ਕਈ ਦਿਨਾਂ ਤੋਂ ਚਰਨ ਕੌਰ ਪੇਕਿਆਂ ਨੂੰ ਜਾਣ ਦੀ ਸਲਾਹ ਬਣਾ ਰਹੀ ਸੀ। ਜਦੋਂ ਦਾ ਉਸ ਨੂੰ ਆਪਣੇ ਭਰਾ ਦੀ ਬਿਮਾਰੀ ਬਾਰੇ ਪਤਾ ਲੱਗਿਆ ਸੀ, ਉਦੋਂ ਤਾਂ ਹੀ ਉਹ ਆਪ ਜਾ ਕੇ ਉਸ ਨੂੰ ਦੇਖਣ ਲਈ ਤਰਲੋਮੱਛੀ ਹੋ ਰਹੀ ਸੀ। ਇਹ ਸੋਚ ਕੇ ਹੀ ਉਹ ਅੱਧਮਰੀ ਹੋ ਜਾਂਦੀ ਕਿ ਮੇਲੇ ਤਾਂ ਜਿਊਂਦੇ ਜਾਗਦੇ ਬੰਦਿਆਂ ਦੇ ਹੁੰਦੇ ਹਨ, ਮਗਰੋਂ ਸੰਘ ਅੱਡਦੇ ਹੋਏ ਗਏ ਤਾਂ ਕੀ ਗਏ। ਪਤੀ ਹਰਦੇਵ ਸਿੰਘ ਨੂੰ ਉਹ ਰੋਜ਼ ਹੀ ਪੁੱਛ ਲੈਂਦੀ, ਆਪਾਂ ਹੁਸ਼ਿਆਰਪੁਰ ਨੂੰ ਕਿੱਦਣ ਚੱਲਣੈਂ? ਤੁਸੀਂ ਛੁੱਟੀ ਦਾ ਕੋਈ ਇੰਤਜ਼ਾਮ ਕੀਤਾ ਕਿ ਨਹੀਂ? ਨਾਲ ਹੀ ਹਿਰਖ ਨਾਲ ਨਿਹੋਰਾ ਮਾਰਦੀ, 'ਮੈਂ ਤਾਂ ਭਰਾ ਦੇ ਫਿਕਰ 'ਚ ਮੁੱਕਦੀ ਜਾਨੀ ਆਂ, ਥੋਡੀ ਸਿਹਤ 'ਤੇ ਕੋਈ ਅਸਰ ਈ ਨ੍ਹੀਂ।' ਹਰ ਰੋਜ਼ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲਦਾ ਆ ਰਿਹਾ ਸੀ ਤੇ ਇਸ ਤਰ੍ਹਾਂ ਦੀ ਟਾਲ-ਮਟੋਲ ਤੋਂ ਤੰਗ ਆ ਕੇ ਉਹ ਹੁਣ ਕਈ ਦਿਨਾਂ ਦੀ ਮੂੰਹ ਸੁਜਾਈ ਫਿਰਦੀ ਸੀ। ਨਵੰਬਰ ਦਾ ਅਖੀਰਲਾ ਹਫਤਾ ਚੱਲ ਰਿਹਾ ਸੀ। ਜਿਨ੍ਹਾਂ ਕਰਮਚਾਰੀਆਂ ਨੇ ਅਚਨਚੇਤ ਛੁੱਟੀਆਂ ਠੰਢੇ-ਮਿੱਠੇ ਮੌਸਮ ਲਈ ਬਚਾ ਕੇ ਰੱਖੀਆਂ ਹੋਈਆਂ ਸਨ, ਉਹ ਹੁਣ ਬਾਹਰ ਅੰਦਰ ਜਾ ਕੇ ਛੁੱਟੀਆਂ ਦਾ ਅਨੰਦ ਮਾਣ ਰਹੇ ਸਨ। ਹਰ ਰੋਜ਼ ਹੀ ਇਕ ਦੋ ਸਟਾਫ਼ ਮੈਂਬਰ ਛੁੱਟੀ 'ਤੇ ਹੁੰਦੇ ਤੇ ਉਸ ਵਿਚਾਰੇ ਭਗਤ ਬੰਦੇ ਦੀ ਵਾਰੀ ਹੀ ਨਹੀਂ ਸੀ ਆ ਰਹੀ। ਘਰ ਵਿਚ ਰੋਜ਼ ਕਲੇਸ਼ ਹੁੰਦਾ ਦੇਖ ਕੇ ਉਸ ਨੂੰ ਇਕ ਦਿਨ ਦੀ ਅਚਨਚੇਤ ਛੁੱਟੀ ਦਾ ਬੰਦੋਬਸਤ ਕਰਨਾ ਹੀ ਪਿਆ। ਜਿਹੜੀ ਕਾਲੋਨੀ ਵਿਚ ਉਹ ਰਹਿੰਦੇ ਸਨ, ਉਥੇ ਉਹ ਨਵੇਂ ਆਏ ਸਨ ਤੇ ਹਾਲੇ ਉਨ੍ਹਾਂ ਦੀ ਆਂਢ-ਗੁਆਂਢ ਨਾਲ ਵੀ ਬਹੁਤੀ ਜਾਣ-ਪਛਾਣ ਨਹੀਂ ਸੀ,ਫਿਰ ਵੀ ਆਸ-ਪਾਸ ਦੀਆਂ ਕੋਠੀਆਂ ਵਿਚ ਰਹਿੰਦੀਆਂ ਔਰਤਾਂ ਨਾਲ ਉਸ ਦੀ ਪਤਨੀ ਨੇ ਚੰਗਾ ਸਹੇਲਪੁਣਾ ਪਾ ਲਿਆ ਸੀ। ਨਾਲ ਵਾਲੀ ਕੋਠੀ ਵਿਚ ਰਹਿੰਦੀ ਸ਼ਿਵਾਨੀ ਨੇ ਉਸ ਨੂੰ ਬੇਫਿਕਰ ਹੋ ਕੇ ਜਾਣ ਲਈ ਕਹਿ ਦਿੱਤਾ ਸੀ, 'ਲਓ ਭੈਣ ਜੀ! ਤੁਸੀਂ ਨਿਸ਼ਚਿੰਤ ਹੋ ਕੇ ਜਾਓ, ਬੱਚਿਆਂ ਦਾ ਤੁਸੀਂ ਬਿਲਕੁਲ ਹੀ ਫਿਕਰ ਨਾ ਕਰਿਆ ਜੇ, ਮੈਂ ਪੂਰੀ ਨਿਗਾਹ ਰੱਖਾਂਗੀ। ਸਗੋਂ ਤੁਸੀਂ ਬੱਚਿਆਂ ਨੂੰ ਕਹਿ ਕੇ ਜਾਇਓ, ਦੁਪਹਿਰ ਦਾ ਖਾਣਾ ਉਹ ਇਧਰੋਂ ਹੀ ਖਾ ਲੈਣਗੇ।'
ਉਨ੍ਹਾਂ ਦੇ ਘਰ ਤਿੰਨ ਬੇਟੀਆਂ ਸਨ। ਵੱਡੀ ਬੇਟੀ ਕੁਲਬੀਰ ਬੀ.ਏ.ਬੀ ਐੱਡ ਕਰ ਚੁੱਕੀ ਸੀ ਤੇ ਅਜੇ ਨੌਕਰੀ ਨਾ ਮਿਲਣ ਕਾਰਨ ਘਰੇ ਵਿਹਲੀ ਹੀ ਸੀ। ਉਸ ਤੋਂ ਛੋਟੀ ਪੰਦਰਾਂ ਕੁ ਸਾਲਾਂ ਦੀ ਧੀ ਦੀਪੀ ਨੌਵੀਂ ਜਮਾਤ ਵਿਚ ਪੜ੍ਹਦੀ ਸੀ। ਦੋਵਾਂ ਭੈਣਾਂ ਤੋਂ ਛੋਟੀ ਅੰਜਲੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਉਨ੍ਹਾਂ ਦੋਵਾਂ ਭੈਣਾਂ ਦਾ ਲੁਧਿਆਣਾ ਦੇ ਇਕ ਨਾਮੀ-ਗਰਾਮੀ ਸਕੂਲ ਵਿਚ ਦਾਖਲਾ ਕਰਵਾ ਦਿੱਤਾ ਸੀ। ਸਾਈਕਲਾਂ 'ਤੇ ਉਹ ਹਰ ਰੋਜ਼ ਸਕੂਲ ਚਲੀਆਂ ਜਾਂਦੀਆਂ। ਹਰਦੇਵ ਸਿੰਘ ਦੀ ਤਾਂ ਅਜੇ ਸ਼ਹਿਰ ਆਉਣ ਦੀ ਕੋਈ ਸਲਾਹ ਹੀ ਨਹੀਂ ਸੀ। ਉਨ੍ਹਾਂ ਦਾ ਤਾਂ ਪਿੰਡ ਹੀ ਸ਼ਹਿਰਾਂ ਵਰਗਾ ਸੀ। ਉਥੇ ਸਾਰੀਆਂ ਹੀ ਸੁਖ ਸਹੂਲਤਾਂ ਸਨ। ਪਿੰਡੋਂ ਤਾਂ ਉਹ ਘਰ ਦੇ ਕਲੇਸ਼ ਤੋਂ ਦੁਖੀ ਹੋ ਕੇ ਨਿਕਲੇ ਸਨ। ਹਰਦੇਵ ਦਾ ਛੋਟਾ ਭਰਾ ਸੁਖਦੇਵ ਨਿੱਤ ਦਾ ਸ਼ਰਾਬੀ ਸੀ। ਉਹ ਰੋਜ਼ ਹੀ ਦਾਰੂ ਦਾ ਰੱਜਿਆ ਅੱਧੀ ਰਾਤ ਨੂੰ ਘੜੇ ਵੜਦਾ। ਉਸ ਦੇ ਸ਼ਰਾਬੀ ਲਲਕਾਰਿਆਂ ਨਾਲ ਘੂਕ ਸੁੱਤੇ ਨਿਆਣੇ ਸਿਆਣੇ ਸਭ ਜਾਗ ਉਠਦੇ। ਘਰ ਵਿਚ ਹੁੰਦੇ ਨਿੱਤ ਦੇ ਪਿੱਟ-ਸਿਆਪੇ ਦਾ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਪ੍ਰਭਾਵ ਪੈ ਰਿਹਾ ਸੀ। ਉਹ ਨਾ ਚੱਜ ਨਾਲ ਸੌਂ ਸਕਦੇ, ਨਾ ਪੜ੍ਹ ਸਕਦੇ। ਘਰ ਦਾ ਇਕੋ ਵਿਹੜਾ ਹੋਣ ਕਰਕੇ ਉਹ ਸਾਰੇ ਹਰ ਰੋਜ਼ ਪ੍ਰੇਸ਼ਾਨ ਹੁੰਦੇ। ਲੁਧਿਆਣਾ ਦੀ ਇਕ ਨਵੀਂ ਕਾਲੋਨੀ ਵਿਚ ਕੋਠੀ ਤਾਂ ਉਨ੍ਹਾਂ ਨੇ ਕਦੋਂ ਦੀ ਬਣਾ ਲਈ ਸੀ ਪਰ ਉਨ੍ਹਾਂ ਨੇ ਅਜੇ ਉਥੇ ਰਿਹਾਇਸ਼ ਨਹੀਂ ਸੀ ਕੀਤੀ। ਹੁਣ ਚੱਤੋ-ਪਹਿਰ ਦੇ ਕਲ੍ਹਾ-ਕਲੇਸ਼ ਤੋਂ ਅੱਕਿਆਂ ਹੋਇਆਂ ਨੇ ਮਜਬੂਰੀ ਵੱਸ ਹੀ ਉਨ੍ਹਾਂ ਨੇ ਸ਼ਹਿਰ ਵਾਲੀ ਕੋਠੀ ਵਿਚ ਰਿਹਾਇਸ਼ ਕੀਤੀ ਸੀ। ਘਰ ਵਿਚ ਮੁਟਿਆਰਾਂ ਹੋ ਰਹੀਆਂ ਧੀਆਂ ਹੋਣ ਕਰਕੇ ਉਹ ਤਾਂ ਕਿਤੇ ਆਉਂਦੇ-ਜਾਂਦੇ ਵੀ ਨਹੀਂ ਸਨ ਪਰ ਬਿਮਾਰ ਭਰਾ ਦਾ ਪਤਾ ਲੈਣ ਲਈ ਤਾਂ ਉਨ੍ਹਾਂ ਨੂੰ ਜਾਣਾ ਹੀ ਪੈਣਾ ਸੀ।
