ਕੱਕੀਆਂ ਕਣੀਆਂ
ਲੇਖਕ : ਅੰਜਨਾ ਮੈਨਨ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 94786-71733

'ਕੱਕੀਆਂ ਕਣੀਆਂ' ਕਾਵਿ-ਪੁਸਤਕ ਦੀ ਰਚੈਤਾ ਅੰਜਨਾ ਮੈਨਨ ਹੈ। ਇਹ ਉਸ ਦੀ ਪਲੇਠੀ ਕਾਵਿ-ਪੁਸਤਕ ਹੈ। ਉਸ ਦੀਆਂ ਕਵਿਤਾਵਾਂ ਅਕਸਰ ਪੰਜਾਬੀ ਦੇ ਪ੍ਰਸਿੱਧ ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਇਸ ਤੋਂ ਪਹਿਲਾਂ ਉਸ ਨੇ 'ਤਾਰਿਆਂ ਦਾ ਰੁਮਾਲ' (2021) ਅਤੇ 'ਪੈੜਾਂ ਦੇ ਪੈਂਡੇ' (2022), ਕਾਵਿ-ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਇਹ ਕਾਵਿ-ਪੁਸਤਕ ਉਨ੍ਹਾਂ ਨੇ ਪਿੰਡ ਮੀਨੀਆਂ (ਮੋਗਾ) ਵਿਚ ਪਿਤਾ ਮਾਸਟਰ ਹਰੀ ਚੰਦ ਦੇ ਬਰਕਤਾਂ ਭਰੇ ਘਰ ਵਿਚ ਆਪਣੀ ਮਾਂ ਨੂੰ ਸਮਰਪਿਤ ਕੀਤੀ ਜਿਨ੍ਹਾਂ ਨੇ ਤਿੰਨਾਂ ਭੈਣਾਂ-ਭਰਾਵਾਂ ਨੂੰ ਮਾਂ-ਬੋਲੀ ਦੇ ਪੂਰਨੇ ਪਾ ਕੇ ਫੱਟੀ 'ਤੇ ਪੰਜਾਬੀ ਮਾਂ-ਬੋਲੀ ਨਾਲ ਜੋੜਿਆ। ਇਸ ਕਾਵਿ-ਪੁਸਤਕ ਵਿਚ 'ਮਾਏ ਨੀ' ਤੋਂ ਲੈ ਕੇ 'ਤੁਹਾਨੂੰ ਨਹੀਂ ਪਤਾ' ਤੱਕ ਲਗਭਗ 101 ਕਵਿਤਾਵਾਂ ਸੰਗ੍ਰਹਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕਾਵਿ-ਰਚਨਾਵਾਂ 'ਚ ਨਜ਼ਮ, ਕਵਿਤਾ, ਟੱਪੇ ਆਦਿ ਕਾਵਿ-ਵੰਨਗੀਆਂ ਦੇਖੀਆਂ ਜਾ ਸਕਦੀਆਂ ਹਨ। 'ਦਹਿਸ਼ਤ' ਕਵਿਤਾ ਤੋਂ ਲੈ ਕੇ 'ਵਫ਼ਾ' ਤੱਕ 36 ਕਵਿਤਾਵਾਂ ਪਰਿਭਾਸ਼ਕ ਅਤੇ ਸਿਧਾਂਤਕ ਸ਼ਬਦਾਵਲੀ ਸਿਰਜਦੀਆਂ ਪ੍ਰਤੀਤ ਹੁੰਦੀਆਂ ਹਨ। 'ਸਮਾਧੀ' ਕਵਿਤਾ 'ਮੈਂ' ਤੋਂ 'ਤੂੰ' ਹੋਣ ਤੱਕ ਦੇ ਸਫ਼ਰ ਦੀ ਆਤਮਿਕ ਗਾਥਾ ਬਿਆਨਦੀ ਹੈ; 'ਧੁਰ ਅੰਦਰ ਤੀਕਰ/ਜਦ ਵੀ/ ਪਰਤਦੀ ਹਾਂ ਆਪਣੇ/ ਅੱਜ ਵੀ/ ਪਹੁੰਚਦੀ ਹਾਂ ਮੈਂ/ ਬਸ ਤੇਰੇ ਤੀਕਰ'। 'ਪਾਜ਼ਿਟਿਵ' ਕਵਿਤਾ ਵਿਚ ਹਾਂ, ਪੱਖੀ ਰਵੱਈਏ ਦੀ ਹਾਮੀ ਭਰੀ ਗਈ ਹੈ। ਮਰਦ, ਔਰਤ ਸਰੀਰਕ ਪੱਖੋਂ ਤਾਂ ਭਿੰਨ ਹੋ ਸਕਦੇ ਹਨ, ਪ੍ਰੰਤੂ ਮਾਨਸਿਕ ਅਤੇ ਬੌਧਿਕ ਪੱਧਰ 'ਤੇ ਵਿਚਰਦਿਆਂ ਇਨਸਾਨੀ ਫ਼ਿਤਰਤ ਦੇ ਗੁਣ ਇਕ-ਸਮ ਹੀ ਹੁੰਦੇ ਹਨ। ਹੇਠਲੀਆਂ ਸਤਰਾਂ ਉਪਰੋਕਤ ਧਾਰਨਾ ਨੂੰ ਪੁਸ਼ਟ ਕਰਦੀਆਂ ਹਨ :-
ਇਸ ਮਨਮਰਜ਼ੀ ਦੀ ਕੈਦ ਨੂੰ
ਦਿੱਤੇ ਮੇਰੀ ਪਡੜੀ (ਪੱਛੜੀ) ਸੋਚ ਨੂੰ...
