ਫਗਵਾੜਾ, 21 ਨਵੰਬਰ (ਹਰਜੋਤ ਸਿੰਘ ਚਾਨਾ)-ਪਰਵਾਸੀ ਪੰਜਾਬੀਆਂ ਤੇ ਪਿੰਡ ਦੀ ਪੰਚਾਇਤ ਦੇ ਸਾਂਝੇ ਯਤਨਾਂ ਸਦਕਾ ਬਰਨਾ ਪਿੰਡ 'ਚ ਲਗਭਗ 6 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਤੇ ਪੰਚਾਇਤ ਘਰ ਦਾ ਉਦਘਾਟਨ ਕੀਤਾ ਗਿਆ | ਪਿੰਡ ਦੀ ਸਰਪੰਚ ਸ਼੍ਰੀਮਤੀ ਪਵਨਦੀਪ ਕੌਰ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਕਰਵਾਏ ਗਏ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਦੁਆਰਾ ਕੀਤੀ ਗਈ | ਸਮਾਗਮ 'ਚ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ ਮੁੱਖ ਮਹਿਮਾਨ ਤੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਗੈਸਟ ਆਫ਼ ਹਾਨਰ ਵਜੋਂ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਕਿਤਾਬਾਂ ਨੂੰ ਹੰਢਣਸਾਰ ਦੋਸਤ ਦੱਸਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਸਿਰਮੌਰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ | ਉਨ੍ਹਾਂ ਨੇ ਬਰਨਾ ਪਿੰਡ ਦੀ ਲਾਇਬ੍ਰੇਰੀ ਨੂੰ ਹਰ ਕਿਸਮ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਫਗਵਾੜਾ ਦੀ ਬੰਦ ਪਈ ਲਾਇਬ੍ਰੇਰੀ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ | ਹਲਕਾ ਇੰਚਾਰਜ ਹਰਜੀ ਮਾਨ ਨੇ ਫਗਵਾੜਾ-ਪਲਾਹੀ ਅਤੇ ਫਗਵਾੜਾ-ਬੰਗਾ ਸੜਕਾਂ ਦੇ ਮਸਲੇ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਆਪਣੇ ਸੰਬੋਧਨ 'ਚ ਪ੍ਰੋ. ਗੰਡਮ ਨੇ ਕਿਹਾ ਕਿ ਲਾਇਬ੍ਰੇਰੀ 'ਚ ਕਿਤਾਬਾਂ ਦੇ ਰੂਪ ਵਿਚ ਸੂਚਨਾ ਅਤੇ ਗਿਆਨ ਦਾ ਅਥਾਹ ਖ਼ਜ਼ਾਨਾ ਹੁੰਦਾ ਹੈ | ਉਨ੍ਹਾਂ ਪੁਸਤਕ-ਸਭਿਆਚਾਰ ਅਤੇ ਵਿਗਿਆਨਕ ਸੋਚ ਵਿਕਸਤ ਕਰਨ ਉੱਪਰ ਜ਼ੋਰ ਦਿੱਤਾ | ਇਸ ਮੌਕੇ ਗੁਰਮੀਤ ਪਲਾਹੀ, ਸੁਰਜੀਤ ਜੱਜ, ਭੁਪਿੰਦਰ ਕੌਰ, ਮਨਜੀਤ ਸਿੰਘ, ਪਵਿੱਤਰ ਸਿੰਘ, ਰੁਪਿੰਦਰ ਕੌਰ ਨੇ ਸੰਬੋਧਨ ਕੀਤਾ | ਬਰਨਾ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਚਾਨਾ ਤੇ ਮੌਜੂਦਾ ਸਰਪੰਚ ਸ੍ਰੀਮਤੀ ਪਵਨਦੀਪ ਕੌਰ ਢਿੱਲੋਂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਮਿੰਦਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਥਾਣੇਦਾਰ, ਹਰਜਿੰਦਰ ਕੁਮਾਰੀ, ਸੁਦੇਸ਼ ਰਾਣੀ, ਪਰਮਜੀਤ ਕੌਰ ਵੀ ਹਾਜ਼ਰ ਸਨ |