ਭਾਰਤ ਦੇ ਅਕਸ ਨੂੰ ਢਾਹ ਲਾਉਣ ਦੀ ਕੀਤੀ ਕੋਸ਼ਿਸ਼-ਭਾਜਪਾ
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੇ ਭਾਰਤ ਮੰਡਪਮ 'ਚ ਹੋ ਰਹੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਿਖ਼ਰ ਸੰਮੇਲਨ 'ਚ ਸ਼ੁੱਕਰਵਾਰ ਨੂੰ ਉਸ ਵੇਲੇ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਯੂਥ ਕਾਂਗਰਸ ਦੇ ਕਾਰਜਕਰਤਾਵਾਂ ਨੇ ਟੀ-ਸ਼ਰਟਾਂ ਉਤਾਰ ਕੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ 'ਪੀ.ਐਮ. ਇਜ਼ ਕੰਪਰੋਮਾਈਜ਼ਡ' ਭਾਵ ਪ੍ਰਧਾਨ ਮੰਤਰੀ ਨੇ ਦਬਾਅ 'ਚ ਫ਼ੈਸਲਾ ਲਿਆ | ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਦਰਮਿਆਨ ਤਿੱਖੀ ਸ਼ਬਦੀ ਜੰਗ ਸ਼ੁਰੂ ਹੋ ਗਈ | ਜਿੱਥੇ ਕਾਂਗਰਸ ਨੇ ਇਸ ਵਿਰੋਧ ਨੂੰ ਸੱਚਾਈ ਨੂੰ ਵਿਖਾਉਣ ਵਾਲਾ ਆਈਨਾ ਦੱਸਦਿਆਂ ਕਿਹਾ ਕਿ ਜਦੋਂ ਦੇਸ਼ ਹਿੱਤ ਤੋਂ ਉੱਪਰ ਕਾਰਪੋਰੇਟ ਹਿੱਤ ਨੂੰ ਤਰਜੀਹ ਦਿੱਤੀ ਜਾਵੇ ਤਾਂ ਵਿਰੋਧ ਫਰਜ਼ ਬਣ ਜਾਂਦਾ ਹੈ, ਜਦਕਿ ਭਾਜਪਾ ਨੇ ਇਸ ਨੂੰ ਭਾਰਤ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਾਰ ਦਿੱਤਾ |
ਮੋਦੀ-ਟਰੰਪ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਲਹਿਰਾਈਆਂ
ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ 'ਤੇ ਆਪਣੀਆਂ ਟੀ-ਸ਼ਰਟਾਂ ਉਤਾਰ ਦਿੱਤੀਆਂ ਅਤੇ ਹੱਥ 'ਚ ਚਿੱਟੀਆਂ ਟੀ-ਸ਼ਰਟਾਂ ਫੜ ਕੇ ਪ੍ਰਦਰਸ਼ਨ ਕਰਨ ਲੱਗੇ, ਜਿਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਸਵੀਰਾਂ ਸਨ ਅਤੇ ਉਸ 'ਤੇ 'ਪੀ.ਐਮ. ਇਜ਼ ਕੰਪਰੋਮਾਈਜ਼ਡ' ਲਿਖਿਆ ਹੋਇਆ ਸੀ | ਯੂਥ ਕਾਂਗਰਰਸ ਦੇ ਕਾਰਕੁੰਨ ਇਹ ਟੀ-ਸ਼ਰਟਾਂ ਲੈ ਕੇ ਸਟੇਜ 'ਤੇ ਚੜ੍ਹ ਗਏ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ |
ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
ਦਿੱਲੀ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ | ਪੁਲਿਸ ਮੁਤਾਬਿਕ ਉਹ ਪ੍ਰਦਰਸ਼ਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ | ਹੁਣ ਤੱਕ 4 ਤੋਂ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ,ਜਦੋਂ ਕਿ ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਦੇ ਬਾਅਦ 10 ਕਾਂਗਰਸੀ ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ | ਸੂਤਰਾਂ ਅਨੁਸਾਰ 7 ਹੋਰ ਕਾਂਗਰਸੀ ਵਰਕਰ ਪੁਲਿਸ ਦੀ ਰਾਡਾਰ 'ਤੇ ਹਨ | ਪੁਲਿਸ ਮੁਤਾਬਿਕ ਪ੍ਰਦਰਸ਼ਨਕਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਅਤੇ ਕਿਊ.