜਮੈਂਟ ਏਜੰਸੀ ਦੇ ਬੁਲਾਰੇ ਰੂਥ ਮਿਲਰ ਨੇ ਕਿਹਾ ਹੈ ਕਿ ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਹੈ | ਮੁਢਲੀ ਜਾਂਚ 'ਚ ਪਤਾ ਲੱਗਾ ਕਿ ਧਮਾਕਾ ਗੈਸ ਰਿਸਣ ਕਾਰਨ ਹੋਇਆ ਹੋ ਸਕਦਾ ਹੈ | ਅਸਿਸਟੈਂਟ ਸੁਪਰਡੈਂਟ ਬਿ੍ਸਟਲ ਟਾਊਨਸ਼ਿੱਪ ਸਕੂਲ ਡਿਸਟਿ੍ਕਟ ਕ੍ਰਿਸਟੋਫਰ ਪੋਲਜ਼ਰ ਨੇ ਦੱਸਿਆ ਕਿ ਘਟਨਾ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਹੈਰੀ ਐਸ ਟਰਿਊਮੈਨ ਹਾਈ ਸਕੂਲ 'ਚ ਰਖਿਆ ਗਿਆ ਹੈ |