ਤਾਰਿਕ ਰਹਿਮਾਨ ਸਰਕਾਰ ਦਾ ਵੱਡਾ ਫ਼ੈਸਲਾ
ਢਾਕਾ/ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਭਾਰਤ-ਬੰਗਲਾਦੇਸ਼ ਵਿਚਾਲੇ ਰਿਸ਼ਤਿਆਂ 'ਚ ਸੁਧਾਰ ਦੀ ਦਿਸ਼ਾ 'ਚ ਪਹਿਲਾ ਕਦਮ ਚੁੱਕਦੇ ਹੋਏ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਭਾਰਤੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ | ਕਰੀਬ ਦੋ ਮਹੀਨੇ ਪਹਿਲਾਂ ਇਨ੍ਹਾਂ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ | ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਤਿੰਨ ਦਿਨ ਪਹਿਲਾਂ ਹੀ ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ | ਇਸ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੀ ਪਾਰਟੀ ਬੀ.ਐਨ.ਪੀ. ਲਈ ਨਵੀਂ ਦਿੱਲੀ ਬੇਹੱਦ ਅਹਿਮ ਹੈ ਤੇ ਸ਼ੁਰੂਆਤੀ ਪੱਧਰ 'ਤੇ ਰਿਸ਼ਤਿਆਂ 'ਚ ਪਈ ਕੜਵਾਹਟ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ | ਇਕ ਦਿਨ ਪਹਿਲਾਂ ਹੀ ਭਾਰਤ ਦੇ ਇਕ ਸੀਨੀਅਰ ਦੂਤਘਰ ਅਧਿਕਾਰੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਵੀ ਜਲਦ ਬੰਗਲਾਦੇਸ਼ 'ਚ ਸਾਰੀਆਂ ਵੀਜ਼ਾ ਸੇਵਾਵਾਂ ਬਹਾਲ ਕਰੇਗੀ | ਦਸੰਬਰ 'ਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਫਿੱਕੇ ਪੈਣ ਨਾਲ ਵੀਜ਼ਾ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ | ਸੂਤਰਾਂ ਨੇ ਦੱਸਿਆ ਕਿ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਸਵੇਰੇ ਕੌਂਸਲਰ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ | ਭਾਰਤੀਆਂ ਲਈ ਹੁਣ ਸਾਰੇ ਤਰ੍ਹਾਂ ਦੀਆਂ ਵੀਜ਼ਾ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ | ਦਸੰਬਰ 'ਚ ਕਾਰੋਬਾਰ ਤੇ ਵਰਕ ਵੀਜ਼ੇ 'ਤੇ ਰੋਕ ਨਹੀਂ ਲਗਾਈ ਗਈ ਸੀ, ਪਰ ਹੁਣ ਡਾਕਟਰੀ ਤੇ ਸੈਰ-ਸਪਾਟਾ ਸਮੇਤ ਸਾਰੇ ਤਰ੍ਹਾਂ ਦੀਆਂ ਸ਼੍ਰੇਣੀਆਂ ਮੁੜ ਤੋਂ ਸ਼ੁਰੂ ਹੋ ਗਈਆਂ ਹਨ | ਦੂਜੇ ਪਾਸੇ ਸਿਲਹਟ 'ਚ ਭਾਰਤ ਦੇ ਸੀਨੀਅਰ ਕੌਂਸਲਰ ਅਧਿਕਾਰੀ ਅਨਿਰੁੱਧ ਦਾਸ ਨੇ ਬੰਗਲਾਦੇਸ਼ੀ ਮੀਡੀਆ ਨੂੰ ਕਿਹਾ ਕਿ ਬੰਗਲਾਦੇਸ਼ੀ ਨਾਗਰਿਕਾਂ ਲਈ ਵੀ ਸਾਰੀਆਂ ਵੀਜ਼ਾ ਸੇਵਾਵਾਂ ਪੂਰੀ ਤਰ੍ਹਾਂ ਬਹਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ |
ਬੰਗਲਾਦੇਸ਼ ਵਲੋਂ ਭਾਰਤ ਨਾਲ ਵੀਜ਼ਾ ਸੇਵਾਵਾਂ ਬਹਾਲ
ਅਜੀਤ ਡੈਸਕ
21-02-2026