04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

06-12-25

Ad Position 21
repet_subhas-goyals [Copy P29]
ਅਜੀਤ ਡੈਸਕ 06-12-2025

 ਪ੍ਰਿੰਸੀਪਲ
ਤਰਸੇਮ ਬਾਹੀਆ ਸਿਮਰਤੀ ਗ੍ਰੰਥ
ਸੰਪਾਦਕ : ਸੁਰਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 280
ਸੰਪਰਕ : 93564-62593

'ਪ੍ਰਿੰਸੀਪਲ ਤਰਸੇਮ ਬਾਹੀਆ' ਸਿਮਰਤੀ ਗ੍ਰੰਥ, ਸੁਰਜੀਤ ਸਿੰਘ ਦੁਆਰਾ ਸੰਪਾਦਿਤ ਕੀਤੀ ਗਈ ਕ੍ਰਿਤ ਹੈ। ਸੰਪਾਦਕ ਨੇ ਵੱਖ-ਵੱਖ ਸਮੇਂ 'ਤੇ ਪ੍ਰਿੰ. ਬਾਹੀਆ ਨਾਲ ਵਿਚਰਦੇ ਉਸ ਦੇ ਸਹਿਯੋਗੀ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲਿਖਾ ਕੇ ਕੁੱਲ ਪੈਂਤੀ ਰਚਨਾਵਾਂ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਡਾਇਰੀ ਵਿਚ ਦਰਜ ਰੁਬਾਈਆਂ, ਗ਼ਜ਼ਲਾਂ, ਕਵਿਤਾਵਾਂ ਅਤੇ ਇੱਕ ਕਹਾਣੀ ਨੂੰ ਵੀ ਇਸ ਸਿਮਰਤੀ ਗ੍ਰੰਥ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਿਮਰਤੀ ਗ੍ਰੰਥ ਵਿਚ ਪ੍ਰਿੰ. ਬਾਹੀਆ ਦੇ ਸੰਘਰਸ਼ ਦੇ ਸਾਥੀਆਂ, ਉਨ੍ਹਾਂ ਦੀ ਰਹਿਨੁਮਾਈ ਕਰਨ ਵਾਲੇ ਅਧਿਆਪਕ ਸਾਹਿਬਾਨ, ਉਨ੍ਹਾਂ ਦੇ ਬਹੁਤ ਨਜ਼ਦੀਕੀ ਦੋਸਤਾਂ, ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ, ਉਨ੍ਹਾਂ ਦੇ ਵਿਦਿਆਰਥੀਆਂ ਅਤੇ ਹੋਰਨਾਂ ਨੇ ਆਪੋ-ਆਪਣੀਆਂ ਰਚਨਾਵਾਂ ਲਿਖ ਕੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਅਰਪਿਤ ਕੀਤਾ ਹੈ। ਪ੍ਰਿੰ. ਬਾਹੀਆ ਇਨਸਾਨੀਅਤ ਦੇ ਸੱਚੇ ਸੁੱਚੇ ਜਜ਼ਬਿਆਂ ਨਾਲ ਭਰੇ ਹੋਏ, ਇਕ ਪ੍ਰਤੀਬੱਧ ਅਧਿਆਪਕ, ਨਿੱਘੇ ਦੋਸਤਾਨਾ ਸੰਬੰਧ ਨਿਭਾਉਣ ਵਾਲੇ ਇਨਸਾਨ, ਦ੍ਰਿੜ੍ਹ ਇਰਾਦੇ ਦੇ ਧਾਰਨੀ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਸਮਰਪਿਤ, ਮਸ਼ਹੂਰ ਟਰੇਡ ਯੂਨੀਅਨਿਸਟ ਆਗੂ, ਨਿਧੜਕ, ਦਲੇਰ, ਸੂਝਬੂਝ ਅਤੇ ਸਿਆਣਪ ਨਾਲ ਭਰੇ ਹੋਏ, ਉੱਘੇ ਸਿੱਖਿਆ ਸ਼ਾਸਤਰੀ ਬਹੁਪੱਖੀ ਸਖ਼ਸੀਅਤ ਦੇ ਮਾਲਕ ਸਨ। ਉਹ ਬਹੁਤ ਲੰਮਾ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਰਹੇ। ਉਨ੍ਹਾਂ ਦੀ ਅਗਵਾਈ ਵਿਚ ਕਾਲਜ ਅਧਿਆਪਕਾਂ ਦੀ ਜੱਥੇਬੰਦੀ 'ਪਕਟੂ' ਨੇ ਅਨੇਕਾਂ ਘੋਲ ਲੜੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਬੇਸ਼ੱਕ ਉਨ੍ਹਾਂ ਸਾਰੀ ਉਮਰ ਅੰਗਰੇਜ਼ੀ ਪੜ੍ਹਾਈ, ਪਰੰਤੂ ਉਹ ਪੰਜਾਬੀ ਭਾਸ਼ਾ ਨੂੰ ਦਿਲੋਂ ਪਿਆਰ ਕਰਦੇ ਸਨ। ਉਹ ਆਪਣੀ ਰਚੀ ਇੱਕ ਕਵਿਤਾ ਵਿਚ ਆਪਣੀ ਪਤਨੀ ਸ਼ਾਰਦਾ ਨੂੰ ਆਪਣੀ ਇਨਕਲਾਬੀ ਵਿਚਾਰਧਾਰਕ ਸੋਚ ਬਾਰੇ ਇੰਝ ਬਿਆਨ ਕਰਦੇ ਹਨ-
ਐ ਮੇਰੀ ਦੋਸਤ! ਮੇਰੀ ਮਹਿਬੂਬਾ,
ਮੇਰੀ ਹਮਦਮ, ਮੇਰੀ ਹਮਸਫ਼ਰ।
ਆਪਣੇ ਜੀਵਨ ਦੀ ਪਹਿਲੀ ਰਾਤ,
ਮੈਂ ਤੈਨੂੰ ਸਮਰਪਣ ਕਰਦਾ ਹਾਂ ਮੇਰਾ ਆਪਣਾ ਆਪ।
ਮੈਂ ਨਹੀਂ ਤੋੜ ਸਕਦਾ,
ਤੇਰੇ ਲਈ ਚੰਨ ਤਾਰੇ।
ਨਾ ਮੈਂ ਦੇਵਾਂ ਤੈਨੂੰ ਰੰਗੀਨ ਸੁਪਨੇ, ਸੁਰਗਾਂ ਦੇ ਲਾਰੇ।
ਕਿਉਂ ਜੋ, ਮੈਂ ਤੈਨੂੰ ਪਿਆਰ ਕਰਦਾ ਹਾਂ,
ਦਿਲੋਂ ਸਤਿਕਾਰ ਕਰਦਾ ਹਾਂ।
ਇਸ ਪ੍ਰਕਾਰ ਪ੍ਰਿੰਸੀਪਲ ਤਰਸੇਮ ਬਾਹੀਆ ਜੀ ਨੇ ਜਿਸ ਢੰਗ ਨਾਲ ਆਪਣਾ ਸਾਰਾ ਜੀਵਨ ਲੋਕ ਘੋਲਾਂ ਲਈ ਅਰਪਿਤ ਕੀਤਾ ਹੈ, ਉਹ ਖ਼ੁਦ ਅਤੇ ਉਨ੍ਹਾਂ ਦੀ ਸੋਚ ਸੰਘਰਸ਼ਸ਼ੀਲ ਲੋਕਾਂ ਦੇ ਹਿਰਦਿਆਂ ਵਿਚ ਹਮੇਸ਼ਾ-ਹਮੇਸ਼ਾ ਲਈ ਕਾਇਮ ਰਹੇਗੀ। ਇਸ ਰਚਨਾ ਦੇ ਸੰਪਾਦਕ ਸੁਰਜੀਤ ਸਿੰਘ, ਪ੍ਰਿੰ. ਤਰਸੇਮ ਬਾਹੀਆ ਜੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੀਆਂ ਯਾਦਾਂ ਨੂੰ ਹਮੇਸ਼ਾ-ਹਮੇਸ਼ਾ ਲਈ ਸੰਭਾਲਣ ਲਈ ਇਸ ਸਿਮਰਤੀ ਗ੍ਰੰਥ ਨੂੰ ਤਿਆਰ ਕਰਨਾ ਨਿਸਚੇ ਹੀ ਸਲਾਹੁਣਯੋਗ ਅਤੇ ਵਡਿਆਉਣ ਯੋਗ ਕਾਰਜ ਹੈ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਮੈਂ ਹਾਂ ਪਿੰਡ ਬੋਲਦਾ
ਕਵੀ : ਰਾਮ ਲਾਲ ਪ੍ਰੇਮੀ
ਮੁੱਲ: 250 ਰੁਪਏ, ਸਫ਼ੇ : 128
ਪ੍ਰਕਾਸ਼ਨ : ਸੰਗਮ ਪਬਲੀਕੇਸ਼ਨਜ਼, ਸਮਾਨਾ
ਸੰਪਰਕ : 98155-17340

'ਮੈਂ ਪਿੰਡ ਬੋਲਦਾ' ਪੁਸਤਕ ਰਾਮ ਲਾਲ ਪ੍ਰੇਮੀ ਦੀ ਰਚਨਾ ਹੈ ਇਹ ਪੁਸਤਕ ਆਪ ਨੇ ਲੋਕ ਗਾਇਕ ਬਾਬਾ ਮੁਨਸ਼ੀ ਰਾਮ, ਕਵੀ ਅਤੇ ਵੈਦ ਪਿਤਾ ਸ੍ਰੀ ਹੰਸਰਾਜ ਤਾਇਆ ਸੇਵਾ ਸਿੰਘ ਲੋਕ ਗਾਇਕ ਸੰਤ ਸਿੰਘ ਗਿੱਲ ਅਤੇ ਚਾਚਾ ਬਾਬੂ ਰਾਮ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੀ ਹੈ। 128 ਸਫਿਆਂ ਤੱਕ ਫੈਲੀ ਇਸ ਪੁਸਤਕ ਵਿਚ ਪੰਜਾਬ ਦੇ ਪਿੰਡਾਂ ਦੇ ਰੰਗਲੇ ਦ੍ਰਿਸ਼ਾਂ ਦਾ ਕਾਵਿਕਰਨ ਕੀਤਾ ਹੈ। ਪੁਸਤਕ ਦੀ ਭੂਮਿਕਾ ਡਾ. ਸਰਬਜੀਤ ਸਿੰਘ ਨੇ, ਸੁਰਜੀਤ ਪਾਤਰ ਨੇ ਵੀ ਕੁਝ ਸ਼ਬਦ ਲਿਖੇ ਹਨ। ਗਿਆਨੀ ਗੁਰਦਿੱਤ ਸਿੰਘ ਹੋਰਾਂ ਨੇ ਵੀ ਇਸ ਤੇ ਭੂਮਿਕਾ ਦੇ ਵਿਚ ਕੁਝ ਹਿੱਸਾ ਪਾਇਆ ਹੈ ਤੇ ਸੰਤੋਖ ਸਿੰਘ ਧੀਰ ਨੇ ਵੀ ਉਸ ਦੀ ਪੁਸਤਕ ਦੀ ਭੂਮਿਕਾ ਲਿਖੀ। ਪੇਂਡੂ ਜੀਵਨ ਨੂੰ ਕੇਂਦਰ ਵਿਚ ਰੱਖ ਕੇ ਕਵੀ ਨੇ ਪੁਰਾਣੇ ਉਸ ਪੰਜਾਬ ਦਾ ਚਿਤਰਨ ਕੀਤਾ ਹੈ ਜਿਹੜਾ ਪੰਜਾਬ ਮਸ਼ੀਨੀਕਰਨ ਅਤੇ ਆਧੁਨਿਕੀਕਰਨ ਤੋਂ ਪਹਿਲਾਂ ਦਾ ਪੰਜਾਬ ਸੀ ਜਿਸ ਪੰਜਾਬ ਦੇ ਰੰਗਲੇ ਦ੍ਰਿਸ਼ ਨਵੀ ਪੀੜ੍ਹੀ ਭੁੱਲ ਰਹੀ ਹੈ ਉਹ ਪੁਰਾਣਾ ਪੰਜਾਬ ਜਿਸ ਵਿਚ ਸਿਹਤਮੰਦ ਲੋਕ ਸਨ ਤੇ ਹਰੀ ਕ੍ਰਾਂਤੀ ਤੋਂ ਪਹਿਲਾਂ ਦੀਆਂ ਉਪਜਾਂ ਜਿੱਥੇ ਲੋਕਾਂ ਅੰਦਰ ਸਾਦਗੀ ਸੀ ਉਸ ਵੇਲੇ ਔਰਤ ਮਰਦਾਂ ਦੇ ਜਿਹੜੇ ਕੰਮ ਸਨ ਉਹ ਵੰਡੇ ਹੋਏ ਸਨ ਕਵੀ ਲਿਖਦਾ ਹੈ
ਚੁੱਲ੍ਹਿਆਂ ਵਿਚ ਤਦ ਬਲਦੀਆਂ
ਅੱਗਾਂ ਆਡੀਂ ਵਗਦਾ ਪਾਣੀ
ਜਦ ਖੇਤਾਂ ਵਿਚ ਮਰਦ ਜੂਝਦੇ
ਘਰ ਦੇ ਵਿਚ ਸਵਾਣੀ
ਕਵੀ ਨੇ ਪੇਂਡੂ ਲੋਕਾਂ ਦੇ ਉਸ ਵੇਲੇ ਦੇ ਰੁਝੇਵਿਆਂ ਨੂੰ ਵੀ ਬਹੁਤ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਇਹ ਲੋਕ ਇੱਕ ਦੂਜੇ ਉੱਪਰ ਆਸ਼ਰਤ ਸਨ ਤੇ ਲਗਾਤਾਰ ਦਿਨ ਤੋਂ ਰਾਤ ਤੱਕ ਪੂਰਾ ਸਮਾਂ ਕਿਰਿਆਸ਼ੀਲ ਰਹਿੰਦੇ ਸਨ। ਇਹ ਪੁਸਤਕ ਉਨ੍ਹਾਂ ਸਭ ਪਾਠਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਜਿਨ੍ਹਾਂ ਨੇ ਪੇਂਡੂ ਜੀਵਨ ਜੀਵਿਆ ਹੈ ਤੇ ਉਨ੍ਹਾਂ ਦੀਆਂ ਯਾਦਾਂ ਵਿਚ ਇਹ ਦ੍ਰਿਸ਼ ਪਏ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਗਿਆਨੀ ਗੁਰਦਿੱਤ ਸਿੰਘ ਨੇ ਲਿਖਿਆ ਹੈ ਕਿ 'ਮੈਂ ਹਾਂ ਪਿੰਡ ਬੋਲਦਾ' ਰੰਗ ਬਿਰੰਗੇ ਜੀਵਨ ਨਮੂਨੇ ਪੇਸ਼ ਕਰਦੀ ਸਰਲ ਭਾਸ਼ਾ ਵਿਚ ਠੇਠ ਪੰਜਾਬੀ ਵਿਚ ਚਮਕਦਾਰ ਵਾਕ ਵਿਚ ਕਵੀ ਦੀ ਨਰੋਈ ਕਥਨੀ ਦਾ ਵਰਨਣ ਯੋਗ ਪ੍ਰਗਟਾਵਾ ਹੈ। ਸੁਰਜੀਤ ਪਾਤਰ ਜੀ ਨੇ ਇਸ ਪੁਸਤਕ ਦੀ ਭੂਮਿਕਾ ਨੂੰ ਲਿਖਦਿਆਂ ਪਿੰਡਾਂ ਦੀਆਂ ਸਵੇਰਾਂ, ਦੁਪਹਿਰਾ, ਸ਼ਾਮਾਂ ਤੀਆਂ ਕੁੜੀਆਂ ਦੇ ਚਾਅ, ਦੁੱਖ-ਸੁੱਖ, ਆਰਥਿਕਤਾ ਤੇ ਸੱਭਿਆਚਾਰ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਹੈ ਆਪਨੇ ਕਾਵਿਕ ਸਿਫ਼ਤ ਵੀ ਕੀਤੀ ਹੈ ਕਿ ਇਹ ਪੁਸਤਕ ਦਵਈਆ, ਬੈਂਤ, ਦੋਹਰਾ, ਕੋਰੜਾ ਆਦਿ ਛੰਦਾਂ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਕਾ ਵੀਕ ਢੰਗ ਨਾਲ ਇਸ ਪੁਸਤਕ ਦੀ ਭੋਗ ਗੱਲ ਲਿਖੀ ਹੈ ਸੁਰਜੀਤ ਪਾਤਰ ਦੀ ਲਿਖਦੇ ਹਨ
ਰਾਮ ਲਾਲ ਪ੍ਰੇਮੀ ਨੇ ਕਮਾਲ ਕਰਤੀ,
ਪਿੰਡ ਦੀ ਤਸਵੀਰ ਬਣਾ ਕੇ ਧਰ'ਤੀ।
ਕਵੀ ਨੇ ਇਹ ਪੁਸਤਕ ਹਿੰਦੁਸਤਾਨ ਦੀ ਪ੍ਰਸੰਸਾ ਤੋਂ ਸ਼ੁਰੂ ਕੀਤੀ ਹੈ ਤੇ ਫਿਰ ਪੰਜਾਬ ਦੇ ਪਿੰਡਾਂ ਵੱਲ ਕਵੀ ਪਰਤਿਆ ਹੈ ਪਿੰਡ ਦੀ ਸਵੇਰ ਦਾ ਰੰਗਲਾ ਦ੍ਰਿਸ਼ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ ਅਲੱਗ ਅਲੱਗ ਲੋਕ ਧੰਦਿਆਂ ਨਾਲ ਜੁੜੇ ਹੋਏ ਪਿੰਡ ਦੀ ਸਵੇਰ ਦੇ ਵੱਖ ਵੱਖ ਕੰਮਾਂ ਦਾ ਚਰਚਾ ਕੀਤਾ ਹੈ। ਪਾਣੀ ਭਰਨ ਵਾਲੀਆਂ ਮੁਟਿਆਰਾਂ, ਗੁਰਦੁਆਰੇ ਜਾਂਦਾ ਭਾਈ, ਤਾਂਗਾ ਜੋੜ ਕੇ ਸ਼ਹਿਰ ਨੂੰ ਜਾਂਦਾ ਤਾਂਗੇ ਵਾਲਾ, ਅਮਲੀ ਦਾ ਸਵੇਰੇ ਸਵੇਰੇ ਉੱਠ ਕੇ ਚਾਹ ਮੰਗਣਾ, ਕਿਸਾਨਾਂ ਦਾ ਹਲ਼ ਵਾਹੁਣਾ, ਕੁੱਕੜ ਦੀ ਕੁਕੜੂੰ ਕੂ, ਔਰਤਾਂ ਦਾ ਘਰ ਵਿਚ ਰੋਟੀ ਪਾਣੀ ਕਰਨਾ, ਕੋਹਲੂ ਵਾਲੇ ਦਾ ਤੇਲ ਲਈ ਕੋਹਲੂ ਚਾਲੂ ਕਰਨਾ, ਦਾ ਦ੍ਰਿਸ਼ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ। ਦੁਪਹਿਰ ਵੇਲੇ ਗਰਮੀਆਂ ਦੇ ਦਿਨਾਂ ਦਾ ਦ੍ਰਿਸ਼ ਸੱਥ ਵਿਚ ਬੈਠਣਾ, ਕਿਸਾਨਾਂ ਦੁਆਰਾ ਕੰਮ ਕਾਜ ਕਰਨਾ, ਮੀਂਹ ਦੀ ਉਡੀਕ ਕਰਨਾ, ਔਰਤਾਂ ਦੁਆਰਾ ਘਰੇਲੂ ਕੰਮ ਕਾਜ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਸ਼ਾਮ ਦੇ ਦ੍ਰਿਸ਼ ਬਿਆਨ ਕੀਤੇ ਹਨ। ਜਿਸ ਵਿਚ ਸਾਗ ਨੂੰ ਤੜਕਾ ਲਾਉਣਾ, ਢੋਲ ਤੇ ਤਮਾਚਾ ਲਾਉਣਾ ਬਾਤਾਂ ਸੁਣਨਾ, ਦੂਰ ਗਏ ਪਤੀ ਦੇ ਵਿਛੋੜੇ ਵਿਚ ਮਨ ਵਿਚ ਉਦਾਸੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਕਵੀ ਨੇ ਪੰਜਾਬ ਦੇ ਮੇਲੇ ਤਿਉਹਾਰਾਂ ਦਾ ਵੀ ਬਾਖੂਬੀ ਵਰਨਨ ਕੀਤਾ ਹੈ ਗੁੱਗੇ ਮਾੜੀ ਦਾ ਮੇਲਾ, ਵਿਸਾਖੀ ਦਾ ਮੇਲਾ ਪਿੰਡ ਦੇ ਲੋਕਾਂ ਦਾ ਮੇਲੇ ਜਾਣਾ ਮੇਲੇ ਵਿਚ ਪੰਜਾਬਣ ਆਦਿ ਬਹੁਤ ਹੀ ਖੂਬਸੂਰਤ ਦ੍ਰਿਸ਼ ਬਿਰਦੇ ਹਨ:-
ਪਿੰਡ ਵਿਚੋਂ ਤਿਆਰ ਹੋ ਕੇ ਟੋਲਾ ਚੱਲਿਆ
ਕੁੜੀਆਂ ਨੇ ਮੇਲੇ ਵਾਲਾ ਰਾਹ ਮੱਲਿਆ
ਹੋਵੇ ਨਾ ਸਿਫ਼ਤ ਤੇ ਮੂਨਾਂ ਦੀ ਡਾਰਦੀ,
ਹਰ ਕੋਈ ਜਾਂਦੀ ਏ ਦੁੜੰਗੇ ਮਾਰਦੀ
ਇਸੇ ਤਰ੍ਹਾਂ ਕਵੀ ਨੇ ਪਿੰਡ ਦੇ ਜੀਵਨ ਵਿਚ ਤਿਉਹਾਰਾਂ ਦੇ ਨਾਲ-ਨਾਲ ਰੁੱਤਾਂ ਦਾ ਵੀ ਜ਼ਿਕਰ ਕੀਤਾ ਹੈ। ਘੋਲ ਅਖਾੜਿਆਂ ਦਾ ਵੀ ਕਾਵਿਕਰਨ ਕੀਤਾ ਹੈ ਤੇ ਔਰਤਾਂ ਦੀ ਪੇਂਡੂ ਜ਼ਿੰਦਗੀ ਦਾ ਵੀ ਚਿਤਰਨ ਕੀਤਾ ਹੈ। ਸ਼ਿੰਗਾਰ, ਗੱਲਾਂ, ਗਿੱਧਾ, ਵਾਪਸੀ ਇਹ ਕਵਿਤਾ ਸਲਾਹੁਣ ਯੋਗ ਹਨ। ਸਮੁੱਚੇ ਤੌਰ 'ਤੇ ਪੰਜਾਬ ਦੇ ਰੰਗਲੇ ਦ੍ਰਿਸ਼ ਉਸਾਰਦੀ ਪੁਸਤਕ 'ਮੈਂ ਹਾਂ ਪਿੰਡ ਬੋਲਦਾ' ਰਾਮ ਲਾਲ ਪ੍ਰੇਮੀ ਦੀ ਅਜਿਹੀ ਪੁਸਤਕ ਹੈ ਜਿਹੜੀ ਨਵੀਂ ਪੀੜ੍ਹੀ ਦੇ ਅੰਦਰ ਪਿੰਡਾਂ ਦੇ ਅਲੋਪ ਹੋਣ ਵਾਲੇ ਦ੍ਰਿਸ਼ਾਂ ਨੂੰ ਫਿਰ ਤੋਂ ਸਜੀਵ ਕਰ ਦਿੰਦੀ ਹੈ।