ਅੰਜਨਾ ਮੈਨਨ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਕਾਵਿ-ਪਾਠਕ ਬਾਹਰਲੇ ਸਮਾਜਿਕ-ਸਰੋਕਾਰਾਂ ਨਾਲ ਸੰਵਾਦ ਰਚਾਉਂਦਾ ਮਹਿਸੂਸ ਤਾਂ ਕਰਦਾ ਹੈ। ਇਸ ਦੇ ਨਾਲ-ਨਾਲ ਆਤਮਿਕ ਦਵੰਦਾਤਮਕਤਾ ਦੇ ਦਰਸ਼ਨ ਵੀ ਮਹਿਸੂਸ ਕਰੇਗਾ। ਉਨ੍ਹਾਂ ਦੇ ਕਹੇ ਕਥਨ : 'ਮੇਰੇ ਲਈ ਕਵਿਤਾ ਚਿੰਤਨ ਹੈ, ਸਲੀਕਾ ਹੈ, ਵੱਖਰੀ ਤਰ੍ਹਾਂ ਜੀਣ ਦੀ ਅਦਾ ਹੈ ਕਿਉਂਕਿ ਕਲਾ ਦੇ ਕਈ ਬੂਹੇ ਹੁੰਦੇ ਹਨ। ਇਹ ਕਵਿਤਾਵਾਂ ਉਹ ਖ਼ਤ ਨੇ, ਜਿਨ੍ਹਾਂ ਨੂੰ ਕਦੇ ਪੋਸਟ ਹੀ ਨਹੀਂ ਕੀਤਾ ਗਿਆ, ਜਿਨ੍ਹਾਂ ਦੇ ਪਰਤਵੇਂ ਜੁਆਬ ਨਹੀਂ ਮਿਲੇ।' ਉਪਰੋਕਤ ਦਰਜ ਧਾਰਨਾਵਾਂ ਨੂੰ ਪੁਸ਼ਟ ਕਰਦੇ ਹਨ। ਸ਼ਬਦ ਬਹੁਤੀ ਵਾਰ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਚਿਤਰਿਤ ਕਰਨ ਤੋਂ ਅਸਮਰੱਥ ਜਾਪਦੇ ਹਨ। ਭਟਕਣਾ, ਸੁੰਨ, ਸਮਾਧੀ, ਸੰਜੋਗ, ਵਿਯੋਗ, ਦੁੱਖ-ਸੁੱਖ, ਭੁੱਖ, ਦੀ ਸ਼ਬਦ-ਯਾਤਰਾ ਇਨ੍ਹਾਂ ਕਵਿਤਾਵਾਂ ਦਾ ਪ੍ਰਮੁੱਖ ਹਾਸਲ ਹੈ ਜੋ ਮਾਨਸਿਕ ਬਿਰਤੀ ਨੂੰ ਉਤੇਜਿਤ ਕੀਤੇ ਬਿਨਾਂ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ। ਰੂਹ ਦੀ ਸ਼ਾਇਰੀ ਨੂੰ ਦਿਲੋਂ ਸਲਾਮ। ਆਮੀਨ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸੱਚ ਦਾ ਸੂਰਜ
ਲੇਖਕ : ਪ੍ਰੋ. ਜੋਗਿੰਦਰ ਸਿੰਘ ਕੰਗ
ਪ੍ਰਕਾਸ਼ਕ: ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 304
ਸੰਪਰਕ: 98785-03673

ਪੰਜਾਬੀ ਭਾਸ਼ਾ ਵਿਚ ਪਹਿਲਾ ਮਹਾਂ-ਕਾਵਿ 'ਰਾਣਾ ਸੂਰਤ ਸਿੰਘ' ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਨੇ ਲਿਖਿਆ ਸੀ, ਜਿਸ ਨੂੰ ਪੰਜਾਬੀ ਸਾਹਿਤ ਵਿਚ ਬਹੁਤ ਹੀ ਮਹੱਤਵਪੂਰਨ ਅਤੇ ਜ਼ਿਕਰਯੋਗ ਸਥਾਨ ਹਾਸਲ ਹੈ। ਪ੍ਰੋ. ਮੋਹਨ ਸਿੰਘ ਵਲੋਂ ਲਿਖਿਆ ਗਿਆ ਮਹਾਂ-ਕਾਵਿ 'ਨਾਨਕਾਇਣ' ਗੁਰੂ ਨਾਨਕ ਦੇਵ ਜੀ ਦੇ ਵਿਰਾਟ ਜੀਵਨ ਅਤੇ ਉਨ੍ਹਾਂ ਦੀਆਂ ਇਨਕਲਾਬੀ ਸਿੱਖਿਆਵਾਂ ਨੂੰ ਸਮਰਪਿਤ ਹੈ। ਕਾਵਿ ਭੂਸ਼ਣ ਪ੍ਰੋ. ਜੋਗਿੰਦਰ ਸਿੰਘ ਕੰਗ ਵਲੋਂ ਰਚਿਤ ਹਥਲੇ ਮਹਾਂ-ਕਾਵਿ 'ਸੱਚ ਦਾ ਸੂਰਜ' ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਬਿਰਤਾਂਤ ਨੂੰ ਆਧਾਰ ਬਣਾਇਆ ਗਿਆ ਹੈ। ਇਸ ਖ਼ੂਬਸੂਰਤ ਮਹਾਂ-ਕਾਵਿ ਵਿਚ ਉਨ੍ਹਾਂ ਵਲੋਂ ਗੁਰੂ ਸਾਹਿਬ ਦੇ ਜੀਵਨ ਨੂੰ ਅੱਠ ਸਰਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਸਰਗ ਵਿਚ ਮੰਗਲਾਚਰਨ, ਪ੍ਰਭੂ ਮਹਿਮਾ ਤੇ ਸ੍ਰਿਸ਼ਟੀ ਰਚਨਾ, ਚਾਰ ਜੁੱਗਾਂ ਦਾ ਹਵਾਲਾ ਅਤੇ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਦੇਸ਼ ਦੀਆਂ ਪ੍ਰਸਥਿਤੀਆਂ ਦਾ ਵਰਣਨ ਹੈ। ਦੂਜੇ ਸਰਗ ਵਿਚ ਗੁਰੂ ਨਾਨਕ ਸਾਹਿਬ ਦਾ ਮੁਢਲਾ ਜੀਵਨ, ਤੀਜੇ ਸਰਗ ਵਿਚ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਨਾਲ ਸੰਬੰਧਿਤ ਘਟਨਾਵਾਂ, ਚੌਥੇ ਤੋਂ ਸੱਤਵੇਂ ਸਰਗ ਵਿਚ ਗੁਰੂ ਜੀ ਦੀਆਂ ਚਾਰੇ ਉਦਾਸੀਆਂ ਦਾ ਵੇਰਵਾ ਅਤੇ ਅੱਠਵੇਂ ਸਰਗ ਵਿਚ ਉਨ੍ਹਾਂ ਦੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਗਏ ਉਮਰ ਦੇ ਅੰਤਲੇ ਪੜਾਅ ਦਾ ਬਿਰਤਾਂਤ ਹੈ।
ਬੇਸ਼ੱਕ ਇਸ ਮਹਾਂ-ਕਾਵਿ ਵਿਚ ਉਨ੍ਹਾਂ ਨੇ ਬੈਂਤ, ਕਬਿੱਤ, ਸਿਰਖੰਡੀ ਅਤੇ ਕੋਰੜਾ ਆਦਿ ਕਈ ਛੰਦਾਂ ਦੀ ਵਰਤੋਂ ਕੀਤੀ ਹੈ ਪਰ ਮੁੱਖ ਰੂਪ ਵਿਚ ਉਨ੍ਹਾਂ ਨੇ ਦਵੱਈਆ ਛੰਦ ਹੀ ਰੱਖਿਆ ਹੈ। ਰੂਪਕ ਪੱਖ ਤੋਂ ਉਨ੍ਹਾਂ ਨੇ ਕਾਫ਼ੀਆ, ਰਦੀਫ਼ ਅਤੇ ਤੋਲ-ਤੁਕਾਂਤ ਦੇ ਨਿਯਮਾਂ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਵਿਚਾਰ ਪੱਖ ਤੋਂ ਉਨ੍ਹਾਂ ਨੇ ਚਾਰੇ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਨਾਲ ਭਾਈ ਬਾਲੇ ਦੇ ਹੋਣ ਦਾ ਜ਼ਿਕਰ ਵੀ ਕੀਤਾ ਹੈ, ਜਿਸ ਬਾਰੇ ਉਨ੍ਹਾਂ ਨੇ ਭਾਈ ਬਾਲੇ ਵਾਲੀ ਜਨਮਸਾਖੀ ਦਾ ਹਵਾਲਾ ਦਿੱਤਾ ਹੈ ਪਰ ਇਸ ਬਾਰੇ ਇਤਿਹਾਸਕਾਰਾਂ ਵਿਚ ਕਾਫ਼ੀ ਮੱਤਭੇਦ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਕਿਹਾ ਗਿਆ ਹੈ ਕਿ ਅਕਾਲ ਰੂਪ ਬਾਬਾ ਜੀ ਦੇ ਦੂਜੇ ਸਾਥੀ ਰਬਾਬੀ ਮਰਦਾਨਾ ਜੀ ਹੀ ਸਨ। ਸਮੁੱਚੇ ਰੂਪ ਵਿਚ ਪ੍ਰੋ. ਜੋਗਿੰਦਰ ਸਿੰਘ ਕੰਗ ਦਾ ਇਹ ਮਹਾਂ-ਕਾਵਿ ਬੇਹੱਦ ਸ਼ਲਾਘਾਯੋਗ ਅਤੇ ਸੰਭਾਲਣਯੋਗ ਦਸਤਾਵੇਜ਼ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਤ੍ਰੈ-ਮਾਸਿਕ ਰਣਜੀਤ
ਸੰਪਾਦਕ: ਇੰਜੀਨੀਅਰ ਕਰਮਜੀਤ ਸਿੰਘ
ਪ੍ਰਕਾਸ਼ਕ: ਰਣਜੀਤ ਮੈਮੋਰੀਅਲ ਚੈਰੀਟੇਬਲ ਟਰੱਸਟ ਜਲੰਧਰ
ਮੁੱਲ : 50 ਰੁਪਏ , ਸਫ਼ੇ : 225
ਸੰਪਰਕ : 98728-13128