ਆਰ. ਕੋਡ ਸਕੈਨ ਕਰ ਕੇ ਹਾਲ 'ਚ ਦਾਖ਼ਲ ਹੋਏ ਸਨ | ਉਨ੍ਹਾਂ ਨੇ ਅੰਦਰ ਟੀ-ਸ਼ਰਟ ਪਾਈ ਹੋਈ ਸੀ ਅਤੇ ਉਪਰ ਸਵੈਟਰ ਅਤੇ ਜੈਕੇਟ ਪਾਈ ਸੀ | ਹਾਲ ਨੰਬਰ 5 ਦੇ ਕੋਲ ਉਨ੍ਹਾਂ ਨੇ ਆਪਣੇ ਸਵੈਟਰ ਅਤੇ ਜੈਕੇਟ ਉਤਾਰ ਦਿੱਤੇ ਅਤੇ ਟੀ-ਸ਼ਰਟ ਲਹਿਰਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ |
ਦੇਸ਼ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼-ਭਾਜਪਾ
ਭਾਜਪਾ ਨੇ ਪ੍ਰਦਰਸ਼ਨ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਸ ਨੂੰ ਭਾਰਤ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਾਰ ਦਿੱਤਾ | ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਗਾਂਧੀ ਪਰਿਵਾਰ ਨੂੰ ਇਸ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਕ ਸੰਜੋਗ ਨਹੀਂ, ਸਗੋਂ ਪ੍ਰਯੋਗ ਸੀ | ਇਸ ਦੀ ਯੋਜਨਾ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਬਣਾਈ ਗਈ ਸੀ, ਜਿਥੇ ਸੋਨੀਆ ਗਾਂਧੀ ਅਤੇ ਪਿ੍ਅੰਕਾ ਗਾਂਧੀ ਮੌਜੂਦ ਸਨ | ਉਨ੍ਹਾਂ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਹ ਹਰ ਗੱਲ 'ਤੇ ਸਵਾਲ ਉਠਾਉਂਦੇ ਹਨ | ਭਾਵੇਂ 'ਆਪ੍ਰੇਸ਼ਨ ਸੰਧੂਰ' ਹੋਵੇ ਜਾਂ 'ਏਅਰਸਟ੍ਰਾਈਕ' | ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਸ ਪ੍ਰਦਰਸ਼ਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਾਂਗਰਸ ਦੇ ਹੰਕਾਰ ਅਤੇ ਨਿਰਾਸ਼ਾ ਦਾ ਪ੍ਰਦਰਸ਼ਨ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲਈ ਭਾਰਤ ਨੂੰ ਅਪਮਾਨਿਤ ਕਰਨਾ ਹੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਦਾ ਤਰੀਕਾ ਹੈ | ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਕਾਰਕੁੰਨਾਂ ਨੇ ਅੰਤਰਰਾਸ਼ਟਰੀ ਸਿਖ਼ਰ ਸੰਮੇਲਨ 'ਚ ਭਾਰਤ ਦੇ ਅਕਸ ਨੂੰ ਢਾਹ ਲਾਈ ਹੈ | ਇਹ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ, ਜੋ ਮੁਆਫ਼ ਨਹੀਂ ਕੀਤਾ ਜਾ ਸਕਦਾ | ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਿਆਸਤ ਹੁੰਦੀ ਹੈ, ਇਲਜ਼ਾਮ ਲਗਾਏ ਜਾਂਦੇ ਹਨ ਪਰ ਦੇਸ਼ ਦੇ ਅਕਸ ਦੇ ਨਾਲ ਸੌਦੇਬਾਜ਼ੀ ਸਹਿਣ ਨਹੀਂ ਕੀਤੀ ਜਾ ਸਕਦੀ |
ਯੂਥ ਕਾਂਗਰਸ ਵਲੋਂ ਏ.ਆਈ. ਸੰਮੇਲਨ 'ਚ ਪ੍ਰਦਰਸ਼ਨ-15 ਹਿਰਾਸਤ 'ਚ
ਅਜੀਤ ਡੈਸਕ
21-02-2026