ਪੇਕੇ ਪਿੰਡ ਦੀ ਵਾਟ ਲੰਮੀ ਹੋਣ ਕਰਕੇ ਉਹ ਸੁਵੱਖਤੇ ਹੀ ਤਿਆਰ ਹੋ ਗਏ। ਸ਼ਾਮ ਨੂੰ ਉਨ੍ਹਾਂ ਨੇ ਮੁੜ ਕੇ ਘਰ ਵੀ ਆਉਣਾ ਸੀ। ਮਾਂ-ਬਾਪ ਨੂੰ ਤਿਆਰ ਹੋਇਆ ਦੇਖ ਕੇ ਛੋਟੀ ਅੰਜਲੀ ਬੋਲੀ, 'ਮੰਮੀ! ਤੁਸੀਂ ਕਿਥੇ ਚੱਲੇ ਓ?' ਅਸੀਂ ਪੁੱਤ! ਤੇਰੇ ਨਾਨਕਿਆਂ ਨੂੰ ਚੱਲੇ ਆਂ, ਤੇਰੇ ਮਾਮਾ ਜੀ ਦਾ ਪਤਾ ਲੈਣ, ਆਥਣ ਤਾਈਂ ਮੁੜ ਆਵਾਂਗੇ, ਤੁਸੀਂ ਦੋਵੇਂ ਭੈਣਾਂ ਜਾਓ ਸਕੂਲ ਨੂੰ, ਆ ਕੇ ਸਕੂਲ ਦਾ ਹੋਮ ਵਰਕ ਕਰਕ ਲਿਓ ਵੇਲੇ ਨਾਲ, ਸ਼ਰਾਰਤਾਂ ਨਾ ਕਰਿਓ, ਅੱਛਾ।'
'ਮੈਂ ਤਾਂ ਆਪ ਥੋਡੇ ਨਾਲ ਜਾਣੈਂ ਨਾਨਕਿਆਂ ਨੂੰ, ਉਥੇ ਮੈਂ ਮਾਮੇ ਦੀਆਂ ਕੁੜੀਆਂ ਨਾਲ ਅੱਡੀ ਟੱਪਾ ਖੇਡਾਂਗੀ।' ਚੰਗੀ ਭਲੀ ਸਕੂਲ ਵਾਸਤੇ ਤਿਆਰ ਖੜ੍ਹੀ ਉਹ ਝੱਟ ਹੀ ਸਕੂਲ ਵਾਲੀ ਯੂਨੀਫਾਰਮ ਬਦਲ ਕੇ ਨਵੀਂ ਫਰਾਕ ਤੇ ਨਵੇਂ ਸੈਂਡਲ ਪਾ ਕੇ ਤਿਆਰ ਹੋ ਗਈ।
'ਨਹੀਂ ਕੁੜੀਏ! ਤੂੰ ਸਕੂਲ ਨੂੰ ਤੁਰ ਜਾ ਚੁੱਪ ਕਰਕੇ, ਨਹੀਂ ਤਾਂ ਮਾਰ ਖਾਵੇਂਗੀ ਮੇਰੇ ਕੋਲੋਂ, ਤੈਨੂੰ ਨ੍ਹੀਂ ਦਿਸਦਾ ਬਈ ਭੈਣ 'ਕੱਲੀ ਕੀਹਦੇ ਨਾਲ ਜਾਵੇਗੀ?' ਪਿਓ ਨੇ ਉਹਨੂੰ ਦਬਕਾ ਮਾਰਿਆ।
'ਮੈਨੂੰ ਨ੍ਹੀਂ ਪਤਾ, ਮੈਂ ਤਾਂ ਬੱਸ ਤੁਹਾਡੇ ਨਾਲ ਈ ਜਾਣੈਂ, ਇਹ 'ਕੱਲੀ ਚਲੀ ਜਾਵੇ।' ਉੱਚੀ-ਉੱਚੀ ਲੇਰਾਂ ਮਾਰਦੀ ਬਾਲੜੀ ਨੇ ਛੱਤਣ ਸਿਰ 'ਤੇ ਚੁੱਕ ਲਈ ਸੀ।
'ਚਲ ਕੋਈ ਨਾ ਫੇਰ, ਹੁਣ ਇਹਨੇ ਟਲਣਾ ਤਾਂ ਹੈ ਨੀਂ, ਲੈ ਚਲਦੇ ਆਂ ਫੇਰ, ਦੀਪੀ 'ਕੱਲੀ ਚਲੀ ਜਾਵੇਗੀ, ਹੋਰ ਹੁਣ ਕੋਈ ਵਾਹ ਏ।'
'ਚੰਗਾ ਪੁੱਤ ਦੀਪੀ! ਤੂੰ ਜਾਹ ਫੇਰ। ਧਿਆਨ ਨਾਲ ਜਾਈਂ ਮੇਰੀ ਧੀ।' ਵੱਡੀ ਕੁੜੀ ਨੂੰ ਅੰਦਰੋਂ ਬੂਹਾ ਬੰਦ ਕਰਕੇ ਰੱਖਣ ਦੀ ਹਦਾਇਤ ਕਰਕੇ, ਵਿਚਕਾਰਲੀ ਨੂੰ ਸਾਈਕਲ 'ਤੇ ਸਕੂਲ ਨੂੰ ਭੇਜ ਕੇ, ਉਹ ਤਿੰਨੋਂ ਜਣੇ ਘਰੋਂ ਤੁਰ ਪਏ ਸਨ।
ਦੁਪਹਿਰ ਸਾਰੀ ਢਲ ਗਈ ਸੀ। ਆਥਣ ਵੇਲਾ ਹੋ ਗਿਆ ਸੀ। ਸਕੂਲੋਂ ਵਾਪਸ ਆਉਣ ਵਾਲੇ ਆਂਢ-ਗੁਆਂਢ ਦੇ ਸਾਰੇ ਬੱਚੇ ਘਰੀਂ ਆ ਚੁੱਕੇ ਸਨ ਪਰ ਦੀਪੀ ਅਜੇ ਵੀ ਸਕੂਲੋਂ ਨਹੀਂ ਸੀ ਆਈ। ਵੱਡੀ ਬੇਟੀ ਕੁਲਬੀਰ ਦੀਪੀ ਨੂੰ ਉਡੀਕ-ਉਡੀਕ ਕੇ ਥੱਕ ਗਈ ਸੀ। ਬੂਹਾ ਖੋਲ੍ਹ ਕੇ ਉਹ ਕਈ ਵਾਰ ਸਕੂਲ ਵਲੋਂ ਆਉਂਦੇ ਰਸਤੇ ਵੱਲ ਝਾਤੀਆਂ ਮਾਰਦੀ ਅਵਾਜ਼ਾਰ ਹੋ ਗਈ ਸੀ। ਆਂਢ-ਗੁਆਂਢ ਜਿੰਨੇ ਕੁ ਘਰਾਂ ਨੂੰ ਉਹ ਜਾਣਦੀ ਸੀ, ਸਾਰਿਆਂ ਦੇ ਘਰੀਂ ਜਾ ਕੇ ਪਤਾ ਕਰ ਆਈ ਸੀ ਪਰ ਦੀਪੀ ਕਿਤੋਂ ਵੀ ਨਹੀਂ ਸੀ ਮਿਲੀ। ਕੁਲਬੀਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਮਾਂ-ਬਾਪ ਵੀ ਅਜੇ ਤੱਕ ਮੁੜ ਕੇ ਨਹੀਂ ਸਨ ਆਏ। ਉਹ ਉਨ੍ਹਾਂ ਨੂੰ ਕਿਹੜੇ ਸਾਧਨ ਰਾਹੀਂ ਦੱਸਦੀ? ਉਸ ਕੋਲ ਤਾਂ ਕੋਈ ਵੀ ਜ਼ਰੀਆ ਨਹੀਂ ਸੀ। ਮੋਬਾਈਲ ਫੋਨਾਂ ਦਾ ਤਾਂ ਉਦੋਂ ਨਾਮ ਨਿਸ਼ਾਨ ਵੀ ਨਹੀਂ ਸੀ ਹੁੰਦਾ। ਲੈਂਡ ਲਾਈਨ ਫੋਨ ਵੀ ਉਸ ਸਮੇਂ ਸਾਧਾਰਨ ਬੰਦੇ ਦੀ ਪਹੁੰਚ ਤੋਂ ਬਾਹਰ ਸਨ। ਪੀ.