ਮਾਂ ਦਾ ਦਰਜਾ ਦੁਨੀਆ ਵਿਚ ਬਹੁਤ ਮਹਾਨ ਹੈ। ਮਾਂ ਨੂੰ ਇਸ ਬ੍ਰਹਿਮੰਡ ਦੀ ਸਭ ਤੋਂ ਉੱਤਮ ਰਚਨਾ ਕਹਿ ਕੇ ਵਡਿਆਇਆ ਗਿਆ ਹੈ। ਮਾਂ ਦੀ ਕੁੱਖ ਤੋਂ ਹੀ ਯੋਧੇ, ਸੂਰਬੀਰਾਂ ਅਤੇ ਭਗਤਾਂ ਨੇ ਜਨਮ ਲਿਆ। ਮਾਂ ਦੀ ਝੋਲੀ ਵਿਚ ਆ ਕੇ ਮਨੁੱਖ ਆਪਣੇ ਸਾਰੇ ਦੁੱਖਾਂ ਨੂੰ ਭੁੱਲ ਜਾਂਦਾ ਹੈ। ਇਸੇ ਹੀ ਉੱਦਮ ਸਦਕਾ ਇੰਜੀਨੀਅਰ ਕਰਮਜੀਤ ਸਿੰਘ ਹੁਰਾਂ ਨੇ ਰਣਜੀਤ ਤ੍ਰੈ-ਮਾਸਿਕ ਦਾ ਮਾਂ ਵਿਸ਼ੇਸ਼ ਅੰਕ ਪਾਠਕਾਂ ਦੇ ਰੂਬਰੂ ਕੀਤਾ ਹੈ। ਜਿਸ ਦੇ ਉਹਨਾਂ ਨੇ ਦੋ ਭਾਗ ਕੀਤੇ ਹਨ। ਪਹਿਲੇ ਭਾਗ ਵਿਚ ਮਾਂ ਨਾਲ ਸੰਬੰਧਿਤ ਲਗਭਗ 92 ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਸੇ ਹੀ ਮੈਗਜ਼ੀਨ ਦੇ ਦੂਜੇ ਭਾਗ ਵਿਚ ਲਗਭਗ 55 ਕਵੀਆਂ ਦੀਆਂ ਫੁਟਕਲ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਜ਼ਿੰਦਗੀ ਨਾਲ ਜੁੜੇ ਹੋਏ ਬਹੁਤ ਸਾਰੇ ਸਰੋਕਾਰ ਪੇਸ਼ ਹੋਏ ਹਨ। ਜਦੋਂ ਅਸੀਂ ਇਸੇ ਅੰਕ ਵਿਚ ਮਾਂ ਨਾਲ ਸੰਬੰਧਿਤ ਕਵਿਤਾਵਾਂ ਬਾਰੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੇ ਕਵੀਆਂ ਨੇ ਮਾਂ ਦੀ ਮਮਤਾ ਬਾਰੇ ਆਪਣੀਆਂ ਕਵਿਤਾਵਾਂ ਵਿਚ ਜ਼ਿਕਰ ਕੀਤਾ ਹੈ। ਬਹੁਤ ਸਾਰੇ ਕਵੀਆਂ ਨੇ ਮਾਂ ਦੇ ਤੁਰ ਜਾਣ ਤੋਂ ਬਾਅਦ ਮਾਂ ਦੀ ਅਣਹੋਂਦ ਅਤੇ ਹੇਰਵਾ ਵੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਕਿਸੇ ਨੇ ਮਾਂ ਨੂੰ ਮਮਤਾ ਕਿਹਾ ਹੈ ਕਿਸੇ ਨੇ ਮਾਂ ਨੂੰ ਬੇਬੇ ਕਹਿ ਕੇ ਸੰਬੋਧਨ ਕੀਤਾ ਹੈ, ਕਿਤੇ ਮਾਂ ਅਤੇ ਧੀ ਦੀ ਦੋਸਤੀ ਦਾ ਜ਼ਿਕਰ ਹੈ, ਕਿਤੇ ਮਾਂ ਪੁੱਤਰ ਦੀ ਉਡੀਕ ਕਰਦੀ ਹੈ। ਇਸ ਦੇ ਨਾਲ ਹੀ ਦੁਨੀਆ ਦੀ ਮਹਾਨ ਮਾਂ ਮਾਤਾ ਗੁਜਰੀ ਜੀ ਬਾਰੇ ਵੀ ਕਵਿਤਾ ਇਸ ਅੰਕ ਦਾ ਸ਼ਿੰਗਾਰ ਬਣੀ ਹੈ। ਇਨ੍ਹਾਂ ਕਵਿਤਾਵਾਂ ਨੂੰ ਜਦੋਂ ਅਸੀਂ ਵਾਚਦੇ ਹਾਂ ਤਾਂ ਇਨ੍ਹਾਂ ਵਿਚਲੀ ਸਿਰਜਣਾਤਮਿਕ ਵੰਨ-ਸੁਵੰਨਤਾ ਵੀ ਨਜ਼ਰੀਂ ਪੈਂਦੀ ਹੈ। ਇਨ੍ਹਾਂ ਵਿਚ ਖੁੱਲ੍ਹੀਆਂ ਕਵਿਤਾਵਾਂ ਵੀ ਹਨ, ਛੰਦ-ਬੱਧ ਕਵਿਤਾਵਾਂ ਵੀ ਹਨ ਅਤੇ ਗ਼ਜ਼ਲਾਂ ਦੇ ਰੂਪ ਵਿਚ ਵੀ ਕਵਿਤਾਵਾਂ ਪੇਸ਼ ਹੋਈਆਂ ਹਨ। ਕਿਧਰੇ-ਕਿਧਰੇ ਜਿੱਥੇ ਭਰੂਣ ਹੱਤਿਆ ਬਾਰੇ ਕਵਿਤਾਵਾਂ ਸਾਹਮਣੇ ਆਉਂਦੀਆਂ ਹਨ ਉੱਥੇ ਧੀ ਨੂੰ ਕੁੱਖ ਵਿਚ ਨਾ ਮਾਰਨ ਲਈ ਧੀ ਦੀ ਅਰਜ ਵੀ ਪੇਸ਼ ਹੋਈ ਹੈ। ਅਸਲ ਵਿਚ ਮਾਂ ਦੀ ਹੋਂਦ ਸਮੇਂ ਮਾਂ ਦਾ ਉਹ ਸਰੂਪ ਨਜ਼ਰ ਨਹੀਂ ਆਉਂਦਾ ਜੋ ਉਸ ਦੇ ਤੁਰ ਜਾਣ ਤੋਂ ਬਾਅਦ ਨਜ਼ਰੀਂ ਪੈਂਦਾ ਹੈ। ਇਸ ਵਿਸ਼ੇਸ਼ ਅੰਕ ਵਿਚ ਬਹੁਤ ਸਾਰੇ ਦੇਸ਼ ਅਤੇ ਵਿਦੇਸ਼ ਤੋਂ ਕਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸਾਡੀ ਪੰਜਾਬੀ ਕਵਿਤਾ ਦੇ ਨਾਮਵਰ ਕਵੀ ਵੀ ਹਨ ਅਤੇ ਕੁਝ ਨਵੇਂ ਕਵੀ ਵੀ ਸ਼ਾਮਿਲ ਹਨ। ਇਸ ਮੈਗਜ਼ੀਨ ਦੇ ਦੂਜੇ ਭਾਗ ਵਿਚ ਜਿਹੜੀਆਂ ਕਵਿਤਾਵਾਂ ਪੇਸ਼ ਹੋਈਆਂ ਹਨ, ਉਨ੍ਹਾਂ ਵਿਚ ਮਾਂ ਬੋਲੀ ਨੂੰ ਸਮਝਣ ਲਈ ਅਤੇ ਉਸ ਦਾ ਰੁਤਬਾ ਬੁਲੰਦ ਕਰਨ ਲਈ ਤਾਗੀਦ ਹੈ, ਆਪਣੇ ਵਾਤਾਵਰਨ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਹੈ ਅਤੇ ਬਹੁਤ ਸਾਰੀਆਂ ਕਵਿਤਾਵਾਂ ਅਜੋਕੇ ਜੀਵਨ ਯਥਾਰਥ ਦੀ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਇੰਜੀਨੀਅਰ ਕਰਮਜੀਤ ਸਿੰਘ ਹੁਰਾਂ ਨੇ ਰਣਜੀਤ ਤ੍ਰੈ-ਮਾਸਿਕ ਦੇ ਇਸ ਖੂਬਸੂਰਤ ਅੰਕ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਕੇ ਪੰਜਾਬੀ ਕਵਿਤਾ ਅਤੇ ਵਿਸ਼ੇਸ਼ ਕਰਕੇ ਮਾਂ ਬਾਰੇ ਕਵੀਆਂ ਦੇ ਕਾਵਿਕ ਹੁੰਗਾਰੇ ਨੂੰ ਸਾਂਭਣ ਦਾ ਇੱਕ ਸ਼ਲਾਘਾਯੋਗ ਯਤਨ ਕੀਤਾ ਹੈ। ਇਸ ਅੰਕ ਵਿਚੋਂ ਉਨ੍ਹਾਂ ਦੀ ਮਿਹਨਤ ਝਲਕਦੀ ਹੈ।
-ਡਾ ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਮਹਿਰਮ ਜੀ ਤੂੰ ਹੀ ਤੂੰ...
ਗੋਬਿੰਦ ਜੀ ਤੂੰ ਹੀ ਤੂੰ...
ਸ਼ਾਇਰ : ਰਘਵੀਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 158
ਸੰਪਰਕ : 75892-75065
ਪੰਜਾਬ ਵਿਚ ਸਿੱਖ-ਪੰਥ ਤੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਕਵਿਤਾ ਸਿਰਜਣ ਦੀ ਰਵਾਇਤ ਬੜੀ ਪੁਰਾਣੀ ਹੈ ਤੇ ਇਸ ਨੂੰ ਵੱਡਿਆਂ ਇਕੱਠਾਂ ਵਿਚ ਸੁਣਿਆ ਤੇ ਪੜ੍ਹਿਆ ਜਾਂਦਾ ਰਿਹਾ ਹੈ, ਬੇਸ਼ੱਕ ਇਸ ਦੌਰ ਵਿਚ ਇਹ ਰਵਾਇਤ ਓਨੀ ਸ਼ਿੱਦਤ ਵਾਲੀ ਨਹੀਂ ਰਹੀ, ਫਿਰ ਵੀ ਗਾਹੇ ਵਗਾਹੇ ਅਜਿਹੀਆਂ ਪੁਸਤਕਾਂ ਛਪਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿਚ ਅਕਸਰ ਸਾਹਿਤਕ ਪੱਧਰ ਦੀ ਥਾਂ ਸ਼ਾਇਰ ਦੀ ਅਕੀਦਤ ਵਧੇਰੇ ਸ਼ਾਮਿਲ ਹੁੰਦੀ ਹੈ। 'ਮਹਿਰਮ ਜੀ ਤੂੰ ਹੀ ਤੂੰ, ਗੋਬਿੰਦ ਜੀ ਤੂੰ ਹੀ ਤੂੰ' ਇਸੇ ਲੜੀ ਤੇ ਇਸੇ ਭਾਂਤ ਦਾ ਕਾਵਿ ਸੰਗ੍ਰਹਿ ਹੈ ਜਿਸ ਦੇ ਸਿਰਜਕ ਰਘਵੀਰ ਸਿੰਘ ਹਨ। ਸ਼ਾਇਰ ਦਾ ਵੱਖਰਾਪਨ ਇਹ ਹੈ ਕਿ ਇਸ ਪੁਸਤਕ ਵਿਚ ਸ਼ਾਮਿਲ ਹਰ ਕਵਿਤਾ ਦਾ ਅੰਤ 'ਮਹਿਰਮ ਜੀ ਤੂੰ ਹੀ ਤੂੰ, ਗੋਬਿੰਦ ਜੀ ਤੂੰ ਹੀ ਤੂੰ' ਨਾਲ ਹੁੰਦਾ ਹੈ। ਰਚਨਾਵਾਂ ਦੀ ਹੋਰ ਖ਼ੂਬੀ ਇਹ ਹੈ ਕਿ ਇਨ੍ਹਾਂ ਨੂੰ ਲੋੜੋਂ ਵੱਧ ਵੱਡ ਆਕਾਰੀ ਨਹੀਂ ਰੱਖਿਆ ਗਿਆ ਜਦ ਕਿ ਧਾਰਮਿਕ ਕਵਿਤਾਵਾਂ ਨੂੰ ਅਕਸਰ ਕਈ ਕਈ ਸਫ਼ਿਆਂ ਤਕ ਲਿਖਿਆ ਜਾਂਦਾ ਹੈ ਤੇ ਉਹ ਬਹੁਤਾ ਕਰਕੇ ਪੜ੍ਹੀਆਂ ਹੀ ਨਹੀਂ ਜਾਂਦੀਆਂ। ਇਕ ਹੋਰ ਖ਼ੂਬੀ ਇਹ ਵੀ ਹੈ ਕਿ ਇਹ ਸਿਰਫ਼ ਕਾਫ਼ੀਆ ਮੇਲ ਨਹੀਂ ਹਨ ਬਲਕਿ ਇਨ੍ਹਾਂ ਵਿਚ ਸ਼ਾਇਰ ਦੀਆਂ ਜੁਗਤਾਂ ਪ੍ਰਭਾਵਿਤ ਕਰਨ ਵਾਲੀਆਂ ਹਨ। ਪੁਸਤਕ ਦੀ ਸ਼ੁਰੂਆਤ ਸ਼ਾਇਰ ਦੇ ਮਨ ਵਿਚ ਚਿਤਵੇ ਅਹਿਸਾਸ ਦੀ ਉਪਮਾ ਨਾਲ ਹੁੰਦੀ ਹੈ ਤੇ ਇਹੀ ਉਪਮਾ ਅਗਲੇ ਸਫ਼ਿਆਂ 'ਤੇ ਪੈਂਤੀ ਅੱਖਰੀ ਦੇ ਕ੍ਰਮ ਨਾਲ ਵਿਸਥਾਰ ਲੈ ਲੈਂਦੀ ਹੈ। 'ਪੈਂਤੀ ਅੱਖਰੀ, ਤੂੰ ਹੀ ਤੂੰ' ਵਿਚ ਸ਼ਾਇਰ ਦੀ ਸਮਰੱਥਾ ਨੂੰ ਪ੍ਰਗਟਾਉਂਦੀ ਹੈ ਤੇ ਏਨੇ ਸ਼ਬਦਾਂ ਦੀ ਲੱਭਤਾ ਆਸਾਨ ਨਹੀਂ ਹੁੰਦੀ। ਕਈ ਨਿੱਕੀਆਂ ਨਿੱਕੀਆਂ ਕਵਿਤਾਵਾਂ ਕਿਸੇ ਵੀ ਸਾਹਿਤਕ ਤੇ ਪ੍ਰਭਾਵੀ ਕਵਿਤਾ ਨਾਲ ਕੱਦ ਮੇਚਦੀਆਂ ਹਨ, 'ਸੱਜ-ਧੱਜ', ਆਪੇ-ਆਪ', 'ਦੀਦਾਰ' ਤੇ 'ਕਦੋਂ ਤੋਂ ਕਦੋਂ ਤੱਕ' ਇਸ ਦੀਆਂ ਸੁਯੋਗ ਉਦਾਹਰਨਾਂ ਹਨ। ਸ਼ਾਇਰ ਲੰਮੀ ਉਮਰ ਵਿਚ ਵਿਸ਼ਵਾਸ ਨਹੀਂ ਰੱਖਦਾ ਤੇ ਨਾ ਉਸ ਨੂੰ ਕੋਈ ਹੋਰ ਚਾਹਤ ਹੈ, ਬਸ ਉਹ ਤੂੰ ਹੀ ਤੂੰ ਹੋਣਾ ਚਾਹੁੰਦਾ ਹੈ। ਉਹ ਆਪਣੀ ਹਰੇਕ ਕਵਿਤਾ ਵਿਚ ਆਪਣੇ ਇਸ਼ਟ ਦੇ ਚਰਨਾਂ ਦੀ ਧੂੜ ਹੋਣਾ ਲੋਚਦਾ ਹੈ ਤੇ ਉਸ ਦਾ ਹਰ ਸਵਾਸ ਓਸੇ ਨੂੰ ਸਮਰਪਿਤ ਹੈ। ਰਘਵੀਰ ਸਿੰਘ ਦਾ ਇਹ ਕਾਵਿ ਸੰਗ੍ਰਹਿ ਧਾਰਮਿਕ ਹੁੰਦੇ ਹੋਏ ਵੀ ਇਕ ਪੱਧਰ ਸਿਰਜਦਾ ਹੈ ਤੇ ਇਸ ਵਿਚ ਕ੍ਰਿਸ਼ਮਿਆਂ ਦਾ ਕਿਧਰੇ ਵੀ ਵਖਿਆਨ ਨਹੀਂ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਜੋਦੜੀ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : ਮੁਫ਼ਤ, ਸਫ਼ੇ : 72
ਸੰਪਰਕ :99881-76886

ਅਮਰ ਕੌਰ ਬੇਦੀ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖਾਂ ਦੀਆਂ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਸੱਤਵੀਂ ਪੁਸਤਕ ਵਿਚ ਉਸ ਨੇ ਗੁਰਬਾਣੀ, ਸਮਾਜਿਕ, ਸੱਭਿਆਚਾਰਕ ਅਤੇ ਜ਼ਿੰਦਗੀ ਨਾਲ ਸੰਬੰਧਿਤ ਕਈ ਵਿਸ਼ਿਆਂ 'ਤੇ 45 ਕਵਿਤਾਵਾਂ ਲਿਖੀਆਂ ਹਨ। ਪਹਿਲੀ ਕਵਿਤਾ ਸਿਮਰਨ ਕਰਨ ਅਤੇ ਅੰਮ੍ਰਿਤ ਵੇਲਾ ਸੰਭਾਲਣ ਬਾਰੇ ਹੈ। ਦੂਜੀ ਤੇ ਤੀਜੀ ਕਵਿਤਾ ਵਿਚ ਨਾਮ ਦੀ ਮਹਿਮਾ ਬਾਰੇ ਗੁਰਬਾਣੀ ਦੀਆਂ ਚੋਣਵੀਆਂ ਤੁਕਾਂ ਦਰਜ ਕੀਤੀਆਂ ਗਈਆਂ ਹਨ। ਅਗਲੀਆਂ ਕਵਿਤਾਵਾਂ ਦੇ ਸਿਰਲੇਖ ਇਸ ਪ੍ਰਕਾਰ ਹਨ- ਨਿੱਕੀਆਂ ਜਿੰਦਾਂ ਤੇ ਸਾਕੇ ਮਹਾਨ, ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ, ਪਰਤਖਿ ਗੁਰੂ ਨਿਸਤਾਰੇ, ਬਹੁੜੀਂ ਬਾਬਾ ਬਹੁੜੀਂ, ਆਲਾ-ਦੁਆਲਾ ਬਹੁਤ ਰੁਸ਼ਨਾਇਆ, ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਲ-ਪ੍ਰੀਤਮ ਗੁਰੂ ਜੀ, ਸਰਬੰਸਦਾਨੀ ਗੁਰੂ ਜੀ, ਸ੍ਰੀ ਸੁਖਮਨੀ ਸਾਹਿਬ ਦੀ ਮਹਾਨਤਾ, ਕਰੀਏ ਅਸੀਂ ਅਰਦਾਸਿ, ਜੋਦੜੀ ਕਰੀਏ, ਜਾਗ ਲੇਹੁ ਰੇ ਮਨਾ, ਕਲਮ ਬੋਲ ਪਈ, ਇਹ ਦੁਨੀਆ ਕੇਹੀ ਹੋਈ, ਵੋਟਾਂ, ਮਜਬੂਰੀ ਵਿਦੇਸ਼ਾਂ ਦੀ, ਹੱਥੀਂ ਕਿਰਤ (ਸੱਚੀ ਸੁੱਚੀ) ਦਾ ਸਤਿਕਾਰ ਕਰੋ, ਨਵੇਂ ਸਾਲ ਦੇ ਸੂਰਜ, ਪਿਤਾ-ਦਿਵਸ ਦੀ ਮਹੱਤਤਾ, ਦੋਸਤੀ, ਕੁਦਰਤੀ-ਸੰਤੁਲਨ ਠੀਕ ਰੱਖੀਏ, ਕੁਦਰਤੀ ਆਫ਼ਤ ਦਾ ਕਹਿਰ, ਵਧਾਈ ਸਭਨਾਂ ਨੂੰ, ਭਾਈਚਾਰਾ ਬਚਾਵੋ, ਭੁੱਲੀ ਚਰਖੇ ਦੀ ਘੂਕ, ਚੁੱਪ, ਅਲੋਪ ਹੋਇਆ ਸੱਚਾ-ਸੁੱਚਾ ਪਿਆਰ, ਅਧਿਆਪਕ ਦਿਵਸ, ਉਦੋਂ ਤੇ ਹੁਣ, ਸਮੇਂ ਦੇ ਨਾਲ-ਨਾਲ, ਕੇਹਾ ਜ਼ਮਾਨਾ, ਕਦਰ ਔਰਤ ਦੀ, ਸਾਡੀ ਪੰਜਾਬੀ ਭਾਸ਼ਾ ਮਹਾਨ, ਮਾਂ-ਬੋਲੀ ਪੰਜਾਬੀ, ਮਾਂ, ਇਹ ਜ਼ਿੰਦਗੀ ਕਾਰਵਾਂ, ਸੁਣੋ ਇਹ ਗੱਲ, ਸਫ਼ਲਤਾ ਦਾ ਫਲ, ਦੇਸ਼ ਦਾ ਭਵਿੱਖ, ਤਿਉਹਾਰਾਂ ਦੀ ਧਰਤੀ, ਸਾਵਣ ਆਇਆ, ਮਹੀਨਾ ਸਾਉਣ ਦਾ ਆਇਆ।
ਤੋਲ=-ਤੁਕਾਂਤ ਦੇ ਪੱਖੋਂ ਕਵਿਤਾਵਾਂ ਵਿਚ ਭਾਵੇਂ ਬਹੁਤੀ ਪਰਪੱਕਤਾ ਦਿਖਾਈ ਨਹੀਂ ਦਿੰਦੀ, ਪਰ ਇਨ੍ਹਾਂ ਦਾ ਸੰਦੇਸ਼ ਕਵਿੱਤਰੀ ਦੀ ਉਸਾਰੂ ਸੋਚ ਦਾ ਲਖਾਇਕ ਹੈ। ਉਸ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਲਾਹੌਰ ਨਾਲ ਗੱਲਾਂ
(ਸਫ਼ਰਨਾਮਾ ਲਹਿੰਦਾ ਪੰਜਾਬ)
ਲੇਖਕ : ਰਵਿੰਦਰ ਸਹਿਰਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 132+56
ਸੰਪਰਕ : 95011-45039

13 ਪੁਸਤਕਾਂ ਦੇ ਰਚੇਤਾ ਰਵਿੰਦਰ ਸਹਿਰਾਅ ਦੀ ਇਹ 14ਵੀਂ ਪੁਸਤਕ 'ਲਾਹੌਰ ਨਾਲ ਗੱਲਾਂ' (ਸਫ਼ਰਨਾਮਾ) ਪ੍ਰਕਾਸ਼ਿਤ ਹੋਈ ਹੈ। ਲੇਖਕ ਵਲੋਂ ਪਾਕਿਸਤਾਨ ਦੀਆਂ 2022 ਤੇ 2024 ਦੇ ਦੌਰਾਨ ਕੀਤੀਆਂ ਦੋ ਯਾਤਰਾਵਾਂ ਦੇ ਬਿਰਤਾਂਤ ਨੂੰ ਇਸ ਪੁਸਤਕ ਚ ਬਾਖੂਬੀ ਪੇਸ਼ ਕੀਤਾ ਗਿਆ ਹੈ।
ਇਸ ਪੁਸਤਕ ਵਿਚ ਕੇਵਲ ਭੂਗੋਲਿਕ ਯਾਤਰਾ ਦਾ ਬਿਰਤਾਂਤ ਨਹੀਂ, ਸਗੋਂ ਵੰਡ ਦੇ ਦਰਦ ਨੂੰ ਸਹਿ ਕੇ ਵੀ ਜ਼ਿੰਦਾ ਰਹੀ ਪੰਜਾਬੀ ਰੂਹ ਨਾਲ ਰੂਹਾਨੀ ਗੱਲਬਾਤ ਹੈ। ਇਹ ਕਿਤਾਬ ਲਹਿੰਦੇ ਪੰਜਾਬ ਦੀਆਂ ਗਲੀਆਂ, ਇਤਿਹਾਸਕ ਨਿਸ਼ਾਨੀਆਂ ਅਤੇ ਸੱਭਿਆਚਾਰਕ ਕੇਂਦਰਾਂ ਦਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਦੋਵਾਂ ਪਾਸਿਆਂ ਦੇ ਪਾਠਕਾਂ ਨੂੰ ਭਾਵਨਾਤਮਕ ਤੌਰ 'ਤੇ ਜੋੜਦਾ ਹੈ।
