ਦੋਹਾ, 29 ਜੂਨ (ਏਜੰਸੀ)-ਅਮਰੀਕਾ ਅਤੇ ਈਰਾਨ ਹਾਲੀਆ ਸੈਨਿਕ ਕਾਰਵਾਈ ਰੋਕਣ ਅਤੇ ਹੋਰਮੁਜ਼ ਜਲਡਮਰੂ ’ਤੇ ਇਕ ਨਾਜ਼ੁਕ ਅੰਤਰਿਮ ਸਮਝੌਤੇ ਨੂੰ ਬਣਾਈ ਰੱਖਣ ਦੇ ਮਕਸਦ ਨਾਲ ਤਕਨੀਕੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਇਕ ਅਮਰੀਕੀ ਅਧਿਕਾਰੀ ਨੇ ਚਾਰ ਦਿਨਾਂ ਤੱਕ ਚੱਲੇ ਜਵਾਬੀ ਹਮਲਿਆਂ ਬਾਅਦ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਫਿਲਹਾਲ ਪਿੱਛੇ ਹੱਟਣਗੀਆਂ ਅਤੇ ਜਹਾਜ਼ ਬਿਨਾਂ ਕਿਸੇ ਰੋਕ-ਟੋਕ ਦੇ ਆ-ਜਾ ਸਕਣਗੇ। ਉਨ੍ਹਾਂ 17 ਜੂਨ ਨੂੰ ਦਸਤਖ਼ਤ ਕੀਤੇ ਗਏ 14 ਸੂਤਰੀ ਸਮਝੌਤਾ ਪੱਤਰ ਦਾ ਜ਼ਿਕਰ ਕੀਤਾ, ਜਿਸ ਤਹਿਤ ਹੋਰਮੁਜ਼ ਜਲਡਮਰੂ ਨੂੰ ਵਪਾਰਕ ਸ਼ਿਪਿੰਗ ਲਈ ਫਿਰ ਤੋਂ ਖੋਲ੍ਹਣ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਵਿਆਪਕ ਖੇਤਰੀ ਸੁਰੱਖਿਆ ਮੁੱਦਿਆਂ ’ਤੇ 60 ਦਿਨ ਦੀ ਗੱਲਬਾਤ ਪ੍ਰਕਿਰਿਆ ਸ਼ੁਰੂ ਕਰਨਾ ਸ਼ਾਮਿਲ ਹੈ। ਸੀ. ਐਨ. ਐਨ. ਦੀ ਰਿਪੋਰਟ ਅਨੁਸਾਰ ਅਮਰੀਕਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਕਨੀਕੀ ਗੱਲਬਾਤ ਸਹੀ ਰਸਤੇ ’ਤੇ ਹੈ ਅਤੇ ਮੰਗਲਵਾਰ ਨੂੰ ਕਤਰ ਦੇ ਦੋਹਾ ’ਚ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਵੀ ਰੱਦ ਨਹੀਂ ਕੀਤਾ ਗਿਆ ਹੈ। ਸਮਝੌਤੇ ਨੂੰ ਲਾਗੂ ਕਰਨ ਨਾਲ ਜੁੜੀ ਤਕਨੀਕੀ ਗੱਲਬਾਤ ਯੋਜਨਾ ਅਨੁਸਾਰ ਚੱਲ ਰਹੀ ਹੈ ਅਤੇ ਟਕਰਾਅ ਟਾਲਣ ਵਾਲੇ ਚੈਨਲ ਸਰਗਰਮ ਹਨ। ਈਰਾਨ ਨੇ ਐਤਵਾਰ ਸ਼ਾਮ ਤੱਕ ਇਸ ਨਵੀਨਤਮ ਸਮਝ ਦੀ ਜਨਤਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਸੀ, ਜਿਸ ਨਾਲ ਇਹ ਅਨਿਸਚਿਤਤਾ ਬਣੀ ਹੋਈ ਹੈ ਕਿ ਕੀ ਦੋਵੇਂ ਧਿਰਾਂ ਸਮਝੌਤੇ ਦਾ ਇਕ ਹੀ ਮਤਲਬ ਸਮਝਦੀਆਂ ਹਨ। ਤਣਾਅ ਉਸ ਸਮੇਂ ਵਧਿਆ ਜਦੋਂ ਈਰਾਨ ਨੇ ਵੀਰਵਾਰ ਨੂੰ ਹੋਰਮੁਜ਼ ਜਲਡਮਰੂ ’ਚ ਇਕ ਕਾਰਗੋ ਜਹਾਜ਼ ’ਤੇ ਪ੍ਰੋਜੈਕਟਾਈਲ (ਮਿਜ਼ਾਈਲ ਜਾਂ ਰਾਕਟ ਵਰਗਾ ਹਥਿਆਰ) ਦਾਗਿਆ, ਜਿਸ ਦੇ ਜਵਾਬ ’ਚ ਅਮਰੀਕਾ ਨੇ ਇਸ ਰਣਨੀਤਕ ਜਲਮਾਰਗ ਦੇ ਨੇੜੇ-ਤੇੜੇ ਈਰਾਨੀ ਸੈਨਿਕ ਬੁਨਿਆਦੀ ਢਾਂਚੇ ’ਤੇ ਹਮਲੇ ਕੀਤੇ। ਅਮਰੀਕੀ ਸੈਨਾ ਨੇ ਈਰਾਨ ਦੇ ਮਿਜ਼ਾਈਲ ਭੰਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਈਰਾਨੀ ਸਰਕਾਰੀ ਮੀਡੀਆ ਅਤੇ ਅਮਰੀਕੀ ਅਧਿਕਾਰੀਆਂ ਅਨੁਸਾਰ ਹਫ਼ਤੇ ਦੇ ਅੰਤ ’ਚ ਤਹਿਰਾਨ ਨੇ ਕੁਵੈਤ ਅਤੇ ਬਹਿਰੀਨ ’ਚ ਅੱਠ ਅਮਰੀਕੀ ਸੈਨਿਕ ਟਿਕਾਣਿਆਂ ’ਤੇ ਮਿਜ਼ਾਈਲਾਂ ਅਤੇ ਡਰੋਨ ਦਾਗ ਕੇ ਜਵਾਬ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਜੰਗਬੰਦੀ ਦੀ ਪਾਲਣਾ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਮਲੇ ਜਾਰੀ ਰਹੇ ਤਾਂ ਇਸਲਾਮਿਕ ਰਿਪਬਲਿਕ ਦੀ ਹੋਂਦ ਖ਼ਤਮ ਹੋ ਜਾਵੇਗੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਪਾਰਕ ਜਹਾਜ਼ ਇਕ ਵਾਰ ਹੋਰਮੁਜ਼ ਜਲਡਮਰੂ ’ਚੋਂ ਸੁਤੰਤਰ ਤੌਰ ’ਤੇ ਲੰਘ ਸਕਦੇ ਹਨ ਪਰ ਸਮੁੰਦਰੀ ਆਵਾਜਾਈ ਟਕਰਾਅ ਤੋਂ ਪਹਿਲਾਂ ਦੇ ਪੱਧਰ ਤੋਂ ਕਾਫੀ ਹੇਠਾਂ ਬਣੀ ਹੋਈ ਹੈ।