-ਪ੍ਰੋ. ਕੁਲਜੀਤ ਕੌਰ, ਜਲੰਧਰ

 


ਰੰਗਾਂ ਦੀ ਗੁਫ਼ਤਗੂ
ਸ਼ਾਇਰ : ਮੱਖਣ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 94172-07627

ਮੱਖਣ ਮਾਨ ਮੂਲ ਰੂਪ ਵਿਚ ਵਾਰਤਕ ਲੇਖਕ ਹੈ ਤੇ ਇਕ ਕਹਾਣੀਕਾਰ ਵਜੋਂ ਉਸ ਦੀ ਪਹਿਚਾਣ ਹੈ। 'ਰੰਗਾਂ ਦੀ ਗੁਫ਼ਤਗੂ' ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਸ ਦਾ ਇਕ ਪੰਜਾਬੀ ਕਹਾਣੀ ਸੰਗ੍ਰਹਿ, ਇਕ ਹਿੰਦੀ ਕਹਾਣੀ ਸੰਗ੍ਰਹਿ ਤੇ ਚਾਰ ਸੰਗ੍ਰਹਿ ਸੰਪਾਦਿਤ ਕਹਾਣੀਆਂ ਦੇ ਛਪੇ ਹਨ। 'ਬਿਰਸਾ ਮੁੰਡਾ ਦਾ ਪੁਨਰ ਜਨਮ' ਕਾਵਿ-ਸੰਗ੍ਰਹਿ ਤੋਂ ਬਾਅਦ 'ਰੰਗਾਂ ਦੀ ਗੁਫ਼ਤਗੂ' ਉਸ ਦਾ ਦੂਸਰਾ ਖੁੱਲ੍ਹੀਆਂ ਨਜ਼ਮਾਂ ਦਾ ਸੰਗ੍ਰਹਿ ਹੈ। ਪੰਜਤਾਲੀ ਕਵਿਤਾਵਾਂ ਤਕ ਫੈਲੀ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਆਕਾਰ ਪੱਖੋਂ ਕਾਫ਼ੀ ਲੰਬੀਆਂ ਹਨ। ਇਨ੍ਹਾਂ ਤਮਾਮ ਨਜ਼ਮਾਂ ਵਿਚ ਮਾਨਵੀ ਲੋੜਾਂ ਥੁੜਾਂ ਦਾ ਜ਼ਿਕਰ ਵੀ ਹੈ ਤੇ ਮੁਹੱਬਤੀ ਪ੍ਰਵਚਨ ਵੀ ਹਨ। ਇਨ੍ਹਾਂ 'ਚੋਂ ਕੁੱਝ ਵਿਚ ਹਾਸ਼ੀਏ 'ਤੇ ਰੱਖੇ ਗਏ ਲੋਕਾਂ ਦੀ ਵੇਦਨਾ ਵੀ ਹੈ। ਬਹੁਤੀਆਂ ਰਚਨਾਵਾਂ ਵਿਚ ਇਤਿਹਾਸਕ ਤੇ ਮਿਥਹਾਸਕ ਪਾਤਰਾਂ ਰਾਹੀਂ ਇਸ਼ਾਰਾਤਨ ਬਿਰਤਾਂਤ ਸਿਰਜੇ ਗਏ ਹਨ। ਉਹ ਕਿਸੇ ਦੇ ਸਾਥ ਵਿਚ ਪੁਰੇ ਦੀ ਹਵਾ ਵਿਚ ਵਿਚਰਦਾ ਮਹਿਸੂਸ ਕਰਦਾ ਹੈ ਤੇ ਬਿਨਾਂ ਸਾਥ ਤੋਂ ਉਸ ਨੂੰ ਸਾਹ ਵਿਹੂਣਾ ਹੋਣ ਦਾ ਅਹਿਸਾਸ ਹੁੰਦਾ ਹੈ। 'ਜੰਗਲ ਦੀ ਕਵਿਤਾ' ਵਿਚ ਸ਼ਾਇਰ ਆਖਦਾ ਹੈ, 'ਤੂੰ ਰੂਹ 'ਚ ਬੋਲੇਂ, ਮੈਂ ਉਡੀਕ 'ਚੋਂ ਬੋਲਾਂ, ਆਪਾਂ ਇੱਕਮਿੱਕ ਹੋ ਜਾਈਏ, ਚੱਲ ਆਪਾਂ ਜੰਗਲ ਹੋ ਜਾਈਏ।' ਨਜ਼ਮ 'ਚੁੱਪ' ਵਿਚ ਅਜੋਕੇ ਦੌਰ ਦੇ ਨਿਜ਼ਾਮ ਵਲੋਂ ਦਿਖਾਏ ਗਏ ਸੁਪਨਿਆਂ ਦੀ ਰਾਖ਼ ਦਾ ਰੁਦਨ ਹੈ ਤੇ 'ਕੁੜੀਆਂ ਚਿੜੀਆਂ ਤੇ ਪੱਥਰ' ਨਜ਼ਮ ਦੀ ਸ਼ੁਰੂਆਤ ਉਹ ਇਸ ਤਰ੍ਹਾਂ ਕਰਦਾ ਹੈ, 'ਕੁੜੀਆਂ ਚਿੜੀਆਂ ਤਾਂ ਪੱਥਰ ਦੀਆਂ ਹੁੰਦੀਆਂ ਨੇ, ਅੰਦਰੋਂ ਅੰਦਰੀਂ ਸਿੰਮਦੀਆਂ ਨੇ, ਫਿਰ ਪੱਥਰ ਹੋ ਜਾਂਦੀਆਂ ਨੇ, ਕਿਉਂ ਪੱਥਰ ਹੋ ਜਾਂਦੀਆਂ ਨੇ?' ਇੰਝ ਸ਼ਾਇਰ ਦੀਆਂ ਕਵਿਤਾਵਾਂ ਸਵਾਲ ਦਰ ਸਵਾਲ ਵੀ ਬਣਦੀਆਂ ਹਨ ਤੇ ਕਿਸੇ ਅੜਾਉਣੀ ਵਾਂਗ ਇਨ੍ਹਾਂ ਸਵਾਲਾਂ ਦੇ ਉੱਤਰ ਅੰਤ ਵਿਚ ਨਹੀਂ ਸਗੋਂ ਨਾਲੋ ਨਾਲ ਮਹਿਸੂਸੇ ਜਾ ਸਕਦੇ ਹਨ। ਇਹ ਸ਼ਾਇਰੀ ਸਰਲ ਸ਼੍ਰੇਣੀ ਵਿਚ ਨਹੀਂ ਰੱਖੀ ਜਾ ਸਕਦੀ ਤੇ ਇਸ ਦੀ ਤਹਿ ਤਕ ਜਾਣ ਲਈ ਇਤਿਹਾਸ ਤੇ ਮਿਥਹਾਸ ਦਾ ਵਿਦਿਆਰਥੀ ਹੋਣਾ ਸੌਖ ਪੈਦਾ ਕਰ ਸਕਦਾ ਹੈ। ਉਂਝ ਇਨ੍ਹਾਂ ਨਜ਼ਮਾਂ ਨੂੰ ਛੋਟੇ ਰੱਖਿਆ ਜਾਣਾ ਚਾਹੀਦਾ ਸੀ, ਅਜੋਕੇ ਦੌਰ ਵਿਚ ਛੋਟੀਆਂ ਰਚਨਾਵਾਂ ਦੀ ਪਹੁੰਚ ਜ਼ਿਆਦਾ ਹੁੰਦੀ ਹੈ, ਇਹ ਸ਼ਾਇਦ ਸ਼ਾਇਰ ਦੇ ਕਹਾਣੀਕਾਰ ਵਾਲੇ ਸੁਭਾਅ ਕਾਰਨ ਹੋਇਆ ਪ੍ਰਤੀਤ ਹੁੰਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

