05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੇਹੱਦ ਦੂਸ਼ਿਤ ਹੁੰਦਾ ਜਾ ਰਿਹਾ ਹੈ ਮਾਲਵਾ ਖੇਤਰ ਦਾ ਪਾਣੀ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025

ਪੰਜਾਬ ਦੇ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਅੰਦਰ ਭੂਮੀ ਹੇਠਲਾ ਪਾਣੀ ਗੰਭੀਰ ਸੰਕਟ ਵਿਚ ਆ ਗਿਆ ਹੈ। ਮਾਹਿਰਾਂ ਦੇ ਅਧਿਐਨ ਅਨੁਸਾਰ ਪਾਣੀ ਵਿਚ ਯੂਰੇਨੀਅਮ, ਫਲੋਰਾਈਡ, ਨਾਈਟ੍ਰੇਟ ਅਤੇ ਭਾਰੀ ਧਾਤਾਂ ਦੀ ਖ਼ਤਰਨਾਕ ਮਾਤਰਾ ਦਰਜ ਕੀਤੀ ਗਈ ਹੈ, ਜਿਸ ਕਰਕੇ ਇਹ ਪਾਣੀ ਨਾ ਤਾਂ ਪੀਣ ਯੋਗ ਹੈ ਤੇ ਸਿੰਚਾਈ ਲਈ ਵੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਮਾਲਵਾ ਖੇਤਰ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਚਿੰਤਾਜਨਕ ਬਣੀ ਹੋਈ ਹੈ। ਇਸ ਖੇਤਰ ਦੇ ਵੱਡੇ ਹਿੱਸੇ ਬਠਿੰਡਾ, ਫ਼ਾਜ਼ਿਲਕਾ, ਬਰਨਾਲਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਅੰਦਰ ਜ਼ਮੀਨੀ ਪਾਣੀ ਦੀ ਗੁਣਵੱਤਾ ਸੁਰੱਖਿਅਤ ਹੱਦਾਂ ਤੋਂ ਪਾਰ ਪਾਈ ਗਈ ਹੈ। ਖ਼ਾਸ ਕਰਕੇ 60 ਮੀਟਰ ਡੂੰਘਾਈ ਵਾਲੇ ਬੋਰਾਂ ਵਿਚ ਸਭ ਤੋਂ ਵੱਧ ਖ਼ਤਰਨਾਕ ਤੱਤ ਯੂਰੇਨੀਅਮ ਅਤੇ ਫਲੋਰਾਈਡ ਹਨ। ਕਈ ਬੋਰਾਂ ਵਿਚ ਯੂਰੇਨੀਅਮ ਦੀ ਮਾਤਰਾ 30 ਮਾਈਕ੍ਰੋਗਾ੍ਰਮ ਪ੍ਰਤੀ ਲੀਟਰ ਜੋ ਵਿਸ਼ਵ ਸਿਹਤ ਸੰਸਥਾ ਡਬਲਯੂ.ਐੱਚ.ਓ. ਬੀ.ਐਸ.ਆਈ. ਦੀ ਸੁਰੱਖਿਆ ਸੀਮਾ ਤੋਂ ਕਾਫ਼ੀ ਵੱਧ ਹੈ, ਜਦਕਿ ਫ਼ਰੀਦਕੋਟ ਵਿਚ ਲਏ ਗਏ ਨਮੂਨਿਆਂ ਵਿਚ ਇਹ ਮਾਤਰਾ 4-5 ਗੁਣਾ ਵੱਧ 1.5 ਐਮ.ਜੀ./ਐੱਲ ਤੋਂ ਉੱਪਰ ਦੰਦਾਂ ਤੇ ਹੱਡੀਆਂ ਦੀ ਬਿਮਾਰੀ ਫਲੋਰੋਸ਼ਿਸ ਦਾ ਕਾਰਨ ਬਣਦੀ ਹੈ। ਇਸ ਖੇਤਰ ਵਿਚ ਖੇਤੀਬਾੜੀ ਵਿਚ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਅਤੇ ਕਈ ਹੋਰ ਕਾਰਨਾਂ ਕਰਕੇ ਟੀ.