ਸੀ.ਓ. ਕੇਂਦਰ ਵੀ ਕਿਤੇ ਵਿਰਲੇ ਟਾਵੇਂ ਹੀ ਹੁੰਦੇ ਸਨ। ਪਰਿਵਾਰ ਵਾਸਤੇ ਇਸ ਤੋਂ ਵੱਡੀ ਬਿਪਤਾ ਦੀ ਘੜੀ ਹੋਰ ਕਿਹੜੀ ਹੋ ਸਕਦੀ ਸੀ। ਜਦੋਂ ਮਾਂ-ਬਾਪ ਮੁੜ ਕੇ ਆਏ ਤਾਂ ਆਪਣੇ ਘਰ ਦੇ ਅੱਗੇ ਭਾਰੀ ਇਕੱਠੇ ਹੋਇਆ ਵੇਖ ਕੇ ਉਨ੍ਹਾਂ ਦੇ ਸਾਹ ਸੂਤੇ ਗਏ। ਹਰ ਕੋਈ ਕੁੜੀ ਦੀ ਗੁੰਮਸ਼ੁਦਗੀ ਬਾਰੇ ਗੱਲਾਂ ਕਰ ਰਿਹਾ ਸੀ। ਧਾਹਾਂ ਮਾਰ ਕੇ ਰੋਂਦੀ ਮਾਂ ਨੂੰ ਦੰਦਲਾਂ ਪੈ ਰਹੀਆਂ ਸਨ। ਨਮੋਸ਼ੀ ਦੇ ਮਾਰੇ ਬਾਪ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡ ਰਹੀ। ਉਸ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ।
ਬੌਂਦਲਿਆ ਹੋਇਆ ਉਹ ਇਕੋ ਗੱਲ ਨੂੰ ਵਾਰ-ਵਾਰ ਦੁਹਰਾਈ ਜਾ ਰਿਹਾ ਸੀ, 'ਮੈਨੂੰ ਤਾਂ ਪਿੰਡ ਦੇ ਦਾਨੇ-ਸ਼ਾਨੇ ਬੰਦੇ ਪਹਿਲਾਂ ਹੀ ਵਰਜਦੇ ਸਨ ਬਈ ਮੁੰਡਿਆ! ਪਿੰਡ ਛੱਡ ਕੇ ਨਾ ਜਾਹ, ਆਵਦੇ ਘਰ ਨਾਲ ਦੀ ਰੀਸ ਨ੍ਹੀਂ ਹੁੰਦੀ। ਆਵਦੇ ਪਿੰਡ ਵਰਗਾ ਸੁਖ ਨ੍ਹੀਂ ਮਿਲਦਾ ਹੁੰਦਾ ਕਿਤੇ ਵੀ, ਘਰੇ ਮੁਟਿਆਰਾਂ ਧੀਆਂ ਨੇ, ਮੁੜਕੇ ਨ੍ਹੀਂ ਖੁੰਝਿਆ ਵੇਲਾ ਹੱਥ ਆਉਂਦਾ ਹੁੰਦਾ, ਪਛਤਾਵੇਂਗਾ ਤੂੰ ਉਥੇ ਜਾ ਕੇ, ਸ਼ਹਿਰਾਂ 'ਚ ਨ੍ਹੀਂ ਕੋਈ ਕਿਸੇ ਦਾ ਸਕਾ ਹੁੰਦਾ, ਉਹੀ ਗੱਲਾਂ ਮੂਹਰੇ ਆ ਗਈਆਂ ਮੇਰੇ ਤਾਂ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 78146-98117