 

ਭਗਤ ਧੰਨਾ ਜੀ
ਸੰਪਾਦਕ : ਰਣਧੀਰ ਸਿੰਘ ਸੰਭਲ
ਪ੍ਰਕਾਸ਼ਕ : ਮਾਤਾ ਖੀਵੀ ਜੀ ਸਿੱਖ ਸੇਵਾ ਸੁਸਾਇਟੀ ਯੂ.ਕੇ. ਅਤੇ ਪੰਜਾਬ
ਮੁੱਲ : 120 ਰੁਪਏ, ਸਫ਼ੇ : 92

ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਗੁਰੂ ਅਰਜਨ ਦੇਵ ਜੀ ਨੇ ਜਿਥੇ ਗੁਰੂ ਸਾਹਿਬਾਨ, ਭੱਟਾਂ ਅਤੇ ਗੁਰੂ ਘਰ ਦੇ ਸ਼ਰਧਾਲੂ ਸਿੱਖਾਂ ਦੀ ਬਾਣੀ ਦਰਜ ਕੀਤੀ, ਉਥੇ 15 ਭਗਤਾਂ ਦੀ ਬਾਣੀ ਨੂੰ ਵੀ ਪੂਰਨ ਸਤਿਕਾਰ ਦੇ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਇਨ੍ਹਾਂ ਪੰਦਰਾਂ ਭਗਤਾਂ ਵਿਚ ਭਗਤ ਧੰਨਾ ਜੀ ਸ਼੍ਰੋਮਣੀ ਭਗਤਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਬਾਣੀ ਦੋ ਸ਼ਬਦ ਰਾਗ ਆਸਾ ਅਤੇ ਇਕ ਸ਼ਬਦ ਰਾਗ ਧਨਾਸਰੀ ਵਿਚ ਦਰਜ ਹੈ। ਹਥਲੀ ਪੁਸਤਕ 'ਸੰਖੇਪ ਜੀਵਨ ਭਗਤ ਧੰਨਾ ਜੀ' ਭਗਤ ਧੰਨਾ ਜੀ ਦੀ 600 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਰਣਧੀਰ ਸਿੰਘ ਸੰਭਲ ਦੁਆਰਾ ਸੰਪਾਦਿਤ ਕੀਤੀ ਗਈ ਹੈ ਅਤੇ ਇਹ ਪੁਸਤਕ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਵੀ ਸਮਰਪਿਤ ਹੈ। ਇਸ ਪੁਸਤਕ ਵਿਚ ਭਗਤ ਧੰਨਾ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਭਗਤੀ ਭਾਵਨਾ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਹ ਪੁਸਤਕ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਬਹੁਤੇ ਪਾਠਕ ਭਗਤ ਧੰਨਾ ਜੀ ਦੇ ਨਾਂਅ ਤੋਂ ਤਾਂ ਜਾਣੂ ਹਨ, ਪਰ ਉਨ੍ਹਾਂ ਦੇ ਜੀਵਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸ ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੁਆਰਾ ਭਗਤ ਧੰਨਾ ਜੀ ਦੇ ਜੀਵਨ ਅਤੇ ਬਾਣੀ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ ਗਏ ਹਨ। ਪੁਸਤਕ ਵਿਚ ਜ਼ਿਕਰ ਹੈ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਭਗਤ ਧੰਨਾ ਜੀ ਦਾ ਜਨਮ 21 ਅਪ੍ਰੈਲ, 1473 ਬਿਕਰਮੀ ਨੂੰ ਰਾਜਸਥਾਨ ਦੇ ਟਾਕ ਜ਼ਿਲ੍ਹੇ ਦੇ ਪਿੰਡ ਧੂਆਨ ਵਿਚ ਹੋਇਆ, ਜਿਸ ਨੂੰ ਧੂਆਂ ਕਲਾ ਵੀ ਲਿਖਿਆ ਹੋਇਆ ਮਿਲਦਾ ਹੈ। ਭਗਤ ਧੰਨਾ ਜੀ ਕਿਰਤੀ ਵਿਅਕਤੀ ਸਨ ਪਰ ਪਰਮਾਤਮਾ ਨਾਲ ਭੋਲੇ ਭਾਅ ਕੀਤੀ ਜ਼ਿੱਦ ਅੱਗੇ ਪਰਮਾਤਮਾ ਨੇ ਇਨ੍ਹਾਂ ਦੀ ਸ਼ਰਧਾ ਨੂੰ ਭਾਗ ਲਾਏ ਕਿਉਂਕਿ ਉਹ ਇਕ ਪਰਮਾਤਮਾ ਦੀ ਜੋਤ ਦੇ ਪੂਜਕ ਸਨ। ਪੁਸਤਕ ਵਿਚ ਜਿਥੇ ਭਗਤ ਧੰਨਾ ਜੀ ਬਾਰੇ ਵਿਸ਼ੇਸ਼ ਕਾਵਿ-ਰੰਗ ਵੀ ਪ੍ਰਸਤੁਤ ਹੋਇਆ ਹੈ। ਪੁਸਤਕ ਵਿਚ ਵਾਹਿਗੁਰੂ ਨਾਂਅ ਦੇ ਸਿਮਰਨ ਦੇ ਫਲ, ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਅਤੇ ਸੰਸਥਾਗਤ ਗਤੀਵਿਧੀਆਂ ਬਾਰੇ ਵੀ ਭਾਵਪੂਰਤ ਜਾਣਕਾਰੀ ਪੇਸ਼ ਕੀਤੀ ਗਈ ਹੈ। ਭਗਤ ਧੰਨਾ ਜੀ ਦੇ ਜੀਵਨ ਦਰਸ਼ਨ ਨੂੰ ਪੇਸ਼ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਸ਼ਹੀਦੀ ਤਰਾਨੇ
ਲੇਖਕ : ਕਮਲਜੀਤ ਸਿੰਘ ਬੋਪਾਰਾਏ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 99153-27905

ਬੋਪਾਰਾਏ ਦੀ ਇਹ ਪੁਸਤਕ ਸਿੱਖ ਇਤਿਹਾਸ ਨਾਲ ਸੰਬੰਧਿਤ ਪਹਿਲੀ ਕਿਤਾਬ ਹੈ। ਉਸ ਨੇ ਪੁਲਿਸ ਵਰਗੇ ਕਠੋਰ ਮਹਿਕਮੇ ਵਿਚ ਏ.ਐਸ.ਆਈ. ਵਜੋਂ ਕੰਮ ਕਰਦਿਆਂ ਆਪਣੇ ਅੰਦਰਲੇ ਕਵੀ ਨੂੰ ਹਮੇਸ਼ਾ ਸੰਵੇਦਨਸ਼ੀਲ ਰੱਖਿਆ ਹੈ। ਉਹ ਜ਼ਿਆਦਾਤਰ ਢਾਡੀਆਂ ਦੇ ਗਾਉਣ ਲਈ ਸ਼ਹੀਦੀ ਬਿਰਤਾਂਤਕ-ਕਾਵਿ ਸਿਰਜਦਾ ਹੈ, ਪਰ ਕੁਝ ਤਰਾਨੇ ਜੀਵਨ ਦੀਆਂ ਘਟਨਾਵਾਂ 'ਤੇ ਆਧਾਰਿਤ ਵੀ ਹਨ। ਉਸ ਨੇ ਕਈ ਕਾਵਿਕ-ਬਿਰਤਾਂਤ ਅਜਿਹੇ ਸਿਰਜੇ ਹਨ, ਜਿਹੜੇ ਹੋਰ ਕਵੀਆਂ ਨੇ ਅਣਗੌਲੇ ਹੀ ਕਰ ਦਿੱਤੇ ਹਨ। ਉਸ ਨੇ 'ਮੰਗਲਾਚਰਨ' ਵਜੋਂ ਹੀ ਸਮਝੋ, ਦੋ ਕਵਿਤਾਵਾਂ 'ਬੰਦਨਾ' ਵਜੋਂ ਪੇਸ਼ ਕੀਤੀਆਂ ਹਨ। ਉਹ ਚੰਗੇ ਬੰਦਿਆਂ ਦੀ ਵਡਿਆਈ ਅਤੇ ਬੁਰੇ ਬੰਦਿਆਂ ਦੀ ਨਿੰਦਿਆ ਕਰਦਾ ਹੈ। ਉਸ ਦੇ ਸਿਰਜੇ ਪ੍ਰਸੰਗ ਅਨੇਕਾਂ ਰੂਪਾਂ ਵਿਚ ਅੰਕਿਤ ਹਨ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ, ਕਾਜ਼ੀ ਰੁਕਨਦੇਵ, ਮੇਲ ਬਾਬਾ ਬੁੱਢਾ ਜੀ, ਜਾਜਾ ਗ਼ੁਲਾਮ ਤੇ ਸਲੀਮਾਂ ਬੇਗਮ, ਵਿਆਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ, ਪ੍ਰਸੰਗ ਜਨਮ ਗੁਰੂ ਗੋਬਿੰਦ ਸਿੰਘ ਜੀ, ਪ੍ਰਸੰਗ ਗੁਰੂ ਗੋਬਿੰਦ ਸਿੰਘ (ਭੀਖਣ ਸ਼ਾਹ ਜੀ), ਲਖਨੌਰ, ਪ੍ਰਸੰਗ ਗੁਰੂ ਰਵਿਦਾਸ ਜੀ, ਸਾਹਿਬਜ਼ਾਦਾ ਅਜੀਤ ਸਿੰਘ ਦੀ ਬਹਾਦਰੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਬੰਦਾ ਸਿੰਘ ਬਹਾਦਰ, ਭਾਈ ਹਾਠੂ ਸਿੰਘ ਅਤੇ ਬਾਘੜ ਸਿੰਘ, ਬੱਬਰ ਅਕਾਲੀ (ਸਾਕਾ ਮੰਡੇਰਾਂ), ਗ਼ਦਰੀ ਸ਼ਹੀਦ ਭਾਈ ਬਲਵੰਤ ਸਿੰਘ ਜੀ, ਭਾਈ ਰੂਪ ਸਿੰਘ ਜੀ ਤੋਂ ਬਿਨਾਂ ਦਰਦ ਕਹਾਣੀ-ਪੰਜਾਬ ਆਦਿ। ਢਾਡੀਆਂ ਦੀ ਗਾਉਣ ਵਿਧੀ ਅਨੁਸਾਰ ਪਹਿਲਾਂ ਮੁੱਖ ਬੁਲਾਰਾ ਅੱਗੋਂ ਪੇਸ਼ ਹੋਣ ਵਾਲੇ ਪ੍ਰਸੰਗ ਦੀ ਭੂਮਿਕਾ ਬੰਨ੍ਹਦਾ ਹੈ। ਵਿਭਿੰਨ ਛੰਦਾਂ ਦਾ ਕਾਵਿ ਵਿਚ ਪ੍ਰਯੋਗ ਕੀਤਾ ਹੈ। ਮਸਲਨ: ਕਲੀ, ਬੈਂਤ, ਕੋਰੜਾ, ਦੋ-ਤਾਰਾ, ਗੱਡੀ, ਵਾਰ, ਸ਼ੇਅਰ, ਝੋਕ ਆਦਿ। ਉਸ ਦੇ ਕਾਵਿ ਦਾ ਨਮੂਨਾ ਦੇਖੋ :
(ੳ) ਜੰਤਰ ਮੰਤਰ ਟੂਣੇ ਕਰ ਕੇ, ਚਾਹੁੰਦੇ ਨੇ ਸੁਖ ਪਾਉਣਾ
ਜੋਤਸ਼ੀਆਂ ਹੱਥ ਆਈ ਹਕੂਮਤ, ਪੀਰਾਂ ਨਹੀਂ ਬਚਾਉਣਾ।
ਕਰਨ ਲੜਾਈ ਸਾਰੇ ਆਉਂਦੇ, ਨਾ ਕੋਈ ਗੱਲ ਸਮਝੌਂਦਾ
ਰਾਜੇ ਆਪ ਕਸਾਈ ਬਣ ਗਏ, ਧਰਮ ਨਜ਼ਰ ਨਹੀਂ ਔਂਦਾ। (ਪੰਨਾ : 13)
(ਅ) ਸੁੱਖਾਂ ਸੁਖ ਮਿਲਿਆ ਹੈ ਪੋਤਰਾ ਮਾਂ ਨਾਨਕੀ ਨੂੰ
ਹੋਈ ਹੈ ਦਿਲਾਂ ਦੀ ਆਸ ਪੂਰੀ
ਦੇਵੋ ਜੀ ਵਧਾਈਆਂ ਆ ਕੇ ਬੈਠ ਪਰਿਵਾਰ ਵਿਚ
ਸਭ ਨੂੰ ਖਵਾਉਂਦੇ ਕੁੱਟ ਚੂਰੀ
ਖੁਸ਼ੀ ਵਿਚ ਖੀਵਿਆਂ ਦਾ ਧਰਤੀ ਨਾ ਪੈਰ ਲੱਗੇ
ਸਾਂਝ ਦਿੱਤੀ ਦੁਨੀਆ ਨਾਲ ਪਾ
ਰੋਂਦੇ ਨੂੰ ਹਸਾਉਣ ਵਾਲਾ, ਪੰਥ ਸਜਾਉਣ ਵਾਲਾ
ਪਟਨੇ ਦੇ ਵਿਚ ਗਿਆ ਆ (ਪੰਨਾ : 68)
ਕੁੱਲ ਮਿਲਾ ਕੇ ਇਹ ਪੁਸਤਕ ਵਿਲੱਖਣ ਹੈ ਕਿਉਂਕਿ ਕਵੀ ਆਪਣਾ ਵੱਖਰਾ ਕਾਵਿ-ਅਸਤਿਤਵ ਵਿਖਾਉਣ ਵੱਲ ਰੁਚਿਤ ਹੈ।

-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 88376-79186

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਸੂਬਾ ਪੱਧਰੀ ਕਰਾਟੇ ਮੁਕਾਬਲੇ ਸਮਾਪਤ ਅਗਲੀ ਖ਼ਬਰ ਬੇਹੱਦ ਦੂਸ਼ਿਤ ਹੁੰਦਾ ਜਾ ਰਿਹਾ ਹੈ ਮਾਲਵਾ ਖੇਤਰ ਦਾ ਪਾਣੀ
Ad Position 24