ਗਿੱਦੜਬਾਹਾ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਕੁਮਾਰ ਮੁੰਜਾਲ ਬਿੰਟਾ ਅਰੋੜਾ ਦੀ ਅਗਵਾਈ 'ਚ ਦੇਰ ਸ਼ਾਮ ਦੇ ਸਮੇਂ ਵੀ ਸ਼ਹਿਰ ਦੀ ਸਫ਼ਾਈ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ | ਨਰਿੰਦਰ ਕੁਮਾਰ ਮੁੰਜਾਲ ਬਿੰਟਾ ਅਰੋੜਾ ਨੇ ਦੱਸਿਆ ਕਿ ਸ਼ਹਿਰ ਗਿੱਦੜਬਾਹਾ ਤੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਉਨ੍ਹਾਂ ਵਲੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਪਹਿਲਾਂ ਇਹ ਸਫ਼ਾਈ ਸਿਰਫ਼ ਸਵੇਰ ਵੇਲੇ ਹੀ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਜਾਂਦੀ ਸੀ | ਸ਼ਹਿਰ ਤੇ ਪਿੰਡ ਦਾ ਦਾਇਰਾ ਵੱਡਾ ਹੋਣ ਕਰਕੇ ਸਫ਼ਾਈ ਸੇਵਕਾਂ ਦੀ ਗਿਣਤੀ ਵੀ ਲੋੜ ਅਨੁਸਾਰ ਘੱਟ ਸੀ ਤੇ ਕੌਂਸਲ ਵਲੋਂ ਨਵੇਂ ਸਫ਼ਾਈ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ | ਹੁਣ ਉਨ੍ਹਾਂ ਵਲੋਂ ਸਵੇਰ ਤੇ ਦੇਰ ਸ਼ਾਮ ਸਮੇਂ 2 ਵਕਤ ਸਫ਼ਾਈ ਕੀਤੀ ਜਾਇਆ ਕਰੇਗੀ | ਪ੍ਰਧਾਨ ਅਰੋੜਾ ਦਾ ਕਹਿਣਾ ਸੀ ਕਿ ਜੇਕਰ ਸਾਡਾ ਆਲਾ-ਦੁਆਲਾ ਸਾਫ਼ ਹੋਵੇਗਾ, ਤਾਂ ਵਾਤਾਵਰਨ ਦੀ ਸਾਫ਼ ਹੋਵੇਗਾ ਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਨਹੀਂ ਰਹੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਦਾ ਪੂਰਾ ਸਾਥ ਹੋਣਾ ਵੀ ਜ਼ਰੂਰੀ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸਫ਼ਾਈ ਦਾ ਖ਼ਿਆਲ ਰੱਖਦੇ ਹੋਏ ਕੂੜਾ ਕਰਕਟ ਕੂੜਾਦਾਨ ਵਿਚ ਹੀ ਪਾਉਣ | ਇਸ ਮੌਕੇ ਕੌਂਸਲਰ ਦਵਿੰਦਰ ਸਿੰਘ ਹੰਟੀ, ਬਿੱਟੂ ਡੇਅਰੀ ਵਾਲਾ ਸਮੇਤ ਸਮੂਹ ਕੌਂਸਲਰ ਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ |