02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਇਕ ਮਹੀਨੇ ’ਚ ਬੇਅਦਬੀ ਕਾਨੂੰਨ ’ਚੋਂ ਹਟਾਈਆਂ ਜਾਣ ਇਤਰਾਜ਼ਯੋਗ ਮੱਦਾਂ-ਅਕਾਲ ਤਖ਼ਤ ਵਲੋਂ ਪੰਜਾਬ ਸਰਕਾਰ ਨੂੰ ਆਦੇਸ਼

Ad Position 21
No active advertisement
ਅਜੀਤ ਡੈਸਕ 30-06-2026

ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ, ਰੇਸ਼ਮ ਸਿੰਘ
ਅੰਮ੍ਰਿਤਸਰ, 29 ਜੂਨ-ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵਿਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਖ਼ਾਲਸਾ ਪੰਥ ਦੀ ਰਾਇ ਅਤੇ ਸਹਿਮਤੀ ਤੋਂ ਬਗ਼ੈਰ ਪਾਸ ਕੀਤੇ ਗਏ ‘ਦਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026’ ਦੀਆਂ ਇਤਰਾਜ਼ਯੋਗ ਮੱਦਾਂ ਅਤੇ ਸ਼ਬਦਾਵਲੀ ਨੂੰ ਹਟਾਉਣ ਲਈ ਪੰਜ ਸਿੰਘ ਸਾਹਿਬਾਨ ਵਲੋਂ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰਕੇ ਅੱਜ ਤਲਬ ਕੀਤੇ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ, ਸਿੱਖ ਮੰਤਰੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨਾਲ ਅਕਾਲ ਤਖ਼ਤ ਸਕੱਤਰੇਤ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ‘ਸਤਿਕਾਰ ਸੋਧ ਐਕਟ’ ਦੀਆਂ ‘ਇਤਰਾਜ਼ਯੋਗ ਮੱਦਾਂ ਅਤੇ ਸ਼ਬਦਾਵਲੀ’ ਨੂੰ ‘ਮੁੜ ਸੋਧਣ’ ਲਈ ਇਕ ਮਹੀਨੇ ਦਾ ਸਮਾਂ ਦੇਣ ਦੇ ਨਾਲ-ਨਾਲ ਸੋਧ ਐਕਟ ’ਚ ਲੋੜੀਂਦੀ ਸੋਧ ਹੋਣ ਤੱਕ ਕਾਨੂੰਨ ਦੀ ਕਾਰਵਾਈ ਮੁਲਤਵੀ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ, ਜਿਸ ’ਤੇ ਹਾਜ਼ਰ ਵਿਧਾਇਕਾਂ ਤੇ ਮੰਤਰੀਆਂ ਵਲੋਂ ਜੈਕਾਰੇ ਬੁਲਾ ਕੇ ਸਹਿਮਤੀ ਦਿੱਤੀ ਗਈ। ਇਸ ਗੱਲ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਕੱਤਰੇਤ ਦੀ ਉਸਾਰੀ ਅਧੀਨ ਨਵੀਂ ਇਮਾਰਤ ਵਿਖੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਿੱਖ ਵਿਧਾਇਕਾਂ, ਸਿੱਖ ਕੈਬਨਿਟ ਮੰਤਰੀਆਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕਰੀਬ ਡੇਢ ਘੰਟਾ ਵਿਚਾਰ-ਵਟਾਂਦਰਾ ਤੇ ਸਵਾਲ-ਜਵਾਬ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਹ ਸਰਕਾਰ ਵਲੋਂ ਸਿੱਧਾ ਸਿੱਖ ਪੰਥ ਦੇ ਮਾਮਲਿਆਂ ਵਿਚ ਦਖ਼ਲ ਹੈ। ਸਿੱਖ ਪੰਥ ਦੀ ਸਲਾਹ ਤੇ ਸਹਿਮਤੀ ਤੋਂ ਬਿਨਾਂ ਬਣਾਏ ਗਏ ਸਤਿਕਾਰ ਸੋਧ ਐਕਟ ਵਿਚਲੀਆਂ ਇਤਰਾਜ਼ਯੋਗ ਮੱਦਾਂ ਵਿਚ ਸਿੱਖ ਭਾਵਨਾਵਾਂ ਅਨੁਸਾਰ ਸੋਧ ਕਰਨ ਨੂੰ ਲੈ ਕੇ ਅੱਜ ਸਾਜ਼ਗਾਰ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਦੇ ਜਵਾਬ ਵਿਚ ਹਾਜ਼ਰ ਸਮੂਹ ਵਿਧਾਇਕਾਂ ਤੇ ਮੰਤਰੀਆਂ ਨੇ ਬਾਹਵਾਂ ਖੜ੍ਹੀਆਂ ਕਰਕੇ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਹਾਕਮ ਪਾਰਟੀ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਪੰਜਾਬ ਵਿਧਾਨ ਸਭਾ ਦੇ ਸਿੱਖ ਮੰਤਰੀ ਅਤੇ ਵਿਧਾਇਕ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੇ ਅਤੇ ਸਿੰਘ ਸਾਹਿਬਾਨ ਸਨਮੁੱਖ ਸਪੀਕਰ ਸੰਧਵਾਂ, ਕਈ ਮੰਤਰੀਆਂ ਤੇ ਵਿਧਾਇਕਾਂ ਨੇ ਆਪਣਾ ਪੱਖ ਰੱਖਿਆ। ਇਸ ਦੌਰਾਨ ਬਹੁਤੇ ਵਿਧਾਇਕਾਂ ਨੇ ਇਹੀ ਕਿਹਾ ਕਿ ਉਨ੍ਹਾਂ ਨੂੰ ਸਤਿਕਾਰ ਸੋਧ ਐਕਟ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਹਾਜ਼ਰ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਤਿਕਾਰ ਸੋਧ ਐਕਟ ਦੀਆਂ ਇਤਰਾਜ਼ਯੋਗ ਮੱਦਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਦੌਰਾਨ ਯੂਨੀਕ ਕੋਡ ਦੀ ਵਰਤੋਂ ਅਤੇ ਪਾਵਨ ਸਰੂਪ ਗੁਰਦੁਆਰਾ ਸਾਹਿਬਾਨ ਜਾਂ ਸ਼ਰਧਾਲੂਆਂ ਨੂੰ ਭੇਜੇ ਜਾਣ ਦੇ ਵੇਰਵੇ ਆਨਲਾਈਨ ਜਨਤਕ ਕਰਨ ਅਤੇ ਐਕਟ ਵਿਚਲੇ ਕਸਟੋਡੀਅਨ ਅਤੇ ਬੀੜ ਸਾਹਿਬ ਸ਼ਬਦਾਂ ਸੰਬੰਧੀ ਵੀ ਸਿੱਖ ਪੰਥ ਦੇ ਇਤਰਾਜ਼ਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ। ਇਕੱਤਰਤਾ ਦੀ ਕਾਰਵਾਈ ਜਥੇਦਾਰ ਗੜਗੱਜ ਨੇ ਖ਼ੁਦ ਚਲਾਈ ਤੇ ਵੱਖ-ਵੱਖ ਧਿਰਾਂ ਦੇ ਵਿਧਾਇਕਾਂ ਅਤੇ ਸਰਕਾਰ ਦੇ ਸਿੱਖ ਮੰਤਰੀਆਂ ਨੂੰ ਮਾਮਲੇ ’ਤੇ ਆਪਣੇ ਵਿਚਾਰ ਅਤੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਜਥੇਦਾਰ ਗੜਗੱਜ ਨੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਇਤਰਾਜ਼ਯੋਗ ਸ਼ਬਦਾਵਲੀ ਜਾਂ ਇਕ-ਦੂਜੇ ਵਿਰੁੱਧ ਨਿੱਜੀ ਟਿੱਪਣੀਆਂ ਨਹੀਂ ਕਰੇਗਾ ਤੇ ਇਸ ਦਾ ਸਖ਼ਤੀ ਨਾਲ ਪਾਲਣ ਵੀ ਕਰਵਾਇਆ।
ਪੰਜ ਸਿੰਘ ਸਾਹਿਬਾਨ
ਅੱਜ ਸਿੱਖ ਮੰਤਰੀਆਂ ਤੇ ਵਿਧਾਇਕਾਂ ਨਾਲ ਸਤਿਕਾਰ ਸੋਧ ਐਕਟ ਸੰਬੰਧੀ ਗੱਲਬਾਤ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਵਿਚ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਿਲ ਸਨ।
ਜਥੇਦਾਰ ਗੜਗੱਜ ਦੀ ਪੱਤਰਕਾਰਾਂ ਨਾਲ ਗੱਲਬਾਤ
ਸਿੱਖ ਮੰਤਰੀਆਂ ਤੇ ਵਿਧਾਇਕਾਂ ਨਾਲ ਸਤਿਕਾਰ ਸੋਧ ਐਕਟ ਨੂੰ ਲੈ ਕੇ ਕੀਤੀ ਵਿਚਾਰ ਚਰਚਾ ਤੋਂ ਬਾਅਦ ਜਥੇਦਾਰ ਗਿਆਨੀ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਵੀ ਅਕਾਲ ਤਖ਼ਤ ਸਾਹਿਬ ਵਲੋਂ ਸਤਿਕਾਰ ਸੋਧ ਐਕਟ ਵਿਚਲੀਆਂ ਖਾਮੀਆਂ ਤੇ ਇਤਰਾਜ਼ਾਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਸੀ ਤੇ ਕਿਹਾ ਸੀ ਕਿ 15 ਦਿਨਾਂ ਅੰਦਰ ਇਜਲਾਸ ਸੱਦ ਕੇ ਇਸ ਐਕਟ ਵਿਚ ਸੋਧ ਕੀਤੀ ਜਾਵੇ। ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਮੁੜ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਆਦੇਸ਼ ਜਾਰੀ ਕਰਕੇ ਪੰਜਾਬ ਵਿਧਾਨ ਸਭਾ ਦੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣਾ ਪੱਖ ਰੱਖਣ ਲਈ ਅੱਜ ਸੱਦਿਆ ਸੀ ਤੇ ਉਨ੍ਹਾਂ ਨੂੰ ਇਸ ਐਕਟ ਸੰਬੰਧੀ ਸਿੱਖ ਪੰਥ ਦੇ ਖ਼ਦਸ਼ਿਆਂ ਤੇ ਇਤਰਾਜ਼ਾਂ ਤੋਂ ਵਿਸਥਾਰ ਸਹਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੇ ਸਿੱਖ ਪੰਥ ਦੀ ਰਾਇ ਤੋਂ ਬਿਨਾਂ ਪਾਸ ਕੀਤੇ ਇਸ ਐਕਟ ਵਿਚ ਕਸਟੋਡੀਅਨ, ਬੀੜ ਸਾਹਿਬ ਤੇ ਹੋਰ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਂ ਦੇ ਨਾਲ- ਨਾਲ ਅੱਜ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇ ਬੇਅਦਬੀਆਂ ਦੇ ਦੋਸ਼ੀਆਂ ਦੀ ਜੜ੍ਹ ਤੱਕ ਜਾਣਾ ਤਾਂ ਇਸ ਐਕਟ ਵਿਚ ਹੋਰ ਸਜ਼ਾਵਾਂ ਦੇ ਨਾਲ ਇਹ ਵੀ ਸ਼ਾਮਿਲ ਕੀਤਾ ਜਾਵੇ ਕਿ ਜੇਕਰ ਕਿਸੇ ਸਿੱਖ ਵਿਰੋਧੀ ਡੇਰੇ ਦਾ ਕੋਈ ਪੈਰੋਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਥ ਕੇ ਬੇਅਦਬੀ ਕਰਦਾ ਹੈ ਤਾਂ ਉਸ ਪੈਰੋਕਾਰ ਦੇ ਨਾਲ-ਨਾਲ ਡੇਰਾ ਮੁਖੀ ’ਤੇ ਵੀ ਪਰਚਾ ਹੋਵੇ। ਉਨ੍ਹਾਂ ਕਿਹਾ ਕਿ ਆਏ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਚ ਇਸ ਵਿਚ ਸੋਧਾਂ ਨਹੀਂ ਹੁੰਦੀਆਂ ਓਨਾ ਚਿਰ ਇਸ ਨੂੰ ਸਰਕਾਰ ਵਲੋਂ ਲਾਗੂ ਨਾ ਕੀਤਾ ਜਾਵੇ ਤੇ ਲੰਬਿਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਤੇ ਮੰਤਰੀ ਅੱਜ ਆਏ ਸਨ, ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਮੰਨਿਆ ਕਿ ਉਨ੍ਹਾਂ ਨੇ ਉਕਤ ਕਾਨੂੰਨੀ ਸੋਧ ਦਾ ਖਰੜਾ ਪਾਸ ਕਰਨ ਤੋਂ ਪਹਿਲਾਂ ਨਾ ਹੀ ਪੜ੍ਹਿਆ ਤੇ ਨਾ ਹੀ ਵਿਚਾਰਿਆ ਸੀ, ਕਿਉਂਕਿ ਇਹ ਮਿਲਿਆ ਹੀ ਇਜਲਾਸ ਤੋਂ ਕੁਝ ਸਮਾਂ ਪਹਿਲਾਂ ਸੀ, ਜੋ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਕਾਨੂੰਨ ਕਾਹਲੀ ਵਿਚ ਤੇ ਧੱਕੇ ਨਾਲ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਤਰਫ਼ੋਂ ਗੁਰੂ ਗ੍ਰੰਥ ਸਾਹਿਬ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਅਤਿ ਗੰਭੀਰ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਧਾਇਕਾਂ ਨੇ ਪੱਖ ਰੱਖਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਅੰਦਰ ਸਰਕਾਰ ਨੂੰ ਇਹ ਗੱਲ ਆਖੀ ਸੀ ਕਿ ਇਸ ਕਾਨੂੰਨੀ ਸੋਧ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਉੱਤੇ ਸ਼੍ਰੋਮਣੀ ਕਮੇਟੀ, ਸਿੱਖ ਸੰਸਥਾਵਾਂ, ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਜ਼ਰੂਰੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਕਾਨੂੰਨੀ ਸੋਧ ਰਾਹੀਂ ਸਰਕਾਰ ਨੇ ਸਿੱਖ ਮਰਯਾਦਾ, ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਾਰਗੁਜ਼ਾਰੀ ਵਿਚ ਦਖ਼ਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਬੰਧੀ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ ਕੇਵਲ ਗੁਰੂ ਖ਼ਾਲਸਾ ਪੰਥ ਨੂੰ ਹੈ ਨਾ ਕਿ ਸਰਕਾਰ ਨੂੰ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਸੋਧ ਵਿਚ ਕਸਟੋਡੀਅਨ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਾ ਸਰਕਾਰ ਦਾ ਕਾਰਜ ਨਹੀਂ ਹੈ, ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ। ਇਕੱਤਰਤਾ ਦੌਰਾਨ ਜਥੇਦਾਰ ਗੜਗੱਜ ਨੇ 2015 ਬਰਗਾੜੀ ਬੇਅਦਬੀ ਅਤੇ 2017 ਮੌੜ ਅੱਤਵਾਦੀ ਬੰਬ ਧਮਾਕੇ ਦੇ ਮਾਮਲਿਆਂ ਸੰਬੰਧੀ ਸਿੱਖਾਂ ਅਤੇ ਪੀੜਤਾਂ ਨੂੰ ਇਨਸਾਫ਼ ਸੰਬੰਧੀ ਵੀ ਸਵਾਲ ਕੀਤੇ। ਉਨ੍ਹਾਂ ਇਨ੍ਹਾਂ ਮਾਮਲਿਆਂ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਕੋਈ ਕਾਰਵਾਈ ਨਾ ਕਰਨ ਉੱਤੇ ਵੀ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਅਤੇ ਆਖਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦੇ ਐਕਟ ਸੰਬੰਧੀ ਇਤਰਾਜ਼ਾਂ ’ਤੇ ਹਰ ਗੱਲ ਨੂੰ ਮੰਤਰੀਆਂ ਤੇ ਵਿਧਾਇਕਾਂ ਨੇ ਬੜੀ ਅਧੀਨਗੀ ਨਾਲ ਸੁਣਿਆ ਤੇ ਮੰਨਿਆ। ਉਨ੍ਹਾਂ ਕਿਹਾ ਕਿ ਆਏ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਜਿੰਨਾ ਚਿਰ ਇਸ ਵਿਚ ਸੋਧਾਂ ਨਹੀਂ ਹੁੰਦੀਆਂ ਓਨਾ ਚਿਰ ਇਸ ਨੂੰ ਲਾਗੂ ਨਾ ਕੀਤਾ ਜਾਵੇ ਤੇ ਲੰਬਿਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਇਹ ਮਾਮਲਾ ਵਿਧਾਨ ਸਭਾ ਵਿਚ ਇਕ ਮਹੀਨੇ ਤੋਂ ਪਹਿਲਾਂ ਹੀ ਹੱਲ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਨੂੰ ਵੀ ਪਤਾ ਕਿ ਇਹ ਗੁਰੂ ਸਾਹਿਬ ਅਕਾਲ ਦਾ ਤਖ਼ਤ ਹੈ ਤੇ ਇੱਥੇ ਝੂਠ ਨਹੀਂ ਬੋਲਿਆ ਜਾ ਸਕਦਾ ਤੇ ਇੱਥੇ ਕੇਵਲ ਸੱਚ ਦੀ ਗੱਲ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵਿਚਾਰ ਵਟਾਂਦਰੇ ਉਪਰੰਤ ਸਾਰਿਆਂ ਨੇ ਇਕੱਠੇ ਬੈਠ ਕੇ ਲੰਗਰ ਛਕਿਆ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਗੜਗੱਜ ਵਲੋਂ ਅੱਜ ਪੁੱਜੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਕੁਝ ਸਮਾਂ ਸ਼ਬਦ ਰੂਪੀ ਨਾਮ ਵੀ ਜਪਾਇਆ ਗਿਆ।
ਵਿਚਾਰ ਰੱਖਣ ਵਾਲੇ ਵਿਧਾਇਕ ਤੇ ਮੰਤਰੀ
ਅੱਜ ਜਿਨ੍ਹਾਂ ਵਿਧਾਇਕਾਂ ਨੇ ਆਪਣੇ ਵਿਚਾਰ ਰੱਖੇ ਉਨ੍ਹਾਂ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਰਪਾਲ ਸਿੰਘ ਚੀਮਾ, ਡਾ. ਇੰਦਰਬੀਰ ਸਿੰਘ ਨਿੱਝਰ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਪਰਗਟ ਸਿੰਘ, ਜਗਰੂਪ ਸਿੰਘ ਗਿੱਲ, ਮਨਪ੍ਰੀਤ ਸਿੰਘ ਇਯਾਲੀ, ਕੁਲਵੰਤ ਸਿੰਘ, ਬੀਬੀ ਗਨੀਵ ਕੌਰ ਮਜੀਠੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਬਾਣਾਂਵਲੀ, ਬੀਬੀ ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ ਅਤੇ ਇੰਦਰਪ੍ਰਤਾਪ ਸਿੰਘ ਰਾਣਾ ਸੋਢੀ ਸ਼ਾਮਿਲ ਸਨ।
ਪੱਖ ਰੱਖਣ ਪੁੱਜੇ 87 ਸਿੱਖ ਮੰਤਰੀ ਤੇ ਵਿਧਾਇਕ
ਅੱਜ ਸਿੰਘ ਸਾਹਿਬਾਨ ਸਨਮੁੱਖ ਪੇਸ਼ ਹੋਏ ‘ਆਪ’ ਦੇ ਸਿੱਖ ਮੰਤਰੀ ਅਤੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਿੱਖ ਵਿਧਾਇਕਾਂ ਦੇ ਨਾਂਅ ਇਸ ਪ੍ਰਕਾਰ ਹਨ : ਆਮ ਆਦਮੀ ਪਾਰਟੀ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੋਟਕਪੂਰਾ ਅਤੇ ਹਾਕਮ ਪਾਰਟੀ ਦੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਵਿਚੋਂ ਹਰਪਾਲ ਸਿੰਘ ਚੀਮਾ ਦਿੜ੍ਹਬਾ, ਡਾ. ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੱਖਣੀ, ਬੀਬੀ ਬਲਜੀਤ ਕੌਰ ਮਲੋਟ, ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ, ਹਰਜੋਤ ਸਿੰਘ ਬੈਂਸ ਸ੍ਰੀ ਅਨੰਦਪੁਰ ਸਾਹਿਬ, ਸ. ਗੁਰਮੀਤ ਸਿੰਘ ਖੁੱਡੀਆਂ ਲੰਬੀ, ਰਵਜੋਤ ਸਿੰਘ ਸ਼ਾਮਚੁਰਾਸੀ, ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ, ਹਰਦੀਪ ਸਿੰਘ ਸਾਹਨੇਵਾਲ, ਅਮਨਸ਼ੇਰ ਸਿੰਘ ਕਲਸੀ ਬਟਾਲਾ, ਅਮਰਪਾਲ ਸਿੰਘ ਸ੍ਰੀ ਹਰਿਗੋਬਿੰਦਪੁਰ, ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ, ਕੁਲਦੀਪ ਸਿੰਘ ਧਾਲੀਵਾਲ ਅਜਨਾਲਾ, ਜਸਬੀਰ ਸਿੰਘ ਸੰਧੂ ਅੰਮ੍ਰਿਤਸਰ ਪੱਛਮੀ, ਬੀਬੀ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ, ਹਰਮੀਤ ਸਿੰਘ ਸੰਧੂ ਤਰਨ ਤਾਰਨ, ਸਰਵਨ ਸਿੰਘ ਖੇਮਕਰਨ, ਮਨਜਿੰਦਰ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ ਟੌਂਗ ਬਾਬਾ ਬਕਾਲਾ ਸਾਹਿਬ, ਸੁਖਵੀਰ ਸਿੰਘ ਮੌੜ, ਗੁਰਪ੍ਰੀਤ ਸਿੰਘ ਸਰਦੂਲਗੜ੍ਹ, ਲਾਭ ਸਿੰਘ ਭਦੌੜ, ਕੁਲਵੰਤ ਸਿੰਘ ਮਹਿਲ ਕਲਾਂ, ਜਸਵੰਤ ਸਿੰਘ ਅਮਰਗੜ੍ਹ, ਬੀਬੀ ਨਰਿੰਦਰ ਕੌਰ ਸੰਗਰੂਰ, ਗੁਰਦੇਵ ਸਿੰਘ ਨਾਭਾ, ਗੁਰਲਾਲ ਸਿੰਘ ਘਨੌਰ, ਹਰਮੀਤ ਸਿੰਘ ਸਨੌਰ, ਅਜੀਤਪਾਲ ਸਿੰਘ ਪਟਿਆਲਾ, ਚੇਤਨ ਸਿੰਘ ਸਮਾਣਾ, ਕੁਲਵੰਤ ਸਿੰਘ ਸ਼ੁਤਰਾਣਾ, ਬੀਬੀ ਅਮਨਦੀਪ ਕੌਰ ਮੋਗਾ, ਹਾਕਮ ਸਿੰਘ ਰਾਇਕੋਟ, ਅੰਮ੍ਰਿਤਪਾਲ ਸਿੰਘ ਬਾਘਾਪੁਰਾਣਾ, ਜਗਦੀਪ ਸਿੰਘ ਜਲਾਲਾਬਾਦ, ਬੀਬੀ ਇੰਦਰਜੀਤ ਕੌਰ ਨਕੋਦਰ, ਬਲਕਾਰ ਸਿੰਘ ਕਰਤਾਰਪੁਰ, ਕਰਮਬੀਰ ਸਿੰਘ ਦਸੂਹਾ, ਜਸਵੀਰ ਸਿੰਘ, ਉੜਮੁੜ ਟਾਂਡਾ, ਜੈ ਕ੍ਰਿਸ਼ਨ ਸਿੰਘ ਗੜਸ਼ੰਕਰ, ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਬੀਬਾ ਅਨਮੋਲ ਗਗਨ ਮਾਨ ਖਰੜ, ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੁਪਿੰਦਰ ਸਿੰਘ ਬੱਸੀ ਪਠਾਣਾਂ, ਲਖਬੀਰ ਸਿੰਘ ਫਤਹਿਗੜ੍ਹ ਸਾਹਿਬ, ਗੁਰਿੰਦਰ ਸਿੰਘ ਅਮਲੋਹ, ਜਗਤਾਰ ਸਿੰਘ ਸਮਰਾਲਾ, ਬੀਬੀ ਰਜਿੰਦਰ ਪਾਲ ਕੌਰ ਲੁਧਿਆਣਾ ਦੱਖਣੀ, ਕੁਲਵੰਤ ਸਿੰਘ ਆਤਮ ਨਗਰ, ਜੀਵਨ ਸਿੰਘ ਗਿੱਲ, ਮਨਵਿੰਦਰ ਸਿੰਘ ਪਾਇਲ, ਬੀਬੀ ਸਰਵਜੀਤ ਕੌਰ ਜਗਰਾਉਂ, ਮਨਜੀਤ ਸਿੰਘ ਨਿਹਾਲ ਸਿੰਘ ਵਾਲਾ, ਦਵਿੰਦਰਜੀਤ ਸਿੰਘ ਧਰਮਕੋਟ, ਰਣਬੀਰ ਸਿੰਘ ਫਿਰੋਜ਼ਪੁਰ ਕੈਂਟ, ਫ਼ੌਜਾ ਸਿੰਘ ਗੁਰੂ ਹਰਸਹਾਇ, ਨਰਿੰਦਰਪਾਲ ਸਿੰਘ ਫਾਜ਼ਿਲਕਾ, ਅਮਨਦੀਪ ਸਿੰਘ ਬੱਲੂਆਣਾ, ਹਰਦੀਪ ਸਿੰਘ ਗਿਦੜਬਾਹਾ, ਜਗਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਫਰੀਦਕੋਟ, ਅਮੋਲਕ ਸਿੰਘ ਜੈਤੋ, ਬਲਕਾਰ ਸਿੰਘ ਰਾਮਪੁਰਾ ਫੂਲ, ਜਗਸੀਰ ਸਿੰਘ ਭੁਚੋਂ ਮੰਡੀ, ਜਗਰੂਪ ਸਿੰਘ ਬਠਿੰਡਾ ਸ਼ਹਿਰੀ, ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ, ਜਸਵਿੰਦਰ ਸਿੰਘ ਰਾਮਦਾਸ ਅਟਾਰੀ ਹਾਜ਼ਰ ਸਨ, ਜਦੋਂ ਕਿ ਗ਼ੈਰ-ਹਾਜ਼ਰਾਂ ’ਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਖੰਨਾ (ਵਿਦੇਸ਼ ਗਏ ਹੋਣ ਕਾਰਨ) ਤੇ ‘ਆਪ’ ਵਿਧਾਇਕ ਦਲਜੀਤ ਸਿੰਘ ਲੁਧਿਆਣਾ ਪੂਰਬੀ ਦੇ ਨਾਾਂਅ ਸ਼ਾਮਿਲ ਹਨ।
ਅੱਜ 5 ਵਿਚੋਂ ਜਿਨ੍ਹਾਂ 4 ਗ਼ੈਰ-ਸਿੱਖ ਮੰਤਰੀਆਂ ਦੇ ਸਪੱਸ਼ਟੀਕਰਨ ਪੁੱਜੇ, ਉਨ੍ਹਾਂ ਵਿਚ ਅਮਨ ਅਰੋੜਾ, ਸੁਨਾਮ, ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, ਲਾਲ ਚੰਦ ਕਟਾਰੂਚੱਕ ਭੋਆ, ਮਹਿੰਦਰ ਭਗਤ ਜਲੰਧਰ ਪੱਛਮੀ ਸ਼ਾਮਿਲ ਹਨ, ਜਦੋਂ ਕਿ ਮੰਤਰੀ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਦਾ ਸਪੱਸ਼ਟੀਕਰਨ ਨਹੀਂ ਪੁੱਜਾ।
ਸ਼ਾਮਿਲ ਹੋਏ ਕਾਂਗਰਸੀ ਵਿਧਾਇਕ
ਇਸੇ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਸਮੇਤ ਕਾਂਗਰਸੀ ਸਿੱਖ ਵਿਧਾਇਕਾਂ ਦੇ ਨਾਲ ਹੀ ਦੋ ਗ਼ੈਰ ਸਿੱਖ ਕਾਂਗਰਸੀ ਵਿਧਾਇਕ ਵੀ ਅੱਜ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ। ਇਨ੍ਹਾਂ ਵਿਚ ਬਾਜਵਾ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਭੁਲੱਥ, ਅਵਤਾਰ ਸਿੰਘ ਜਲੰਧਰ ਉੱਤਰੀ, ਬਲਵਿੰਦਰ ਸਿੰਘ ਫਗਵਾੜਾ, ਵਿਕਰਮਜੀਤ ਸਿੰਘ ਫਿਲੌਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਹਿਗੜ੍ਹ ਚੂੜੀਆਂ, ਨਰੇਸ਼ ਪੁਰੀ ਸੁਜਾਨਪੁਰ, ਬੀਬੀ ਅਰੁਣਾ ਚੌਧਰੀ ਦੀਨਾਨਗਰ, ਬਰਿੰਦਰਮੀਤ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਬਰਨਾਲਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਰਾਜਾਸਾਂਸੀ, ਸੁਖਵਿੰਦਰ ਸਿੰਘ ਆਦਮਪੁਰ, ਹਰਦੇਵ ਸਿੰਘ ਸ਼ਾਹਕੋਟ, ਪ੍ਰਗਟ ਸਿੰਘ ਜਲੰਧਰ ਕੈਂਟ, ਰਾਣਾ ਗੁਰਜੀਤ ਸਿੰਘ ਸੋਢੀ ਕਪੂਰਥਲਾ ਸ਼ਾਮਿਲ ਸਨ। ਜਦੋਂ ਕਿ ਆਜ਼ਾਦ ਰਾਣਾ ਇੰਦਰ ਪ੍ਰਤਾਪ ਸਿੰਘ ਸੋਢੀ, ਸੁਲਤਾਨਪੁਰ ਲੋਧੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਤੇ ਹੁਣ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਮਨਪ੍ਰੀਤ ਸਿੰਘ ਇਯਾਲੀ ਦਾਖਾ ਸ਼ਾਮਿਲ ਸਨ।
ਪੰਜਾਬ ’ਚ ਗੈਰ-ਤਜਰਬੇਕਾਰਾਂ ਦੀ ਸਰਕਾਰ-ਬਾਜਵਾ
ਇਕੱਤਰਤਾ ਉਪਰੰਤ ਬਾਹਰ ਆ ਕੇ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਮੁਖੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗ਼ੈਰ ਤਜਰਬੇਕਾਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਰਕਾਰ ਵਲੋਂ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਲੋਕਾਂ ਨਾਲ ਮਸ਼ਵਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁਕੇ ਹਨ ਕਿ ਸਤਿਕਾਰ (ਸੋਧ) ਕਾਨੂੰਨ ਲਿਆਉਣ ਤੋਂ ਪਹਿਲਾਂ ਸਰਕਾਰ ਨੂੰ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਸਿੱਖ ਵਿਦਵਾਨਾਂ ਨਾਲ ਵਿਚਾਰ ਕਰਨਾ ਚਾਹੀਦਾ ਸੀ। ਅੱਜ ਇਹ ਸਪੱਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੱਕ ਨੇ ਇਸ ਸਤਿਕਾਰ (ਸੋਧ) ਕਾਨੂੰਨ ਨੂੰ ਪੜ੍ਹਿਆ ਹੀ ਨਹੀਂ, ਜਿਸ ਦਾ ਪ੍ਰਗਟਾਵਾ ਅੱਜ ਖ਼ੁਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਕੀਤਾ ਗਿਆ ਹੈ।
ਸਤਿਕਾਰ ਸੋਧ ਐਕਟ ’ਚ ‘ਕਸਟੋਡੀਅਨ’ ਸ਼ਬਦ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ-ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਲੋਂ ਬੇਅਦਬੀ ਸੰਬੰਧੀ ਕਾਨੂੰਨ ’ਚ ਇਕ ਮਹੀਨੇ ’ਚ ਸੋਧ ਕੀਤੇ ਜਾਣ ਦਾ ਆਦੇਸ਼ ਬਿਲਕੁਲ ਸਹੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਚੰਗੀ ਤਰ੍ਹਾਂ ਕਿਸੇ ਨੂੰ ਵੀ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਅਤੇ ਇਸ ’ਚ ਵਰਤੇ ਗਏ ਸ਼ਬਦ ਕਸਟੋਡੀਅਨ ਨੂੰ ਹੋਰ ਪਰਿਭਾਸ਼ਤ ਕਰਨ ਦੀ ਲੋੜ ਹੈ।
ਸਤਿਕਾਰ ਸੋਧ ਐਕਟ ਪੜ੍ਹਿਆ ਨਹੀਂ, ਪਰ ਪ੍ਰਵਾਨਗੀ ਦਿੱਤੀ- ਗਿੱਲ
ਬਠਿੰਡਾ ਸ਼ਹਿਰੀ ਤੋਂ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਜਥੇਦਾਰ ਗੜਗੱਜ ਦੇ ਸਵਾਲ ਦੇ ਜਵਾਬ ਵਿਚ ਮੰਨਿਆ ਕਿ ਉਨ੍ਹਾਂ ਭਾਵੇਂ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਹੈ ਪਰ ਇਸ ਨੂੰ ਪੜ੍ਹਿਆ ਨਹੀਂ। ਉਨ੍ਹਾਂ ਕਿਹਾ ਕਿ ਬਿੱਲ ਮੌਕੇ ’ਤੇ ਮਿਲਿਆ ਸੀ ਤੇ ਸਮੇਂ ਦੀ ਘਾਟ ਕਾਰਨ ਉਹ ਪੜ੍ਹ ਨਹੀਂ ਸਕੇ, ਇਸ ਲਈ ਵਿਆਖਿਆ ’ਤੇ ਸਮਾਂ ਲੱਗਦਾ ਹੈ।
ਬਿੱਲ ਪੇਸ਼ ਕੀਤੇ ਜਾਣ ਸਮੇਂ ਹਾਊਸ ’ਚ ਮੌਜੂਦ ਨਹੀਂ ਸੀ- ਗਨੀਵ ਕੌਰ ਮਜੀਠੀਆ
ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਆਪਣਾ ਪੱਖ ਰੱਖਦੇ ਹੋਏ ਅਕਾਲੀ ਦਲ (ਬ) ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਜਿਸ ਦਿਨ ਸਤਿਕਾਰ ਸੋਧ ਬਿੱਲ ਪ੍ਰਵਾਨ ਕੀਤਾ ਸੀ ਉਸ ਦਿਨ ਉਹ ਵਿਧਾਨ ਸਭਾ ਦੇ ਇਜਲਾਸ ਵਿਚ ਸ਼ਾਮਿਲ ਨਹੀਂ ਸਨ, ਜਿਸ ’ਤੇ ਜਥੇਦਾਰ ਨੇ ਉਨ੍ਹਾਂ ਨੂੰ ਹਾਊਸ ’ਚ ਸ਼ਾਮਿਲ ਹੋ ਕੇ ਬਿੱਲ ਦਾ ਵਿਰੋਧ ਕਰਨ ਸੰਬੰਧੀ ਗੱਲ ਕੀਤੀ ਤਾਂ ਬੀਬਾ ਮਜੀਠੀਆ ਨੇ ਕਿਹਾ ਵਿਧਾਨ ਸਭਾ ਹਾਊਸ ਵਿਚ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ।
ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਹਾਂ-ਇਆਲੀ
ਆਪਣਾ ਪੱਖ ਰੱਖਣ ਪੁੱਜੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਮੈਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਸਿੰਘ ਸਾਹਿਬਾਨ ਸਨਮੁੱਖ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਹੁਕਮ ਹੋਵੇਗਾ ਉਸ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਨੂੰ ਭਰੋਸੇ ’ਚ ਲੈ ਕੇ ਜੋ ਵੀ ਸੋਧ ਹੋਣੀ ਹੈ, ਕਰਨੀ ਚਾਹੀਦੀ ਹੈ।
ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧ
ਵਿਧਾਇਕਾਂ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ੀ ਲਈ ਸੱਦੇ ਜਾਣ ਮੌਕੇ ਕਿਸੇ ਸੰਭਾਵੀ ਟਕਰਾਅ ਨੂੰ ਟਾਲਣ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅਕਾਲ ਤਖ਼ਤ ਸਾਹਿਬ ਨੇੜਲੇ ਜੋੜਾ ਘਰ ਨੇੜੇ ਆਮ ਸੰਗਤਾਂ ਨੂੰ ਜਾਣ ’ਤੇ ਵੀ ਕੁਝ ਸਮਾਂ ਪਾਬੰਦੀ ਲਗਾ ਦਿੱਤੀ ਤੇ ਬੇਸਮੈਂਟ ਦੇ ਪਾਰਕਿੰਗ ਤੋਂ ਵੀ ਪੌੜੀਆਂ ਰਾਹੀਂ ਜੋੜਾ ਘਰ ਜਾਣ ਵਾਲਾ ਲਾਂਘਾ ਬੰਦ ਕਰ ਦਿੱਤਾ ਗਿਆ। ਪੁਲਿਸ ਵਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਕਾਰਨ ਸ਼ਰਧਾਲੂਆਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰ ਵਿਚਾਰੇ ਗਏ ਮਾਮਲਿਆਂ ’ਤੇ ਵਿਚਾਰ ਕਰੇਗੀ-ਸੰਧਵਾਂ
ਸਿੰਘ ਸਾਹਿਬਾਨ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸੱਦਾ ਆਇਆ ਸੀ, ਅੱਜ ਉਹ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਇਥੇ ਨਤਮਸਤਕ ਹੋਏ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦਰਮਿਆਨ ਲੰਬੀ ਅਤੇ ਸਾਰਥਿਕ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਬਹੁਤ ਮੁਕੱਦਸ ਤਖ਼ਤ ਹੈ, ਇਸ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਦਾ ਵੀ ਸਾਡੇ ਸਾਰਿਆਂ ਦੇ ਮਨਾਂ ‘ਚ ਬਹੁਤ ਜ਼ਿਆਦਾ ਸਤਿਕਾਰ ਹੈ। ਉਨ੍ਹਾਂ ਕਿਹਾ ਅੱਜ ਜੋ ਗੱਲਬਾਤ ਹੋਈ ਹੈ ਉਹ ਸਰਕਾਰ ਨੂੰ ਕਹਿਣਗੇ ਕਿ ਉਸ ’ਤੇ ਵਿਚਾਰ ਕੀਤਾ ਜਾਵੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਪ੍ਰਤੀ ਆਪਣੀ ਡੂੰਘੀ ਸ਼ਰਧਾ ਨੂੰ ਦੁਹਰਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਦੇ ਹੋਏ ਪ੍ਰਾਪਤ ਹੋਏ ਸੁਝਾਵਾਂ ’ਤੇ ਯੋਗ ਵਿਚਾਰ ਕਰੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਅਤੇ ਸਤਿਕਾਰਯੋਗ ਜਥੇਦਾਰ ਸਾਹਿਬ ਨਾਲ ਸਾਰਥਕ ਵਿਚਾਰ-ਵਟਾਂਦਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਡੀ ਜਥੇਦਾਰ ਸਾਹਿਬ ਨਾਲ ਸਾਰਥਕ ਅਤੇ ਉਸਾਰੂ ਚਰਚਾ ਹੋਈ ਹੈ। ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਸਾਡੇ ਸਾਰਿਆਂ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰੇ ਗਏ ਮਾਮਲਿਆਂ ਤੋਂ ਸਰਕਾਰ ਨੂੰ ਯੋਗ ਵਿਚਾਰ ਵਾਸਤੇ ਜਾਣੂ ਕਰਵਾਇਆ ਜਾਵੇਗਾ।
ਸਤਿਕਾਰ (ਸੋਧ) ਕਾਨੂੰਨ ਸੰਬੰਧੀ ਰਾਇ ਕਰ ਕੇ ਇਕ ਮਹੀਨੇ ਅੰਦਰ ਫ਼ੈਸਲਾ ਕੀਤਾ ਜਾਵੇਗਾ-ਚੀਮਾ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਥੇਦਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ ਸੰਬੰਧੀ ਸੋਧਾਂ ਲਈ ਸਾਰੇ ਵਿਧਾਇਕਾਂ ਦੀ ਰਾਇ ਲਈ ਗਈ ਹੈ, ਉਸ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ ਜੋ ਰਾਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਆਏਗੀ ਉਸ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਇਕ ਮਹੀਨੇ ’ਚ ਉਸ ’ਤੇ ਫ਼ੈਸਲਾ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਹਮਲੇ ਰੋਕਣ ਲਈ ਮੁੜ ਸਹਿਮਤ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਲਈ ਭਾਰਤੀ ਵੇਟਲਿਫਟਿੰਗ ਟੀਮ ਇੰਗਲੈਂਡ ਪਹੁੰਚੀ
Ad Position 24
No active advertisement