ਡੀ.ਐਸ. ਦੀ ਮਾਤਰਾ ਵੀ ਵਧ ਰਹੀ ਹੈ, ਜਿਸ ਨਾਲ ਇਸ ਖੇਤਰ ਦਾ ਪਾਣੀ ਖਾਰਾ ਤੇ ਭਾਰਾ ਹੋ ਰਿਹਾ ਹੈ। ਫ਼ਰੀਦਕੋਟ ਅੰਦਰ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਜਲ ਜੀਵਨ ਬਚਾਓ ਮੋਰਚਾ ਵਲੋਂ ਆਪਣੇ ਪੱਧਰ 'ਤੇ ਤਿਆਰ ਕਰਵਾਈਆਂ ਗਈਆਂ ਰਿਪੋਰਟਾਂ ਅਨੁਸਾਰ 70 ਫ਼ੀਸਦੀ ਤੋਂ ਵੱਧ ਬੋਰਾਂ ਦੀ ਪਾਣੀ ਗੁਣਵੱਤਾ ਘਟੀਆ ਜਾਂ ਬਹੁਤ ਘਟੀਆ ਦਰਜ ਕੀਤੀ ਗਈ ਹੈ। ਬਹੁਤ ਥੋੜ੍ਹੇ ਨਲਕਿਆਂ ਦਾ ਪਾਣੀ ਹੀ ਪੀਣ ਯੋਗ ਹੈ। ਨਹਿਰ ਦੇ ਨਾਲ ਲਗਦੇ ਨਲਕਿਆਂ ਵਿਚ ਪਾਣੀ ਪੀਣ ਯੋਗ ਹੈ, ਕਿਉਂਕਿ ਇਹ ਪਾਣੀ ਨਹਿਰ ਦੇ ਸਿੰਮਣ ਦੇ ਕਾਰਨ ਧਰਤੀ ਹੇਠਲੇ ਨੇੜੇ ਦੇ ਪਾਣੀ ਦੀ ਗੁਣਵੱਤਾ ਵਿਚ ਵਾਧਾ ਕਰਦਾ ਰਹਿੰਦਾ ਹੈ। ਫ਼ਰੀਦਕੋਟ ਸ਼ਹਿਰ ਦੇ ਜਲ ਜੀਵਨ ਬਚਾਓ ਮੋਰਚੇ ਕੋਲ ਪਾਣੀ ਦੀਆਂ ਸਾਰੀਆਂ ਰਿਪੋਰਟਾਂ ਸੁਰੱਖਿਅਤ ਹਨ, ਕੋਈ ਵਿਅਕਤੀ ਜਾਂ ਸੰਸਥਾ ਇਨ੍ਹਾਂ ਨੂੰ ਦੇਖ ਸਕਦੀ ਹੈ। ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ 400 ਗੁਣਾ ਵੱਧ ਕੀਤੀ ਗਈ ਹੈ। ਇਹ ਧਾਤ ਸਰੀਰ ਵਿਚ ਇਕੱਠੀ ਹੋ ਕੇ ਗੁਰਦਿਆਂ ਦੀ ਖ਼ਰਾਬੀ ਅਤੇ ਲੰਬੇ ਸਮੇਂ ਦੀਆਂ ਸਿਹਤ ਬਿਮਾਰੀਆਂ ਦਾ ਕਾਰਨ ਬਣਦੀ ਹੈ। ਨਾਈਟ੍ਰੇਟ ਦੀ ਔਸਤ ਮਾਤਰਾ 500 ਐਮ.ਜੀ./ਐੱਲ ਤੋਂ ਵੱਧ ਦਰਜ ਕੀਤੀ ਗਈ ਹੈ, ਜਿਹੜੀ ਕਿ ਪੀਣ ਵਾਲੇ ਸੁਰੱਖਿਅਤ ਪਾਣੀ ਤੋਂ ਕਈ ਗੁਣਾ ਵੱਧ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸੋਡੀਅਮ ਕਾਰਬੋਨੇਟ ਦੀ ਵੱਧ ਮਾਤਰਾ ਪਾਣੀ ਦੀ ਕਠੋਰਤਾ ਅਤੇ ਖਾਰੇਪਣ ਵਿਚ ਵਾਧਾ ਕਰ ਰਹੀ ਹੈ। ਇਨ੍ਹਾਂ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਦੀ ਖ਼ਪਤ 159 ਫ਼ੀਸਦੀ ਵਧ ਗਈ ਹੈ, ਜਿਸ ਦਾ ਅਰਥ ਹੈ ਕਿ ਪਾਣੀ ਦੀ ਵਰਤੋਂ ਬਹੁਤ ਹੀ ਅਸਥਿਰ ਅਤੇ ਲੰਮੇ ਸਮੇਂ ਲਈ ਅਣਟਿਕਾਊ ਹੈ, ਕਿਉਂਕਿ ਬਦਲਵੇਂ ਪਾਣੀ ਦੇ ਸਰੋਤ ਘੱਟ ਹਨ। ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਕੋਈ ਸਰਕਾਰ ਇਨ੍ਹਾਂ ਲੋਕਾਂ ਨੂੰ ਪੀਣਯੋਗ ਪਾਣੀ ਮੁਹੱਈਆ ਨਹੀਂ ਕਰਵਾ ਸਕੀ। ਇਨ੍ਹਾਂ ਖੇਤਰਾਂ ਦੇ ਵਾਟਰ ਸਪਲਾਈ ਯੂਨਿਟ ਵੀ ਸਰਕਾਰੀ ਦਾਅਵਿਆਂ ਵਾਂਗ ਖਸਤਾ ਹਾਲਤ ਵਿਚ ਹਨ। ਇਸ ਕਰਕੇ ਲੋਕਾਂ ਨੂੰ ਮੁੱਖ ਤੌਰ 'ਤੇ ਧਰਤੀ ਹੇਠਲੇ ਪਾਣੀ 'ਤੇ ਹੀ ਨਿਰਭਰ ਹੋਣਾ ਪੈ ਰਿਹਾ ਹੈ, ਜਿਹੜਾ ਕਿ ਮਨੁੱਖੀ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। ਦੂਸਰੇ ਖੇਤੀਬਾੜੀ ਵਿਚ ਕੀਟਨਾਸ਼ਕਾਂ ਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨਾਈਟ੍ਰੇਟ ਅਤੇ ਭਾਰੀ ਧਾਤਾਂ ਤੋਂ ਹੁੰਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਇਸ ਦੇ ਨਾਲ ਕੁਦਰਤੀ ਚਟਾਨਾਂ ਦੀ ਬਣਤਰ ਅਤੇ ਘੱਟ ਵਰਖਾ ਯੂਰੇਨੀਅਮ ਅਤੇ ਫਲੋਰਾਈਡ ਦੇ ਪਾਣੀ ਘੁਲਣ ਨੂੰ ਵਧਾਉਂਦੀ ਹੈ। ਇਕ ਹੋਰ ਖ਼ਤਰਨਾਕ ਖਦਸ਼ਾ ਇਹ ਵੀ ਹੈ ਕਿ ਉਦਯੋਗਿਕ ਇਕਾਈਆਂ ਵੀ ਦੂਸ਼ਿਤ ਪਾਣੀ ਧਰਤੀ ਵਿਚ ਸੁੱਟ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਜ਼ੀਰਾ ਸ਼ਰਾਬ ਫੈਕਟਰੀ ਦੀ ਹੈ, ਜਿਸ ਕਾਰਨ ਅਜੇ ਵੀ ਆਲੇ-ਦੁਆਲੇ ਦੇ ਪਿੰਡਾਂ ਵਿਚ ਧਰਤੀ ਹੇਠਲੇ ਪਾਣੀ ਵਿਚੋਂ ਅੱਜ ਵੀ ਕੱਚੀ ਸ਼ਰਾਬ ਵਰਗੀ ਬਦਬੂ ਆਉਂਦੀ ਹੈ। ਇਸ ਖੇਤਰ 'ਚ ਕੈਂਸਰ, ਗੁਰਦੇ ਦੀਆਂ ਬਿਮਾਰੀਆਂ ਅਤੇ ਬੱਚਿਆਂ ਵਿਚ ਮੈਥੀਮੋਗਲੋਬੀਨੀਮੀਆ ਦੀ ਦਰ ਵਿਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਿਮਾਰੀਆਂ ਲੰਮੇ ਸਮੇਂ ਤੱਕ ਉੱਚ ਨਾਈਟ੍ਰੇਟ ਵਾਲਾ ਪਾਣੀ ਪੀਣ ਨਾਲ ਹੁੰਦੀਆਂ ਹਨ। ਮਾਹਿਰਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਹੱਲ ਅਤੇ ਸਿਫ਼ਾਰਸ਼ਾਂ ਇਹ ਹਨ ਕਿ 60 ਮੀਟਰ ਤੋਂ ਵੱਧ ਗਹਿਰਾਈ ਵਾਲੇ ਬੋਰਾਂ ਦਾ ਪਾਣੀ ਵਰਤਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਇਸ ਦੀ ਆਰ.ਓ. ਸਿਸਟਮ ਰਾਹੀਂ ਸਫ਼ਾਈ ਜਾਂ ਨਹਿਰੀ ਪਾਣੀ ਨਾਲ ਮਿਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਿੰਡਾਂ ਅਤੇ ਸ਼ਹਿਰਾਂ ਅੰਦਰ ਜਾਗਰੂਕਤਾ ਅਤੇ ਜਲ ਗੁਣਵੱਤਾ ਨਿਗਰਾਨੀ ਪ੍ਰਣਾਲੀ ਦੀ ਲੋੜ ਹੈ। ਸਰਕਾਰ ਨੂੰ ਵਿਗਿਆਨਕ ਰਿਮੀਡੀਏਸ਼ਨ ਪ੍ਰਣਾਲੀ ਲਾਗੂ ਕਰਨੀ ਚਾਹੀਦੀ ਹੈ। ਐਡਯਾਰਪਸ਼ਨ ਅਤੇ ਨੈਨੋ ਤਕਨਾਲੋਜੀ ਆਧਾਰਿਤ ਘੱਟ ਖਰਚ ਵਾਲੇ ਫਿਲਟਰੇਸ਼ਨ ਆਦਿ ਢੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖੇਤੀ ਵਿਚ ਟਿਕਾਊ ਤਰੀਕੇ ਅਤੇ ਰਸਾਇਣਕ ਖਾਦਾਂ 'ਤੇ ਨਿਯੰਤਰਣ ਜ਼ਰੂਰੀ ਹੈ, ਤਾਂ ਜੋ ਜਲ ਦੂਸ਼ਿਤ ਹੋਣੋ ਬਚਾਇਆ ਜਾ ਸਕੇ। ਇਹ ਸਮੱਸਿਆ ਵਾਤਾਵਰਨਿਕ ਹੀ ਨਹੀਂ, ਸਗੋਂ ਮਨੁੱਖੀ ਸਿਹਤ, ਖੇਤੀਬਾੜੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। ਲੋਕਾਂ ਨੂੰ ਇਸ ਪਾਸੇ ਧਿਆਨ ਦੇ ਕੇ ਆਪਣੇ ਪ੍ਰਸ਼ਾਸਨ ਤੇ ਸਰਕਾਰ ਨੂੰ ਸਵਾਲ ਕਰਨੇ ਚਾਹੀਦੇ ਹਨ ਅਤੇ ਸਰਕਾਰਾਂ ਨੂੰ ਵੀ ਇਸ ਪਾਸੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ।

-ਇੰਚਾਰਜ ਸਬ ਆਫ਼ਿਸ, ਫ਼ਰੀਦਕੋਟ।
ਈਮੇਲ: spurbafdk@gmail.com
ਮੋਬਾਈਲ : 98145-53988

Ad Position 22
No active advertisement
ਪਿਛਲੀ ਖ਼ਬਰ 06-12-25 ਅਗਲੀ ਖ਼ਬਰ ਚੋਣ ਕਮਿਸ਼ਨ ਦਾ ਹੋਵੇ ਆਪਣਾ ਕਾਡਰ
Ad Position 24