ਸਹਿਰਾਅ ਦੀ ਇਹ ਯਾਤਰਾ ਲਾਹੌਰ ਤੋਂ ਸ਼ੁਰੂ ਹੋ ਕੇ ਕਸੂਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਜੰਡਿਆਲਾ ਸ਼ੇਰ ਖ਼ਾਂ ਅਤੇ ਪੰਜਾ ਸਾਹਿਬ (ਹਸਨ ਅਬਦਾਲ) ਆਦਿ ਵਰਗੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਨੂੰ ਛੋਂਹਦੀ ਹੈ। ਕਿਤਾਬ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਿਰਫ਼ ਧਾਰਮਿਕ ਫੇਰੀ ਤੱਕ ਸੀਮਤ ਨਹੀਂ ਰਹਿੰਦੀ। ਲੇਖਕ ਨੇ ਉਸ ਜ਼ਮੀਨ 'ਤੇ ਵਸਦੇ ਆਮ ਲੋਕਾਂ, ਵਿਦਵਾਨਾਂ ਅਤੇ ਸਾਹਿਤਕਾਰਾਂ ਨਾਲ ਗੱਲਬਾਤ ਨੂੰ ਵੀ ਸ਼ਾਮਲ ਕੀਤਾ ਹੈ। ਇਕਬਾਲ ਕੈਸਰ ਦਾ 'ਪੰਜਾਬੀ ਖੋਜਗੜ੍ਹ', ਸ਼ਾਦਮਾਨ ਚੌਕ, ਅਤੇ ਸਾਹਿਤਕ ਬਹਿਸਾਂ ਦਾ ਕੇਂਦਰ 'ਪਾਕ ਟੀ ਹਾਊਸ' ਉਸ ਸੱਭਿਆਚਾਰਕ ਸਰਗਰਮੀ ਨੂੰ ਦਰਸਾਉਂਦੇ ਹਨ ਜੋ ਵੰਡ ਤੋਂ ਬਾਅਦ ਵੀ ਜਾਰੀ ਹੈ। ਲੇਖਕ ਦੀ ਸ਼ੈਲੀ ਬਹੁਤ ਨਿੱਘੀ, ਸੰਵੇਦਨਸ਼ੀਲ ਅਤੇ ਨਿਰਪੱਖ ਹੈ। ਉਹ ਜਦੋਂ ਬੁੱਲ੍ਹੇ ਸ਼ਾਹ ਦੇ ਦਰਬਾਰ ਜਾਂ ਬਾਬਾ ਫ਼ਰੀਦ ਦੀ ਧਰਤੀ ਦਾ ਜ਼ਿਕਰ ਕਰਦਾ ਹੈ, ਤਾਂ ਪਾਠਕ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਖ਼ੁਦ ਉਸ ਸਾਂਝੇ ਵਿਰਸੇ ਦੀ ਯਾਤਰਾ ਕਰ ਰਿਹਾ ਹੋਵੇ। ਸਹਿਰਾਅ ਨੇ ਸਫ਼ਰ ਦੌਰਾਨ ਪੇਸ਼ ਆਈਆਂ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਹੱਦਬੰਦੀਆਂ ਨੂੰ ਵੀ ਬੜੀ ਬਾਰੀਕੀ ਨਾਲ ਬਿਆਨ ਕੀਤਾ ਹੈ, ਪਰ ਉਸ ਦਾ ਮੁੱਖ ਜ਼ੋਰ ਪੰਜਾਬੀ ਭਾਸ਼ਾ ਅਤੇ ਸਾਂਝੀਵਾਲਤਾ ਦੇ ਪੁਲਾਂ ਨੂੰ ਮਜ਼ਬੂਤ ਕਰਨ 'ਤੇ ਰਹਿੰਦਾ ਹੈ।
ਵਰਣਿਤ ਥਾਵਾਂ ਦੀਆਂ ਸਬੰਧਿਤ ਤਸਵੀਰਾਂ ਲਗਾ ਕੇ ਪੁਸਤਕ ਨੂੰ ਹੋਰ ਵੀ ਰੌਚਿਕ ਬਣਾਇਆ ਗਿਆ ਹੈ। 'ਲਾਹੌਰ ਨਾਲ ਗੱਲਾਂ' ਹਰ ਉਸ ਪੰਜਾਬੀ ਲਈ ਜ਼ਰੂਰੀ ਪੜ੍ਹਨ ਵਾਲੀ ਕਿਤਾਬ ਹੈ ਜੋ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦਾ ਹੈ। ਇਹ ਰਵਿੰਦਰ ਸਹਿਰਾਅ ਦਾ ਇੱਕ ਸ਼ਾਨਦਾਰ ਯੋਗਦਾਨ ਹੈ ਜੋ ਸਾਨੂੰ ਯਾਦ ਕਰਾਉਂਦਾ ਹੈ ਕਿ ਸਰਹੱਦਾਂ ਸਿਰਫ਼ ਜ਼ਮੀਨ 'ਤੇ ਹੁੰਦੀਆਂ ਹਨ, ਦਿਲਾਂ ਵਿਚ ਨਹੀਂ।
-ਜਸਵਿੰਦਰ ਸਿੰਘ ਕਾਈਨੌਰ
ਮੇਬਾਈਲ : 98888-42244